- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੈਂ ਝਿਝਕਦੇ ਹੋਏ ਉਨ੍ਹਾਂ ਨੂੰ ਕਿਹਾ, ਸਰ ਸਕੂਲ ਦੇ ਇਸ ਰਸਤੇ ਨੂੰ ਹੋਰ ਚੰਗਾ ਬਣਾਉਣ ਲਈ ਗਿਆਰਾਂ ਹਜ਼ਾਰ ਰੁਪਏ ਦੇ ਦਿਉ ਬਾਕੀ ਸਕੂਲ ਪਾ ਲਵੇਗਾ। ਮਿੱਤਲ ਸਾਹਿਬ ਹੱਸਦੇ ਹੋਏ ਬੋਲੇ, ਪ੍ਰਿੰਸੀਪਲ ਸਾਹਿਬ, ਤੁਹਾਨੂੰ ਤਾਂ ਮੰਗਣਾ ਵੀ ਨਹੀਂ ਆਉਂਦਾ। ਉਨ੍ਹਾਂ ਨੇ ਆਪਣੀ ਪਤਨੀ ਤੋਂ ਚੈੱਕ ਬੁੱਕ ਲੈ ਕੇ ਇਕ ਚੈੱਕ ਇਕ ਲੱਖ ਰੁਪਏ ਦਾ ਕੱਟ ਕੇ ਦਿੱਤਾ ਤੇ ਕਿਹਾ, ਇਹ ਪੈਸੇ ਤੁਸੀਂ ਆਪਣੀ ਮਰਜ਼ੀ ਨਾਲ ਖ਼ਰਚ ਕਰ ਲੈਣਾ।

ਪ੍ਰਿੰਸੀਪਲ ਵਿਜੈ ਕੁਮਾਰ
ਹਿੰਦੀ ਭਾਸ਼ਾ ਦੇ ਨਾਮਵਰ ਲੇਖਕ ਹਜਾਰੀ ਪ੍ਰਸਾਦ ਦਿਵੇਦੀ ਨੇ ਆਪਣੇ ਇੱਕ ਨਿਬੰਧ ‘ਕਯਾ ਨਿਰਾਸ਼ ਹੂਆ ਜਾਏ’ ’ਚ ਲਿਖਿਆ ਹੈ ਕਿ ਅਸੀਂ ਬੁਰਾਈਆਂ ਦਾ ਰਸ ਤੇ ਸਵਾਦ ਲੈ ਕੇ ਜ਼ਿਕਰ ਕਰਦੇ ਹਾਂ ਪਰ ਨੇਕੀ, ਭਲੇ, ਪਰਉਪਕਾਰ ਦੇ ਕੰਮ ਕਰਨ ਵਾਲੇ, ਵੱਡੀਆਂ ਮੱਲਾਂ ਮਾਰਨ ਵਾਲੇ, ਇਮਾਨਦਾਰੀ ਦੇ ਰਾਹ ਉੱਤੇ ਚੱਲਣ ਵਾਲੇ ਅਤੇ ਕੁਰਬਾਨੀਆਂ ਦੇਣ ਵਾਲੇ ਲੋਕਾਂ ਦੀਆਂ ਪ੍ਰਸ਼ੰਸਾ ਕਰਨ ਵਾਲੀਆਂ ਗੱਲਾਂ ਵੱਲ ਜ਼ਿਆਦਾ ਤਵੱਜੋਂ ਨਹੀਂ ਦਿੰਦੇ। ਅਖ਼ਬਾਰਾਂ ਜ਼ਿਆਦਾਤਰ ਬੁਰਾਈਆਂ ਨਾਲ ਭਰੀਆਂ ਘਟਨਾਵਾਂ ਨਾਲ ਭਰੀਆਂ ਹੋਈਆਂ ਹੁੰਦੀਆਂ ਹਨ। ਸਮਾਜ ’ਚ ਜ਼ਿਆਦਾਤਰ ਚਰਚਾ ਬੁਰਾਈਆਂ ਦੀ ਹੀ ਹੁੰਦੀ ਹੈ।
ਉਨ੍ਹਾਂ ਬੁਰਾਈਆਂ ਨਾਲ ਜੁੜੀਆਂ ਖ਼ਬਰਾਂ ਨੂੰ ਪੜ੍ਹਕੇ ਤੇ ਸੁਣ ਕੇ ਇੰਝ ਜਾਪਦਾ ਹੈ ਕਿ ਇਸ ਦੁਨੀਆ ’ਚ ਚੰਗੇ ਬੰਦੇ ਖ਼ਤਮ ਹੀ ਹੋ ਗਏ ਹਨ ਪਰ ਇਸ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ। ਇਸ ਸੰਸਾਰ ’ਚ ਦਾਨੀ, ਪਰਉਪਕਾਰੀ, ਦਾਨਿਸ਼ਮੰਦ, ਨੇਕਦਿਲ, ਇਮਾਨਦਾਰ ਅਤੇ ਸਚਾਈ ਦੇ ਰਾਹ ’ਤੇ ਚੱਲਣ ਵਾਲੇ ਚੰਗੇ ਬੰਦਿਆਂ ਦੀ ਵੀ ਕੋਈ ਘਾਟ ਨਹੀਂ ਹੈ ।
ਅਸੀਂ ਚੰਗੇ ਬੰਦਿਆਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੇ ਰਹਿੰਦੇ ਹਾਂ। ਇਹ ਸਾਡੇ ਨਜ਼ਰੀਏ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਦੂਜਿਆਂ ਵਿੱਚ ਗੁਣ ਲੱਭਦੇ ਹਾਂ ਜਾ ਔਗਣ। ਸਾਡਾ ਧਿਆਨ ਦੂਜਿਆਂ ’ਚ ਬੁਰਾਈਆਂ ਲੱਭਣ ਵੱਲ ਜਾਂਦਾ ਹੈ ਜਾਂ ਚੰਗਿਆਈ ਆਂ ਲੱਭਣ ਵੱਲ। ਮੈਂ ਇਸ ਲੇਖ ਵਿੱਚ ਇੱਕ ਅਜਿਹੇ ਹੀ ਦਾਨੀ ਤੇ ਬੱਚਿਆਂ ਦੀ ਸਿੱਖਿਆ ਨੂੰ ਸਮਰਪਿਤ ਫ਼ੌਜੀ ਅਫ਼ਸਰ ਬ੍ਰਗੇਡੀਅਰ ਸ਼੍ਰੀ ਤੇਜ ਕਰਣ ਮਿੱਤਲ ਦਾ ਜਿਕਰ ਕਰਨ ਦੀ ਖੁਸ਼ੀ ਹਾਸਲ ਕਰ ਰਿਹਾ ਹਾਂ। ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਟਾਊਨਸ਼ਿਪ ’ਚ ਬਤੌਰ ਲੈਕਚਰਾਰ ਸੇਵਾ ਨਿਭਾ ਰਿਹਾ ਸਾਂ। ਐਤਵਾਰ ਦਾ ਛੁੱਟੀ ਵਾਲਾ ਦਿਨ ਸੀ । ਮੈਂ ਇਕ ਸਕੂਟਰ ਮਕੈਨਿਕ ਦੀ ਦੁਕਾਨ ਤੇ ਆਪਣੇ ਸਕੂਟਰ ਨੂੰ ਠੀਕ ਕਰਵਾ ਰਿਹਾ ਸਾਂ। ਮੇਰੀ ਸ੍ਰੀ ਮਤੀ ਦਾ ਫੋਨ ਆਇਆ ਕਿ ਆਪਣੇ ਘਰ ਕੋਈ ਸੱਜਣ ਚੰਡੀਗੜ੍ਹ ਤੋਂ ਆਏ ਹੋਏ ਹਨ,ਉਹ ਤੁਹਾਨੂੰ ਮਿਲਣਾ ਚਾਹੁੰਦੇ ਹਨ। ਮੈਂ ਸ਼੍ਰੀਮਤੀ ਨੂੰ ਕਿਹਾ ਕਿ ਤੁਸੀਂ ਇਨ੍ਹਾਂ ਨੂੰ ਬਿਠਾਓ, ਮੈਂ ਪੰਜ ਦਸ ਮਿੰਟ ’ਚ ਪਹੁੰਚ ਰਿਹਾ ਹਾਂ। ਮੈਂ ਘਰ ਆ ਕੇ ਮਿੱਤਲ ਸਾਹਿਬ ਨਾਲ ਚਾਹ ਦਾ ਕੱਪ ਸਾਂਝਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਕਿਹਾ, ਸਰ ਦੱਸੋ ਤੁਸੀਂ, ਮੈਂ ਤੁਹਾਡੀ ਕੀ ਖ਼ਿਦਮਤ ਕਰ ਸਕਦਾ ਹਾਂ ? ਮਿੱਤਲ ਸਾਹਿਬ ਨੇ ਆਪਣੀ ਜਾਣ ਪਛਾਣ ਕਰਵਾਉਂਦੇ ਹੋਏ ਕਿਹਾ, ਸਰ ਮੈਂ ਫੌ਼ਜ ਦਾ ਸੇਵਾਮੁਕਤ ਬ੍ਰਗੇਡੀਅਰ ਹਾਂ। ਮੇਰੇ ਪਿਤਾ ਜੀ ਬੀਬੀਐੱਮਬੀ ’ਚ ਇੰਜਨੀਅਰ ਸਨ। ਮੈਂ ਤੁਹਾਡੇ ਸਕੂਲ ਦਾ ਵਿਦਿਆਰਥੀ ਰਿਹਾ ਹਾਂ। ਮੈ ਨੰਗਲ ਘੁੰਮਣ ਫਿਰਨ ਆਇਆ ਸਾਂ। ਮੇਰਾ ਦਿਲ ਕਰਦਾ ਹੈ ਕਿ ਮੈਂ ਆਪਣਾ ਸਕੂਲ ਅੰਦਰੋਂ ਘੁੰਮ ਕੇ ਵੇਖਾਂ। ਤੁਹਾਡੇ ਸਕੂਲ ਦੇ ਚੌਕੀਦਾਰ ਨੇ ਤੁਹਾਡਾ ਨਾਂ ਲੈ ਕੇ ਕਿਹਾ ਕਿ ਤੁਸੀਂ ਉਨ੍ਹਾਂ ਦੇ ਘਰ ਚਲੇ ਜਾਓ, ਉਹ ਤੁਹਾਨੂੰ ਸਕੂਲ ਵਿਖਾ ਦੇਣਗੇ। ਮੈਂ ਉਨ੍ਹਾਂ ਨੂੰ ਸਾਰਾ ਸਕੂਲ ਘੁਮਾ ਫਿਰਾ ਕੇ ਵਿਖਾਇਆ। ਉਨ੍ਹਾਂ ਨੇ ਆਪਣਾ ਕਮਰਾ ਵੇਖਿਆ ਅਤੇ ਭਾਵੁਕ ਹੋ ਕੇ ਕਿਹਾ ਕਿ ਮੈਂਂ ਦਸਵੀਂ ਜਮਾਤ ’ਚ ਬੋਰਡ ਦੀ ਮੈਰਿਟ ’ਚ ਆਇਆ ਸੀ। ਮੇਰੇ ਵੱਡੇ ਭਰਾ ਵੀ ਇਸੇ ਸਕੂਲ ’ਚ ਪੜ੍ਹੇ ਹਨ, ਉਹ ਵੀ ਡਾਕਟਰ ਹਨ । ਮੇਰੀਆਂ ਭੈਣਾਂ ਲੜਕੀਆਂ ਵਾਲੇ ਸਕੂਲ ’ਚ ਪੜ੍ਹੀਆਂ ਹਨ । ਮੇਰੇ ਪਿਤਾ ਜੀ ਬਦਲੀ ਕਰਵਾ ਕੇ ਚੰਡੀਗੜ੍ਹ ਚਲੇ ਗਏ ਸਨ ਤੇ ਉੱਥੋਂ ਹੀ ਐੱਸਸੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਉਨ੍ਹਾਂ ਨੇ ਮੇਰੇ ਕੋਲੋਂ ਵਿਦਾ ਹੁੰਦੇ ਹੋਏ ਕਿਹਾ, ਸਰ ਮੈਂ ਇਸ ਸਕੂਲ ਦਾ ਕਰਜ਼ ਉਤਾਰ ਤਾਂ ਨਹੀਂ ਸਕਦਾ ਪਰ ਫੇਰ ਵੀ ਮੈਂ ਆਪਣੀ ਸਮਰਥਾ ਅਨੁਸਾਰ ਇਸ ਸਕੂਲ ਲਈ ਕੁਝ ਕਰਨਾ ਚਾਹੁੰਦਾ ਹਾਂ। ਤੁਸੀਂ ਮੇਰਾ ਮੋਬਾਇਲ ਨੰਬਰ ਲੈ ਲਓ। ਤੁਸੀਂ ਜੋ ਕੁੱਝ ਕਰਨਾ ਚਾਹੋ, ਤੁਸੀਂ ਮੈਨੂੰ ਦੱਸ ਦੇਣਾ। ਮੈਂ ਉਨ੍ਹਾਂ ਦਾ ਮੋਬਾਇਲ ਨੰਬਰ ਲੈ ਕੇ ਕਿਹਾ ਕਿ ਮੈਂ ਆਪਣੇ ਸਕੂਲ ਪ੍ਰਿੰਸੀਪਲ ਨਾਲ ਗੱਲ ਕਰਕੇ ਤੁਹਾਨੂੰ ਜ਼ਰੂਰ ਦੱਸਾਂਗਾ ।
ਮੈਂ ਸਕੂਲ ’ਚ ਕੋਈ ਕੰਮ ਕਰਵਾਉਣ ਬਾਰੇ ਸੋਚ ਹੀ ਰਿਹਾ ਸਾਂ ਕਿ ਮੈਂ ਪ੍ਰਿੰਸੀਪਲ ਦੀ ਤਰੱਕੀ ਹੋਣ ਤੋਂ ਬਾਅਦ ਕੁੜੀਆਂ ਦੇ ਸਕੂਲ ਚਲਾ ਗਿਆ। ਮੈਂ ਮਿੱਤਲ ਸਾਹਿਲ ਨੂੰ ਆਪਣੇ ਪ੍ਰਿੰਸੀਪਲ ਬਣਨ ਦੀ ਸੂਚਨਾ ਦੇ ਕੇ ਹੋਣਹਾਰ ਵਿਦਿਆਰਥਣਾਂ ਨੂੰ ਇਨਾਮ ਦੇਣ ਲਈ ਬੁਲਾ ਲਿਆ। ਉਹ ਆਪਣੇ ਪਰਿਵਾਰ ਨਾਲ ਸਾਡੇ ਸਕੂਲ ਪਹੁੰਚੇ। ਉਨ੍ਹਾਂ ਨੇ ਬੱਚਿਆਂ ਨੂੰ ਇਨਾਮ ਵੰਡਣ ਤੋਂ ਬਾਅਦ ਕਿਹਾ, ਦੱਸੋ ਤੁਸੀਂ ਆਪਣੇ ਸਕੂਲ ’ਚ ਕੀ ਕਰਵਾਉਣਾ ਚਾਹੁੰਦੇ ਹੋ? ਮੈਂ ਝਿਝਕਦੇ ਹੋਏ ਉਨ੍ਹਾਂ ਨੂੰ ਕਿਹਾ, ਸਰ ਸਕੂਲ ਦੇ ਇਸ ਰਸਤੇ ਨੂੰ ਹੋਰ ਚੰਗਾ ਬਣਾਉਣ ਲਈ ਗਿਆਰਾਂ ਹਜ਼ਾਰ ਰੁਪਏ ਦੇ ਦਿਉ ਬਾਕੀ ਸਕੂਲ ਪਾ ਲਵੇਗਾ। ਮਿੱਤਲ ਸਾਹਿਬ ਹੱਸਦੇ ਹੋਏ ਬੋਲੇ, ਪ੍ਰਿੰਸੀਪਲ ਸਾਹਿਬ, ਤੁਹਾਨੂੰ ਤਾਂ ਮੰਗਣਾ ਵੀ ਨਹੀਂ ਆਉਂਦਾ। ਉਨ੍ਹਾਂ ਨੇ ਆਪਣੀ ਪਤਨੀ ਤੋਂ ਚੈੱਕ ਬੁੱਕ ਲੈ ਕੇ ਇਕ ਚੈੱਕ ਇਕ ਲੱਖ ਰੁਪਏ ਦਾ ਕੱਟ ਕੇ ਦਿੱਤਾ ਤੇ ਕਿਹਾ, ਇਹ ਪੈਸੇ ਤੁਸੀਂ ਆਪਣੀ ਮਰਜ਼ੀ ਨਾਲ ਖ਼ਰਚ ਕਰ ਲੈਣਾ। ਦੂਜਾ ਚੈੱਕ ਉਨ੍ਹਾਂ ਨੇ ਢਾਈ ਲੱਖ ਰੁਪਏ ਦਾ ਦੇ ਕੇ ਕਿਹਾ, ਇਨ੍ਹਾਂ ਰੁਪਿਆਂ ਦੀ ਮੇਰੀ ਮਾਂ ਦੇ ਨਾਂ ਦੀ ਐੱਫਡੀ ਬਣਾ ਦਿਉ, ਇਸ ਤੋਂ ਬਿਨਾਂ ਮੈਂ ਹੋਰ ਰੁਪਏ ਵੀ ਦਿੰਦਾ ਰਹਾਂਗਾ। ਐੱਫਡੀ ਦਾ ਜੋ ਵੀ ਵਿਆਜ਼ ਆਵੇ, ਉਸ ਨਾਲ ਹੁਸ਼ਿਆਰ ਵਿਦਿਆਰਥਣਾਂ ਨੂੰ ਇਨਾਮ ਦਿੰਦੇ ਰਿਹੋ। ਮਿੱਤਲ ਸਾਹਿਬ ਦੀ ਸਹਾਇਤਾ ਨਾਲ ਮੇਰੇ ਸੁਪਨਿਆਂ ਨੂੰ ਖੰਭ ਲੱਗ ਗਏ। ਮੈਂ ਹਰ ਸਾਲ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਉਂਦਾ ਰਿਹਾ। ਮਿੱਤਲ ਸਾਹਿਬ ਦੇ ਨਾਲ ਕਿਸੇ ਕੈਬਨਿਟ ਮੰਤਰੀ ਨੂੰ ਵੀ ਬੁਲਾਉਂਦਾ ਰਿਹਾ। ਸਕੂਲ ਨੂੰ ਮੰਤਰੀ ਕੋਲੋਂ ਵੀ ਪੈਸੇ ਮਿਲ ਜਾਂਦੇ। ਮਿੱਤਲ ਸਾਹਿਬ ਵੀ ਹਰ ਸਾਲ ਸਕੂਲ ਨੂੰ ਪੈਸੇ ਦੇ ਜਾਂਦੇ। ਇੱਕ ਵੇਰ ਇਕ ਮੰਤਰੀ ਨੇ ਸਕੂਲ ਨੂੰ ਕਮਰਾ ਬਣਾਉਣ ਲਈ ਦੋ ਲੱਖ ਰੁਪਏ ਦਿੱਤੇ। ਦੋ ਲੱਖ ਰੁਪਏ ਦਾ ਕਮਰਾ ਨਹੀਂ ਬਣ ਰਿਹਾ ਸੀ। ਮੈਂ ਮੰਤਰੀ ਸਾਹਿਬ ਦੇ ਧਿਆਨ ’ਚ ਗੱਲ ਲਿਆਂਦੀ ਪਰ ਉਨ੍ਹਾਂ ਨੇ ਮੇਰੀ ਗੱਲ ਨੂੰ ਗੌਲਿਆ ਨਹੀਂ। ਕਮਰਾ ’ਚ ਹੀ ਲਟਕ ਗਿਆ। ਮੈਂ ਮਿੱਤਲ ਸਾਹਿਬ ਨੂੰ ਫ਼ੋਨ ਕਰ ਕੇ ਆਪਣੀ ਸਮੱਸਿਆ ਦੱਸੀ। ਮਿੱਤਲ ਸਾਹਿਬ ਨੇ ਅੱਗੋਂ ਕਿਹਾ, ਪ੍ਰਿੰਸੀਪਲ ਸਾਹਿਬ, ਮੈਂ ਕੁੱਝ ਹੀ ਦਿਨਾਂ ’ਚ ਤੁਹਾਡੇ ਕੋਲ਼ ਆਵਾਂਗਾ, ਤੁਹਾਨੂੰ ਕਮਰੇ ਲਈ ਰੁਪਏ ਦੇ ਦਿਆਂਗਾ ।
ਉਹ ਕੁਝ ਦਿਨਾਂ ਬਾਅਦ ਆਏ ਤੇ ਸਾਡੇ ਤਿੰਨ ਲੱਖ ਦਾ ਚੈੱਕ ਕੱਟ ਕੇ ਮੇਰੇ ਹੱਥ ਫੜਾ ਦਿੱਤਾ। ਮੈਨੂੰ ਸਮਝ ਨਾ ਆਵੇ ਕਿ ਮੈਂ ਉਸ ਫਰਿਸ਼ਤੇ ਜਿਹੇ ਇਨਸਾਨ ਦਾ ਧੰਨਵਾਦ ਕਿਨ੍ਹਾਂ ਸ਼ਬਦਾਂ ਨਾਲ ਕਰਾਂ। ਚਾਹ ਦਾ ਕੱਪ ਪੀਣ ਤੋਂ ਬਾਅਦ ਮਿੱਤਲ ਸਾਹਿਬ ਅੱਖਾਂ ’ਚ ਹੰਝੂ ਭਰ ਕੇ ਬੋਲੇ, ਪ੍ਰਿੰਸੀਪਲ ਸਾਹਿਬ, ਮੇਰੀ ਇੱਕ ਗੁਜਾਰਿਸ਼ ਹੈ, ਜੇਕਰ ਪੂਰੀ ਹੋ ਜਾਵੇ ਤਾਂ ਇਸ ਕਮਰੇ ਦਾ ਨਾਂ ਮੇਰੀ ਮਾਂ ਯਸ਼ੋਦਾ ਮਿੱਤਲ ਦੇ ਨਾਂ ’ਤੇ ਰੱਖ ਦਿਓ। ਮੇਰੀ ਅਨਪੜ੍ਹ ਮਾਂ ਨੇ ਬ੍ਰਿਗੇਡੀਅਰ ਪੁੱਤਰ ਪੈਦਾ ਕੀਤਾ ਹੈ। ਮੈਂ ਆਪਣੀ ਮਾਂ ਦਾ ਕਰਜ਼ ਉਤਾਰ ਤਾਂ ਨਹੀਂ ਸਕਦਾ ਪਰ ਉਸ ਲਈ ਇੱਕ ਛੋਟਾ ਜਿਹਾ ਉਪਰਾਲਾ ਤਾਂ ਕਰ ਸਕਦਾ ਹਾਂ। ਮੈਂ ਮਿੱਤਲ ਸਾਹਿਬ ਦੀ ਇੱਛਾ ਪੂਰੀ ਕਰ ਦਿੱਤੀ। ਮਿੱਤਲ ਸਾਹਿਬ ਜਿਹੇ ਸਰਵਣ ਪੁੱਤਰ ਘਰ-ਘਰ ਪੈਦਾ ਹੋਣੇ ਚਾਹੀਦੇ ਹਨ ਜੋ ਕਿ ਆਪਣੀ ਮਾਂ ਦੇ ਕਰਜ਼ ਨੂੰ ਯਾਦ ਰੱਖਦੇ ਹਨ। ਮਿੱਤਲ ਸਾਹਿਬ ਨੇ ਆਪਣੀ ਮਾਂ ਨੂੰ ਅਮਰ ਕਰ ਦਿੱਤਾ। ਉਹ ਕਮਰਾ ਮੇਰੇ ਸਾਹਾਂ ’ਚ ਵਸਿਆ ਹੋਇਆ ਹੈ ਤੇ ਜ਼ਿਦਗੀ ਦੇ ਆਖ਼ਰੀ ਸਾਹਾਂ ਤੱਕ ਮੈਨੂੰ ਸਕੂਨ ਪ੍ਰਦਾਨ ਕਰਦਾ ਰਹੇਗਾ। ਮਿੱਤਲ ਸਾਹਿਬ ਦੀ ਇਹ ਚੰਗਿਆਈ ਹਰ ਘਰ ਪਹੁੰਚਣੀ ਚਾਹੀਦੀ ਹੈ ਤਾਂ ਕਿ ਪੁੱਤਰਾਂ ਨੂੰ ਆਪਣੀ ਮਾਂ ਦਾ ਕਰਜ਼ ਉਤਾਰਨ ਦੀ ਪ੍ਰੇਰਣਾ ਮਿਲ ਸਕੇ । (ਸੰਪਰਕ : 98726 27136)।