- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨਵ-ਨਿਯੁਕਤ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦਾ ਅੱਜ ਤੋਂ ਸ਼ੁਰੂ ਹੋ ਰਿਹਾ ਤਿੰਨ ਦਿਨਾ ਪੰਜਾਬ ਦੌਰਾ ਸੂਬੇ ਦੀ ਸਿਆਸਤ ਵਿਚ ਇਕ ਨਵਾਂ ਮੋੜ ਲਿਆਉਣ ਦਾ ਸੰਕੇਤ ਹੈ। ਇਤਿਹਾਸਕ ਤੌਰ ’ਤੇ ਪੰਜਾਬ ਦੀ ਸੱਤਾ ਦਾ ਸੁਆਦ ਚੱਖਣ ਲਈ ਹਮੇਸ਼ਾ ਆਪਣੀ ਪੁਰਾਣੀ ਸਹਿਯੋਗੀ ਪਾਰਟੀ ਸ਼੍ਰੋਮਣੀ ਅਕਾਲੀ ਦਲ ’ਤੇ ਨਿਰਭਰ ਰਹਿਣ ਵਾਲੀ ਭਾਜਪਾ ਨੇ ਹੁਣ ਆਪਣੇ ਇਰਾਦੇ ਸਾਫ਼ ਕਰ ਦਿੱਤੇ ਹਨ। ਪਾਰਟੀ ਹੁਣ ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਸੁਤੰਤਰ ਰੂਪ ਨਾਲ ਚੋਣ ਲੜ ਕੇ ਆਪਣੇ ਦਮ ’ਤੇ ਬਹੁਮਤ ਦੀ ਸਰਕਾਰ ਬਣਾਉਣ ਦੀ ਚਾਹਵਾਨ ਹੈ।

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨਵ-ਨਿਯੁਕਤ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦਾ ਅੱਜ ਤੋਂ ਸ਼ੁਰੂ ਹੋ ਰਿਹਾ ਤਿੰਨ ਦਿਨਾ ਪੰਜਾਬ ਦੌਰਾ ਸੂਬੇ ਦੀ ਸਿਆਸਤ ਵਿਚ ਇਕ ਨਵਾਂ ਮੋੜ ਲਿਆਉਣ ਦਾ ਸੰਕੇਤ ਹੈ। ਇਤਿਹਾਸਕ ਤੌਰ ’ਤੇ ਪੰਜਾਬ ਦੀ ਸੱਤਾ ਦਾ ਸੁਆਦ ਚੱਖਣ ਲਈ ਹਮੇਸ਼ਾ ਆਪਣੀ ਪੁਰਾਣੀ ਸਹਿਯੋਗੀ ਪਾਰਟੀ ਸ਼੍ਰੋਮਣੀ ਅਕਾਲੀ ਦਲ ’ਤੇ ਨਿਰਭਰ ਰਹਿਣ ਵਾਲੀ ਭਾਜਪਾ ਨੇ ਹੁਣ ਆਪਣੇ ਇਰਾਦੇ ਸਾਫ਼ ਕਰ ਦਿੱਤੇ ਹਨ। ਪਾਰਟੀ ਹੁਣ ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਸੁਤੰਤਰ ਰੂਪ ਨਾਲ ਚੋਣ ਲੜ ਕੇ ਆਪਣੇ ਦਮ ’ਤੇ ਬਹੁਮਤ ਦੀ ਸਰਕਾਰ ਬਣਾਉਣ ਦੀ ਚਾਹਵਾਨ ਹੈ। ਪੱਛਮੀ ਬੰਗਾਲ ਵਰਗੇ ਚੁਣੌਤੀਪੂਰਨ ਸੂਬੇ ਵਿਚ ਆਪਣੀ ਸਿਆਸੀ ਜ਼ਮੀਨ ਮਜ਼ਬੂਤ ਕਰਨ ਤੋਂ ਬਾਅਦ ਹੁਣ ਭਾਜਪਾ ਦੇ ਨੀਤੀਘਾੜੇ ਤੇ ਆਰਐੱਸਐੱਸ ਦਾ ਥਿੰਕ ਟੈਂਕ ਚੰਡੀਗੜ੍ਹ ਤੋਂ ਦਿੱਲੀ ਤੱਕ ਪੰਜਾਬ ਦੇ ਜਟਿਲ ਸਮਾਜਿਕ-ਸਿਆਸੀ ਤਾਣੇ-ਬਾਣੇ ਨੂੰ ਸਮਝਣ ਲਈ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਪੰਜਾਬ ਨੂੰ ਫ਼ਤਿਹ ਕਰਨਾ ਕਿਸੇ ਵੀ ਹੋਰ ਰਾਜ ਦੀ ਚੋਣ ਜਿੱਤਣ ਵਰਗਾ ਸਾਧਾਰਨ ਕੰਮ ਨਹੀਂ ਹੈ। ਪੰਜਾਬ ਦੇ ਲੋਕਾਂ ਦੇ ਦਿਲਾਂ ਵਿਚ ਘਰ ਕਰ ਚੁੱਕੇ ਖੇਤਰੀ ਮਸਲਿਆਂ ਦਾ ਸੁਹਿਰਦ ਹੱਲ ਕੱਢਣ ਦੀ ਲੋੜ ਹੈ। ਜੇ ਭਾਜਪਾ ਸੱਚਮੁੱਚ ਪੰਜਾਬੀ ਵੋਟਰਾਂ ਦਾ ਭਰੋਸਾ ਜਿੱਤਣਾ ਚਾਹੁੰਦੀ ਹੈ ਤਾਂ ਇਸ ਦੀ ਕੇਂਦਰੀ ਲੀਡਰਸ਼ਿਪ ਨੂੰ ਪਹਿਲ ਦੇ ਆਧਾਰ ’ਤੇ ਕੇਂਦਰ ਸਰਕਾਰ ਕੋਲੋਂ ਪੰਜਾਬ ਦੇ ਲੰਬੇ ਸਮੇਂ ਤੋਂ ਲਟਕ ਰਹੇ ਮਸਲਿਆਂ ਨੂੰ ਹੱਲ ਕਰਵਾਉਣਾ ਪਵੇਗਾ।
ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਦੇ ਪੇਂਡੂ ਵਿਕਾਸ ਫੰਡ ਦੇ ਰੋਕੇ ਹੋਏ ਪੈਸੇ ਨੂੰ ਰਿਲੀਜ਼ ਕਰਨਾ ਅਤੇ ਬੀਬੀਐੱਮਬੀ ’ਚ ਪੰਜਾਬ ਦੇ ਹੱਕਾਂ ਦੀ ਰਾਖੀ ਵਰਗੇ ਲੰਬੇ ਸਮੇਂ ਤੋਂ ਲਟਕ ਰਹੇ ਮੁੱਦੇ ਪੰਜਾਬੀਆਂ ਅੰਦਰ ਕੇਂਦਰ ਪ੍ਰਤੀ ਬੇਗਾਨਗੀ ਦੀ ਭਾਵਨਾ ਪੈਦਾ ਕਰਦੇ ਹਨ। ਜਦੋਂ ਤੱਕ ਇਨ੍ਹਾਂ ਦਾ ਤਸੱਲੀਬਖ਼ਸ਼ ਹੱਲ ਨਹੀਂ ਹੁੰਦਾ, ਉਦੋਂ ਤੱਕ ਵੋਟਰਾਂ ਨੂੰ ਲੁਭਾਉਣਾ ਮੁਸ਼ਕਲ ਹੋਵੇਗਾ। ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਲੰਬੇ ਸੰਘਰਸ਼ ਤੋਂ ਬਾਅਦ ਭਾਵੇਂ ਕਾਨੂੰਨ ਵਾਪਸ ਲੈ ਲਏ ਗਏ ਸਨ ਪਰ ਕਿਸਾਨੀ ਵਰਗ ਦੇ ਮਨਾਂ ਵਿਚ ਅਜੇ ਵੀ ਗੁੱਸਾ ਅਤੇ ਬੇਭਰੋਸਗੀ ਕਾਇਮ ਹੈ। ਫ਼ਸਲਾਂ ਦੀ ਐੱਮਐੱਸਪੀ ਦੀ ਪੂਰੀ ਗਾਰੰਟੀ ਨਾ ਮਿਲਣ ਕਾਰਨ ਪੇਂਡੂ ਪੰਜਾਬ ਵਿਚ ਭਾਜਪਾ ਲਈ ਸਿਆਸੀ ਪੱਖੋਂ ਪੈਰ ਜਮਾਉਣੇ ਵੱਡੀ ਚੁਣੌਤੀ ਹੈ। ਪਾਰਟੀ ਦੀ ਰਣਨੀਤੀ ਵਿਚ ਬਦਲਾਅ ਇਸ ਗੱਲ ਤੋਂ ਸਾਫ਼ ਝਲਕਦਾ ਹੈ ਕਿ ਪੰਜਾਬ ਭਾਜਪਾ ਦੀ ਕਮਾਨ ਕੇਵਲ ਸਿੰਘ ਢਿੱਲੋਂ ਨੂੰ ਸੌਂਪੀ ਗਈ ਹੈ। ਸੁਨੀਲ ਜਾਖੜ ਵਰਗੇ ਤਜਰਬੇਕਾਰ ਨੇਤਾਵਾਂ ਦੀ ਸਿਆਸੀ ਸੂਝ-ਬੂਝ ਨੇ ਵੀ ਪਾਰਟੀ ਨੂੰ ਇਹ ਸੋਚਣ ਲਈ ਮਜਬੂਰ ਕੀਤਾ ਕਿ ਪੰਜਾਬ ਵਿਚ ਵੋਟ ਬੈਂਕ ਨੂੰ ਖਿੱਚਣ ਲਈ ਇਕ ਸਿੱਖ ਚਿਹਰੇ ਨੂੰ ਅੱਗੇ ਲਿਆਉਣਾ ਬੇਹੱਦ ਜ਼ਰੂਰੀ ਹੈ। ਭਾਜਪਾ ਦੇ ਨੀਤੀਘਾੜੇ ਹੁਣ ਸੂਬੇ ਵਿਚ ਸਿਰਫ਼ ‘ਡਬਲ ਇੰਜਨ’ ਦੀ ਗੱਲ ਨਹੀਂ ਕਰ ਰਹੇ, ਸਗੋਂ ਉਹ ‘ਬੁਲਟ ਇੰਜਨ’ ਦਾ ਨਾਅਰਾ ਦੇ ਰਹੇ ਹਨ ਤਾਂ ਜੋ ਪੰਜਾਬ ਨੂੰ ਆਰਥਿਕ ਤੇ ਉਦਯੋਗਿਕ ਮੰਦਹਾਲੀ ਵਿੱਚੋਂ ਤੇਜ਼ੀ ਨਾਲ ਬਾਹਰ ਕੱਢਿਆ ਜਾ ਸਕੇ। ਨਿਤਿਨ ਨਬੀਨ ਦੇ ਇਸ ਦੌਰੇ ਦੀ ਸ਼ੁਰੂਆਤ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਨਾਲ ਹੋ ਰਹੀ ਹੈ ਜਿਸ ਤੋਂ ਬਾਅਦ ਉਹ ਜਲੰਧਰ ਤੇ ਹੋਰ ਸ਼ਹਿਰਾਂ ਵਿਚ ਪਾਰਟੀ ਵਰਕਰਾਂ, ਸੀਨੀਅਰ ਆਗੂਆਂ ਅਤੇ ਨੌਜਵਾਨਾਂ ਨਾਲ ‘ਯੂਥ ਕਨਕਲੇਵ’ ਰਾਹੀਂ ਮੁਲਾਕਾਤਾਂ ਕਰਨਗੇ। ਇਹ ਵਿਆਪਕ ਰੂਪ-ਰੇਖਾ ਦੱਸਦੀ ਹੈ ਕਿ ਭਾਜਪਾ ਇਸ ਵਾਰ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ। ਪਰ ਅਸਲ ਪ੍ਰੀਖਿਆ ਇਸ ਗੱਲ ਦੀ ਹੋਵੇਗੀ ਕਿ ਜੇ ਭਾਜਪਾ ਪੰਜਾਬ ਦੇ ਸਰੋਕਾਰਾਂ ਦੀ ਸੱਚੀ ਹਮਦਰਦ ਬਣ ਕੇ ਸਾਹਮਣੇ ਆਉਂਦੀ ਹੈ ਤਾਂ ਆਸ ਬੱਝ ਸਕਦੀ ਹੈ, ਨਹੀਂ ਤਾਂ ਗੱਠਜੋੜ ਵੀ ਬਦਲ ਹੋ ਸਕਦਾ ਹੈ। ਜਦੋਂ ਤੱਕ ਕੇਂਦਰ ਸਰਕਾਰ ਪੰਜਾਬ ਦੇ ਦਰਦ ਨੂੰ ਸਮਝ ਕੇ ਇਸ ਦੇ ਮਸਲੇ ਹੱਲ ਨਹੀਂ ਕਰਦੀ, ਉਦੋਂ ਤੱਕ ਪੰਜਾਬ ਵਿਚ ਭਗਵਾ ਪਾਰਟੀ ਲਈ ਬਹੁਮਤ ਦਾ ਸੁਪਨਾ ਸ਼ਾਇਦ ਮ੍ਰਿਗਤ੍ਰਿਸ਼ਨਾ ਹੀ ਬਣਿਆ ਰਹੇਗਾ।