- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਵੱਲੋਂ ਬੱਚਿਆਂ ਬਾਰੇ ਕਹੇ ਗਏ ਕਥਨ ਅੱਜ ਵੀ ਬਾਲ ਦਿਵਸ ਉੱਤੇ ਯਾਦ ਕੀਤੇ ਗਏ ਹਨ। ਉਹ ਕਹਿੰਦੇ ਸਨ ਕਿ ਬੱਚੇ ਬਗੀਚੇ ਵਿਚ ਖਿੜੇ ਫੁੱਲਾਂ ਵਾਂਗ ਹੁੰਦੇ ਹਨ, ਉਨ੍ਹਾਂ ਦਾ ਪਾਲਣ ਪੋਸ਼ਣ ਸਾਵਧਾਨੀ ਨਾਲ ਤੇ ਪਿਆਰ ਨਾਲ ਕਰਨਾ ਚਾਹੀਦਾ ਹੈ ਕਿਉਂ ਕਿ ਉਹ ਦੇਸ਼ ਦਾ ਭਵਿੱਖ ਤੇ ਕੱਲ੍ਹ ਦੇ ਨਾਗਰਿਕ ਹਨ। ਪੰਡਿਤ ਨਹਿਰੂ ਦੇ ਵਿਚਾਰ ਅਨੁਸਾਰ ਬਚਪਨ ਕਲਪਨਾ ਤੇ ਖੋਜ ਦਾ ਸਮਾਂ ਹੈ, ਉਨ੍ਹਾਂ ਦਾ ਮੰਨਣਾ ਸੀ ਕਿ ਬੱਚਿਆਂ ਨੂੰ ਪ੍ਰਸ਼ਨ ਪੁੱਛਣ, ਨਵੇਂ ਵਿਚਾਰ ਸਿੱਖਣ ਦੇ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ।

ਬਾਲ ਦਿਵਸ ’ਤੇ ਖ਼ਾਸ ਵਿਸ਼ੇਸ਼ : ਬੱਚਿਆਂ ਦੇ ਕਲਿਆਣ, ਅਧਿਕਾਰਾਂ ਤੇ ਸਿੱਖਿਆ ਪ੍ਰਤੀ ਵਚਨਵੱਧ ਹੋਣ ਦਾ ਦਿਨ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਸਚਮੁੱਚ ਹੀ ਬੱਚਿਆਂ ਨੂੰ ਮਨੋ ਪਿਆਰ ਕਰਦੇ ਸਨ। ਉਨ੍ਹਾਂ ਦੇ ਬੱਚਿਆਂ ਦੇ ਪ੍ਰਤੀ ਇਹ ਵਿਚਾਰ ਕਿ ਅੱਜ ਦੇ ਬੱਚੇ ਕੱਲ੍ਹ ਦੇ ਭਾਰਤ ਦਾ ਨਿਰਮਾਣ ਕਰਨਗੇ। ਅਸੀਂ ਜਿਸ ਢੰਗ ਨਾਲ ਉਨ੍ਹਾਂ ਦਾ ਪਾਲਣ ਪੋਸ਼ਣ ਕਰਾਂਗੇ, ਉਹ ਦੇਸ਼ ਦਾ ਭਵਿੱਖ ਬਣਨਗੇ। ਭਾਰਤ ’ਚ ਬਾਲ ਦਿਵਸ ਸੰਯੁਕਤ ਰਾਸ਼ਟਰ ਵਾਂਗ 20 ਨਵੰਬਰ ਨੂੰ ਮਨਾਇਆ ਜਾਂਦਾ ਸੀ ਪਰ 1964 ’ਚ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਬਾਲ ਦਿਵਸ ਉਨ੍ਹਾਂ ਦੇ ਜਨਮ ਦਿਨ ਨੂੰ ਸਮਰਪਿਤ ਕਰ ਕੇ 14 ਨਵੰਬਰ ਨੂੰ ਮਨਾਇਆ ਜਾਣ ਲੱਗ ਪਿਆ ਕਿਉਂਕਿ ਬੱਚਿਆਂ ਵੱਲੋਂ ਪਿਆਰ ਨਾਲ ਚਾਚਾ ਨਹਿਰੂ ਕਹੇ ਜਾਣ ਵਾਲੇ ਉਹ ਬੱਚਿਆਂ ਦੇ ਪ੍ਰਤੀ ਆਪਣੇ ਪ੍ਰੇਮ ਅਤੇ ਵਿਸ਼ਵਾਸ ਦੇ ਲਈ ਦੁਨੀਆ ਭਰ ’ਚ ਜਾਣੇ ਜਾਂਦੇ ਸਨ। ਪੰਡਿਤ ਨਹਿਰੂ ਦਾ ਕਹਿਣਾ ਸੀ ਕਿ ਬਾਲ ਦਿਵਸ ਬੱਚਿਆਂ ਦੇ ਅਧਿਕਾਰਾਂ ਤੇ ਸਿੱਖਿਆ ਨੂੰ ਮਹਤੱਵ ਦੇਣ, ਉਨ੍ਹਾਂ ਲਈ ਲੋੜੀਂਦੇ ਵਾਤਾਵਰਣ ਪੈਦਾ ਕਰਨ ’ਤੇ ਕੇਂਦ੍ਰਿਤ ਕਰਨ ਦਾ ਦਿਨ ਹੈ। ਇਹ ਬੱਚਿਆਂ ਦੇ ਅਧਿਕਾਰਾਂ ਪ੍ਰਤੀ ਵਚਨਬੱਧਤਾ ਨੂੰ ਨਿਭਾਉਣ ਦਾ ਦਿਨ ਹੈ। ਪੰਡਿਤ ਨਹਿਰੂ ਦੇ ਜੀਵਨ ਦੀਆਂ ਕਈ ਘਟਨਾਵਾਂ ਬੱਚਿਆਂ ਪ੍ਰਤੀ ਉਨ੍ਹਾਂ ਦੇ ਅਥਾਹ ਪ੍ਰੇਮ ਨੂੰ ਦਰਸਾਉਂਦੀਆਂ ਹਨ। ਗਰਮੀ ਦੀ ਰੁੱਤ ਸੀ। ਉਹ ਆਪਣੇ ਦਫਤਰ ਤੋਂ ਆਪਣੀ ਕੋਠੀ ਨੂੰ ਆਏ ਕਿ ਉਨ੍ਹਾਂ ਦੀ ਨਜ਼ਰ ਧਰਤੀ ਉੱਤੇ ਰੁੱਖ ਥੱਲੇ ਪਏ ਇਕ ਬੱਚੇ ’ਤੇ ਪਈ, ਜਿਸ ਦੀ ਮਾਂ ਬਗੀਚੇ ’ਚ ਕੰਮ ਕਰ ਰਹੀ ਸੀ। ਉਨ੍ਹਾਂ ਨੇ ਕੋਠੀ ’ਚ ਕੰਮ ਕਰਦੇ ਇਕ ਨੌਕਰ ਨੂੰ ਕਿਹਾ ਕਿ ਉਸ ਬੱਚੇ ਨੂੰ ਲਿਆ ਕੇ ਕਮਰੇ ’ਚ ਬੈੱਡ ’ਤੇ ਪਾਓ। ਨੌਕਰ ਨੇ ਅੱਗੋਂ ਕਿਹਾ, ਸਰ ਬੱਚੇ ਨੂੰ ਬੈੱਡ ਉੱਤੇ ਪਾਉਣ ਨਾਲ ਬੈੱਡ ਮੈਲਾ ਹੋ ਜਾਵੇਗਾ। ਪੰਡਿਤ ਜੀ ਨੇ ਅੱਗੋਂ ਕਿਹਾ, ਬੈੱਡ ਬੱਚੇ ਨਾਲੋਂ ਕੀਮਤੀ ਨਹੀਂ ਹੈ, ਤੁਸੀਂ ਬੱਚੇ ਨੂੰ ਬੈੱਡ ’ਤੇ ਲਿਆ ਕੇ ਪਾ ਦਿਓ। ਪ੍ਰਸਿੱਧ ਬਾਲ ਮਨੋਵਿਗਿਆਨੀ ਜਾਨ ਮੈਡੇਨ ਨੇ ਬਾਲ ਦਿਵਸ ਦੇ ਸੰਬੰਧ ’ਚ ਕਿਹਾ ਸੀ ਕਿ ਸਦਾ ਉੱਚ ਕੋਟੀ ਦੇ ਬਣੋ, ਨਿਮਰ ਰਹੋ, ਮੈਂ ਅਜਿਹੇ ਬੱਚੇ ਚਾਹੁੰਦਾ ਹਾਂ, ਜਿਹੜੇ ਐਨੇ ਮਜ਼ਬੂਤ ਹੋਣ, ਜਿਨ੍ਹਾਂ ਨੂੰ ਪਤਾ ਹੋਵੇ ਕਿ ਉਹ ਕਦੋਂ ਕਮਜ਼ੋਰ ਸਨ ਤੇ ਐਨੇ ਮਜ਼ਬੂਤ ਹੋਣ ਕਿ ਉਹ ਜਦੋਂ ਡਰਨ ਤਾਂ ਉਹ ਖ਼ੁਦ ਦਾ ਸਾਹਮਣਾ ਕਰ ਸਕਣ, ਜੋ ਇਮਾਨਦਾਰ, ਹਾਰ ’ਚ ਅਡਿੱਗ, ਜਿੱਤ ’ਚ ਨਿਮਰ ਰਹਿ ਸਕਣ। ਪੰਡਿਤ ਨਹਿਰੂ ਦੇ ਜੀਵਨ ’ਤੇ ਲਿਖੀ ਪੁਸਤਕ ‘ਨਹਿਰੂ ਦੀ ਵਿਰਾਸਤ’ ਉਨ੍ਹਾਂ ਦੇ ਬੱਚਿਆਂ ਪ੍ਰਤੀ ਪ੍ਰੇਮ, ਗਹਿਰੇ ਲਗਾਓ, ਉਨ੍ਹਾਂ ਦੀ ਸਿੱਖਿਆ ਤੇ ਵਿਕਾਸ ਉੱਤੇ ਜ਼ੋਰ ਦੇਣ ਨੂੰ ਸਮਰਪਿਤ ਕੀਤੀ ਗਈ ਹੈ, ਜਿਸ ਨੂੰ ਉਹ ਦੇਸ਼ ਦੇ ਭਵਿੱਖ ਦੇ ਲਈ ਮਹਤੱਵਪੂਰਨ ਮੰਨਦੇ ਸਨ। ਬੱਚਿਆਂ ਪ੍ਰਤੀ ਉਨ੍ਹਾਂ ਦੇ ਪ੍ਰੇਮ ਅਤੇ ਸਮਰਪਣ ਨੇ ਉਨ੍ਹਾਂ ਨੂੰ ਬੱਚਿਆਂ ਦੇ ਚਾਚਾ ਨਹਿਰੂ ਬਣਾ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਬੱਚੇ ਕਿਸੇ ਦੇਸ਼, ਕੌਮ ਤੇ ਸਮਾਜ ਦਾ ਸਰ ਮਾਇਆ ਹੁੰਦੇ ਹਨ। ਪੰਡਿਤ ਨਹਿਰੂ ਦੇ ਵਿਚਾਰ ਤੇ ਆਦਰਸ਼ ਅੱਜ ਵੀ ਬੱਚਿਆਂ ਤੇ ਨੌਜਵਾਨਾਂ ਨੂੰ ਹੌਂਸਲੇ ਤੇ ਉਤਸ਼ਾਹ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕਰਦੇ ਹਨ। ਇਕ ਵਾਰ ਉਹ ਬਤੌਰ ਪ੍ਰਧਾਨ ਮੰਤਰੀ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਕਸਬੇ ਨੌਰੇ ਆਏ ਸਨ। ਉਹ ਹੈਲੀਕਾਪਟਰ ਤੋਂ ਉਤਰ ਕੇ ਮੰਚ ਵੱਲ ਵੱਧ ਰਹੇ ਸਨ ਕਿ ਉਨ੍ਹਾਂ ਦੀ ਨਜ਼ਰ ਇਕ ਪਾਸੇ ਬਿਠਾਏ ਹੋਏ ਕੁੱਝ ਬੱਚਿਆਂ ’ਤੇ ਪਈ। ਉਹ ਮੰਚ ਵੱਲ ਜਾਂਦੇ-ਜਾਂਦੇ ਉਨ੍ਹਾਂ ਬੱਚਿਆਂ ਵੱਲ ਨੂੰ ਮੁੜ ਗਏ। ਉਨ੍ਹਾਂ ਨੇ ਉਨ੍ਹਾਂ ਬੱਚਿਆਂ ਕੋਲ ਬੈਠੇ ਅਧਿਆਪਕ ਨੂੰ ਪੁੱਛਿਆ ਕਿ ਇਨ੍ਹਾਂ ਬੱਚਿਆਂ ਨੂੰ ਅੱਡ ਕਿਉਂ ਬਿਠਾਇਆ ਗਿਆ ਹੈ? ਅਧਿਆਪਕ ਨੇ ਉਨ੍ਹਾਂ ਨੂੰ ਜਵਾਬ ਦਿੱਤਾ, ਸਰ ਇਨ੍ਹਾਂ ਨੇ ਵਰਦੀ ਨਹੀਂ ਪਾਈ ਹੋਈ ਹੈ। ਪੰਡਿਤ ਨਹਿਰੂ ਨੇ ਅੱਗੋਂ ਕਿਹਾ, ਫੇਰ ਕੀ ਹੋਇਆ ਜੇਕਰ ਇਨ੍ਹਾਂ ਨੇ ਵਰਦੀ ਨਹੀਂ ਪਾਈ ਹੋਈ ਹੈ, ਇਨ੍ਹਾਂ ਬੱਚਿਆਂ ਨੂੰ ਦੂਜੇ ਬੱਚਿਆਂ ਦੇ ਨਾਲ ਬਿਠਾਓ। ਉਹ ਉਨ੍ਹਾਂ ਬੱਚਿਆਂ ਨੂੰ ਆਪਣੇ ਨਾਲ ਲੈ ਗਏ ਤੇ ਉਨ੍ਹਾਂ ਨੂੰ ਦੂਜੇ ਬੱਚਿਆਂ ਨਾਲ ਬਿਠਾ ਦਿੱਤਾ। ਉਨ੍ਹਾਂ ਵੱਲੋਂ ਬੱਚਿਆਂ ਬਾਰੇ ਕਹੇ ਗਏ ਕਥਨ ਅੱਜ ਵੀ ਬਾਲ ਦਿਵਸ ਉੱਤੇ ਯਾਦ ਕੀਤੇ ਗਏ ਹਨ। ਉਹ ਕਹਿੰਦੇ ਸਨ ਕਿ ਬੱਚੇ ਬਗੀਚੇ ਵਿਚ ਖਿੜੇ ਫੁੱਲਾਂ ਵਾਂਗ ਹੁੰਦੇ ਹਨ, ਉਨ੍ਹਾਂ ਦਾ ਪਾਲਣ ਪੋਸ਼ਣ ਸਾਵਧਾਨੀ ਨਾਲ ਤੇ ਪਿਆਰ ਨਾਲ ਕਰਨਾ ਚਾਹੀਦਾ ਹੈ ਕਿਉਂ ਕਿ ਉਹ ਦੇਸ਼ ਦਾ ਭਵਿੱਖ ਤੇ ਕੱਲ੍ਹ ਦੇ ਨਾਗਰਿਕ ਹਨ। ਪੰਡਿਤ ਨਹਿਰੂ ਦੇ ਵਿਚਾਰ ਅਨੁਸਾਰ ਬਚਪਨ ਕਲਪਨਾ ਤੇ ਖੋਜ ਦਾ ਸਮਾਂ ਹੈ, ਉਨ੍ਹਾਂ ਦਾ ਮੰਨਣਾ ਸੀ ਕਿ ਬੱਚਿਆਂ ਨੂੰ ਪ੍ਰਸ਼ਨ ਪੁੱਛਣ, ਨਵੇਂ ਵਿਚਾਰ ਸਿੱਖਣ ਦੇ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ। ਬੱਚਿਆਂ ਬਾਰੇ ਉਨ੍ਹਾਂ ਦੇ ਕਹੇ ਗਏ ਸ਼ਬਦ ਬਹੁਤ ਅਨਮੋਲ ਤੇ ਸਾਂਭਣ ਯੋਗ ਹਨ, ਆਉਣ ਵਾਲਾ ਸਮਾਂ ਸਾਡੇ ਬੱਚਿਆਂ ਦਾ ਹੈ। ਆਓ, ਉਨ੍ਹਾਂ ਨੂੰ ਕਾਬਲ ਤੇ ਮਜ਼ਬੂਤ ਬਣਾਈਏ। ਬੱਚੇ ਕੱਲ੍ਹ ਦੀ ਉਮੀਦ ਹਨ। ਉਨ੍ਹਾਂ ਦੀ ਅੱਗੇ ਵੱਧਣ ’ਚ ਮਦਦ ਕਰਨਾ ਸਾਡਾ ਫ਼ਰਜ਼ ਹੈ।
- ਪ੍ਰਿੰਸੀਪਲ ਵਿਜੈ ਕੁਮਾਰ। ਸੰਪਰਕ : 98726 27136