- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਡੀਆਂ ਸੜਕਾਂ ’ਤੇ ਦੌੜਦੇ ਵਾਹਨ, ਉਦਯੋਗਾਂ ਦਾ ਧੂੰਆਂ, ਉਸਾਰੀ ਕਾਰਜਾਂ ਤੋਂ ਉੱਡਦੀ ਧੂੜ, ਸਾੜਿਆ ਜਾਂਦਾ ਕੂੜਾ, ਖੁੱਲ੍ਹੇ ’ਚ ਸੁੱਟਿਆ ਜਾਂਦਾ ਗੰਦ ਤੇ ਵਿਕਾਸ ਦੇ ਨਾਂ ’ਤੇ ਲਗਾਤਾਰ ਕੱਟੇ ਜਾ ਰਹੇ ਦਰੱਖਤ, ਇਹ ਸਾਰੇ ਮਿਲ ਕੇ ਸਾਡੇ ਜੀਵਨ ਨੂੰ ਖ਼ਤਰੇ ’ਚ ਪਾ ਰਹੇ ਹਨ। ਦੁੱਖ ਦੀ ਗੱਲ ਇਹ ਹੈ ਕਿ ਇਸ ਖ਼ਤਰੇ ਨੂੰ ਅਸੀਂ ਰੋਜ਼ ਦੇਖਦੇ ਹਾਂ, ਮਹਿਸੂਸ ਕਰਦੇ ਹਾਂ ਪਰ ਇਸ ਵਿਰੁੱਧ ਸਾਡਾ ਰੋਸ ਕਦੇ ਉਸ ਪੱਧਰ ਤੱਕ ਨਹੀਂ ਪਹੁੰਚਦਾ, ਜਿੱਥੇ ਇਹ ਕਿਸੇ ਸਰਕਾਰ ਜਾਂ ਸਿਆਸੀ ਪਾਰਟੀ ਦੀ ਚਿੰਤਾ ਬਣ ਸਕੇ।

.jpg)
ਇੰਦਰਪ੍ਰੀਤ ਸਿੰਘ
ਰੋਸ ਨਾ ਕੀਜੈ : ਅੱਜ ਦੀਵਾਲੀ ਹੈ। ਬਾਜ਼ਾਰ ਰੌਸ਼ਨੀਆਂ ਨਾਲ ਜਗਮਗਾ ਰਹੇ ਹਨ। ਦੁਕਾਨਾਂ ਸਜੀਆਂ ਹੋਈਆਂ ਹਨ। ਲੋਕ ਆਪਣੀ-ਆਪਣੀ ਵਿੱਤ ਅਨੁਸਾਰ ਖ਼ਰੀਦਦਾਰੀ ਕਰ ਰਹੇ ਹਨ। ਘਰਾਂ ’ਚ ਮਠਿਆਈਆਂ ਆ ਰਹੀਆਂ ਹਨ, ਨਵੇਂ ਕੱਪੜੇ ਖ਼ਰੀਦੇ ਜਾ ਰਹੇ ਹਨ ਤੇ ਰਾਤ ਨੂੰ ਦੀਵੇ ਜਗਾਉਣ ਤੇ ਆਤਿਸ਼ਬਾਜ਼ੀ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਹਨ। ਤਿਉਹਾਰ ਦੀ ਖੁਸ਼ੀ ਹੋਣੀ ਵੀ ਚਾਹੀਦੀ ਹੈ ਪਰ ਇਸ ਖੁਸ਼ੀ ਦੇ ਨਾਲ ਇਕ ਸਵਾਲ ਵੀ ਸਾਡੇ ਸਾਹਮਣੇ ਖੜ੍ਹਾ ਹੈ। ਕੀ ਅਸੀਂ ਦੀਵਾਲੀ ਮਨਾਉਂਦਿਆਂ ਉਸ ਹਵਾ ਦਾ ਵੀ ਖ਼ਿਆਲ ਕਰ ਰਹੇ ਹਾਂ, ਜਿਸ ’ਚ ਅਸੀਂ ਤੇ ਸਾਡੇ ਬੱਚਿਆਂ ਨੇ ਸਾਹ ਲੈਣਾ ਹੈ? ਕੱਲ੍ਹ ਅਖ਼ਬਾਰਾਂ ਦੇ ਪਹਿਲੇ ਸਫ਼ਿਆਂ ’ਤੇ ਸੁਪਰੀਮ ਕੋਰਟ ਨਾਲ ਸਬੰਧਤ ਖ਼ਬਰਾਂ ’ਚ ਵਾਹਨਾਂ ਦੇ ਧੂੰਏਂ ਨੂੰ ਹਵਾ ਪ੍ਰਦੂਸ਼ਣ ਦੇ ਵੱਡੇ ਕਾਰਨਾਂ ’ਚੋਂ ਇਕ ਦੱਸਿਆ ਜਾ ਰਿਹਾ ਸੀ। ਪਹਿਲਾਂ ਹੀ ਪ੍ਰਦੂਸ਼ਣ ਦੀ ਮਾਰ ਝੱਲ ਰਹੇ ਸ਼ਹਿਰਾਂ ’ਚ ਦੀਵਾਲੀ ਦੀ ਰਾਤ ਹੋਣ ਵਾਲੀ ਆਤਿਸ਼ਬਾਜ਼ੀ ਇਸ ਸਥਿਤੀ ਨੂੰ ਹੋਰ ਗੰਭੀਰ ਕਰ ਸਕਦੀ ਹੈ। ਇਸ ਦਾ ਸਭ ਤੋਂ ਵੱਧ ਖ਼ਤਰਾ ਉਨ੍ਹਾਂ ਲੋਕਾਂ ਨੂੰ ਹੈ, ਜਿਹੜੇ ਦਮੇ ਜਾਂ ਸਾਹ ਦੀਆਂ ਹੋਰ ਬਿਮਾਰੀਆਂ ਤੋਂ ਪੀੜਤ ਹਨ। ਬਜ਼ੁਰਗਾਂ ਤੇ ਬੱਚਿਆਂ ਲਈ ਵੀ ਇਹ ਹਵਾ ਸਿਹਤ ਦਾ ਗੰਭੀਰ ਸੰਕਟ ਬਣ ਸਕਦੀ ਹੈ ਪਰ ਸਵਾਲ ਸਿਰਫ਼ ਪਟਾਕਿਆਂ ਦਾ ਨਹੀਂ ਹੈ। ਪਟਾਕਿਆਂ ’ਤੇ ਪਾਬੰਦੀ ਲਾ ਦੇਣ ਨਾਲ ਵੀ ਪ੍ਰਦੂਸ਼ਣ ਦੀ ਸਮੱਸਿਆ ਖ਼ਤਮ ਨਹੀਂ ਹੋਣੀ। ਸਾਡੀਆਂ ਸੜਕਾਂ ’ਤੇ ਦੌੜਦੇ ਵਾਹਨ, ਉਦਯੋਗਾਂ ਦਾ ਧੂੰਆਂ, ਉਸਾਰੀ ਕਾਰਜਾਂ ਤੋਂ ਉੱਡਦੀ ਧੂੜ, ਸਾੜਿਆ ਜਾਂਦਾ ਕੂੜਾ, ਖੁੱਲ੍ਹੇ ’ਚ ਸੁੱਟਿਆ ਜਾਂਦਾ ਗੰਦ ਤੇ ਵਿਕਾਸ ਦੇ ਨਾਂ ’ਤੇ ਲਗਾਤਾਰ ਕੱਟੇ ਜਾ ਰਹੇ ਦਰੱਖਤ, ਇਹ ਸਾਰੇ ਮਿਲ ਕੇ ਸਾਡੇ ਜੀਵਨ ਨੂੰ ਖ਼ਤਰੇ ’ਚ ਪਾ ਰਹੇ ਹਨ। ਦੁੱਖ ਦੀ ਗੱਲ ਇਹ ਹੈ ਕਿ ਇਸ ਖ਼ਤਰੇ ਨੂੰ ਅਸੀਂ ਰੋਜ਼ ਦੇਖਦੇ ਹਾਂ, ਮਹਿਸੂਸ ਕਰਦੇ ਹਾਂ ਪਰ ਇਸ ਵਿਰੁੱਧ ਸਾਡਾ ਰੋਸ ਕਦੇ ਉਸ ਪੱਧਰ ਤੱਕ ਨਹੀਂ ਪਹੁੰਚਦਾ, ਜਿੱਥੇ ਇਹ ਕਿਸੇ ਸਰਕਾਰ ਜਾਂ ਸਿਆਸੀ ਪਾਰਟੀ ਦੀ ਚਿੰਤਾ ਬਣ ਸਕੇ। ਦੋ ਦਿਨ ਪਹਿਲਾਂ ਹੀ ਆਪਣੇ ਅਖ਼ਬਾਰ ਦੀ ਇਕ ਮੀਟਿੰਗ ’ਚ ਵਾਤਾਵਰਣ ਪ੍ਰੇਮੀ ਇਜ.ਸੰਦੀਪ ਬਹਿਲ ਆਏ ਸਨ। ਪ੍ਰਦੂਸ਼ਣ ਬਾਰੇ ਉਨ੍ਹਾਂ ਦੀਆਂ ਗੱਲਾਂ ਸੁਣਦਿਆਂ ਇਕ ਗੱਲ ਵਾਰ-ਵਾਰ ਮਨ ’ਚ ਆ ਰਹੀ ਸੀ ਕਿ ਜਿਨ੍ਹਾਂ ਚੀਜ਼ਾਂ ਤੋਂ ਬਿਨਾਂ ਅਸੀਂ ਇਕ ਪਲ ਵੀ ਨਹੀਂ ਰਹਿ ਸਕਦੇ, ਉਹੀ ਸਾਡੇ ਸਮਾਜ ਤੇ ਸਿਆਸਤ ਦੀਆਂ ਤਰਜੀਹਾਂ ’ਚ ਸਭ ਤੋਂ ਹੇਠਾਂ ਹਨ। ਸਾਫ਼ ਹਵਾ, ਪੀਣ ਯੋਗ ਪਾਣੀ ਤੇ ਸਾਫ਼-ਸੁਥਰਾ ਵਾਤਾਵਰਣ ਸਾਡੀ ਪਹਿਲੀ ਲੋੜ ਹੋਣੀ ਚਾਹੀਦੀ ਹੈ ਪਰ ਸਾਡੇ ਚੋਣ ਏਜੰਡੇ ’ਚ ਇਨ੍ਹਾਂ ਲਈ ਕੋਈ ਖ਼ਾਸ ਥਾਂ ਨਹੀਂ। ਸ਼ਹਿਰਾਂ ’ਚੋਂ ਹਰ ਰੋਜ਼ ਹਜ਼ਾਰਾਂ ਟਨ ਕੂੜਾ ਨਿਕਲਦਾ ਹੈ। ਇਸ ਨੂੰ ਚੁੱਕਣਾ, ਵੱਖਰਾ ਕਰਨਾ, ਰੀਸਾਈਕਲ ਕਰਨਾ ਤੇ ਵਿਗਿਆਨਕ ਢੰਗ ਨਾਲ ਨਿਪਟਾਉਣਾ ਸਥਾਨਕ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਪਰ ਕਿੰਨੇ ਸ਼ਹਿਰਾਂ ’ਚ ਇਹ ਕੰਮ ਤਸੱਲੀਬਖ਼ਸ਼ ਢੰਗ ਨਾਲ ਹੋ ਰਿਹਾ ਹੈ? ਕਿੰਨੇ ਲੋਕ ਆਪਣੇ ਘਰਾਂ ’ਚ ਗਿੱਲਾ ਤੇ ਸੁੱਕਾ ਕੂੜਾ ਵੱਖਰਾ ਕਰਦੇ ਹਨ? ਕਿੰਨੀਆਂ ਨਗਰ ਨਿਗਮਾਂ ਕੂੜੇ ਦੇ ਪਹਾੜਾਂ ਨੂੰ ਖ਼ਤਮ ਕਰਨ ਲਈ ਗੰਭੀਰਤਾ ਨਾਲ ਕੰਮ ਕਰ ਰਹੀਆਂ ਹਨ? ਕੂੜੇ ਦੇ ਢੇਰਾਂ ਨੂੰ ਅੱਗ ਲੱਗਦੀ ਹੈ ਤਾਂ ਉਸ ’ਚੋਂ ਉੱਠਦਾ ਧੂੰਆਂ ਸਾਡੇ ਫੇਫੜਿਆਂ ’ਚ ਜਾਂਦਾ ਹੈ। ਫਿਰ ਵੀ ਇਹ ਮੁੱਦਾ ਸਾਡੀ ਰੋਜ਼ਾਨਾ ਦੀ ਚਰਚਾ ਦਾ ਹਿੱਸਾ ਨਹੀਂ ਬਣਦਾ। ਇਸੇ ਤਰ੍ਹਾਂ ਪੀਣ ਵਾਲੇ ਸਾਫ਼ ਪਾਣੀ ਦਾ ਸੰਕਟ ਹੈ। ਵਧਦੀਆਂ ਅਬਾਦੀ ਕਲੋਨੀਆਂ ’ਚ ਬੋਰਿੰਗ ਕਰ ਕੇ ਸੀਵੇਜ ਦਾ ਗੰਦਾ ਪਾਣੀ ਧਰਤੀ ’ਚ ਪਾਏ ਜਾਣ ਦੀਆਂ ਕਿੰਨੀਆਂ ਖ਼ਬਰਾਂ ਛਪ ਚੁਕੀਆਂ ਹਨ। ਕਈ ਇਲਾਕਿਆਂ ’ਚ ਲੋਕਾਂ ਨੂੰ ਪਾਣੀ ਖ਼ਰੀਦ ਕੇ ਪੀਣਾ ਪੈਂਦਾ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ। ਦਰਿਆਵਾਂ ਤੇ ਨਾਲਿਆਂ ’ਚ ਗੰਦਗੀ ਸੁੱਟੀ ਜਾ ਰਹੀ ਹੈ। ਪਾਣੀ ਦੀ ਗੁਣਵੱਤਾ ਬਾਰੇ ਚਿੰਤਾਵਾਂ ਵਧ ਰਹੀਆਂ ਹਨ ਪਰ ਕੀ ਅਸੀਂ ਕਦੇ ਕਿਸੇ ਚੋਣ ’ਚ ਉਮੀਦਵਾਰ ਤੋਂ ਪੁੱਛਿਆ ਹੈ ਕਿ ਅਗਲੇ ਪੰਜ ਸਾਲਾਂ ’ਚ ਉਹ ਸਾਨੂੰ ਸਾਫ਼ ਪੀਣ ਵਾਲਾ ਪਾਣੀ ਕਿਵੇਂ ਮੁਹੱਈਆ ਕਰਵਾਏਗਾ? ਕੀ ਅਸੀਂ ਕਦੇ ਇਸ ਮੁੱਦੇ ’ਤੇ ਕਿਸੇ ਵਿਧਾਇਕ ਜਾਂ ਸੰਸਦ ਮੈਂਬਰ ਦੀ ਜਵਾਬਦੇਹੀ ਤੈਅ ਕੀਤੀ ਹੈ? ਸਾਡੀ ਸਭ ਤੋਂ ਵੱਡੀ ਸਮੱਸਿਆ ਸ਼ਾਇਦ ਇਹ ਹੈ ਕਿ ਅਸੀਂ ਆਪਣੇ ਹੱਕਾਂ ਨੂੰ ਲੈ ਕੇ ਤਾਂ ਜਾਗਰੂਕ ਹਾਂ ਪਰ ਆਪਣੀਆਂ ਬੁਨਿਆਦੀ ਲੋੜਾਂ ਨੂੰ ਲੈ ਕੇ ਸਿਆਸੀ ਤੌਰ ’ਤੇ ਜਾਗਰੂਕ ਨਹੀਂ। ਸੜਕ ਟੁੱਟੀ ਹੋਵੇ ਤਾਂ ਅਸੀਂ ਰੋਸ ਕਰਦੇ ਹਾਂ, ਬਿਜਲੀ ਨਾ ਆਵੇ ਤਾਂ ਫੋਨ ਘੁਮਾਉਂਦੇ ਹਾਂ, ਪਾਣੀ ਦੀ ਟੂਟੀ ’ਚੋਂ ਇਕ ਦਿਨ ਪਾਣੀ ਨਾ ਆਵੇ ਤਾਂ ਸ਼ਿਕਾਇਤਾਂ ਦੀ ਝੜੀ ਲਾ ਦਿੰਦੇ ਹਾਂ ਪਰ ਜਦੋਂ ਸਾਡੀ ਹਵਾ ’ਚ ਜ਼ਹਿਰ ਘੁਲ ਰਿਹਾ ਹੋਵੇ, ਪੀਣ ਵਾਲਾ ਪਾਣੀ ਸਿਹਤ ਲਈ ਖ਼ਤਰਾ ਬਣ ਰਿਹਾ ਹੋਵੇ ਅਤੇ ਸਾਡੇ ਆਲੇ-ਦੁਆਲੇ ਦੇ ਦਰੱਖਤ ਵਿਕਾਸ ਦੇ ਨਾਂ ’ਤੇ ਕੱਟੇ ਜਾ ਰਹੇ ਹੋਣ ਤਾਂ ਸਾਡੀ ਆਵਾਜ਼ ਕਿਉਂ ਨਹੀਂ ਉੱਠਦੀ? ਅਸੀਂ ਇਹ ਕਿਉਂ ਨਹੀਂ ਸਮਝਦੇ ਕਿ ਟੁੱਟੀ ਸੜਕ ’ਤੇ ਕੁਝ ਸਮਾਂ ਔਖਾ ਸਫ਼ਰ ਕੀਤਾ ਜਾ ਸਕਦਾ ਹੈ, ਬਿਜਲੀ ਤੋਂ ਬਿਨਾਂ ਵੀ ਕੁਝ ਸਮਾਂ ਲੰਘਾਇਆ ਜਾ ਸਕਦਾ ਹੈ ਪਰ ਜ਼ਹਿਰੀਲੀ ਹਵਾ ’ਚ ਸਾਹ ਲੈ ਕੇ ਜਾਂ ਦੂਸ਼ਿਤ ਪਾਣੀ ਪੀ ਕੇ ਜੀਵਨ ਨਹੀਂ ਬਚਾਇਆ ਜਾ ਸਕਦਾ। ਫਿਰ ਵੀ ਹੈਰਾਨੀ ਦੀ ਗੱਲ ਹੈ ਕਿ ਜਿਨ੍ਹਾਂ ਮੁੱਦਿਆਂ ਦਾ ਸਿੱਧਾ ਸਬੰਧ ਸਾਡੀ ਜ਼ਿੰਦਗੀ ਤੇ ਸਾਡੇ ਬੱਚਿਆਂ ਦੇ ਭਵਿੱਖ ਨਾਲ ਹੈ, ਉਹ ਸਾਡੀਆਂ ਸਿਆਸੀ ਤਰਜੀਹਾਂ ’ਚ ਸਭ ਤੋਂ ਪਿੱਛੇ ਹਨ। ਇਸ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਸਿਆਸੀ ਪਾਰਟੀਆਂ ਉਹੀ ਮੁੱਦੇ ਆਪਣੇ ਚੋਣ ਏਜੰਡੇ ’ਚ ਰੱਖਦੀਆਂ ਹਨ, ਜਿਨ੍ਹਾਂ ਬਾਰੇ ਉਨ੍ਹਾਂ ਨੂੰ ਲੱਗਦਾ ਹੈ ਕਿ ਲੋਕ ਵੋਟ ਦੇਣ ਵੇਲੇ ਗੰਭੀਰਤਾ ਨਾਲ ਸੋਚਣਗੇ। ਜੇ ਲੋਕਾਂ ਲਈ ਜਾਤ, ਧਰਮ, ਮੁਫ਼ਤ ਸਹੂਲਤਾਂ, ਸੜਕਾਂ ਤੇ ਹੋਰ ਤਤਕਾਲੀ ਮੁੱਦੇ ਹੀ ਚੋਣਾਂ ਦਾ ਕੇਂਦਰ ਰਹਿਣਗੇ ਤਾਂ ਸਿਆਸੀ ਪਾਰਟੀਆਂ ਵੀ ਇਨ੍ਹਾਂ ਦੁਆਲੇ ਹੀ ਆਪਣੀ ਰਣਨੀਤੀ ਬਣਾਉਣਗੀਆਂ। ਸਾਫ਼ ਹਵਾ, ਸਾਫ਼ ਪਾਣੀ ਤੇ ਵਾਤਾਵਰਣ ਦੀ ਸੁਰੱਖਿਆ ਉਨ੍ਹਾਂ ਦੇ ਚੋਣ ਮਨੋਰਥ ਪੱਤਰਾਂ ’ਚ ਕੁਝ ਲਾਈਨਾਂ ਤੱਕ ਸੀਮਤ ਰਹੇਗੀ। ਸਾਨੂੰ ਇਹ ਸਮਝਣਾ ਪਵੇਗਾ ਕਿ ਵਾਤਾਵਰਣ ਕੋਈ ਵੱਖਰਾ ਜਾਂ ਸਿਰਫ਼ ਵਾਤਾਵਰਣ ਪ੍ਰੇਮੀਆਂ ਦਾ ਮੁੱਦਾ ਨਹੀਂ ਹੈ। ਇਹ ਸਿਹਤ ਦਾ ਮੁੱਦਾ ਹੈ, ਰੋਜ਼ਗਾਰ ਦਾ ਮੁੱਦਾ ਹੈ, ਬੱਚਿਆਂ ਦੇ ਭਵਿੱਖ ਦਾ ਮੁੱਦਾ ਹੈ ਤੇ ਸਭ ਤੋਂ ਵੱਧ ਜੀਵਨ ਦੇ ਅਧਿਕਾਰ ਦਾ ਮੁੱਦਾ ਹੈ। ਜਿਹੜਾ ਬੱਚਾ ਪ੍ਰਦੂਸ਼ਿਤ ਹਵਾ ’ਚ ਵੱਡਾ ਹੋ ਰਿਹਾ ਹੈ, ਜਿਹੜਾ ਕਿਸਾਨ ਪਾਣੀ ਦੀ ਘਾਟ ਨਾਲ ਜੂਝ ਰਿਹਾ ਹੈ ਤੇ ਜਿਹੜਾ ਬਜ਼ੁਰਗ ਸਾਹ ਲੈਣ ਲਈ ਸੰਘਰਸ਼ ਕਰ ਰਿਹਾ ਹੈ, ਉਨ੍ਹਾਂ ਲਈ ਵਾਤਾਵਰਣ ਕੋਈ ਸਿਧਾਂਤਕ ਬਹਿਸ ਨਹੀਂ, ਸਗੋਂ ਰੋਜ਼ਾਨਾ ਦੀ ਹਕੀਕਤ ਹੈ। ਇਸ ਲਈ ਸਮਾਜਿਕ ਦਬਾਅ ਬਣਾਉਣਾ ਬਹੁਤ ਜ਼ਰੂਰੀ ਹੈ। ਇਹ ਕੰਮ ਸਿਰਫ਼ ਸਰਕਾਰਾਂ ਦੇ ਭਰੋਸੇ ਨਹੀਂ ਛੱਡਿਆ ਜਾ ਸਕਦਾ। ਸਮਾਜਿਕ ਸੰਸਥਾਵਾਂ, ਰਿਹਾਇਸ਼ੀ ਵੈਲਫੇਅਰ ਐਸੋਸੀਏਸ਼ਨਾਂ, ਸਕੂਲਾਂ, ਕਾਲਜਾਂ, ਵਪਾਰਕ ਸੰਗਠਨਾਂ ਤੇ ਮੀਡੀਆ ਨੂੰ ਮਿਲ ਕੇ ਇਸ ਮੁੱਦੇ ਨੂੰ ਲੋਕਾਂ ਦੀ ਰੋਜ਼ਾਨਾ ਦੀ ਚਰਚਾ ਦਾ ਹਿੱਸਾ ਬਣਾਉਣਾ ਪਵੇਗਾ। ਹਰ ਚੋਣ ’ਚ ਉਮੀਦਵਾਰਾਂ ਤੋਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਇਲਾਕੇ ਦਾ ਏਅਰ ਕੁਆਲਿਟੀ ਇੰਡੈਕਸ ਸੁਧਾਰਨ ਲਈ ਕੀ ਯੋਜਨਾ ਹੈ? ਕੂੜੇ ਦੇ ਪ੍ਰਬੰਧਨ ਲਈ ਕੀ ਕੀਤਾ ਜਾਵੇਗਾ? ਸਾਫ਼ ਪਾਣੀ ਦੀ ਸਪਲਾਈ ਕਿਵੇਂ ਯਕੀਨੀ ਬਣਾਈ ਜਾਵੇਗੀ? ਕਿੰਨੇ ਦਰੱਖਤ ਲਗਾਏ ਜਾਣਗੇ ਤੇ ਉਨ੍ਹਾਂ ਦੀ ਸੰਭਾਲ ਕੌਣ ਕਰੇਗਾ? ਜਿਹੜੇ ਦਰੱਖਤ ਵਿਕਾਸ ਦੇ ਨਾਂ ਉੱਤੇ ਕੱਟੇ ਜਾਣਗੇ, ਉਨ੍ਹਾਂ ਦੀ ਭਰਪਾਈ ਸਿਰਫ਼ ਕਾਗਜ਼ਾਂ ਉੱਤੇ ਹੋਵੇਗੀ ਜਾਂ ਜ਼ਮੀਨ ਉੱਤੇ ਵੀ ਦਿਖਾਈ ਦੇਵੇਗੀ? ਚੋਣ ਜਿੱਤਣ ਤੋਂ ਬਾਅਦ ਇਨ੍ਹਾਂ ਵਾਅਦਿਆਂ ਦੀ ਸਮੀਖਿਆ ਵੀ ਹੋਣੀ ਚਾਹੀਦੀ ਹੈ। ਮੀਡੀਆ ਦੀ ਵੀ ਇਸ ’ਚ ਵੱਡੀ ਭੂਮਿਕਾ ਹੈ। ਪ੍ਰਦੂਸ਼ਣ ਦੀ ਖ਼ਬਰ ਸਿਰਫ਼ ਉਸ ਵੇਲੇ ਪਹਿਲੇ ਸਫ਼ੇ ’ਤੇ ਨਹੀਂ ਆਉਣੀ ਚਾਹੀਦੀ ਜਦੋਂ ਹਵਾ ਸਾਹ ਲੈਣ ਦੇ ਕਾਬਲ ਨਾ ਰਹੇ ਜਾਂ ਅਦਾਲਤ ਕੋਈ ਸਖ਼ਤ ਟਿੱਪਣੀ ਕਰੇ। ਇਸ ਮੁੱਦੇ ’ਤੇ ਲਗਾਤਾਰ ਰਿਪੋਰਟਿੰਗ ਹੋਣੀ ਚਾਹੀਦੀ ਹੈ। ਸਰਕਾਰਾਂ ਦੇ ਦਾਅਵਿਆਂ ਦੀ ਜਾਂਚ ਹੋਣੀ ਚਾਹੀਦੀ ਹੈ। ਸਥਾਨਕ ਪੱਧਰ ’ਤੇ ਪ੍ਰਦੂਸ਼ਣ ਦੇ ਸਰੋਤਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਲੋਕਾਂ ਸਾਹਮਣੇ ਲਿਆਉਣਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਨੇ ਸਦੀਆਂ ਪਹਿਲਾਂ ਸਾਨੂੰ ਕੁਦਰਤ ਨਾਲ ਮਨੁੱਖ ਦੇ ਰਿਸ਼ਤੇ ਦੀ ਜੋ ਸਮਝ ਦਿੱਤੀ ਸੀ, ਉਹ ਅੱਜ ਵੀ ਉਨੀ ਹੀ ਪ੍ਰਸੰਗਿਕ ਹੈ: ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਇਹ ਪੰਕਤੀ ਸਿਰਫ਼ ਗੁਰਬਾਣੀ ਦਾ ਇਕ ਸ਼ਬਦ ਨਹੀਂ, ਸਗੋਂ ਮਨੁੱਖਤਾ ਲਈ ਜੀਵਨ ਦਾ ਸਿਧਾਂਤ ਹੈ। ਗੁਰੂ ਨਾਨਕ ਸਾਹਿਬ ਨੇ ਕੁਦਰਤ ਨੂੰ ਸਤਿਕਾਰ ਦੇਣ ਦਾ ਸੰਦੇਸ਼ ਦਿੱਤਾ ਪਰ ਅਸੀਂ ਅਕਸਰ ਗੁਰੂ ਨਾਨਕ ਸਾਹਿਬ ਨੂੰ ਤਾਂ ਮੰਨਦੇ ਹਾਂ, ਗੁਰੂ ਨਾਨਕ ਸਾਹਿਬ ਦੀ ਨਹੀਂ ਮੰਨਦੇ। ਸਵੇਰੇ ਉੱਠ ਕੇ ਗੁਰਬਾਣੀ ਦਾ ਪਾਠ ਕਰਦੇ ਹਾਂ ਪਰ ਉਸੇ ਦਿਨ ਆਪਣੇ ਵਾਹਨ ਦਾ ਧੂੰਆਂ ਵਧਾਉਂਦੇ ਹਾਂ, ਕੂੜਾ ਸਾੜਦੇ ਹਾਂ, ਪਾਣੀ ਬਰਬਾਦ ਕਰਦੇ ਹਾਂ ਤੇ ਦਰੱਖਤਾਂ ਦੀ ਕਟਾਈ ਉੱਤੇ ਚੁੱਪ ਰਹਿੰਦੇ ਹਾਂ। ਗੁਰਬਾਣੀ ਨੂੰ ਰਟਣਾ ਤੇ ਗੁਰਬਾਣੀ ਦੇ ਫਲਸਫ਼ੇ ਨੂੰ ਜੀਵਨ ’ਚ ਅਪਣਾਉਣਾ ਦੋ ਵੱਖਰੀਆਂ ਗੱਲਾਂ ਹਨ। ਦੀਵਾਲੀ ਰੌਸ਼ਨੀ ਦਾ ਤਿਉਹਾਰ ਹੈ। ਆਓ, ਇਸ ਵਾਰ ਇਕ ਹੋਰ ਦੀਵਾ ਜਗਾਈਏ, ਆਪਣੇ ਅੰਦਰ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦਾ ਦੀਵਾ ਪਰ ਇਹ ਦੀਵਾ ਸਿਰਫ਼ ਅੱਜ ਰਾਤ ਤੱਕ ਨਾ ਬਲਦਾ ਰਹੇ। ਇਸ ਨੂੰ ਸਾਡੀ ਸੋਚ, ਸਾਡੀਆਂ ਆਦਤਾਂ ਤੇ ਸਾਡੀ ਵੋਟ ਤੱਕ ਪਹੁੰਚਣਾ ਚਾਹੀਦਾ ਹੈ।
-ਲੇਖਕ ਪੰਜਾਬੀ ਜਾਗਰਣ ਦੇ ਸੰਪਾਦਕ ਹਨ।