- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 450 ਨੌਜਵਾਨਾਂ ਨੂੰ ਅੰਮ੍ਰਿਤਸਰ ਅੰਬੈਸਡਰ ਵਜੋਂ ਜੋੜਨ ਦੀ ਪ੍ਰਸਤਾਵਿਤ ਪਹਿਲ ਇਸ ਦਿਸ਼ਾ ’ਚ ਵਿਸ਼ੇਸ਼ ਮਹੱਤਵ ਰੱਖਦੀ ਹੈ। ਯੂਨੀਵਰਸਿਟੀ ਦਾ ਸਥਾਪਨਾ ਦਿਵਸ ਇਸ ਵਾਰ ਵਿਲੱਖਣ ਇਤਿਹਾਸਕ ਅਤੇ ਵਿਚਾਰਧਾਰਕ ਅਰਥ ਲੈ ਕੇ ਆ ਰਿਹਾ ਹੈ। ਇਹ ਸਥਾਪਨਾ ਦਿਵਸ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਦੇ ਨਾਲ-ਨਾਲ ਅੰਮ੍ਰਿਤਸਰ ਦੇ 450 ਸਾਲਾਂ ਦੇ ਸਫ਼ਰ ਨੂੰ ਸਲਾਮ ਕਰਨ, ਸ੍ਰੀ ਗੁਰੂ ਰਾਮ ਦਾਸ ਜੀ ਦੀ ਸ਼ਹਿਰ ਵਸਾਉਣ ਦੀ ਦੂਰਦਰਸ਼ੀ ਸੋਚ ਨੂੰ ਯਾਦ ਕਰਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬਸਾਂਝੀਵਾਲਤਾ ਦੇ ਸੰਦੇਸ਼ ਨੂੰ ਆਧੁਨਿਕ ਸਮਾਜ ਨਾਲ ਜੋੜਨ ਦਾ ਮੌਕਾ ਹੈ।

ਸ੍ਰੀ ਅੰਮ੍ਰਿਤਸਰ ਸਾਹਿਬ ਕੇਵਲ ਇਕ ਸ਼ਹਿਰ ਨਹੀਂ, ਸਗੋਂ ਨੂਰੀ ਵਿਚਾਰ, ਆਤਮਿਕ ਅਨੁਭਵ ਤੇ ਮਨੁੱਖਤਾ ਨੂੰ ਸਰਬਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੀ ਵਿਸ਼ਵਵਿਆਪੀ ਪਛਾਣ ਹੈ। ਸ੍ਰੀ ਗੁਰੂ ਰਾਮ ਦਾਸ ਜੀ ਵੱਲੋਂ ਵਸਾਈ ਗਈ ਇਸ ਗੁਰੂ-ਨਗਰੀ ਦੀ 450ਵੀਂ ਸਥਾਪਨਾ ਵਰ੍ਹੇਗੰਢ ਦਾ ਉਤਸ਼ਾਹ ਅੱਜ ਅੰਮ੍ਰਿਤਸਰ ਦੇ ਹਰ ਖੇਤਰ ’ਚ ਨਵੀਂ ਚੇਤਨਾ ਪੈਦਾ ਕਰ ਰਿਹਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ 57ਵਾਂ ਸਥਾਪਨਾ ਦਿਵਸ ਇਸ ਇਤਿਹਾਸਕ ਮੌਕੇ ਨੂੰ ਸਮਰਪਿਤ ਕਰਨਾ ਅਜਿਹੀ ਪਹਿਲ ਹੈ, ਜਿਸ ’ਚ ਅਤੀਤ ਦੀ ਵਿਰਾਸਤ, ਵਰਤਮਾਨ ਦੀਆਂ ਲੋੜਾਂ ਤੇ ਭਵਿੱਖ ਦੀਆਂ ਸੰਭਾਵਨਾਵਾਂ ਇੱਕੋ ਵਿਚਾਰਧਾਰਾ ’ਚ ਇਕੱਠੀਆਂ ਹੋ ਰਹੀਆਂ ਹਨ। 24 ਨਵੰਬਰ 1969 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਪਿਤ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਆਪਣੀ ਹੋਂਦ ’ਚ ਹੀ ਵਿਸ਼ੇਸ਼ ਅਧਿਆਤਮਕ ਅਤੇ ਅਕਾਦਮਿਕ ਸੰਦੇਸ਼ ਸਮਾਇਆ ਹੋਇਆ ਹੈ, ਜਿਸ ਦੇ ਮੂਲ ਅਧਾਰਾਂ ’ਚ ਜਗਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਤੇ ਸਰਬੱਤ ਦੇ ਭਲੇ ਦਾ ਧੁਰ ਦਰਗਾਹੀ ਸੰਦੇਸ਼ ਸ਼ਾਮਿਲ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੇ ਇਸ ਗੁਰੂ ਨਗਰੀ ਨੂੰ ਇੱਕ ਵਿਸ਼ਾਲ ਆਤਮਿਕ ਦ੍ਰਿਸ਼ਟੀ ਪ੍ਰਦਾਨ ਕੀਤੀ। ਇਸੇ ਨੂੰ ਆਧੁਨਿਕ ਸੰਦਰਭ ’ਚ ਅੱਗੇ ਲਿਜਾਣ ਦੀ ਜ਼ਿੰਮੇਵਾਰੀ ਅੱਜ ਦੀਆਂ ਸੰਸਥਾਵਾਂ ਅਤੇ ਸਮਾਜ ਦੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿਕਾਸ ’ਚ ਅਜਿਹੀ ਸੰਸਥਾ ਹੈ, ਜਿਸ ਦਾ ਯੋਗਦਾਨ ਕੈਂਪਸ ਦੀਆਂ ਹੱਦਾਂ ਤੋਂ ਕਿਤੇ ਵੱਡਾ ਹੈ। ਪਿਛਲੇ 57 ਸਾਲਾਂ ਦੌਰਾਨ ਯੂਨੀਵਰਸਿਟੀ ਨੇ ਹਜ਼ਾਰਾਂ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਦਾਨ ਕਰ ਕੇ ਅੰਮ੍ਰਿਤਸਰ ਨੂੰ ਗਿਆਨ ਅਤੇ ਪ੍ਰਤਿਭਾ ਦੇ ਕੇਂਦਰ ਵਜੋਂ ਵਿਕਸਿਤ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸਿੱਖਿਆ, ਵਿਗਿਆਨ, ਤਕਨਾਲੋਜੀ, ਸਾਹਿਤ, ਭਾਸ਼ਾਵਾਂ, ਖੇਡਾਂ, ਪ੍ਰਬੰਧਨ ਅਤੇ ਖੋਜ ਦੇ ਖੇਤਰਾਂ ’ਚ ਤਿਆਰ ਹੋਏ ਵਿਦਵਾਨਾਂ ਅਤੇ ਪੇਸ਼ੇਵਰਾਂ ਨੇ ਨਾ ਕੇਵਲ ਪੰਜਾਬ, ਸਗੋਂ ਦੇਸ਼ ਅਤੇ ਵਿਦੇਸ਼ਾਂ ’ਚ ਵੀ ਆਪਣੀ ਪਛਾਣ ਬਣਾਈ ਹੈ। ਯੂਨੀਵਰਸਿਟੀ ਦੇ ਸੱਭਿਆਚਾਰਕ ਅਤੇ ਯੁਵਕ ਮੇਲੇ ਅੰਮ੍ਰਿਤਸਰ ਦੀ ਕਲਾਤਮਕ ਪਛਾਣ ਨੂੰ ਰਾਸ਼ਟਰੀ ਪੱਧਰ 'ਤੇ ਉਭਾਰਦੇ ਹਨ, ਜਦਕਿ ਖੋਜ ਅਤੇ ਵਿਗਿਆਨਕ ਗਤੀਵਿਧੀਆਂ ਸ਼ਹਿਰ ਨੂੰ ਆਧੁਨਿਕ ਗਿਆਨ ਦੀਆਂ ਧਾਰਾਵਾਂ ਨਾਲ ਜੋੜਦੀਆਂ ਹਨ। ਇਸ ਵਾਰ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਅਤੇ ਹੋਰ ਸਮਾਗਮਾਂ ਨੂੰ ਅੰਮ੍ਰਿਤਸਰ ਦੀ 450ਵੀਂ ਵਰ੍ਹੇਗੰਢ ਨਾਲ ਜੋੜਨ ਦੀ ਪਹਿਲ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਦੂਰਦਰਸ਼ੀ ਸੋਚ ਦਾ ਵਿਸ਼ੇਸ਼ ਪ੍ਰਮਾਣ ਹੈ। ਉਨ੍ਹਾਂ ਦੀ ਅਗਵਾਈ ਹੇਠ ਯੂਨੀਵਰਸਿਟੀ ਦੀ ਵਰ੍ਹੇਗੰਢ ਲਈ ਸਾਲ-ਭਰ ਚੱਲਣ ਵਾਲੀਆਂ ਗਤੀਵਿਧੀਆਂ ਦੀ ਰੂਪਰੇਖਾ ਤਿਆਰ ਕੀਤੀ ਗਈ ਹੈ। ਵਰ੍ਹੇਗੰਢ ਦਾ ਸਭ ਤੋਂ ਵੱਡਾ ਲਾਭ ਉਦੋਂ ਹੋਵੇਗਾ, ਜਦੋਂ ਇਸ ਮੌਕੇ ਤੋਂ ਸ਼ਹਿਰ ਦੇ ਲੰਬੇ ਸਮੇਂ ਦੇ ਵਿਕਾਸ ਲਈ ਇੱਕ ਸਪੱਸ਼ਟ ਅਤੇ ਕਾਰਗਰ ਦਿਸ਼ਾ ਨਿਕਲੇਗੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 450 ਨੌਜਵਾਨਾਂ ਨੂੰ ਅੰਮ੍ਰਿਤਸਰ ਅੰਬੈਸਡਰ ਵਜੋਂ ਜੋੜਨ ਦੀ ਪ੍ਰਸਤਾਵਿਤ ਪਹਿਲ ਇਸ ਦਿਸ਼ਾ ’ਚ ਵਿਸ਼ੇਸ਼ ਮਹੱਤਵ ਰੱਖਦੀ ਹੈ। ਯੂਨੀਵਰਸਿਟੀ ਦਾ ਸਥਾਪਨਾ ਦਿਵਸ ਇਸ ਵਾਰ ਵਿਲੱਖਣ ਇਤਿਹਾਸਕ ਅਤੇ ਵਿਚਾਰਧਾਰਕ ਅਰਥ ਲੈ ਕੇ ਆ ਰਿਹਾ ਹੈ। ਇਹ ਸਥਾਪਨਾ ਦਿਵਸ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਦੇ ਨਾਲ-ਨਾਲ ਅੰਮ੍ਰਿਤਸਰ ਦੇ 450 ਸਾਲਾਂ ਦੇ ਸਫ਼ਰ ਨੂੰ ਸਲਾਮ ਕਰਨ, ਸ੍ਰੀ ਗੁਰੂ ਰਾਮ ਦਾਸ ਜੀ ਦੀ ਸ਼ਹਿਰ ਵਸਾਉਣ ਦੀ ਦੂਰਦਰਸ਼ੀ ਸੋਚ ਨੂੰ ਯਾਦ ਕਰਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬਸਾਂਝੀਵਾਲਤਾ ਦੇ ਸੰਦੇਸ਼ ਨੂੰ ਆਧੁਨਿਕ ਸਮਾਜ ਨਾਲ ਜੋੜਨ ਦਾ ਮੌਕਾ ਹੈ। ਅੰਮ੍ਰਿਤਸਰ ਦੀ ਮਹਾਨਤਾ ਉਸ ਦੀ ਵਿਰਾਸਤ ’ਚ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਇਸ ਭਵਿੱਖ ਦੀ ਉਸਾਰੀ ’ਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। 450 ਸਾਲਾਂ ਦੀ ਗੁਰੂ ਨਗਰੀ ਅਤੇ 57 ਸਾਲਾਂ ਦੀ ਗਿਆਨ-ਯਾਤਰਾ ਦਾ ਇਹ ਸੰਗਮ ਅੰਮ੍ਰਿਤਸਰ ਲਈ ਨਵੇਂ ਅਧਿਆਇ ਦੀ ਸ਼ੁਰੂਆਤ ਬਣੇ—ਇਹੀ ਇਸ ਸਥਾਪਨਾ ਦਿਵਸ ਦਾ ਸਭ ਤੋਂ ਵੱਡਾ ਸੰਦੇਸ਼ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਸੰਦੇਸ਼ ਤੋਂ ਪ੍ਰੇਰਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਗਿਆਨ, ਮਨੁੱਖਤਾ, ਸੇਵਾ ਅਤੇ ਨਵੀਨਤਾ ਦੀ ਜੋਤ ਜਗਾਉਂਦੀ ਰਹੇ। ਇਹ ਜੋਤ ਅੰਮ੍ਰਿਤਸਰ ਦੀ ਵਿਰਾਸਤ ਨੂੰ ਸੰਭਾਲਦਿਆਂ ਇਸ ਨੂੰ ਭਵਿੱਖ ਦੇ ਵਿਸ਼ਵ ਪੱਧਰੀ, ਆਧੁਨਿਕ ਅਤੇ ਮਨੁੱਖੀ ਮੁੱਲਾਂ ਨਾਲ ਭਰਪੂਰ ਸ਼ਹਿਰ ਵਜੋਂ ਵਿਕਸਿਤ ਕਰਨ ਵਿੱਚ ਆਪਣਾ ਯੋਗਦਾਨ ਪਾਉਂਦੀ ਰਹੇ—ਇਹੀ 57ਵੇਂ ਸਥਾਪਨਾ ਦਿਵਸ ਅਤੇ 450 ਸਾਲਾਂ ਦੀ ਗੁਰੂ ਨਗਰੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
-ਪ੍ਰਵੀਨ ਪੁਰੀ, ਡਾਇਰੈਕਟਰ ਲੋਕ ਸੰਪਰਕ। ਸੰਪਰ : 9878277423