- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਧਾਰਾ ਮੀਡੀਆ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਲੋਕਾਂ ਨੂੰ ਨਿਰਪੱਖ ਤੇ ਤੱਥਾਂ ’ਤੇ ਆਧਾਰਿਤ ਜਾਣਕਾਰੀ ਮੁਹੱਈਆ ਕਰਵਾਉਣਗੇ ਪਰ ਕਈ ਵਾਰ ਇਹ ਮਾਧਿਅਮ ਸਿਆਸੀ ਪਾਰਟੀਆਂ ਵੱਲੋਂ ਤਿਆਰ ਕੀਤੇ ਬਿਰਤਾਂਤਾਂ ਨੂੰ ਅੱਗੇ ਵਧਾਉਣ, ਚੋਣਵੇਂ ਮੁੱਦਿਆਂ ਨੂੰ ਉਭਾਰਨ ਤੇ ਫ਼ਤਵਿਆਂ ਨੂੰ ਪ੍ਰਭਾਵਿਤ ਕਰਨ ਦਾ ਸਾਧਨ ਵੀ ਬਣ ਜਾਂਦੇ ਹਨ।

ਜਿਵੇਂ-ਜਿਵੇਂ ਚੋਣਾਂ ਦਾ ਸਮਾਂ ਨੇੜੇ ਆਉਂਦਾ ਹੈ, ਸਿਆਸੀ ਪਾਰਟੀਆਂ ਵੱਲੋਂ ਚੋਣ ਮਨੋਰਥ ਪੱਤਰ ਤਿਆਰ ਕਰਨ, ਵੱਡੇ-ਵੱਡੇ ਵਾਅਦੇ ਕਰਨ ਤੇ ਲੋਕਾਂ ਸਾਹਮਣੇ ਵਿਕਾਸ ਦੇ ਸੁਪਨੇ ਪੇਸ਼ ਕਰਨ ਦੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ। ਹਰ ਸਿਆਸੀ ਪਾਰਟੀ ਆਪਣੀਆਂ ਨੀਤੀਆਂ ਅਤੇ ਯੋਜਨਾਵਾਂ ਰਾਹੀਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਸੋਚ ਤੇ ਫ਼ਤਵਿਆਂ ਨੂੰ ਆਪਣੇ ਹੱਕ ’ਚ ਢਾਲਣ ਦੀ ਕੋਸ਼ਿਸ਼ ਕਰਦੀ ਹੈ। ਇਸ ਸਾਰੀ ਪ੍ਰਕਿਰਿਆ ’ਚ ਕਈ ਵਾਰ ਤੱਥਾਂ ਨਾਲੋਂ ਭਾਵਨਾਵਾਂ, ਧਾਰਨਾਵਾਂ ਤੇ ਵਾਰ-ਵਾਰ ਦੁਹਰਾਏ ਜਾਣ ਵਾਲੇ ਸਿਆਸੀ ਦਾਅਵੇ ਵਧੇਰੇ ਪ੍ਰਭਾਵਸ਼ਾਲੀ ਬਣ ਜਾਂਦੇ ਹਨ। ਇਹੀ ਪੋਸਟ-ਟਰੂਥ ਰਾਜਨੀਤੀ ਦੀ ਅਸਲ ਤਸਵੀਰ ਹੈ। ਇਸ ਸੰਕਲਪ ਅਧੀਨ ਤੱਥਾਂ ਤੇ ਸਬੂਤਾਂ ਨਾਲੋਂ ਵਿਅਕਤੀਗਤ ਵਿਸ਼ਵਾਸਾਂ, ਸਿਆਸੀ ਵਫ਼ਾਦਾਰੀ ਤੇ ਭਾਵਨਾਤਮਕ ਅਪੀਲਾਂ ਦਾ ਲੋਕਾਂ ਦੀ ਰਾਏ ਬਣਾਉਣ ’ਚ ਵਧੇਰੇ ਪ੍ਰਭਾਵ ਹੁੰਦਾ ਹੈ। ਚੋਣਾਂ ਦੌਰਾਨ ਕੀਤੇ ਗਏ ਅਧੂਰੇ ਵਾਅਦਿਆਂ ਨੂੰ ਨਵੇਂ ਰੂਪ ’ਚ ਪੇਸ਼ ਕੀਤਾ ਜਾਂਦਾ ਹੈ, ਅਸੰਭਵ ਲੱਗਣ ਵਾਲੇ ਟੀਚਿਆਂ ਨੂੰ ਹਕੀਕਤ ਵਜੋਂ ਪੇਸ਼ ਕੀਤਾ ਜਾਂਦਾ ਹੈ ਅਤੇ ਚੋਣਵੇਂ ਵਿਕਾਸ ਕਾਰਜਾਂ ਨੂੰ ਵਾਰ-ਵਾਰ ਉਭਾਰ ਕੇ ਸਿਆਸੀ ਪਾਰਟੀਆਂ ਦੇ ਹੱਕ ’ਚ ਮਾਹੌਲ ਤਿਆਰ ਕੀਤਾ ਜਾਂਦਾ ਹੈ। ਇਸ ਤਰ੍ਹਾਂ ਇੱਕੋ ਬਿਰਤਾਂਤ ਨੂੰ ਲਗਾਤਾਰ ਦੁਹਰਾ ਕੇ ਲੋਕਾਂ ਦੀ ਸੋਚ ਤੇ ਧਾਰਨਾ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਸੰਦਰਭ ’ਚ ਮੀਡੀਆ ਦੀ ਭੂਮਿਕਾ ਵੀ ਬੇਹੱਦ ਮਹੱਤਵਪੂਰਨ ਹੋ ਜਾਂਦੀ ਹੈ। ਮੁੱਖ ਧਾਰਾ ਮੀਡੀਆ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਲੋਕਾਂ ਨੂੰ ਨਿਰਪੱਖ ਤੇ ਤੱਥਾਂ ’ਤੇ ਆਧਾਰਿਤ ਜਾਣਕਾਰੀ ਮੁਹੱਈਆ ਕਰਵਾਉਣਗੇ ਪਰ ਕਈ ਵਾਰ ਇਹ ਮਾਧਿਅਮ ਸਿਆਸੀ ਪਾਰਟੀਆਂ ਵੱਲੋਂ ਤਿਆਰ ਕੀਤੇ ਬਿਰਤਾਂਤਾਂ ਨੂੰ ਅੱਗੇ ਵਧਾਉਣ, ਚੋਣਵੇਂ ਮੁੱਦਿਆਂ ਨੂੰ ਉਭਾਰਨ ਤੇ ਫ਼ਤਵਿਆਂ ਨੂੰ ਪ੍ਰਭਾਵਿਤ ਕਰਨ ਦਾ ਸਾਧਨ ਵੀ ਬਣ ਜਾਂਦੇ ਹਨ। ਗ਼ਲਤ ਜਾਣਕਾਰੀ, ਅਧੂਰੇ ਤੱਥਾਂ ਤੇ ਭਾਵਨਾਤਮਕ ਪ੍ਰਚਾਰ ਦੀ ਲਗਾਤਾਰ ਦੁਹਰਾਈ ਲੋਕਾਂ ਲਈ ਸੱਚ ਅਤੇ ਪ੍ਰਚਾਰ ਵਿਚਕਾਰ ਫ਼ਰਕ ਕਰਨਾ ਮੁਸ਼ਕਲ ਬਣਾ ਦਿੰਦੀ ਹੈ। ਅਸਲ ਚਿੰਤਾ ਸਿਰਫ਼ ਇਹ ਨਹੀਂ ਹੈ ਕਿ ਸਿਆਸੀ ਪਾਰਟੀਆਂ ਲੋਕਾਂ ਨਾਲ ਕੀ ਵਾਅਦੇ ਕਰਦੀਆਂ ਹਨ, ਸਗੋਂ ਇਹ ਵੀ ਹੈ ਕਿ ਉਹ ਲੋਕਾਂ ਦੇ ਵਿਸ਼ਵਾਸ ਤੇ ਸੋਚ ਨੂੰ ਕਿਸ ਹੱਦ ਤੱਕ ਪ੍ਰਭਾਵਿਤ ਕਰਨ ’ਚ ਸਫ਼ਲ ਹੁੰਦੀਆਂ ਹਨ। ਜਾਣਕਾਰੀ ਦੇ ਅਥਾਹ ਪ੍ਰਵਾਹ ਤੇ ਗੁੰਮਰਾਹਕੁੰਨ ਪ੍ਰਚਾਰ ਦੇ ਇਸ ਦੌਰ ’ਚ ਵੋਟਰ ਦੀ ਜ਼ਿੰਮੇਵਾਰੀ ਸਿਰਫ਼ ਵੋਟ ਪਾਉਣ ਤੱਕ ਸੀਮਤ ਨਹੀਂ ਰਹਿ ਸਕਦੀ। ਅਜਿਹੇ ਸਮੇਂ ’ਚ ਮੀਡੀਆ ਸਾਖ਼ਰਤਾ ਤੇ ਸਿਆਸੀ ਜਾਗਰੂਕਤਾ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ। ਲੋਕਾਂ ਨੂੰ ਚੋਣ ਮਨੋਰਥ ਪੱਤਰਾਂ ਦਾ ਗੰਭੀਰਤਾ ਨਾਲ ਅਧਿਐਨ ਕਰਨਾ ਚਾਹੀਦਾ ਹੈ, ਕੀਤੇ ਗਏ ਵਾਅਦਿਆਂ ਦੀ ਵਿਹਾਰਕਤਾ ਨੂੰ ਪਰਖਣਾ ਚਾਹੀਦਾ ਹੈ ਅਤੇ ਸਿਆਸੀ ਦਾਅਵਿਆਂ ਦੀ ਤੱਥਾਂ ਦੇ ਆਧਾਰ ’ਤੇ ਜਾਂਚ ਕਰਨੀ ਚਾਹੀਦੀ ਹੈ। ਮੀਡੀਆ ਜਾਂ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਹਰ ਜਾਣਕਾਰੀ ਨੂੰ ਬਿਨਾਂ ਸਵਾਲ ਕੀਤੇ ਮੰਨਣ ਦੀ ਥਾਂ ਉਸ ਪਿੱਛੇ ਲੁਕੇ ਟੀਚਿਆਂ ਅਤੇ ਹਿੱਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਵੋਟਰਾਂ ਨੂੰ ਇਹ ਸਮਝਣਾ ਹੋਵੇਗਾ ਕਿ ਚੋਣ ਪ੍ਰਚਾਰ ’ਚ ਕੀਤੇ ਗਏ ਵਾਅਦੇ ਤੇ ਅਸਲ ’ਚ ਪੂਰੇ ਕੀਤੇ ਜਾ ਸਕਣ ਵਾਲੇ ਵਾਅਦੇ ਦੋ ਵੱਖ-ਵੱਖ ਗੱਲਾਂ ਹਨ। ਅੱਜ ਲੋੜ ਸਿਰਫ਼ ਵੋਟਰ ਬਣਨ ਦੀ ਨਹੀਂ, ਸਗੋਂ ਸੁਚੇਤ, ਤਰਕਸ਼ੀਲ ਤੇ ਜ਼ਿੰਮੇਵਾਰ ਨਾਗਰਿਕ ਬਣਨ ਦੀ ਹੈ। ਜਦੋਂ ਸਿਆਸੀ ਬਿਰਤਾਂਤ ਤੱਥਾਂ ’ਤੇ ਹਾਵੀ ਹੋਣ ਲੱਗਣ, ਤਾਂ ਆਲੋਚਨਾਤਮਕ ਸੋਚ ਹੀ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਬਣ ਜਾਂਦੀ ਹੈ।
-ਡਾ. ਗੁਰਪ੍ਰੀਤ ਕੌਰ, ਪਟਿਆਲਾ। ਸੰਪਰਕ : 9803616268