
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਾਕਰੋਚ ਜਨਤਾ ਪਾਰਟੀ ਦੀ ਅਸਲ ਤਾਕਤ ਇਸ ਦਾ ਰਵਾਇਤੀ ਕੇਡਰ ਨਹੀਂ, ਸਗੋਂ ਨੌਜਵਾਨਾਂ ਨਾਲ ਇਸ ਦਾ ਸੰਵਾਦ ਤੇ ਸੰਚਾਰ ਹੈ। ਅੱਜ ਦੀ ਜ਼ੈੱਨ-ਜੀ ਰਾਜਨੀਤੀ ਨੂੰ ਸਿਰਫ਼ ਰਵਾਇਤੀ ਭਾਸ਼ਣਾਂ ਅਤੇ ਪਾਰਟੀ ਝੰਡਿਆਂ ਰਾਹੀਂ ਨਹੀਂ ਸਮਝਦੀ। ਉਹ ਸੋਸ਼ਲ ਮੀਡੀਆ ਤੇ ਰੀਲਾਂ, ਛੋਟੀਆਂ-ਛੋਟੀਆਂ ਵੀਡੀਓ ਰਾਹੀਂ ਅਤੇ ਆਨਲਾਈਨ ਮੁਹਿੰਮਾਂ ਰਾਹੀਂ ਰਾਜਨੀਤਿਕ ਵਿਚਾਰ ਬਣਾਉਂਦੀ ਹੈ।

ਡਾਕਟਰ ਕੇਸਰ ਸਿੰਘ ਭੰਗੂ
ਭਾਰਤੀ ਰਾਜਨੀਤੀ ਵਿਚ ਹੁਣੇ ਹੀ ਕਾਕਰੋਚ ਜਨਤਾ ਪਾਰਟੀ ਦੇ ਰੂਪ ਵਿਚ ਇੱਕ ਅਜਿਹੀ ਨਵੀਂ ਸਿਆਸੀ-ਸਮਾਜਿਕ ਤਾਕਤ ਸਾਹਮਣੇ ਆਈ ਹੈ, ਜਿਸ ਨੇ ਖ਼ਾਸ ਕਰਕੇ ਨੌਜਵਾਨਾਂ ਅਤੇ ਜ਼ੈੱਨ-ਜੀ ਵਿਚ ਕਾਫ਼ੀ ਜਾਗਰੂਕਤਾ ਪੈਦਾ ਕੀਤੀ ਹੈ। ਇਸ ਦਾ ਉਭਾਰ ਰਵਾਇਤੀ ਰਾਜਨੀਤਿਕ ਪਾਰਟੀਆਂ ਤੋਂ ਬਿਲਕੁਲ ਵੱਖਰੇ ਢੰਗ ਨਾਲ ਹੋਇਆ। ਸੋਸ਼ਲ ਮੀਡੀਆ, ਵਿਅੰਗ, ਇੰਟਰਨੈੱਟ ਸੱਭਿਆਚਾਰ ਅਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਕੇਂਦਰ ਵਿੱਚ ਰੱਖ ਕੇ ਸ਼ੁਰੂ ਹੋਇਆ ਇਹ ਅੰਦੋਲਨ ਥੋੜ੍ਹੇ ਹੀ ਸਮੇਂ ਵਿਚ ਰਾਸ਼ਟਰੀ ਪੱਧਰ ਦੀ ਚਰਚਾ ਦਾ ਵਿਸ਼ਾ ਬਣ ਗਿਆ। ਕਾਕਰੋਚ ਜਨਤਾ ਪਾਰਟੀ ਦਾ ਸਭ ਤੋਂ ਵੱਡਾ ਅੰਦੋਲਨ ਮੁਕਾਬਲਾ ਪ੍ਰੀਖਿਆਵਾਂ, ਖ਼ਾਸ ਕਰਕੇ ਨੀਟ-ਯੂਜੀ ਵਿਚ ਕਥਿਤ ਪੇਪਰ ਲੀਕ ਅਤੇ ਪ੍ਰੀਖਿਆ ਪ੍ਰਣਾਲੀ ਦੀਆਂ ਕਮਜ਼ੋਰੀਆਂ ਦੇ ਵਿਰੋਧ ਵਿਚ ਦਿੱਲੀ ਦੇ ਜੰਤਰ-ਮੰਤਰ ਵਿਖੇ ਹੋਇਆ। ਇਹ ਅੰਦੋਲਨ ਕਈ ਹਫ਼ਤਿਆਂ ਤੱਕ ਚੱਲਿਆ ਤੇ ਕੇਂਦਰ ਸਰਕਾਰ ਨਾਲ ਗੱਲਬਾਤ ਤੋਂ ਬਾਅਦ 25 ਜੁਲਾਈ 2026 ਨੂੰ ਵਾਪਸ ਲਿਆ ਗਿਆ। ਕਾਕਰੋਚ ਜਨਤਾ ਪਾਰਟੀ ਦਾ ਦਾਅਵਾ ਸੀ ਕਿ ਸਰਕਾਰ ਨੇ ਇਸ ਦੀਆਂ ਮੁੱਖ ਮੰਗਾਂ ਨੂੰ ਮੰਨ ਲਈਆਂ ਹਨ, ਜਿਨ੍ਹਾਂ ਵਿਚ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕੇਸ ਵਾਪਸ ਲੈਣ, ਨੀਟ ਨਾਲ ਜੁੜੇ ਦੁਖਦਾਈ ਮਾਮਲਿਆਂ ਵਿਚ ਪੀੜਤ ਪਰਿਵਾਰਾਂ ਲਈ ਮੁਆਵਜ਼ਾ ਅਤੇ ਪ੍ਰੀਖਿਆ ਪ੍ਰਣਾਲੀ ਵਿਚ ਵਿਆਪਕ ਸੁਧਾਰਾਂ ਬਾਰੇ ਵਿਚਾਰ-ਵਟਾਂਦਰਾ ਸ਼ਾਮਲ ਸੀ। ਇਸ ਦੇ ਸੰਸਥਾਪਕ ਅਭਿਜੀਤ ਦੀਪਕੇ ਦੀ ਅਗਵਾਈ ਹੇਠ ਨੌਜਵਾਨਾਂ ਨੇ ਬੇਰੁਜ਼ਗਾਰੀ, ਪ੍ਰੀਖਿਆਵਾਂ ਵਿਚ ਗੜਬੜ, ਸਰਕਾਰੀ ਸੰਸਥਾਵਾਂ ਦੀ ਜਵਾਬਦੇਹੀ ਅਤੇ ਰਾਜਨੀਤਿਕ ਪ੍ਰਣਾਲੀ ਪ੍ਰਤੀ ਵਧ ਰਹੀ ਨਿਰਾਸ਼ਾ ਨੂੰ ਆਪਣੀ ਆਵਾਜ਼ ਬਣਾਇਆ।
ਅੰਦੋਲਨ ਦੇ ਦੌਰਾਨ ਜੰਤਰ-ਮੰਤਰ ਉੱਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਤੇ ਉਹਨਾਂ ਦੇ ਸਮਰਥਕ ਇਕੱਠੇ ਹੋਏ। 20 ਜੁਲਾਈ ਨੂੰ ਸੰਸਦ ਵੱਲ ਮਾਰਚ ਦੀ ਕੋਸ਼ਿਸ਼ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਤਣਾਅ ਵਧਿਆ ਅਤੇ ਪੁਲਿਸ ਕਾਰਵਾਈ ਦਾ ਮੁੱਦਾ ਵੀ ਅੰਦੋਲਨ ਦਾ ਹਿੱਸਾ ਬਣ ਗਿਆ। ਇਸ ਤੋਂ ਬਾਅਦ ਕਾਕਰੋਚ ਜਨਤਾ ਪਾਰਟੀ ਨੇ ਪੁਲਿਸ ਕਾਰਵਾਈ ਦੇ ਵਿਰੋਧ ਵਿਚ ਦੇਸ਼-ਵਿਆਪੀ ਪ੍ਰਦਰਸ਼ਨਾਂ ਦਾ ਸੱਦਾ ਦਿੱਤਾ। ਇਸ ਪੜਾਅ ਨੇ ਅੰਦੋਲਨ ਨੂੰ ਇਕ ਨਵੇਂ ਪੱਧਰ ’ਤੇ ਪਹੁੰਚਾ ਦਿੱਤਾ। ਹੁਣ ਮੁੱਦਾ ਸਿਰਫ਼ ਨੀਟ ਜਾਂ ਪੇਪਰ ਲੀਕ ਨਹੀਂ ਰਿਹਾ; ਇਸ ਵਿਚ ਪ੍ਰਦਰਸ਼ਨ ਕਰਨ ਦਾ ਅਧਿਕਾਰ, ਪੁਲਿਸ ਦੀ ਜਵਾਬਦੇਹੀ ਅਤੇ ਸਰਕਾਰ ਨਾਲ ਨਾਗਰਿਕਾਂ ਦੇ ਸੰਬੰਧ ਵੀ ਸ਼ਾਮਲ ਹੋ ਗਏ। 25 ਜੁਲਾਈ ਨੂੰ ਕੇਂਦਰ ਨਾਲ ਗੱਲਬਾਤ ਤੋਂ ਬਾਅਦ ਕਾਕਰੋਚ ਜਨਤਾ ਪਾਰਟੀ ਨੇ ਆਪਣਾ ਅੰਦੋਲਨ ਵਾਪਸ ਲੈਣ ਦਾ ਐਲਾਨ ਕੀਤਾ। ਉਸੇ ਦਿਨ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਨੇ ਇਸ ਘਟਨਾਕ੍ਰਮ ਨੂੰ ਹੋਰ ਵੀ ਮਹੱਤਵਪੂਰਨ ਬਣਾ ਦਿੱਤਾ। ਇਸ ਸਬੰਧੀ ਹੁਣੇ ਹੀ ਵਾਪਰੇ ਇੱਕ ਘਟਨਾਕ੍ਰਮ ਦਾ ਜ਼ਿਕਰ ਕਰਨਾ ਜ਼ਰੂਰੀ ਹੋ ਜਾਂਦਾ ਹੈ ਕਿ ਹੈਦਰਾਬਾਦ ਦੀ ਇਕ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਦੇਸ਼ ਦੀ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਤੋਂ ਡਿਗਰੀਆਂ ਲੈਣ ਤੋਂ ਇਨਕਾਰ ਕਰ ਦੇਣ ਕਾਰਨ ਦੇਸ਼ ਦੀ ਵਕੀਲਾਂ ਦੀ ਬਾਰ ਕੌਂਸਲ ਆਫ ਇੰਡੀਆ ਨੇ ਲਿਖਤੀ ਤੌਰ ’ਤੇ ਉਸ ਯੂਨੀਵਰਸਿਟੀ ਦੇ ਇੱਕ ਬੈਂਚ ਤੇ ਦੇਸ਼ ਦੀਆਂ ਅਦਾਲਤਾਂ ਵਿੱਚ ਪ੍ਰੈਕਟਸ ਕਰਨ ’ਤੇ ਪਾਬੰਦੀ ਲਗਾ ਦਿੱਤੀ। ਜਦੋਂ ਕਾਕਰੋਚ ਜਨਤਾ ਪਾਰਟੀ ਨੇ ਇਸ ਫੈਸਲੇ ਵਿਰੁੱਧ ਸੰਘਰਸ਼ ਦੀ ਚਿਤਾਵਨੀ ਦਿੱਤੀ ਤਾਂ ਜਲਦੀ ਹੀ ਉਹ ਪਾਬੰਦੀ ਵਾਪਸ ਲੈ ਲਈ ਗਈ।
11 ਅਗਸਤ 2026 ਨੂੰ ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਦੀਪਕੇ ਨੇ ਪੇਂਡੂ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰਨ ਲਈ ਇਕ ਦੇਸ਼-ਵਿਆਪੀ ਮੁਹਿੰਮ ਦਾ ਐਲਾਨ ਕੀਤਾ ਹੈ, ਜਿਸ ਦੀ ਸ਼ੁਰੂਆਤ 15 ਅਗਸਤ ਤੋਂ ਕਰਨ ਦੀ ਗੱਲ ਕੀਤੀ ਗਈ ਹੈ। ਇਹ ਦਰਸਾਉਂਦਾ ਹੈ ਕਿ ਅੰਦੋਲਨ ਆਪਣਾ ਧਿਆਨ ਸਿਰਫ਼ ਨੀਟ ਤੋਂ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਾਕਰੋਚ ਜਨਤਾ ਪਾਰਟੀ ਦੀ ਅਸਲ ਤਾਕਤ ਇਸ ਦਾ ਰਵਾਇਤੀ ਕੇਡਰ ਨਹੀਂ, ਸਗੋਂ ਨੌਜਵਾਨਾਂ ਨਾਲ ਇਸ ਦਾ ਸੰਵਾਦ ਤੇ ਸੰਚਾਰ ਹੈ। ਅੱਜ ਦੀ ਜ਼ੈੱਨ-ਜੀ ਰਾਜਨੀਤੀ ਨੂੰ ਸਿਰਫ਼ ਰਵਾਇਤੀ ਭਾਸ਼ਣਾਂ ਅਤੇ ਪਾਰਟੀ ਝੰਡਿਆਂ ਰਾਹੀਂ ਨਹੀਂ ਸਮਝਦੀ। ਉਹ ਸੋਸ਼ਲ ਮੀਡੀਆ ਤੇ ਰੀਲਾਂ, ਛੋਟੀਆਂ-ਛੋਟੀਆਂ ਵੀਡੀਓ ਰਾਹੀਂ ਅਤੇ ਆਨਲਾਈਨ ਮੁਹਿੰਮਾਂ ਰਾਹੀਂ ਰਾਜਨੀਤਿਕ ਵਿਚਾਰ ਬਣਾਉਂਦੀ ਹੈ। ਕਾਕਰੋਚ ਜਨਤਾ ਪਾਰਟੀ ਨੇ ਇਸ ਬਦਲ ਰਹੀ ਰਾਜਨੀਤਿਕ ਸੰਸਕ੍ਰਿਤੀ ਨੂੰ ਸਮਝਿਆ ਹੈ। ਇਸ ਨੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਰਾਜਨੀਤੀ ਸਿਰਫ਼ ਪੁਰਾਣੇ ਨੇਤਾਵਾਂ ਜਾਂ ਵੱਡੀਆਂ ਪਾਰਟੀਆਂ ਦੀ ਜਾਇਦਾਦ ਨਹੀਂ ਹੈ। ਇਹ ਸੋਚ ਆਪਣੇ ਆਪ ਵਿਚ ਭਾਰਤੀ ਲੋਕਤੰਤਰ ਲਈ ਮਹੱਤਵਪੂਰਨ ਬਦਲਾਅ ਦਾ ਸੰਕੇਤ ਹੈ ਪਰ ਇੱਥੇ ਨਾਲ ਹੀ ਵੱਡਾ ਸਵਾਲ ਵੀ ਖੜ੍ਹਾ ਹੁੰਦਾ ਹੈ, ਕੀ ਸੋਸ਼ਲ ਮੀਡੀਆ ਦੀ ਲੋਕਪ੍ਰਿਯਤਾ ਨੂੰ ਸਥਾਈ ਰਾਜਨੀਤਿਕ ਸੰਗਠਨ ਵਿਚ ਬਦਲਿਆ ਜਾ ਸਕਦਾ ਹੈ? ਇਹ ਕੰਮ ਏਨਾ ਸਿੱਧਾ ਅਤੇ ਆਸਾਨ ਨਹੀਂ ਹੈ। ਸੋਸ਼ਲ ਮੀਡੀਆ ਉੱਤੇ ਲੱਖਾਂ ਪੈਰੋਕਾਰ ਹੋਣਾ ਅਤੇ ਜ਼ਮੀਨੀ ਪੱਧਰ ’ਤੇ ਹਜ਼ਾਰਾਂ ਸਰਗਰਮ ਵਰਕਰ ਹੋਣਾ ਦੋ ਵੱਖਰੀਆਂ-ਵੱਖੀਆਂ ਗੱਲਾਂ ਹਨ। ਚੋਣ ਰਾਜਨੀਤੀ ਲਈ ਬੂਥ ਪੱਧਰ ਤੇ ਸੰਗਠਨ,, ਉਮੀਦਵਾਰ, ਫੰਡ, ਨੀਤੀਆਂ, ਸਥਾਨਕ ਨੇਤਾਵਾਂ ਅਤੇ ਲਗਾਤਾਰ ਜਨ-ਸੰਪਰਕ ਮੁਹਿੰਮਾਂ ਦੀ ਲੋੜ ਹੁੰਦੀ ਹੈ।
ਕਾਕਰੋਚ ਜਨਤਾ ਪਾਰਟੀ ਲਈ ਇਕ ਨਵੀਂ ਚੁਣੌਤੀ ਹੁਣ ਅੰਦਰੋਂ ਵੀ ਉੱਭਰ ਰਹੀ ਹੈ। ਰਿਪੋਰਟਾਂ ਅਨੁਸਾਰ ਕੁਝ ਨੌਜਵਾਨ ਕਾਰਕੁਨਾਂ ਨੇ ਪਾਰਟੀ ਦੀ ਮੁੱਖ ਕਮੇਟੀ ਦੀ ਚੋਣ ਅਤੇ ਨੇਤਾਵਾਂ ਦੀ ਚੋਣ ਦੇ ਢੰਗ ਉੱਤੇ ਸਵਾਲ ਉਠਾਏ ਹਨ। ਇਸ ਵਰਤਾਰੇ ’ਚ ਪੱਖਪਾਤ ਤੇ ਜ਼ਮੀਨੀ ਪੱਧਰ ਦੇ ਵਰਕਰਾਂ ਨੂੰ ਫ਼ੈਸਲਾ-ਪ੍ਰਕਿਰਿਆ ਤੋਂ ਦੂਰ ਰੱਖਣ ਦੇ ਮੁੱਦੇ ਵੀ ਸਾਹਮਣੇ ਆਏ ਹਨ। ਇਹ ਪਾਰਟੀ ਅਤੇ ਉਸ ਦੇ ਨੇਤਾਵਾਂ ਲਈ ਬਹੁਤ ਮਹੱਤਵਪੂਰਨ ਪਰਖ ਦੀ ਘੜੀ ਹੋਵੇਗੀ, ਜਿਹੜਾ ਅੰਦੋਲਨ ਸਰਕਾਰਾਂ ਤੋਂ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਮੰਗ ਕਰਦਾ ਹੈ, ਉਸ ਨੂੰ ਆਪਣੇ ਅੰਦਰ ਵੀ ਉਹੀ ਮਾਪਦੰਡ ਲਾਗੂ ਕਰਨੇ ਪੈਣਗੇ। ਜੇ ਫ਼ੈਸਲੇ ਕਰਨ ਦੇ ਅਖਿਤਿਆਰ ਸਿਰਫ਼ ਇੱਕ ਵਿਅਕਤੀ ਜਾਂ ਛੋਟੇ ਗਰੁੱਪ ਦੇ ਹੱਥਾਂ ਵਿੱਚ ਰਹਿੰਦੇ ਹਨ ਤਾਂ ਇਹ ਪਾਰਟੀ ਵੀ ਉਹੀ ਕੇਂਦਰੀਕ੍ਰਿਤ ਰਾਜਨੀਤਿਕ ਮਾਡਲ ਅਪਣਾ ਸਕਦੀ ਹੈ, ਜਿਸ ਦੀ ਇਹ ਆਲੋਚਨਾ ਕਰਦੀ ਹੈ। ਇੱਕ ਹੋਰ ਮਹੱਤਵਪੂਰਨ ਮੁੱਦਾ ਉਭਰੇਗਾ ਕਿ ਵੱਖ ਵੱਖ ਰਾਜਨੀਤਿਕ ਪਾਰਟੀਆਂ ਨਾਲ ਕਿਸ ਕਿਸਮ ਦੇ ਸੰਬੰਧ ਬਣਾਏ ਜਾਣ ਜਾਂ ਸਭ ਤੋਂ ਇਕੋਂ ਜਿਹੀ ਦੂਰੀ ਰੱਖੀ ਜਾਵੇ। ਕਾਕਰੋਚ ਜਨਤਾ ਪਾਰਟੀ ਦੇ ਉਭਾਰ ਨੇ ਮੌਜੂਦਾ ਰਾਜਨੀਤਿਕ ਪਾਰਟੀਆਂ ਨੂੰ ਵੀ ਚਿੰਤਤ ਕੀਤਾ ਹੈ। ਬੀਜੇਪੀ ਵਲੋਂ ਇਸ ਉੱਤੇ ਆਮ ਆਦਮੀ ਪਾਰਟੀ ਦੇ ਪ੍ਰੋਕਸੀ ਹੋਣ ਦੇ ਦੋਸ਼ ਵੀ ਲਗਾਏ ਗਏ, ਜਦੋਂ ਕਿ ਕਾਕਰੋਚ ਜਨਤਾ ਪਾਰਟੀ ਨੇ ਆਪਣੇ ਆਪ ਨੂੰ ਆਜ਼ਾਦ ਵਿਦਿਆਰਥੀ ਅਤੇ ਜਨ-ਅੰਦੋਲਨ ਵਜੋਂ ਪੇਸ਼ ਕੀਤਾ। ਇਸ ਕਿਸਮ ਦੇ ਦੋਸ਼ ਭਵਿੱਖ ਵਿੱਚ ਹੋਰ ਵਧ ਸਕਦੇ ਹਨ। ਜਦੋਂ ਕੋਈ ਨਵਾਂ ਅੰਦੋਲਨ ਤੇਜ਼ੀ ਨਾਲ ਹਰਮਨ ਪਿਆਰਾ ਹੁੰਦਾ ਹੈ ਤਾਂ ਵੱਡੀਆਂ ਪਾਰਟੀਆਂ ਲਈ ਉਸ ਨੂੰ ਆਪਣੇ ਹੱਕ ਜਾਂ ਵਿਰੋਧ ’ਚ ਪਰਿਭਾਸ਼ਿਤ ਕਰਨਾ ਸੁਭਾਵਿਕ ਹੁੰਦਾ ਹੈ ਅਤੇ ਉਹਨਾਂ ਦੀ ਲੋੜ ਵੀ ਬਣਦੀ ਹੈ। ਕਾਕਰੋਚ ਜਨਤਾ ਪਾਰਟੀ ਦੀ ਅਸਲੀ ਪਰਖ ਇਹੀ ਹੋਵੇਗੀ ਕਿ ਉਹ ਕਿਸੇ ਇੱਕ ਰਾਜਨੀਤਿਕ ਧੜੇ ਦੀ ਬੀ-ਟੀਮ ਬਣੇ ਬਿਨਾਂ ਆਪਣੀ ਆਜ਼ਾਦ ਪਛਾਣ ਕਾਇਮ ਰੱਖ ਸਕਦੀ ਹੈ ਜਾਂ ਨਹੀਂ। ਇਸ ਮਾਡਲ ਵਿੱਚ ਇਹ ਚੋਣ ਲੜਨ ਦੀ ਬਜਾਏ ਸਿੱਖਿਆ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਸਰਕਾਰੀ ਜਵਾਬਦੇਹੀ ਵਰਗੇ ਮੁੱਦਿਆਂ ’ਤੇ ਸਰਕਾਰਾਂ ਉੱਤੇ ਦਬਾਅ ਬਣਾਏਗੀ। ਇਹ ਸ਼ਾਇਦ ਇਸ ਦੀ ਸਭ ਤੋਂ ਮਜ਼ਬੂਤ ਭੂਮਿਕਾ ਹੋ ਸਕਦੀ ਹੈ। ਦੂਜੀ ਸੰਭਾਵਨਾ ਇਹ ਹੈ ਕਿ ਕਾਕਰੋਚ ਜਨਤਾ ਪਾਰਟੀ ਆਉਣ ਵਾਲੇ ਸਮੇਂ ਵਿੱਚ ਰਜਿਸਟਰਡ ਰਾਜਨੀਤਿਕ ਪਾਰਟੀ ਬਣੇ। ਪਰ ਇਸ ਲਈ ਇਸ ਨੂੰ ਆਪਣੀ ਵਿਚਾਰਧਾਰਾ, ਆਰਥਿਕ ਨੀਤੀ, ਖੇਤੀਬਾੜੀ, ਰੱਖਿਆ, ਵਿਦੇਸ਼ ਨੀਤੀ, ਸਿਹਤ, ਸਿੱਖਿਆ ਅਤੇ ਰੁਜ਼ਗਾਰ ਬਾਰੇ ਵਿਸਥਾਰਤ ਨੀਤੀਆਂ ਅਤੇ ਸੋਚ ਸਾਫ਼ ਕਰਨੀ ਪਵੇਗੀ। ਸਿਰਫ਼ “ਸਿਸਟਮ ਦੇ ਵਿਰੋਧ” ਨਾਲ ਪਾਰਟੀ ਅਤੇ ਸਰਕਾਰ ਨਹੀਂ ਚਲਾਈ ਜਾ ਸਕਦੀ। ਤੀਜੀ ਸੰਭਾਵਨਾ ਇਹ ਹੋ ਸਕਦੀ ਹੈ ਕਿ ਇਹ ਇੱਕ ਵੱਡਾ ਡਿਜ਼ੀਟਲ ਅੰਦੋਲਨ ਬਣ ਕੇ ਰਹਿ ਜਾਵੇ ਅਤੇ ਹੌਲੀ-ਹੌਲੀ ਇਸ ਦੀ ਕਦਰ ਅਤੇ ਹਰਮਨ ਪਿਆਰਾਤਾ ਘਟ ਜਾਵੇ। ਭਾਰਤ ਸਮੇਤ ਦੁਨੀਆਂ ਵਿੱਚ ਪਹਿਲਾਂ ਵੀ ਕਈ ਅੰਦੋਲਨ ਸੋਸ਼ਲ ਮੀਡੀਆ ਉੱਤੇ ਬਹੁਤ ਪ੍ਰਭਾਵਸ਼ਾਲੀ ਰਹੇ ਹਨ, ਪਰ ਉਨ੍ਹਾਂ ਨੂੰ ਲੰਮੇ ਸਮੇਂ ਦੀ ਸੰਸਥਾਗਤ ਤਾਕਤ ਵਿੱਚ ਬਦਲਣਾ ਮੁਸ਼ਕਲ ਰਿਹਾ ਹੈ। ਕਾਕਰੋਚ ਜਨਤਾ ਪਾਰਟੀ ਦਾ ਹਾਲੀਆ ਅੰਦੋਲਨ ਭਾਰਤੀ ਲੋਕਤੰਤਰ ਵਿਚ ਇਕ ਨਵੇਂ ਰਾਜਨੀਤਿਕ ਅਧਿਆਏ ਦਾ ਸੰਕੇਤ ਹੈ। ਜਿਸ ਨੇ ਦਿਖਾਇਆ ਹੈ ਕਿ ਅੱਜ ਦਾ ਨੌਜਵਾਨ ਰਾਜਨੀਤੀ ਤੋਂ ਦੂਰ ਨਹੀਂ ਹੋਇਆ; ਉਹ ਸਿਰਫ਼ ਰਾਜਨੀਤੀ ਕਰਨ ਦਾ ਨਵਾਂ ਤਰੀਕਾ ਲੱਭ ਰਿਹਾ ਹੈ।
ਕਾਕਰੋਚ ਜਨਤਾ ਪਾਰਟੀ ਦਾ ਭਵਿੱਖ ਇਸ ਗੱਲ ਉੱਤੇ ਨਿਰਭਰ ਕਰੇਗਾ ਕਿ ਇਹ ਗੁੱਸੇ ਨੂੰ ਨੀਤੀ ਵਿਚ, ਆਪਣੇ ਜ਼ਮੀਨੀ ਪੱਧਰ ਦੇ ਕਾਰਕੁਨਾਂ ਅਤੇ ਪੈਰੋਕਾਰਾਂ ਵਿੱਚ ਕਿੰਨਾ ਬਦਲਾਅ ਲਿਆ ਸਕਦੀ ਹੈ। ਜੇ ਇਹ ਆਪਣੀ ਅੰਦਰੂਨੀ ਪਾਰਦਰਸ਼ਤਾ ਕਾਇਮ ਰੱਖਦੇ ਹੋਏ ਸਿੱਖਿਆ, ਰੁਜ਼ਗਾਰ ਅਤੇ ਜਵਾਬਦੇਹੀ ਦੇ ਠੋਸ ਮੁੱਦਿਆਂ ਉੱਤੇ ਕੰਮ ਕਰਦੀ ਹੈ ਤਾਂ ਇਹ ਭਾਰਤੀ ਰਾਜਨੀਤੀ ਵਿੱਚ ਇੱਕ ਨਵਾਂ ਦਬਾਅ ਸਮੂਹ ਜਾਂ ਭਵਿੱਖ ਦੀ ਰਾਜਨੀਤਿਕ ਤਾਕਤ ਬਣ ਸਕਦੀ ਹੈ। ਕਾਕਰੋਚ ਪਾਰਟੀ ਦਾ ਅਸਲ ਇਮਤਿਹਾਨ ਅੰਦੋਲਨ ਖ਼ਤਮ ਹੋਣ ਤੋਂ ਬਾਅਦ ਸ਼ੁਰੂ ਹੋਇਆ ਹੈ। ਸੜਕਾਂ ’ਤੇ ਭੀੜ ਇਕੱਠੀ ਕਰਨਾ ਇੱਕ ਪੜਾਅ ਹੈ; ਸੰਸਥਾਵਾਂ ਨੂੰ ਬਦਲਣਾ, ਭਰੋਸਾ ਬਣਾਉਣਾ ਅਤੇ ਲੰਬੇ ਸਮੇਂ ਦੀ ਜਨ-ਸੇਵਾ ਕਰਨਾ ਅਸਲ ਚੁਣੌਤੀ ਹੈ।
(ਲੇਖਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਅਤੇ ਡੀਨ ਹਨ, ਸੰਪਰਕ : 981542712)।