
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦੱਸਦੇ ਹਨ ਕਿ ਇਕ ਦਿਨ ਇਸ ਚੱਕੀ ਦੇ ਪੁੜ ’ਚੋਂ ਲਹੂ ਸਿੰਮਣ ਲੱਗਾ ਅਤੇ ਉਸ ’ਚੋਂ ਇਹ ਅਵਾਜ਼ ਆਈ ਕਿ ਉਸ ਨੇ ਉਨ੍ਹਾਂ ਦੀ ਬੜੀ ਸੇਵਾ ਕੀਤੀ ਹੈ ਹੁਣ ਉਸ ਨੂੰ ਅਰਾਮ ਦੀ ਲੋੜ ਹੈ। ਪੁੜ ਦੀ ਗੱਲ ਸੁਣ ਕੇ ਉਨ੍ਹਾਂ ਕਿਰਤੀਆਂ ਨੇ ਉਸ ਪੁੜ ਨੂੰ ਛੱਪੜ ਦੇ ਕੋਲ ਹੀ ਇਕ ਵਾਧੂ ਪਈ ਜਗ੍ਹਾ ’ਤੇ ਟਿਕਾ ਦਿੱਤਾ। ਬਾਅਦ ’ਚ ਪਿੰਡ ਦੇ ਮੁਸਲਮਾਨ ਅਰਾਈਆਂ ਨੇ ਉਸ ਥਾਂ ਮਸੀਤ ਬਣਾ ਦਿੱਤੀ। ਪਾਕਿਸਤਾਨ ਬਣਨ ਉਪਰੰਤ ਵੀ ਇਹ ਮਸੀਤ ਕਾਫੀ ਚਿਰ ਕਾਇਮ ਰਹੀ, ਜਿਸ ਦੀ ਦੇਖਭਾਲ ਉਕਤ ਦੱਸੇ ਅਨੁਸਾਰ ਪਿੰਡ ਦਾ ਇਕ ਗਰੀਬ ਭਾਨ ਸਿੰਘ ਕਰਿਆ ਕਰਦਾ ਸੀ।

ਅਜੀਤ ਕਮਲ
ਭਾਵੇਂ ਕਿ ਪੰਜਾਬ ’ਚ ਗੁਰਮਤਿ ਲਹਿਰ ਦਾ ਬੋਲਬਾਲਾ ਹੈ ਪਰ ਇਸ ਦੇ ਬਾਵਜੂਦ ਪਿੰਡਾਂ ਤੇ ਸ਼ਹਿਰਾਂ ’ਚ ਪੀਰਾਂ ਦੇ ਮਜ਼ਾਰ ਆਮ ਨਜ਼ਰ ਆਉਂਦੇ ਹਨ। ਪੀਰਾਂ ਦੇ ਮਜ਼ਾਰਾਂ ’ਤੇ ਹਰ ਵਰਗ ਦੇ ਲੋਕ ਵੀਰਵਾਰ ਵਾਲੇ ਦਿਨ ਤੇਲ ਚੜ੍ਹਾਉਣ ਲਈ ਹਾਜ਼ਰੀ ਭਰਦੇ ਹਨ। ਮਾਝੇ ਦੇ ਇਲਾਕੇ ’ਚ ਖ਼ਾਸਕਰ ਜ਼ਿਲ੍ਹਾ ਗੁਰਦਾਸਪੁਰ ’ਚ ਕੋਈ ਵਿਰਲਾ ਪਿੰਡ ਹੀ ਨਜ਼ਰ ਆਵੇਗਾ, ਜਿੱਥੇ ਕਿਸੇ ਨਾ ਕਿਸੇ ਪੀਰ ਦੀ ਜਗ੍ਹਾ ਸਥਾਪਤ ਨਾ ਹੋਈ ਹੋਵੇ। ਕਲਾਨੌਰ ਦੇ ਨੇੜੇ ਕੋਟ ਮੀਆਂ ਸਾਹਿਬ ਪਿੰਡ ਵਿਖੇ ਇਕ ਹਾਜ਼ੀ ਹੁਸੈਨ ਸ਼ਾਹ ਜੀ ਦੀ ਦਰਗਾਹ ਹੈ, ਜਿੱਥੇ ਹਰ ਸਾਲ ਮੇਲਾ ਲੱਗਦਾ ਹੈ ਅਤੇ ਉਸ ਮੇਲੇ ਨੂੰ ਪਿੰਡ ਨਾਲ ਸਬੰਧਤ ਉੱਚ ਅਹੁਦਿਆਂ ’ਤੇ ਲੱਗੇ ਅਫ਼ਸਰ ਬੜੇ ਚਾਅ ਨਾਲ ਮਨਾਉਂਦੇ ਹਨ ਅਤੇ ਸਿਆਸੀ ਲੀਡਰ ਅਤੇ ਮੰਨੇ-ਪ੍ਰਮੰਨੇ ਗਾਇਕ ਉੱਥੇ ਆਪਣੀ ਹਾਜ਼ਰੀ ਲਗਾਉਂਦੇ ਹਨ। ਦੱਸਿਆ ਜਾਂਦਾ ਹੈ ਕਿ ਉਸ ਪਿੰਡ ’ਚ ਜ਼ਿਆਦਾ ਗਿਣਤੀ ਦਲਿਤ ਭਾਈਚਾਰੇ ਦੀ ਹੈ ਅਤੇ ਪੀਰ ਜੀ ਦੇ ਨਾਂ ਪਿੰਡ ਦੇ ਆਲੇ-ਦੁਆਲੇ ਸੈਕੜੇ ਏਕੜ ਜੋ ਜ਼ਮੀਨ ਹੈ ਉਹ ਪਿੰਡ ਦੇ ਵਸਨੀਕਾਂ ਨੂੰ ਵਾਹੀ ਲਈ ਮੁਫ਼ਤ ਮਿਲੀ ਹੋਈ ਹੈ। ਇੰਜ ਹੀ ਬਾਕੀ ਥਾਵਾਂ ਦਾ ਹਾਲ ਹੈ। ਸੁਣਨ ’ਚ ਆਇਆ ਹੈ ਕਿ ਪੀਰ ਮਰਨ ਪਿੱਛੋਂ ਵੀ ਧਰਤੀ ’ਤੇ ਰਹਿੰਦੇ ਹਨ ਅਤੇ ਆਪਣੇ ਭਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ।
ਬਟਾਲੇ ਦੇ ਨੇੜੇ ਪਿੰਡ ਖਤੀਬ ਹੈ, ਜਿੱਥੇ ਪਿੰਡ ਧੌਲਪੁਰ ਦੇ ਰਕਬੇ ’ਚ ਬਾਬਾ ਫਰੀਦ ਚਿਸਤੀ ਸਾਹਿਬ ਜੀ ਦੀ ਦਰਗਾਹ ਹੈ, ਜਿਸ ਦੇ ਪਹਿਲਾਂ ਸੇਵਕ ਬਾਬਾ ਲੋਧੀ ਸ਼ਾਹ ਹੁੰਦੇ ਸਨ ਅਤੇ ਬਾਅਦ ’ਚ ਬਾਬਾ ਮਸਤਾਨ ਸ਼ਾਹ ਅਤੇ ਮੁੜ ਬਾਬਾ ਰੂਪ ਲਾਲ ਦਰਗਾਹ ਵਿਖੇ ਸੇਵਾ ਕਰਦੇ ਰਹੇ। ਦੱਸਦੇ ਹਨ ਕਿ ਵਡਾਲੀ ਭਰਾਵਾਂ ’ਚੋਂ ਪਿਆਰੇ ਲਾਲ ਬੜਾ ਚਿਰ ਪੈਰਾਂ ’ਚ ਘੁੰਗਰੂ ਬੰਨ੍ਹ ਕੇ ਬਾਬਾ ਜੀ ਦੀ ਦਰਗਾਹ ’ਤੇ ਨੱਚਦੇ ਹੁੰਦੇ ਸਨ ਅਤੇ ਵੱਡੇ ਭਰਾ ਪੂਰਨ ਚੰਦ ਹਾਰਮੋਨੀਅਮ ਵਜਾ ਕੇ ਕਵਾਲੀਆਂ ਗਾਉਂਦੇ ਹੁੰਦੇ ਸਨ। ਇਕ ਦਿਨ ਉੱਥੋਂ ਹੁਕਮ ਹੋਇਆ ਕਿ ਹੁਣ ਨੱਚਣਾ ਬੰਦ ਕਰੋ ਅਤੇ ਸੰਗੀਤ ਦੀ ਸੇਵਾ ਕਰੋ। ਵਡਾਲੀ ਭਰਾ ਆਪਣੀ ਕਾਮਯਾਬੀ ਦਾ ਸਿਹਰਾ ਪੀਰ ਜੀ ਦੀ ਇਸ ਦਰਗਾਹ ਸਿਰ ਬੰਨ੍ਹਦੇ ਹਨ। ਅੰਮ੍ਰਿਤਸਰ ਜ਼ਿਲ੍ਹੇ ’ਚ ਪੀਰ ਸ਼ੇਖਭੱਤੇ ਦੀ ਜਗ੍ਹਾ ਹੈ। ਬਟਾਲੇ ਦੇ ਨੇੜੇ ਅੰਮੋਨੰਗਲ ਨਹਿਰ ਦੇ ਕੰਢੇ ਕੰਢੇ ਤਰਸਿੱਕੇ ਵੱਲ ਜਾਈਏ ਤਾਂ ਰਸਤੇ ’ਚ ਇਸ ਪੀਰ ਦੀ ਜਗ੍ਹਾ ਆਉਂਦੀ ਹੈ। ਇਥੇ ਨਵੀਂ ਸੂਈ ਗਾਂ ਮੱਝ ਦੇ ਦੁੱਧ ਦੀ ਖੀਰ ਬਣਾ ਕੇ ਚੜ੍ਹਾਈ ਜਾਂਦੀ ਹੈ। ਇਹ ਆਸਥਾ ਹੈ ਕਿ ਇੰਜ ਕਰਨ ਨਾਲ ਲਵੇਰਾ ਤੰਦਰੁਸਤ ਰਹਿੰਦਾ ਹੈ ਕਿ ਘਰ ਵਿਚ ਦੁੱਧ ਦੀ ਬਰਕਤ ਬਣੀ ਰਹਿੰਦੀ ਹੈ। ਅਲੀਵਾਲ ਨੇੜੇ ਪਿੰਡ ਡੁੱਲਟ ਹੈ। ਉੱਥੇ ਵੀ ਬਾਬਾ ਪੱਥਰਪੀਰ ਜੀ ਦੀ ਜਗ੍ਹਾ ਹੈ। ਬਜ਼ੁਰਗ ਦੱਸਦੇ ਹਨ ਕਿ ਇੱਥੇ ਇਕ ਵੀਰਵਾਰ ਜਗ੍ਹਾ ਦੇ ਸੇਵਕ ਭਾਨ ਸਿੰਘ ਨੇ ਚੌਲਾਂ ਦੀ ਦੇਗ ਚੜ੍ਹਾਈ ਹੋਈ ਸੀ। ਲੰਬੜਾਂ ਦੇ ਮੁੰਡੇ ਨੇ ਉਹ ਦੇਗ ਉਲਟਾ ਦਿੱਤੀ। ਕਹਿੰਦੇ ਹਨ ਕਿ ਇਸ ਗ਼ਲਤੀ ਦਾ ਖਮਿਆਜ਼ਾ ਉਸ ਨੂੰ ਭੁਗਤਣਾ ਪਿਆ ਤੇ ਉਸ ਨੂੰ ਵੱਡੇ ਸਰੀਰਕ ਕਸ਼ਟ ਦਾ ਸਾਹਮਣਾ ਕਰਨਾ ਪਿਆ। ਉਸ ਦਿਨ ਤੋਂ ਬਾਅਦ ਹੁਣ ਤੱਕ ਕਿਸੇ ਵੀ ਪਿੰਡ ਵਾਲੇ ਨੇ ਉਸ ਜਗ੍ਹਾ ਨੂੰ ਨੁਕਸਾਨ ਪਹੁਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਪਿੰਡ ਡੁੱਲਟ ਦੇ ਇਸ ਪੱਥਰ ਪੀਰ ਬਾਰੇ ਇਹ ਕਥਾ ਵੀ ਮਸ਼ਹੂਰ ਹੈ ਕਿ ਪਿੰਡ ’ਚ ਵੱਸਦੀ ਟਾਂਕਕਸ਼ੱਤਰੀ ਬਰਾਦਰੀ ਦੇ ਬਜ਼ੁਰਗ ਪਹਿਲਾਂ-ਪਹਿਲਾਂ ਅਮਰੇ ਠੇਕਣ ਦਾ ਕੰਮ ਕਰਦੇ ਹੁੰਦੇ ਸਨ। ਅਮਰੇ ਭਾਵ ਰਜਾਈਆਂ ਅਤੇ ਤਲਾਈਆਂ ਲਈ ਲੋੜੀਂਦੇ ਕਵਰ ਨੂੰ ਅਮਰਾ ਆਖਦੇ ਸਨ। ਅਮਰੇ ਲਈ ਜਿਹੜਾ ਕੱਪੜਾ (ਲੱਠਾ) ਖ਼ਰੀਦਿਆ ਜਾਂਦਾ ਸੀ, ਉਸ ਵਿਚਲੀ ਪਾਣ ਕੱਢਣ ਲਈ ਉਸ ਨੂੰ ਪਹਿਲਾਂ ਪਾਣੀ ’ਚ ਭਿਉਂਦੇ ਸਨ ਅਤੇ ਬਾਅਦ ’ਚ ਪਿੰਡ ਦੇ ਛੱਪੜ ’ਚ ਲਿਜਾ ਕੇ ਉਸ ਨੂੰ ਚੱਕੀ ਦੇ ਪੁੜ ’ਤੇ ਵਾਰ-ਵਾਰ ਪਟਕਾ ਕੇ ਉਸ ਵਿਚਲੀ ਪਾਣ ਕੱਢਦੇ ਸਨ ਅਤੇ ਫਿਰ ਸੁਕਾ ਕੇ ਉਸ ’ਤੇ ਲੱਕੜੀ ਦੇ ਬਣੇ ਸੱਚਿਆਂ ਨਾਲ ਰੰਗ-ਬਰੰਗੇ ਵੇਲ ਬੂਟੇ ਪਾਉਂਦੇ ਸਨ। ਅਮਰੇ ਤਿਆਰ ਕਰ ਕੇ ਪਿੰਡ ਦੇ ਇਹ ਕਿਰਤੀ ਲਹੌਰ ਤੱਕ ਇਸ ਨੂੰ ਵੇਚਣ ਜਾਂਦੇ ਸਨ।
ਦੱਸਦੇ ਹਨ ਕਿ ਇਕ ਦਿਨ ਇਸ ਚੱਕੀ ਦੇ ਪੁੜ ’ਚੋਂ ਲਹੂ ਸਿੰਮਣ ਲੱਗਾ ਅਤੇ ਉਸ ’ਚੋਂ ਇਹ ਅਵਾਜ਼ ਆਈ ਕਿ ਉਸ ਨੇ ਉਨ੍ਹਾਂ ਦੀ ਬੜੀ ਸੇਵਾ ਕੀਤੀ ਹੈ ਹੁਣ ਉਸ ਨੂੰ ਅਰਾਮ ਦੀ ਲੋੜ ਹੈ। ਪੁੜ ਦੀ ਗੱਲ ਸੁਣ ਕੇ ਉਨ੍ਹਾਂ ਕਿਰਤੀਆਂ ਨੇ ਉਸ ਪੁੜ ਨੂੰ ਛੱਪੜ ਦੇ ਕੋਲ ਹੀ ਇਕ ਵਾਧੂ ਪਈ ਜਗ੍ਹਾ ’ਤੇ ਟਿਕਾ ਦਿੱਤਾ। ਬਾਅਦ ’ਚ ਪਿੰਡ ਦੇ ਮੁਸਲਮਾਨ ਅਰਾਈਆਂ ਨੇ ਉਸ ਥਾਂ ਮਸੀਤ ਬਣਾ ਦਿੱਤੀ। ਪਾਕਿਸਤਾਨ ਬਣਨ ਉਪਰੰਤ ਵੀ ਇਹ ਮਸੀਤ ਕਾਫੀ ਚਿਰ ਕਾਇਮ ਰਹੀ, ਜਿਸ ਦੀ ਦੇਖਭਾਲ ਉਕਤ ਦੱਸੇ ਅਨੁਸਾਰ ਪਿੰਡ ਦਾ ਇਕ ਗਰੀਬ ਭਾਨ ਸਿੰਘ ਕਰਿਆ ਕਰਦਾ ਸੀ। ਉਸ ਦੇ ਮਰਨ ਪਿੱਛੋਂ ਪਿੰਡ ਵਾਸੀਆਂ ਨੇ ਮਸੀਤ ਢਾਹ ਦਿੱਤੀ ਪਰ ਪੱਥਰ ਪੀਰ ਦੀ ਜਗ੍ਹਾ ਅਜੇ ਵੀ ਕਾਇਮ ਹੈ, ਜਿਸ ਦੀ ਦੇਖਭਾਲ ਜਗ੍ਹਾ ਦੇ ਕੋਲ ਵੱਸਦੇ ਜਿੰਮੀਦਾਰ ਘਰਾਣੇ ਵੱਲੋਂ ਕੀਤੀ ਜਾ ਰਹੀ ਹੈ। ਪਿੰਡ ਦੇ ਟਾਂਕਕਸ਼ੱਤਰੀ ਤਾਂ ਹੁਣ ਸਾਰੇ ਬਟਾਲੇ ਜਾ ਵੱਸੇ ਹਨ ਪਰ ਉਨ੍ਹਾਂ ’ਚੋਂ ਪੁਰਾਣੀ ਪੀੜ੍ਹੀ ਦੇ ਵਿਅਕਤੀ ਕਦੇ-ਕਦਾਈਂ ਪਿੰਡ ਮੱਥਾ ਟੇਕਣ ਜਾਂਦੇ ਰਹਿੰਦੇ ਹਨ। ਫ਼ਤਹਿਗੜ੍ਹ ਚੂੜੀਆਂ ਤੋਂ ਅੰਮ੍ਰਿਤਸਰ ਨੂੰ ਜਾਂਦਿਆਂ ਰਾਹ ’ਚ ਪਿੰਡ ਭੋਮਾਂ ਆਉਂਦਾ ਹੈ। ਇਸ ਨੂੰ ਭੋਮਾ ਵਡਾਲਾ ਵੀ ਆਖਦੇ ਹਨ। ਸਾਲ 1997-98 ’ਚ ਮੇਰੀ ਡਿਊਟੀ ਜ਼ਿਲ੍ਹਾ ਉਦਯੋਗ ਕੇਂਦਰ, ਅੰਮ੍ਰਿਸਰ ਵਿਖੇ ਸੀ ਅਤੇ ਲੋਕ ਸਭਾ ਚੋਣਾਂ ’ਚ ਮੇਰੀ ਡਿਊਟੀ ਇਸ ਪਿੰਡ ’ਚ ਲੱਗ ਗਈ। ਇੱਥੇ ਵੀ ਇਕ ਮੰਨੇ-ਪ੍ਰਮੰਨੇ ਪੀਰ ਬਾਬਾ ਰੋਡੇ ਸ਼ਾਹ ਦੀ ਜਗ੍ਹਾ ਹੈ। ਹਰ ਸਾਲ ਮਾਰਚ ਦੇ ਮਹੀਨੇ ਬਾਬਾ ਜੀ ਦਾ ਉਰਸ ਮਨਾਇਆ ਜਾਂਦਾ ਹੈ। ਇੱਥੇ ਬਾਬਾ ਜੀ ਦੇ ਸੇਵਕ ਘਰ ਦੀ ਕੱਢੀ ਹੋਈ ਸ਼ਰਾਬ ਚੜ੍ਹਾਉਂਦੇ ਹਨ। ਕੋਈ ਰੋਕ ਟੋਕ ਨਹੀਂ ਹੈ। ਜੋ ਵੀ ਗਾਹੇ-ਬਗਾਹੇ ਇੱਥੇ ਮੱਥਾ ਟੇਕਣ ਆਉਂਦਾ ਹੈ, ਉਸ ਨੂੰ ਸ਼ਰਾਬ ਦਾ ਪ੍ਰਸ਼ਾਦ ਵੀ ਮਿਲਦਾ ਹੈ। ਪੋਲਿੰਗ ਪਾਰਟੀ ਦਾ ਪਹਿਲਾ ਕੰਮ ਇਹ ਹੁੰਦਾ ਹੈ ਕਿ ਬੂਥ ਸੈੱਟ ਕੀਤਾ ਜਾਵੇ ਅਤੇ ਉਪਰੰਤ ਲਿਫਾਫੇ ਆਦਿ ਤਿਆਰ ਕੀਤੇ ਜਾਣ ਜੋ ਕਿ ਅਗਲੇ ਦਿਨ ਜਮ੍ਹਾ ਕਰਵਾਉਣੇ ਹੁੰਦੇ ਹਨ। ਇਸ ਕੰਮ ਤੋਂ ਵਿਹਲੇ ਹੋਏ ਤਾਂ ਪਿੰਡ ਦੇ ਕੁਝ ਮੋਹਤਬਰ ਵਿਅਕਤੀ ਆ ਗਏੇ। ਪੋਲਿੰਗ ਸਟਾਫ ਲਈ ਖਾਣੇ ਅਦਿ ਦਾ ਪ੍ਰਬੰਧ ਪਿੰਡ ਦੇ ਸਰਪੰਚ ਦੇ ਜਿੰਮੇ ਹੁੰਦਾ ਹੈ ਪਰ ਪਿੰਡ ਦਾ ਸਰਪੰਚ ਉਸ ਦਿਨ ਕਿਸੇ ਘਰੇਲੂ ਕੰਮ ਲਈ ਅੰਮ੍ਰਿਤਸਰ ਗਿਆ ਸੀ। ਲਿਹਾਜਾ ਇਕ ਬਜ਼ੁਰਗ ਨੇ ਸਾਰੀ ਡਿਊਟੀ ਨਿਭਾਈ ਅਤੇ ਪੋਲਿੰਗ ਸਟਾਫ ਲਈ ਖਾਣ ਪੀਣ ਦਾ ਪ੍ਰਬੰਧ ਕੀਤਾ। ਉਸ ਬਜ਼ੁਰਗ ਨੇ ਬਾਬਾ ਰੋਡੇ ਸ਼ਾਹ ਜੀ ਬਾਰੇ ਸਾਰੇ ਸਟਾਫ ਨੂੰ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਪਿੰਡ ਦੇ ਲੋਕਾਂ ’ਚ ਅੱਜ ਵੀ ਬਾਬਾ ਜੀ ਪ੍ਰਤੀ ਬੜੀ ਆਸਥਾ ਹੈ। ਉਨ੍ਹਾਂ ਨੇ ਇਕ ਗੱਲ ਸੁਣਾਈ ਜੋ ਕਿ ਬਾਬਾ ਜੀ ਪ੍ਰਤੀ ਆਸਥਾ ਦੀ ਚਰਮਸੀਮਾ ਸੀ। ਦੱਸਿਆ ਗਿਆ ਕਿ ਪਿੰਡ ’ਚ ਦੋ ਧਿਰਾਂ ਦਾ ਝਗੜਾ ਹੋ ਗਿਆ। ਪਿੰਡ ਦੇ ਸਿਆਣਿਆਂ ਨੇ ਦੋਹਾਂ ਧਿਰਾਂ ਦੀ ਸੁਲਾਹ ਕਰਵਾਉਣ ਲਈ ਪਿੰਡ ਦੀ ਇਕ ਸਾਂਝੇ ਥਾਂ ’ਤੇ ਮੀਟਿੰਗ ਰੱਖ ਲਈ। ਦੋਹਾਂ ਧਿਰਾਂ ਨੇ ਪਹਿਲਾਂ ਤਾਂ ਇਕ ਦੂਜੇ ’ਤੇ ਦੋਸ਼ਾਂ ਦੀ ਝੜੀ ਲਗਾ ਦਿੱਤੀ ਪਰ ਸਿਆਣਿਆਂ ਨੇ ਮੌਕਾ ਸੰਭਾਲ ਲਿਆ ਅਤੇ ਦੋਹਾਂ ਧਿਰਾਂ ਨੂੰ ਰਾਜੀਨਾਮਾਂ ਕਰਨ ਲਈ ਰਜ਼ਾਮੰਦ ਕਰ ਲਿਆ। ਜਦੋਂ ਇਕ ਧਿਰ ਨੇ ਆਖਿਆ ਕਿ ਉਹ ਅੱਗੇ ਤੋਂ ਲੜਾਈ ਝਗੜੇ ਵਾਲੀ ਕੋਈ ਗੱਲ ਨਹੀਂ ਕਰਨਗੇ ਤਾਂ ਦੂਜੀ ਧਿਰ ਨੇ ਉੱਚੀ ਆਵਾਜ਼ ’ਚ ਕਿਹਾ ‘ਖਾਹ ਬਾਬੇ ਰੋਡੇ ਦੀ ਸਹੁੰ।’ ਭਾਵੇਂ ਕਿ ਪਹਿਲੀ ਧਿਰ ਨੇ ਬਾਬੇ ਰੋਡੇ ਦੀ ਸਹੁੰ ਖਾ ਕੇ ਦੂਜੀ ਧਿਰ ਨੂੰ ਭਰੋਸਾ ਦੁਆ ਦਿੱਤਾ ਕਿ ਉਹ ਅੱਗੇ ਤੋਂ ਝਗੜੇ ਵਾਲੀ ਕੋਈ ਗੱਲ ਨਹੀਂ ਕਰਨਗੇ ਪਰ ਸਭਾ ’ਚ ਬੈਠੇ ਪਤਵੰਤੇ ਉਕਤ ਆਸਥਾ ਦੀ ਸੀਮਾ ਵੇਖ ਕੇ ਹੱਕੇ-ਬੱਕੇ ਰਹਿ ਗਏ। ਹੈਰਾਨ ਸਨ ਕਿ ਆਪਣੇ ਆਪਣੇ ਧਰਮਾਂ ’ਚ ਪਰਪੱਕ ਵਿਅਕਤੀ ਵੀ ਬਾਬੇ ਰੋਡੇ ਸ਼ਾਹ ਦੀ ਸਹੁੰ ’ਤੇ ਭਰੋਸਾ ਕਰਦੇ ਹਨ। ਆਸਥਾ ਦੀ ਇਸ ਚਰਮਸੀਮਾ ਵਾਲੀ ਕਥਾ ਸੁਣ ਕੇ ਪੋਲਿੰਗ ਸਟਾਫ ਵੀ ਬਾਬਾ ਰੋਡੇ ਸ਼ਾਹ ਦੀ ਦਰਗਾਹ ’ਤੇ ਜਾਣ ਲਈ ਉਤਸਕ ਹੋ ਗਿਆ ਪਰ ਉਸ ਦਿਨ ਚੋਣ ਡਿਊਟੀ ’ਤੇ ਹੋਣ ਕਰਕੇ ਤੇ ਅਗਲੇ ਦਿਨ ਸਮਾਨ ਜਮ੍ਹਾ ਕਰਵਾਉਣ ਦੀ ਕਾਹਲ ਕਰਕੇ ਅਸੀਂ ਦਰਗਾਹ ’ਤੇ ਨਾ ਜਾ ਸਕੇ।
(ਸੰਪਰਕ :9417376895)।