- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਜਮੇਰ ਸਿੰਘ ਦੇ ਵੱਡੇ ਭਰਾ, ਨਿਰਮਲ ਦਾ ਰਿਸ਼ਤਾ ਵੀ ਸੁਰਜੀਤ ਨੇ ਕਰਾਇਆ ਸੀ। ਖੁਸ਼ ਹੈਸੀਅਤੀ ਟੈਕਸ ਵਿਰੋਧੀ ਮੋਰਚੇ ਵਿਚ ਉਹਨਾਂ ਦੇ ਤਾਇਆ ਜੀ (ਜਿਹਨਾਂ ਨੂੰ ਉਹ ਭਾਈਆ ਕਿਹਾ ਕਰਦੇ ਸਨ), ਧਰਮ ਸਿੰਘ ’ਤੇ ਧਾਰੀਵਾਲ ਪਿੰਡ ਵਿਚ ਪੁਲੀਸ ਨੇ ਗੋਲੀ ਚਲਾਈ ਤਾਂ ਉਹਨਾਂ ਦੀ ਪੱਗ ਵਿੱਚੀਂ ਮੱਥੇ ਨੂੰ ਛੂਹ ਕੇ ਲੰਘ ਗਈ ਸੀ। ਇਸ ਕਮਿਊਨਿਸਟ ਪਰਿਵਾਰ ਦਾ ਸਭ ਤੋਂ ਛੋਟਾ ਬੇਟਾ ਸੀ ਅਜਮੇਰ।

ਦੋ ਸਤੰਬਰ 2026 ਦੀ ਰਾਤ ਸਾਡੇ ਮਹਿਬੂਬ ਆਗੂ, ਪ੍ਰਪੱਕ ਸਿਧਾਂਤਕਾਰ, ਨਿਪੁੰਨ ਜੱਥੇਬੰਦਕਾਰ ਤੇ ਨਿੱਘ ਭਰਪੂਰ ਇਨਸਾਨ ਕਾਮਰੇਡ ਅਜਮੇਰ ਸਿੰਘ ਸਮਰਾ ਸਾਨੂੰ ਸਦੀਵੀ ਅਲਵਿਦਾ ਕਹਿ ਗਏ। ਅਜੇ ਸ਼ਾਮ 8 ਵਜੇ ਦੇ ਕਰੀਬ ਉਹਨਾਂ ਨੇ ਮੇਰੇ ਨਾਲ ਫੋਨ ’ਤੇ ਲੰਬੀ ਗੱਲਬਾਤ ਕੀਤੀ ਸੀ। ਇਹ ਗੱਲਬਾਤ ਰਾਜਨੀਤਕ ਸਥਿਤੀ, ਚੰਡੀਗੜ੍ਹ ਵਿਚ ਲੱਗੇ ਕਿਸਾਨ ਮੋਰਚੇ, 26 ਸਤੰਬਰ ਨੂੰ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਵੱਲੋਂ ਮੋਗਾ ਵਿਚ ਕੀਤੇ ਜਾ ਰਹੇ ਸੂਬਾਈ ਇਕੱਠ ਦੀ ਤਿਆਰੀ ਬਾਰੇ ਅਤੇ ਉਹਨਾਂ ਦੀ ਸਿਹਤ ਬਾਰੇ ਸੀ। ਕਿਸੇ ਸਾਥੀ ਦਾ ਫੋਨ ਆ ਜਾਣ ਕਰ ਕੇ ਕਾਲ ਕੱਟੀ ਗਈ ਤਾਂ ਉਹਨਾਂ ਮੁੜ ਫੋਨ ਲਾ ਲਿਆ। ਜਿਵੇਂ ਅੱਜ ਉਹ ਜ਼ਿੰਦਗੀ ਦੀਆਂ ਰਹਿੰਦੀਆਂ ਸਾਰੀਆਂ ਗੱਲਾਂ ਮੁਕਾ ਦੇਣੀਆਂ ਚਾਹੁੰਦੇ ਸਨ। ਉਹਨਾਂ ਦੇ ਦਿਲ ’ਤੇ ਦਬਾਅ ਨਾ ਪਵੇ, ਮੈਂ ਗੱਲ ਖ਼ਤਮ ਕਰਨੀ ਚਾਹੁੰਦਾ ਸਾਂ ਪਰ ਉਹ ਹੋਰ ਅੱਗੇ ਗੱਲ ਤੋਰ ਲੈਂਦੇ। ਉਹਨਾਂ ਦੀ ਗੱਲਬਾਤ, ਅੰਦਾਜ਼ ਅਤੇ ਆਵਾਜ਼ ਦਾ ਮੜਕਾ, ਉਹਨਾਂ ਦੇ ਸਿਹਤਮੰਦ ਹੋਣ ਦੀ ਗਵਾਹੀ ਭਰਦਾ ਸੀ। ਇਕ ਤਸੱਲੀ ਨਾਲ ਮੈਂ ਸੌਂ ਗਿਆ ਪਰ ਤੜਕੇ 5 ਵਜੇ ਬੂਹਾ ਖੜਕਿਆ। ਕਾਮਰੇਡ ਕੁਲਵਿੰਦਰ ਸਿੰਘ ਵੜੈਚ ਰੁਆਂਸੇ ਚਿਹਰੇ ਨਾਲ ਸਾਹਮਣੇ ਖੜ੍ਹਾ ਸੀ। ਭਰੀਆਂ ਅੱਖਾਂ ਨਾਲ ‘ਕਾਮਰੇਡ ਚਲਾ ਗਿਆ’ ਕਹਿ ਕੇ ਉਹ ਕੁਰਸੀ ’ਤੇ ਢਹਿ ਪਿਆ। ਮੈਂ ਅਵਾਕ ਸੀ, ਯਕੀਨ ਨਹੀਂ ਸੀ ਆ ਰਿਹਾ। ਕਾਮਰੇਡ ਅਜਮੇਰ ਸਿੰਘ ਜਿੱਥੋਂ ਤੱਕ ਮੈਂ ਜਾਣਦਾਂ, ਆਪਣੀ ਜ਼ਿੰਦਗੀ ਵਿਚ ਹਸਪਤਾਲ ਦਾਖਲ ਨਹੀਂ ਹੋਏ ਸਨ। ਦੋ ਵਾਰੀ ਉਨ੍ਹਾਂ ਨੂੰ ‘ਫੇਸ਼ੀਅਲ ਪੈਲੇਸੀ’ ਦੀ ਸਮੱਸਿਆ ਆਈ ਪਰ ਉਹ ਦਵਾਈ ਲੈ ਕੇ ਠੀਕ ਹੋ ਗਏ। ਕਾਮਰੇਡ ਅਜਮੇਰ ਸਿੰਘ ਦਾ ਪੂਰਾ ਜੀਵਨ ਸੰਘਰਸ਼ਮਈ ਰਿਹਾ ਹੈ। ਉਹ ਫਗਵਾੜੇ ਬੀ.ਐੱਸ.ਸੀ. ਦੇ ਵਿਦਿਆਰਥੀ ਸਨ, ਜਦੋਂ ਉਹ ਕਮਿਊਨਿਸਟ ਇਨਕਲਾਬੀ ਲਹਿਰ ਨਾਲ ਜੁੜ ਗਏ। ਇਹ ਕੋਈ ਚਾਣਚੱਕ ਨਹੀਂ ਸੀ। ਕਾਮਰੇਡ ਹੁਰਾਂ ਦਾ ਪਰਿਵਾਰ ਇਕ ਕਮਿਊਨਿਸਟ ਪਰਿਵਾਰ ਸੀ। ਉਹਨਾਂ ਦਾ ਘਰ ਕਮਿਊਨਿਸਟ ਪਾਰਟੀ ਦਾ ਸਥਾਨਕ ਅੱਡੇ ਦੀ ਤਰ੍ਹਾਂ ਸੀ। ਹਰਕਿਸ਼ਨ ਸਿੰਘ ਸੁਰਜੀਤ ਦੀ ਪੱਕੀ ਠਾਹਰ ਸੀ। ਅਜਮੇਰ ਸਿੰਘ ਦੇ ਵੱਡੇ ਭਰਾ, ਨਿਰਮਲ ਦਾ ਰਿਸ਼ਤਾ ਵੀ ਸੁਰਜੀਤ ਨੇ ਕਰਾਇਆ ਸੀ। ਖੁਸ਼ ਹੈਸੀਅਤੀ ਟੈਕਸ ਵਿਰੋਧੀ ਮੋਰਚੇ ਵਿਚ ਉਹਨਾਂ ਦੇ ਤਾਇਆ ਜੀ (ਜਿਹਨਾਂ ਨੂੰ ਉਹ ਭਾਈਆ ਕਿਹਾ ਕਰਦੇ ਸਨ), ਧਰਮ ਸਿੰਘ ’ਤੇ ਧਾਰੀਵਾਲ ਪਿੰਡ ਵਿਚ ਪੁਲੀਸ ਨੇ ਗੋਲੀ ਚਲਾਈ ਤਾਂ ਉਹਨਾਂ ਦੀ ਪੱਗ ਵਿੱਚੀਂ ਮੱਥੇ ਨੂੰ ਛੂਹ ਕੇ ਲੰਘ ਗਈ ਸੀ। ਇਸ ਕਮਿਊਨਿਸਟ ਪਰਿਵਾਰ ਦਾ ਸਭ ਤੋਂ ਛੋਟਾ ਬੇਟਾ ਸੀ ਅਜਮੇਰ। ਇਸ ਮਹੌਲ ਵਿਚ ਪ੍ਰਵਾਨ ਚੜ੍ਹਿਆ ਅਜਮੇਰ, ਨਕਸਲਬਾੜੀ ਲਹਿਰ ਚੱਲੀ ਤਾਂ ਉਹ ਬੀ.ਐੱਸ.ਸੀ. ਦੀ ਪੜ੍ਹਾਈ ਛੱਡ ਕੇ ਇਸ ਇਨਕਲਾਬੀ ਲਹਿਰ ਵਿਚ ਕੁਲਵਕਤੀ ਬਣ ਕੇ ਸ਼ਾਮਿਲ ਹੋ ਗਿਆ। ਇਹ ਉਹ ਸਮਾਂ ਸੀ ਜਦੋਂ ਨਕਸਲਬਾੜੀ ਲਹਿਰ ‘ਵਿਅਕਤੀਗਤ ਸਫ਼ਾਏ’ ਦੀ ਖੱਬੂ ਮਾਅਰਕੇਬਾਜ਼ ਲਾਈਨ ਤਿਆਗ ਕੇ ਖਾੜਕੂ ਜਨਤਕ ਸੇਧ ਲਾਗੂ ਕਰਨ ਵੱਲ ਵਧ ਰਹੀ ਸੀ। ਪਾਰਟੀ ਵੱਲੋਂ ਪ੍ਰਕਾਸ਼ਿਤ ਪਰਚੇ ‘ਰੋਹਲੇ ਬਾਣ’ ਦਾ ਉਹਨਾਂ ਨੂੰ ਸੰਪਾਦਕ ਬਣਾਇਆ ਗਿਆ। ਕਾਲਾ ਸੰਘਿਆਂ ਦੇ ਇਨਕਲਾਬੀ ਘੋਲ ਵਿਚ ਉਹਨਾਂ ਦੀ ਸ਼ਾਨਦਾਰ ਭਾਗੀਦਾਰੀ ਸੀ। ਇਸ ਤੋਂ ਬਾਅਦ ਉਹਨਾਂ ਨੂੰ ਸੂਬਾ ਕਮੇਟੀ ਵਿਚ ਲੈ ਲਿਆ ਗਿਆ ਅਤੇ ਉਹ ਰੂਪੋਸ਼ ਹੋ ਗਏ। ਜ਼ਿੰਦਗੀ ਦੇ ਆਖਰੀ ਸਮੇਂ ਤੱਕ ਉਹ ਪਾਰਟੀ ਸੂਬਾ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਬੁਲਾਰੇ ਸਨ। 1977 ਵਿਚ ਇੰਦਰਾ ਗਾਂਧੀ ਵੱਲੋਂ ਲਗਾਈ ਐਮਰਜੈਂਸੀ ਹਟਾ ਲਏ ਜਾਣ ਤੋਂ ਬਾਅਦ ਉਹ ਖੁੱਲ੍ਹੇਆਮ ਕੰਮ ਕਰਨ ਲੱਗੇ। ਉਹਨਾਂ ਦੀ ਅਗਵਾਈ ਵਿਚ ਕਈ ਮਹੱਤਵਪੂਰਨ ਘੋਲ ਲੜੇ ਗਏ। 2001 ਵਿਚ ਪੰਜਾਬ ਸੂਬਾ ਕਮੇਟੀ ਦੀ ਨਿਊ ਡੈਮੋਕਰੇਸੀ ਪਾਰਟੀ ਨਾਲ ਏਕਤਾ ਦੇ ਅਮਲ ਵਿਚ ਮਹੱਤਵਪੂਰਨ ਯੋਗਦਾਨ ਪਾਇਆ। 2011 ਵਿਚ ਉਹਨਾਂ ਨੂੰ ਪਾਰਟੀ ਦੀ ਸੂਬਾ ਕਮੇਟੀ ਦਾ ਸਕੱਤਰ ਬਣਾਇਆ ਗਿਆ ਅਤੇ ਉਹ 2013 ਤੱਕ ਇਹ ਜ਼ਿੰਮੇਵਾਰੀ ਨਿਭਾਉਦੇ ਰਹੇ। 2015 ਵਿੱਚ ਉਹਨਾਂ ਨੂੰ ਪਾਰਟੀ ਦੀ ਕੇਂਦਰੀ ਕਮੇਟੀ ਵਿੱਚ ਲੈ ਲਿਆ ਗਿਆ ਅਤੇ ਉਹਨਾਂ ਨੂੰ ਕੇਂਦਰੀ ਕੰਟਰੋਲ ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ। ਕਾਮਰੇਡ ਅਜਮੇਰ ਸਿੰਘ ਮਾਨਵੀ ਗੁਣਾਂ ਦਾ ਅਨਮੋਲ ਖਜ਼ਾਨਾ ਸਨ। ਪਾਰਟੀ ਦੇ ਅੰਦਰ ਜੇਕਰ ਕਿਸੇ ਦਾ ਗੁੱਸਾ ਗਿਲਾ ਹੋ ਜਾਂਦਾ ਤਾਂ ਫਾਇਰ ਫਾਈਟਰ ਦਾ ਕੰਮ ਕਾਮਰੇਡ ਅਜਮੇਰ ਸਿੰਘ ਹੁੰਦੇ ਸਨ। ਜੇਕਰ ਕਿਸੇ ਸਾਥੀ ਦੀ ਕੋਈ ਨਿੱਜੀ ਜਾਂ ਘਰੇਲੂ ਸਮੱਸਿਆ ਹੁੰਦੀ ਤਾਂ ਕਾਮਰੇਡ ਬਿਨਾਂ ਰਸਮੀ ਬੁਲਾਵੇ ਨਾਲ ਖੜਾ ਹੁੰਦਾ। ਉਹ 53 ਸਾਲਾਂ ਤੱਕ ਸੰਘਰਸ਼ਾਂ ਦੀ ਕੁਠਾਲੀ ਵਿੱਚ ਢਲਿਆ ਖਰਾ ਸੋਨਾ ਸੀ। ਉਨ੍ਹਾਂ ਲਈ ਰਾਜਨੀਤਕ ਰਿਸ਼ਤੇ, ਸਭ ਰਿਸ਼ਤਿਆਂ ਤੋਂ ਉੱਪਰ ਸਨ, ਪਰ ਹਰ ਰਿਸ਼ਤੇ ਦਾ ਬਣਦਾ ਮਾਣ ਰੱਖਣਾ ਉਹਨਾਂ ਦੀ ਕਮਾਲ ਦੀ ਰਾਜਨੀਤਕ ਵਿਸ਼ੇਸ਼ਤਾ ਸੀ। ਉਨ੍ਹਾਂ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਪ੍ਰਣ ਕਰਨ ਅਤੇ ਉਹਨਾਂ ਨੂੰ ਸੰਗਰਾਮੀ ਸ਼ਰਧਾਂਜ਼ਲੀ ਦੇਣ ਲਈ 8 ਸਤੰਬਰ ਨੂੰ ਉਹਨਾਂ ਦੇ ਜੱਦੀ ਪਿੰਡ ਸਮਰਾਏ ਪਹੁੰਚੀਏ।
-ਸਰਦਾਰਾ ਸਿੰਘ ਮਾਹਿਲ, ਸੰਪਰਕ : 98152-11079