- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਚੰਗੀ ਗੱਲ ਹੈ ਕਿ ਆਖ਼ਰਕਾਰ ਸਰਕਾਰ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਈ-20 ਈਂਧਨ ਅਰਥਾਤ ਈਥਾਨੌਲ ਮਿਸ਼ਰਿਤ ਪੈਟਰੋਲ ਨਾਲ ਗੱਡੀਆਂ ਦੀ ਮਾਈਲੇਜ ਭਾਵੇਂ ਹੀ ਕੁਝ ਘੱਟ ਹੁੰਦੀ ਹੋਵੇ ਪਰ ਇਹ ਊਰਜਾ ਸੁਰੱਖਿਆ ਅਤੇ ਸਵੱਛ ਵਾਤਾਵਰਨ ਲਈ ਫ਼ਾਇਦੇਮੰਦ ਹੋਣ ਦੇ ਨਾਲ ਹੀ ਕਿਸਾਨਾਂ ਲਈ ਵੀ ਲਾਹੇਵੰਦ ਹੈ।

ਇਹ ਚੰਗੀ ਗੱਲ ਹੈ ਕਿ ਆਖ਼ਰਕਾਰ ਸਰਕਾਰ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਈ-20 ਈਂਧਨ ਅਰਥਾਤ ਈਥਾਨੌਲ ਮਿਸ਼ਰਿਤ ਪੈਟਰੋਲ ਨਾਲ ਗੱਡੀਆਂ ਦੀ ਮਾਈਲੇਜ ਭਾਵੇਂ ਹੀ ਕੁਝ ਘੱਟ ਹੁੰਦੀ ਹੋਵੇ ਪਰ ਇਹ ਊਰਜਾ ਸੁਰੱਖਿਆ ਅਤੇ ਸਵੱਛ ਵਾਤਾਵਰਨ ਲਈ ਫ਼ਾਇਦੇਮੰਦ ਹੋਣ ਦੇ ਨਾਲ ਹੀ ਕਿਸਾਨਾਂ ਲਈ ਵੀ ਲਾਹੇਵੰਦ ਹੈ। ਇਸ ਤੋਂ ਇਲਾਵਾ ਇਹ ਵਿਦੇਸ਼ੀ ਮੁਦਰਾ ਦੀ ਬੱਚਤ ਵਿਚ ਵੀ ਮਦਦਗਾਰ ਹੈ। ਹੋਰ ਵੀ ਚੰਗਾ ਹੁੰਦਾ ਕਿ ਇਹ ਸਪਸ਼ਟੀਕਰਨ ਪਹਿਲਾਂ ਹੀ ਆ ਜਾਂਦਾ ਕਿਉਂਕਿ ਇਕ ਅਰਸੇ ਤੋਂ ਇਸ ਤਰ੍ਹਾਂ ਦੀਆਂ ਪੁਸ਼ਟੀ ਰਹਿਤ ਖ਼ਬਰਾਂ ਡਿਜੀਟਲ ਮੀਡੀਆ ’ਤੇ ਚੱਲ ਰਹੀਆਂ ਸਨ ਕਿ 20 ਪ੍ਰਤੀਸ਼ਤ ਈਥਾਨੌਲ ਵਾਲੇ ਪੈਟਰੋਲ ਨਾਲ ਮਾਈਲੇਜ ਵਿਚ ਚੰਗੀ-ਖ਼ਾਸੀ ਕਮੀ ਆਉਣ ਦੇ ਨਾਲ ਹੀ ਵਾਹਨਾਂ ਦੇ ਇੰਜਨਾਂ ਨੂੰ ਵੀ ਨੁਕਸਾਨ ਹੁੰਦਾ ਹੈ। ਕੁਝ ਲੋਕਾਂ ਨੇ ਤਾਂ ਅਜਿਹੇ ਫ਼ਰਜ਼ੀ ਵੀਡੀਓ ਸ਼ੇਅਰ ਕੀਤੇ ਕਿ ਈ-20 ਪੈਟਰੋਲ ਨਾਲ ਉਨ੍ਹਾਂ ਦੀ ਗੱਡੀ ਅੱਧਵਾਟੇ ਹੀ ਬੰਦ ਹੋ ਗਈ। ਇਸ ਕੂੜ-ਪ੍ਰਚਾਰ ਨੂੰ ਦੇਖਦੇ ਹੋਏ ਸਰਕਾਰ ਤੇ ਖ਼ਾਸ ਤੌਰ ’ਤੇ ਪੈਟਰੋਲੀਅਮ ਮੰਤਰਾਲੇ ਨੂੰ ਸਮਾਂ ਰਹਿੰਦੇ ਸਰਗਰਮ ਹੋਣਾ ਚਾਹੀਦਾ ਸੀ ਅਤੇ ਅਸਲੀਅਤ ਉਜਾਗਰ ਕਰਨੀ ਚਾਹੀਦੀ ਸੀ। ਦੇਰ ਨਾਲ ਹੀ ਸਹੀ, ਇਹ ਕੰਮ ਕੀਤਾ ਗਿਆ ਪਰ ਹਾਲੇ ਇਸ ਬਾਰੇ ਸਪਸ਼ਟਤਾ ਦੀ ਉਮੀਦ ਕੀਤੀ ਜਾਂਦੀ ਹੈ ਕਿ ਕੀ ਪੰਜ-ਛੇ ਸਾਲ ਪੁਰਾਣੀਆਂ ਗੱਡੀਆਂ ਲਈ ਵੀ ਈ-20 ਪੈਟਰੋਲ ਸਹੀ ਹੈ? ਉੱਚਿਤ ਇਹ ਹੋਵੇਗਾ ਕਿ ਇਸ ਤਰ੍ਹਾਂ ਦਾ ਕੋਈ ਸਪਸ਼ਟੀਕਰਨ ਦੇਣ ਲਈ ਪੈਟਰੋਲੀਅਮ ਮੰਤਰਾਲੇ ਦੇ ਨਾਲ ਹੀ ਆਟੋ ਕੰਪਨੀਆਂ ਵੀ ਅੱਗੇ ਆਉਣ। ਇਹ ਠੀਕ ਹੈ ਕਿ ਕੁਝ ਕਾਰ ਕੰਪਨੀਆਂ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਪਰ ਬਿਹਤਰ ਹੁੰਦਾ ਕਿ ਇਸ ਮਾਮਲੇ ਵਿਚ ਆਟੋ ਕੰਪਨੀਆਂ ਦੇ ਸੰਗਠਨ ਸੁਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ ਵੱਲੋਂ ਵੀ ਆਪਣੀ ਗੱਲ ਕਹੀ ਜਾਂਦੀ।
ਉਂਜ ਵੀ ਇਸ ਸੰਗਠਨ ਦਾ ਮੁੱਖ ਕੰਮ ਸਰਕਾਰ ਨਾਲ ਮਿਲ ਕੇ ਆਟੋ ਸੈਕਟਰ ਦੀਆਂ ਨੀਤੀਆਂ, ਸੁਰੱਖਿਆ ਮਾਪਦੰਡਾਂ ਅਤੇ ਨਿਕਾਸੀ ਸਬੰਧੀ ਨਿਯਮਾਂ ਨੂੰ ਤੈਅ ਕਰਨਾ ਹੈ। ਈ-20 ਮਾਮਲੇ ਤੋਂ ਸਰਕਾਰ ਨੂੰ ਇਹ ਸਬਕ ਸਿੱਖਣਾ ਚਾਹੀਦਾ ਹੈ ਕਿ ਕੋਈ ਨਵੀਂ ਪਹਿਲ ਕਰਨ ਦੇ ਨਾਲ ਹੀ ਹਿੱਤਧਾਰਕਾਂ ਨੂੰ ਭਰੋਸੇ ਵਿਚ ਲੈਣਾ ਅਤੇ ਆਮ ਲੋਕਾਂ ਨੂੰ ਉਸ ਦੇ ਮਕਸਦਾਂ ਤੋਂ ਜਾਣੂ ਕਰਵਾਉਣਾ ਜ਼ਰੂਰੀ ਹੁੰਦਾ ਹੈ। ਇਹ ਮੰਨਣ ਦੇ ਕਾਫ਼ੀ ਕਾਰਨ ਹਨ ਕਿ ਇਕ ਏਜੰਡੇ ਤਹਿਤ ਕਿਸੇ ਲੌਬੀ ਵੱਲੋਂ ਈ-20 ਈਂਧਨ ਖ਼ਿਲਾਫ਼ ਕੂੜ-ਪ੍ਰਚਾਰ ਮੁਹਿੰਮ ਚਲਾਈ ਗਈ। ਨੀਤੀ ਘਾੜਿਆਂ ਨੂੰ ਅਜਿਹੇ ਏਜੰਡਾਧਾਰੀਆਂ ਪ੍ਰਤੀ ਸਦਾ ਚੌਕਸ ਰਹਿਣਾ ਚਾਹੀਦਾ ਹੈ। ਜੇ ਇਹ ਪਹਿਲੇ ਦਿਨ ਤੋਂ ਹੀ ਸਪਸ਼ਟ ਹੁੰਦਾ ਕਿ ਈ-20 ਈਂਧਨ ਨਾਲ ਮਾਈਲੇਜ ਵਿਚ ਮਹਿਜ਼ 3-4 ਪ੍ਰਤੀਸ਼ਤ ਦੀ ਕਮੀ ਆਉਂਦੀ ਹੈ ਅਤੇ ਇਸ ਦੇ ਇਸਤੇਮਾਲ ਨਾਲ ਇੰਜਨ ’ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਤਾਂ ਸ਼ਾਇਦ ਈਥਾਨੌਲ ਰਲਗੱਡ ਪੈਟਰੋਲ ਵਿਰੁੱਧ ਕੂੜ-ਪ੍ਰਚਾਰ ਕਰਨ ਵਾਲਿਆਂ ਨੂੰ ਸਰਗਰਮ ਹੋਣ ਦਾ ਮੌਕਾ ਹੀ ਨਾ ਮਿਲਦਾ। ਆਖ਼ਰ ਇਸ ਤੋਂ ਪਹਿਲਾਂ ਈ-10 ਪੈਟਰੋਲ ਦੀ ਵਰਤੋਂ ਹੋ ਹੀ ਰਹੀ ਸੀ ਅਤੇ ਉਸ ਨੂੰ ਲੈ ਕੇ ਕੋਈ ਸ਼ਿਕਾਇਤ ਵੀ ਨਹੀਂ ਸੀ। ਇਸ ਤੱਥ ਦੀ ਵੀ ਅਣਦੇਖੀ ਨਾ ਕੀਤੀ ਜਾਵੇ ਕਿ ਵਿਸ਼ਵ ਦੇ ਕਈ ਦੇਸ਼ਾਂ ਵਿਚ ਪੈਟਰੋਲ ਵਿਚ 20 ਪ੍ਰਤੀਸ਼ਤ ਈਥਾਨੌਲ ਮਿਲਾਇਆ ਜਾਂਦਾ ਹੈ। ਬ੍ਰਾਜ਼ੀਲ ਤਾਂ ਬਾਇਓ ਫਿਊਲ ਦੇ ਮਾਮਲੇ ਵਿਚ ਆਲਮੀ ਪੱਧਰ ’ਤੇ ਮੋਹਰੀ ਹੈ। ਉੱਥੇ ਆਮ ਪੈਟਰੋਲ ਵਿਚ 27 ਤੋਂ 30 ਪ੍ਰਤੀਸ਼ਤ ਤੱਕ ਈਥਾਨੌਲ ਮਿਲਾਇਆ ਜਾਂਦਾ ਹੈ। ਜਦ ਬ੍ਰਾਜ਼ੀਲ ਵਿਚ ਈਥਾਨੌਲ ਮਿਲਾਏ ਪੈਟਰੋਲ ਤੋਂ ਲੋਕਾਂ ਨੂੰ ਕੋਈ ਸਮੱਸਿਆ ਨਹੀਂ ਹੈ, ਤਾਂ ਭਾਰਤ ਵਿਚ ਇਸ ਮੁੱਦੇ ’ਤੇ ਕਾਵਾਂਰੌਲੀ ਕਿਉਂ ਪਾਈ ਜਾ ਰਹੀ ਹੈ, ਇਹ ਸਮਝ ਤੋਂ ਪਰੇ ਹੈ।