- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭੀਮ ਸਿੰਘ ਫ਼ੌਜੀ ਦਾ ਧਰਨੇ ’ਤੇ ਬੈਠਣਾ ਸਿਰਫ਼ ਇਕ ਪਿਉ ਦਾ ਵਿਰਲਾਪ ਨਹੀਂ ਹੈ, ਇਹ ਇਕ ਯੋਧੇ ਦਾ ਐਲਾਨਨਾਮਾ ਹੈ। ਖੇਡ ਮੈਦਾਨਾਂ ਦੇ ਜੇਤੂ ਅਤੇ ਸੰਵੇਦਨਸ਼ੀਲ ਦਿਲ ਰੱਖਣ ਵਾਲੇ ਪਰਮਿੰਦਰ ਸਿੰਘ ‘ਝੋਟਾ’ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਕਾਲੇ ਕਾਰੋਬਾਰ ਤੋਂ ਬਚਾਉਣ ਲਈ ਜੋ ਮਸ਼ਾਲ ਬਾਲ਼ੀ ਸੀ, ਸ਼ਾਇਦ ਕਾਤਲਾਂ ਨੇ ਸੋਚਿਆ ਹੋਵੇਗਾ ਕਿ ਪਰਮਿੰਦਰ ਦੇ ਸਰੀਰ ਨੂੰ ਖ਼ਤਮ ਕਰਕੇ ਉਹ ਉਸ ਬਲ਼ਦੀ ਮਸ਼ਾਲ ਨੂੰ ਬੁਝਾ ਦੇਣਗੇ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਪਰਮਿੰਦਰ ਦੇ ਪਿੱਛੇ ਭੀਮ ਸਿੰਘ ਫ਼ੌਜੀ ਵਰਗਾ ਚੱਟਾਨ ਰੂਪੀ ਬਾਪ ਖੜ੍ਹਾ ਹੈ ਤੇ ਇਸ ਬਾਪ ਦੇ ਮੋਢੇ ਨਾਲ ਮੋਢਾ ਲਾ ਕੇ ਪੂਰਾ ਪੰਜਾਬ ਖੜ੍ਹਾ ਹੈ।

ਨਵਦੀਪ ਸਿੰਘ ਝੁਨੀਰ
ਜਦੋਂ ਵੀ ਮੈਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੁਲਵੰਤ ਸਿੰਘ ਵਿਰਕ ਦੀ ਸ਼ਾਹਕਾਰ ਕਹਾਣੀ ‘ਧਰਤੀ ਹੇਠਲਾ ਬਲਦ’ ਪੜ੍ਹਾਉਂਦਾ ਹਾਂ, ਤਾਂ ਕਰਮ ਸਿੰਘ ਦੇ ਬਾਪੂ ਦਾ ਚਿਹਰਾ ਅੱਖਾਂ ਅੱਗੇ ਸਾਕਾਰ ਹੋ ਜਾਂਦਾ ਹੈ-ਉਹ ਬਜ਼ੁਰਗ, ਜਿਸ ਨੇ ਆਪਣੇ ਜਵਾਨ ਫ਼ੌਜੀ ਪੁੱਤ ਦੀ ਮੌਤ ਦਾ ਪਹਾੜ ਜਿੱਡਾ ਗ਼ਮ ਆਪਣੇ ਸੀਨੇ ਵਿਚ ਦੱਬਿਆ ਹੋਇਆ ਸੀ। ਵਿਰਕ ਸਾਹਿਬ ਨੇ ਉਸ ਬਾਪ ਦੇ ਕਿਰਦਾਰ ਰਾਹੀਂ ਉਸ ਅਣ-ਦਿਸਦੇ ਭਾਰ ਦੀ ਤਸਵੀਰ ਉਲੀਕੀ ਸੀ, ਜਿਸ ਨੂੰ ਚੁੱਕਣ ਵਾਲੇ ਦੇ ਅੰਦਰ ਤੂਫ਼ਾਨ ਉੱਠਦੇ ਹਨ, ਪਰ ਬਾਹਰੋਂ ਉਹ ਅਡੋਲ ਖੜ੍ਹਾ ਦਿਖਾਈ ਦਿੰਦਾ ਹੈ। ਕਦੇ ਸੋਚਿਆ ਨਹੀਂ ਸੀ ਕਿ ਕਿਤਾਬ ਦੇ ਸਫ਼ਿਆਂ ’ਚੋਂ ਨਿਕਲ ਕੇ ਇਹ ਪਾਤਰ ਮੇਰੀਆਂ ਅੱਖਾਂ ਸਾਹਮਣੇ ਜਿਉਂਦਾ-ਜਾਗਦਾ ਆ ਖੜ੍ਹੇਗਾ। ਅੱਜ ਜਦੋਂ ਮੈਂ ਮਾਨਸਾ ਦੇ ਧਰਨੇ ’ਚ ਬੈਠੇ ਬਾਪੂ ਭੀਮ ਸਿੰਘ ਫ਼ੌਜੀ ਵੱਲ ਦੇਖਦਾ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਧਰਤੀ ਹੇਠਲੇ ਉਸ ਬਲਦ ਦਾ ਬਿੰਬ ਅੱਜ ਮਾਨਸਾ ਦੀ ਧਰਤੀ ਉੱਤੇ ਸਾਕਾਰ ਹੋ ਗਿਆ ਹੈ। ਇੱਕ ਪਾਸੇ ਕਰਮ ਸਿੰਘ ਦਾ ਬਾਪੂ ਹੈ, ਜੋ ਆਪਣੇ ਫ਼ੌਜੀ ਪੁੱਤ ਦੇ ਵਿਛੋੜੇ ਦਾ ਭਾਰ ਚੁੱਕੀ ਖੜ੍ਹਾ ਹੈ, ਤੇ ਦੂਜੇ ਪਾਸੇ ਭੀਮ ਸਿੰਘ ਫ਼ੌਜੀ ਹੈ, ਜਿਸ ਦੇ ਬਜ਼ੁਰਗ ਮੋਢਿਆਂ ’ਤੇ ਪੁੱਤਰ ਦੀ ਮੌਤ ਦੇ ਗ਼ਮ ਦੇ ਨਾਲ-ਨਾਲ ਉਸ ਲਈ ਇਨਸਾਫ਼ ਦੀ ਉਡੀਕ ਦਾ ਭਾਰ ਵੀ ਹੈ। ਭੀਮ ਸਿੰਘ ਫ਼ੌਜੀ ਕੋਈ ਆਮ ਪਿਤਾ ਨਹੀਂ ਹੈ, ਉਹ ਪਹਾੜ ਜਿੱਡੇ ਜਿਗਰੇ ਵਾਲਾ ਉਹ ਬਾਪ ਹੈ, ਜਿਸ ਨੇ ਆਪਣੇ ਕੁੰਦਨ ਵਰਗੇ ਗੱਭਰੂ ਪੁੱਤ, ਪਰਮਿੰਦਰ ਸਿੰਘ ‘ਝੋਟਾ’ ਨੂੰ ਆਪਣੀਆਂ ਅੱਖਾਂ ਸਾਹਮਣੇ ਗੁਆਇਆ ਹੈ। ਪਰਮਿੰਦਰ ਕੋਈ ਗੰਵਾਰ, ਉਜੱਡ ਜਾਂ ਜ਼ਿੰਦਗੀ ਤੋਂ ਬੇਮੁਖ ਵਿਅਕਤੀ ਨਹੀਂ ਸੀ। ਉਹ ਪੜ੍ਹਿਆ-ਲਿਖਿਆ, ਅੱਤ ਸੰਵੇਦਨਸ਼ੀਲ ਅਤੇ ਖੇਡਾਂ ਦੇ ਖੇਤਰ ’ਚ ਕੌਮੀ ਪੱਧਰ ’ਤੇ ਆਪਣੀ ਪਛਾਣ ਬਣਾਉਣ ਵਾਲਾ ਨੌਜਵਾਨ ਸੀ। ਉਸ ਨੇ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਤੋਂ ਗ੍ਰੈਜੂਏਸ਼ਨ ਕੀਤੀ। ਮੁੱਕੇਬਾਜ਼ੀ ਦੇ ਖੇਤਰ ’ਚ ਉਸ ਨੇ ਆਪਣੀ ਮਿਹਨਤ ਤੇ ਹੁਨਰ ਦਾ ਲੋਹਾ ਮਨਵਾਇਆ। ਹੈਵੀਵੇਟ ਵਰਗ ’ਚ ਚਾਰ ਵਾਰ ਇੰਟਰ-ਕਾਲਜ ਮੁਕਾਬਲਿਆਂ ’ਚ ਸੋਨ ਤਮਗ਼ੇ ਜਿੱਤੇ ਅਤੇ ਦੋ ਵਾਰ ਇੰਟਰ-ਯੂਨੀਵਰਸਿਟੀ ਮੁਕਾਬਲਿਆਂ ’ਚ ਵੀ ਤਮਗ਼ੇ ਹਾਸਲ ਕੀਤੇ। ਜਿਸ ਪੁੱਤ ਦੀ ਛਾਤੀ ’ਤੇ ਚਮਕਦੇ ਮੈਡਲ ਦੇਖ ਕੇ ਬਾਪੂ ਭੀਮ ਸਿੰਘ ਦੀਆਂ ਅੱਖਾਂ ’ਚ ਕਦੇ ਮਾਣ ਦੀ ਚਮਕ ਆਉਂਦੀ ਸੀ, 13 ਅਕਤੂਬਰ ਨੂੰ ਨਸ਼ਿਆਂ ਦੇ ਸੌਦਾਗਰਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਉਸੇ ਪੁੱਤਰ ਦੀ ਛਾਤੀ ਨੂੰ ਗੋਲੀਆਂ ਨਾਲ ਛਲਣੀ ਕਰ ਦਿੱਤਾ ਗਿਆ। ਉਹ ਗੋਲ਼ੀਆਂ ਸਿਰਫ਼ ਪਰਮਿੰਦਰ ਦੇ ਜਿਸਮ ’ਚ ਹੀ ਨਹੀਂ ਵੱਜੀਆਂ, ਸਗੋਂ ਭੀਮ ਸਿੰਘ ਫ਼ੌਜੀ ਦੇ ਦਿਲ ਤੇ ਪੰਜਾਬ ਦੀ ਹਿੱਕ ਨੂੰ ਵੀ ਛਲਣੀ ਕਰ ਗਈਆਂ।
ਜ਼ਰਾ ਉਸ ਬਾਪ ਦੇ ਕਲੇਜੇ ਬਾਰੇ ਸੋਚੋ, ਜਿਸ ਦੇ ਘਰ ਦੀ ਰੌਣਕ, ਬੁਢਾਪੇ ਦੀ ਡੰਗੋਰੀ ਤੇ ਅੱਖਾਂ ਦਾ ਤਾਰਾ ਹਮੇਸ਼ਾ ਲਈ ਡੁੱਬ ਗਿਆ ਹੋਵੇ। ਪਰਮਿੰਦਰ ਆਪਣੇ ਪਿੱਛੇ ਬੁੱਢੇ ਮਾਪਿਆਂ ਦੀਆਂ ਸੁੰਨੀਆਂ ਬਾਹਵਾਂ, ਭਰ ਜਵਾਨੀ ’ਚ ਵਿਧਵਾ ਹੋਈ ਪਤਨੀ ਅਤੇ ਦੋ ਨਿੱਕੀਆਂ ਮਾਸੂਮ ਜਿੰਦਾਂ ਨੂੰ ਹਮੇਸ਼ਾ ਲਈ ਵਿਲਕਦਾ ਛੱਡ ਗਿਆ ਹੈ। ਜਿਨ੍ਹਾਂ ਨਿੱਕੇ ਬੱਚਿਆਂ ਨੇ ਅਜੇ ਆਪਣੇ ਪਿਉ ਦੀ ਉਂਗਲ ਫੜ ਕੇ ਦੁਨੀਆ ਦੇਖਣੀ ਸੀ, ਉਨ੍ਹਾਂ ਦੇ ਸਿਰੋਂ ਪਿਉ ਦਾ ਸਾਇਆ ਉੱਠ ਗਿਆ।
ਇੱਥੇ ਆ ਕੇ ਮਨ ਪੁੱਛਦਾ ਹੈ, ਇਕ ਬਾਪ ਆਪਣੇ ਦਿਲ ਦੇ ਟੁਕੜੇ ਨੂੰ ਗੁਆਉਣ ਦਾ ਦੁੱਖ ਕਿਵੇਂ ਸਹਿੰਦਾ ਹੋਵੇਗਾ? ਉਹ ਆਪਣੇ ਪੁੱਤਰ ਦੀ ਯਾਦ ’ਚ ਉੱਠਦੇ ਹੜ੍ਹ ਨੂੰ ਕਿਵੇਂ ਰੋਕਦਾ ਹੋਵੇਗਾ? ਉਸ ਦੇ ਅੰਦਰ ਕਿੰਨੀ ਵਾਰ ਸਭ ਕੁਝ ਛੱਡ ਕੇ ਰੋ ਪੈਣ ਦੀ ਇੱਛਾ ਜਾਗਦੀ ਹੋਵੇਗੀ? ਸ਼ਾਇਦ ਉਸ ਨੂੰ ਆਪਣੇ ਹੰਝੂਆਂ ਦੇ ਨਾਲ-ਨਾਲ ਪਰਿਵਾਰ ਦੀਆਂ ਉਮੀਦਾਂ ਨੂੰ ਵੀ ਸੰਭਾਲਣਾ ਪੈ ਰਿਹਾ ਹੈ। ਆਪਣੇ ਜਵਾਨ ਪੁੱਤ ਦੀ ਮ੍ਰਿਤਕ ਦੇਹ ਸਾਹਮਣੇ ਹੋਣ ਦੇ ਬਾਵਜੂਦ ਉਸ ਨੇ ਆਪਣੇ ਹੰਝੂਆਂ ਨੂੰ ਅੱਖਾਂ ਦੇ ਬੰਨ੍ਹ ਟੱਪਣ ਨਹੀਂ ਦਿੱਤਾ। ਉਸ ਨੇ ਆਪਣੇ ਪੁੱਤ ਦੇ ਵਿਛੋੜੇ ਦੇ ਅਸਹਿ ਦਰਦ ਨੂੰ ਆਪਣੇ ਸੀਨੇ ਦੀ ਡੂੰਘੀ ਕਬਰ ’ਚ ਦੱਬ ਲਿਆ ਹੈ, ਕਿਉਂਕਿ ਉਹ ਜਾਣਦਾ ਹੈ ਕਿ ਜੇ ਅੱਜ ਉਹ ਟੁੱਟ ਗਿਆ, ਤਾਂ ਉਸ ਦੇ ਪੁੱਤ ਦੇ ਕਾਤਲਾਂ ਤੇ ਨਸ਼ਿਆਂ ਦੇ ਸੌਦਾਗਰਾਂ ਦੇ ਹੌਸਲੇ ਬੁਲੰਦ ਹੋ ਜਾਣਗੇ।
ਭੀਮ ਸਿੰਘ ਨੇ ਆਪਣੀ ਜਵਾਨੀ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਫ਼ੌਜ ’ਚ ਗੁਜ਼ਾਰੀ। ਫ਼ੌਜ ਨੇ ਉਸ ਨੂੰ ਹਰ ਮੁਸ਼ਕਲ ਅੱਗੇ ਡਟਣਾ ਸਿਖਾਇਆ ਸੀ ਪਰ ਅੱਜ ਉਸੇ ਸਾਬਕਾ ਫ਼ੌਜੀ ਨੂੰ ਆਪਣੇ ਪੁੱਤ ਲਈ ਇਨਸਾਫ਼ ਦੀ ਮੰਗ ਕਰਦਿਆਂ ਆਪਣੇ ਹੀ ਦੇਸ਼ ਦੇ ਪ੍ਰਬੰਧ ਅੱਗੇ ਸੜਕਾਂ ’ਤੇ ਮੋਰਚਾ ਲਾਉਣਾ ਪਿਆ ਹੈ।
ਕਹਾਣੀ ਵਾਲੇ ਕਰਮ ਸਿੰਘ ਦੇ ਬਾਪ ਨੇ ਤਾਂ ਸਿਰਫ਼ ਪੁੱਤ ਦੇ ਵਿਛੋੜੇ ਦਾ ਭਾਰ ਚੁੱਕਿਆ ਸੀ ਪਰ ਭੀਮ ਸਿੰਘ ਫ਼ੌਜੀ ਦੇ ਬਜ਼ੁਰਗ ਮੋਢਿਆਂ ’ਤੇ ਦੂਹਰਾ ਭਾਰ ਹੈ। ਇਕ ਪਾਸੇ ਜਵਾਨ ਪੁੱਤ ਦੀ ਲਾਸ਼ ਤੇ ਉੱਜੜੇ ਪਰਿਵਾਰ ਦਾ ਬੋਝ, ਤੇ ਦੂਜੇ ਪਾਸੇ ਇਨਸਾਫ਼ ਦੀ ਲੰਮੀ ਤੇ ਕਠਿਨ ਲੜਾਈ। ਧਰਨੇ ’ਚ ਬੈਠੇ ਇਸ ਬਾਪੂ ਦੇ ਚਿਹਰੇ ਦੀਆਂ ਝੁਰੜੀਆਂ ’ਚ ਜਿੱਥੇ ਪੁੱਤ ਦੀਆਂ ਬਚਪਨ ਤੋਂ ਜਵਾਨੀ ਤੱਕ ਦੀਆਂ ਯਾਦਾਂ ਉੱਕਰੀਆਂ ਹੋਈਆਂ ਹਨ, ਉੱਥੇ ਹੀ ਉਸ ਦੀਆਂ ਅੱਖਾਂ ’ਚ ਸਿਸਟਮ ਦੇ ਬੋਲੇ ਕੰਨਾਂ ਨੂੰ ਚੀਰ ਦੇਣ ਵਾਲਾ ਰੋਹ ਵੀ ਸਾਫ਼ ਦਿਖਾਈ ਦਿੰਦਾ ਹੈ।
ਭੀਮ ਸਿੰਘ ਫ਼ੌਜੀ ਦਾ ਧਰਨੇ ’ਤੇ ਬੈਠਣਾ ਸਿਰਫ਼ ਇਕ ਪਿਉ ਦਾ ਵਿਰਲਾਪ ਨਹੀਂ ਹੈ, ਇਹ ਇਕ ਯੋਧੇ ਦਾ ਐਲਾਨਨਾਮਾ ਹੈ। ਖੇਡ ਮੈਦਾਨਾਂ ਦੇ ਜੇਤੂ ਅਤੇ ਸੰਵੇਦਨਸ਼ੀਲ ਦਿਲ ਰੱਖਣ ਵਾਲੇ ਪਰਮਿੰਦਰ ਸਿੰਘ ‘ਝੋਟਾ’ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਕਾਲੇ ਕਾਰੋਬਾਰ ਤੋਂ ਬਚਾਉਣ ਲਈ ਜੋ ਮਸ਼ਾਲ ਬਾਲ਼ੀ ਸੀ, ਸ਼ਾਇਦ ਕਾਤਲਾਂ ਨੇ ਸੋਚਿਆ ਹੋਵੇਗਾ ਕਿ ਪਰਮਿੰਦਰ ਦੇ ਸਰੀਰ ਨੂੰ ਖ਼ਤਮ ਕਰਕੇ ਉਹ ਉਸ ਬਲ਼ਦੀ ਮਸ਼ਾਲ ਨੂੰ ਬੁਝਾ ਦੇਣਗੇ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਪਰਮਿੰਦਰ ਦੇ ਪਿੱਛੇ ਭੀਮ ਸਿੰਘ ਫ਼ੌਜੀ ਵਰਗਾ ਚੱਟਾਨ ਰੂਪੀ ਬਾਪ ਖੜ੍ਹਾ ਹੈ ਤੇ ਇਸ ਬਾਪ ਦੇ ਮੋਢੇ ਨਾਲ ਮੋਢਾ ਲਾ ਕੇ ਪੂਰਾ ਪੰਜਾਬ ਖੜ੍ਹਾ ਹੈ। ਅੱਜ ਇਸ ਬਜ਼ੁਰਗ ਬਾਪ ਨੇ ਆਪਣੇ ਪੁੱਤ ਦੇ ਖ਼ੂਨ ਨਾਲ ਰੰਗੀ ਉਹ ਮਸ਼ਾਲ ਆਪਣੇ ਹੱਥਾਂ ’ਚ ਫੜ ਲਈ ਹੈ। ਉਹ ਧਰਨੇ ’ਚ ਸਿਰਫ਼ ਆਪਣੇ ਪੁੱਤ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਨਹੀਂ ਬੈਠਾ, ਸਗੋਂ ਪੰਜਾਬ ਦੇ ਹਜ਼ਾਰਾਂ ਹੋਰਨਾਂ ਪੁੱਤਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਡਟਿਆ ਹੋਇਆ ਹੈ, ਤਾਂ ਜੋ ਕਿਸੇ ਹੋਰ ਘਰ ਦੀਆਂ ਨਿੱਕੀਆਂ ਜਿੰਦਾਂ ਯਤੀਮ ਨਾ ਹੋਣ ਤੇ ਕਿਸੇ ਹੋਰ ਮਾਂ-ਬਾਪ ਦਾ ਘਰ ਨਾ ਉੱਜੜੇ। ਉਸ ਦਾ ਹਰ ਸਾਹ ਹੁਣ ਆਪਣੇ ਪੁੱਤ ਦੇ ਅਧੂਰੇ ਮਿਸ਼ਨ ਨੂੰ ਪੂਰਾ ਕਰਨ ਲਈ ਵਚਨਬੱਧ ਹੈ।
ਹੁਣ ਜਦੋਂ ਵੀ ਮੈਂ ਜਮਾਤ ’ਚ ਵਿਰਕ ਦੀ ਕਹਾਣੀ ‘ਧਰਤੀ ਹੇਠਲਾ ਬਲਦ’ ਪੜ੍ਹਾਵਾਂਗਾ, ਤਾਂ ਕਰਮ ਸਿੰਘ ਦੇ ਬਾਪੂ ਦੇ ਨਾਲ-ਨਾਲ ਮਾਨਸਾ ਦੇ ਧਰਨੇ ’ਚ ਬੈਠੇ ਭੀਮ ਸਿੰਘ ਫ਼ੌਜੀ ਦੀ ਤਸਵੀਰ ਵੀ ਮੇਰੇ ਮਨ ’ਚ ਉੱਭਰੇਗੀ। ਕਹਾਣੀ ’ਚ ਕਰਮ ਸਿੰਘ ਦਾ ਬਾਪੂ ਆਪਣੇ ਪੁੱਤਰ ਦੀ ਮੌਤ ਦਾ ਦੁੱਖ ਉਸ ਦੇ ਦੋਸਤ ਤੋਂ ਲੁਕਾਉਂਦਾ ਹੈ ਅਤੇ ਇੱਥੇ ਭੀਮ ਸਿੰਘ ਫ਼ੌਜੀ ਆਪਣੇ ਸੀਨੇ ’ਚ ਇਕ ਉੱਜੜੀ ਦੁਨੀਆ ਦਾ ਭਾਰ ਸਮੋਈ ਇਨਸਾਫ਼ ਲਈ ਡਟਿਆ ਹੋਇਆ ਹੈ। ਇਨ੍ਹਾਂ ਪਿਤਾਵਾਂ ਦੇ ਅਡੋਲ ਖੜ੍ਹੇ ਰਹਿਣ ਨੂੰ ਸਿਰਫ਼ ਉਨ੍ਹਾਂ ਦਾ ਜਿਗਰਾ ਨਾ ਸਮਝਿਓ; ਉਸ ਦਰਦ ਨੂੰ ਵੀ ਮਹਿਸੂਸ ਕਰਿਓ, ਜਿਸ ਨੂੰ ਉਹ ਆਪਣੇ ਅੰਦਰ ਦੱਬੀ ਬੈਠੇ ਹਨ। ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਬਾਪੂ ਭੀਮ ਸਿੰਘ ਫ਼ੌਜੀ ਨੂੰ ਇਨਸਾਫ਼ ਮਿਲੇ ਤੇ ਕਿਸੇ ਹੋਰ ਪਿਤਾ ਨੂੰ ਆਪਣੇ ਜਵਾਨ ਪੁੱਤਰ ਦੇ ਵਿਛੋੜੇ ਮਗਰੋਂ ਅਜਿਹੀ ਲੜਾਈ ਨਾ ਲੜਨੀ ਪਵੇ। (ਸੰਪਰਕ : 98769-68193)