- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਕ ਗਾਥਾਵਾਂ ਤੇ ਲੋਕਧਾਰਾ ਵਿਚ ਕਲ਼ਕਲ਼ ਵਹਿੰਦਾ ਪੰਜ-ਆਬ ਅਤੇ ਹਕੀਕੀ ਪੰਜਾਬ ਦਰਮਿਆਨ ਵੱਡਾ ਖੱਪਾ ਪੈ ਚੁੱਕਾ ਹੈ। ‘ਅਤੀਤ ਦੇ ਸੂਰਮਗਤੀ ਵਾਲੇ ਕਿੱਸਿਆਂ ’ਤੇ ਗੁਮਾਨ ਕਰਦਾ ਪੰਜਾਬ ਰੋਜ਼ਮਰ੍ਹਾ ਦੇ ਕਈ ਖ਼ੌਫ਼ਨਾਕ ਮੰਜ਼ਿਰਾਂ ਸੰਗ ਜੂਝ ਰਿਹਾ ਹੈ। ਹਰੇ ਇਨਕਲਾਬ ਨੇ ਇਸ ਦੇ ਪੌਣ-ਪਾਣੀ ਨੂੰ ਪਲੀਤ ਕੀਤਾ ਹੈ ਤਾਂ ਡੇਢ ਦਹਾਕਾ ਚੱਲੇ ਖਾੜਕੂਵਾਦ ਨੇ ਇਸ ਦੇ ਅਰਥਚਾਰੇ ਤੇ ਰਾਜ-ਪ੍ਰਬੰਧ ਨੂੰ ਅਸਤ-ਵਿਅਸਤ ਕਰ ਦਿੱਤਾ ਹੈ।

ਲੋਕ ਗਾਥਾਵਾਂ ਤੇ ਲੋਕਧਾਰਾ ਵਿਚ ਕਲ਼ਕਲ਼ ਵਹਿੰਦਾ ਪੰਜ-ਆਬ ਅਤੇ ਹਕੀਕੀ ਪੰਜਾਬ ਦਰਮਿਆਨ ਵੱਡਾ ਖੱਪਾ ਪੈ ਚੁੱਕਾ ਹੈ। ‘ਅਤੀਤ ਦੇ ਸੂਰਮਗਤੀ ਵਾਲੇ ਕਿੱਸਿਆਂ ’ਤੇ ਗੁਮਾਨ ਕਰਦਾ ਪੰਜਾਬ ਰੋਜ਼ਮਰ੍ਹਾ ਦੇ ਕਈ ਖ਼ੌਫ਼ਨਾਕ ਮੰਜ਼ਿਰਾਂ ਸੰਗ ਜੂਝ ਰਿਹਾ ਹੈ। ਹਰੇ ਇਨਕਲਾਬ ਨੇ ਇਸ ਦੇ ਪੌਣ-ਪਾਣੀ ਨੂੰ ਪਲੀਤ ਕੀਤਾ ਹੈ ਤਾਂ ਡੇਢ ਦਹਾਕਾ ਚੱਲੇ ਖਾੜਕੂਵਾਦ ਨੇ ਇਸ ਦੇ ਅਰਥਚਾਰੇ ਤੇ ਰਾਜ-ਪ੍ਰਬੰਧ ਨੂੰ ਅਸਤ-ਵਿਅਸਤ ਕਰ ਦਿੱਤਾ ਹੈ।’‘‘ਜਿਤ ਦੁਆਰੈ ਉਬਰੈ ਤਿਤੈ ਲੈਹ ਉਬਾਰਿ’’ ਦੀ ਸੱਦ ਦੇਣ ਵਾਲਾ ਸਿੱਖ ਧਰਮ ਵੀ ਸੰਕਟ ਦੀ ਘੜੀ ਵਿਚ ਹੈ। ਉਪਰੋਕਤ ਕਥਨ ਪੰਜਾਬ ਨੂੰ ਨਵੇਂ ਜ਼ਾਵੀਏ ਤੋਂ ਆਂਕਣ ਅਤੇ ਅਤੀਤ-ਵਰਤਮਾਨ ਵਿਚ ਪਏ ਵੱਡੇ ਪਾੜੇ ਦਾ ਮੁਲਾਂਕਣ ਕਰਨ ਵਾਲੇ ਪੱਤਰਕਾਰ ਅਤੇ ਸਾਹਿਤਕਾਰ ਅਮਨਦੀਪ ਸੰਧੂ ਦੀ ਪੁਸਤਕ, ‘ਪੰਜਾਬ-ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ’ ਦੀ ਚੋਲੀ ’ਤੇ ਉੱਕਰਿਆਂ ਮਿਲਦਾ ਹੈ। ਆਪਣੇ ‘ਦਿਲ ਦੇ ਸੁਰਾਖ਼’ ਤੇ ਇਸ ਵਿਚਲੇ ਸੱਖਣੇਪਣ ਨੂੰ ਭਰਨ ਲਈ ਉਸ ਨੇ ਖੋਜ-ਬੀਣ ਦਾ ਬੀੜਾ ਚੁੱਕਿਆ ਤੇ ਪੰਜਾਬ ਦੀ ਰੂਹ ਦੇ ਦੀਦਾਰ ਕਰਨ ਲਈ ਸਰਹੱਦੀ ਸੂਬੇ ਦੀ ਕਈ ਸਾਲ ਜ਼ਿਆਰਤ ਕੀਤੀ। ਪੰਜਾਬੀ ਕਵੀ ਤੇ ਚਿੰਤਕ ਮਨਮੋਹਨ ਅਨੁਸਾਰ ਸਾਹਿਤਕ ਪੱਤਰਕਾਰੀ ਦੀ ਰੂਪ-ਵਿਧਾ ਦੇ ਦ੍ਰਿਸ਼ਟੀਕੋਣ ਤੋਂ ਲਿਖੀ ਗਈ ਇਸ ਪੁਸਤਕ ਦਾ ਬਿਰਤਾਂਤ ਇਤਿਹਾਸਕ ਤੱਥਾਂ ’ਚੋਂ ਨਿਕਲੇ ਅਤੇ ਕੀਤੀਆਂ ਯਾਤਰਾਵਾਂ ’ਚੋਂ ਕਸ਼ੀਦੇ ਅਨੁਭਵਾਂ ਨਾਲ ਘੁਲ-ਮਿਲ ਕੇ ਜ਼ਮੀਨੀ ਹਕੀਕਤ ਤੇ ਯਥਾਰਥ ਨੂੰ ਉਘਾੜਦਾ ਹੈ। ਸੰਧੂ ਦਰਅਸਲ ਰੁੜਕੇਲੇ (ਉੜੀਸਾ) ਦਾ ਜੰਮਪਲ ਹੈ ਜਿਸ ਦੇ ਦਿਲ ਵਿਚ ਅਜੋਕੇ ਪੰਜਾਬ ਨੂੰ ਅਤੀਤ ਦੇ ਪੰਜਾਬ ਦੀ ਖਿੜਕੀ ’ਚੋਂ ਤੱਕਣ ਦੀ ਰੀਝ ਜਾਗਦੀ ਹੈ। ਆਪਣੇ ਪੁਰਖਿਆਂ ਦੀ ਮਿੱਟੀ ਪਰਵਾਸੀਆਂ ਨੂੰ ਹਮੇਸ਼ਾ ਆਵਾਜ਼ਾਂ ਮਾਰਦੀ ਆਈ ਹੈ। ਇਸ ਵੇਲੇ ਬੰਗਲੌਰ ਵਰਗੇ ਮਹਾਨਗਰ ਵਿਚ ਰਹਿ ਰਿਹਾ ਅਮਨਦੀਪ ਉਨ੍ਹਾਂ ਰਾਹਾਂ ’ਤੇ ਤੁਰ ਪੈਂਦਾ ਹੈ ਜਿਨ੍ਹਾਂ ਦੀ ਉਹ ਸਾਰ ਨਹੀਂ ਜਾਣਦਾ। ਇਹੀ ਕਾਰਨ ਹੈ ਕਿ ਉਹ ਪੰਜਾਬ ਦੀ ਪੇਸ਼ਕਾਰੀ ਤੇ ਹਕੀਕਤ ਦਰਮਿਆਨ ਪਏ ਪਾੜੇ ਦੀ ਭਾਵਪੂਰਤ ਤਸਵੀਰਕਸ਼ੀ ਕਰਨ ਵਿਚ ਕਾਮਯਾਬ ਹੁੰਦਾ ਹੈ। ਉਸ ਵੱਲੋਂ ਪੇਸ਼ ਕੀਤੇ ਗਏ ਸਮਕਾਲੀ ਪੰਜਾਬ ਦਾ ਬਿਰਤਾਂਤ ਬੇਜੋੜ ਹੈ। ਭੂਮਿਕਾ ਦਾ ਆਗ਼ਾਜ਼ ‘‘ਜੇ ਤੂੰ ਪੰਜਾਬ ਨੂੰ ਜਾਨਣਾ ਚਾਹੁੰਦੈਂ ਤਾਂ ਲਾਸ਼ਾਂ ਗਿਣਨ ਲਈ ਤਿਆਰ ਹੋ ਜਾ’’ ਦਿਲ ਨੂੰ ਧੂਹ ਪਾਉਂਦਾ ਹੈ। ਅਤੀਤ ਨੂੰ ਫਰੋਲਣ ਲਈ ਉਹ ਜ਼ਹੀਨ ਫੋਟੋਗ੍ਰਾਫਰ ਸੱਤਪਾਲ ਦਾਨਿਸ਼ ਵੱਲੋਂ ਖਿੱਚੀਆਂ ਹੋਈਆਂ ਮੂੰਹ ਬੋਲਦੀਆਂ ਤਸਵੀਰਾਂ ਦਾ ਮੁਤਾਲਿਆ ਕਰਦਾ ਹੈ। ਦਾਨਿਸ਼ ਨੇ ਕੈਮਰੇ ਦੀ ਅੱਖ ਥਾਣੀਂ ਪੰਜਾਬ ਨੂੰ ਵੱਖੋ-ਵੱਖ ਜ਼ਾਵੀਏ ਤੋਂ ਦੇਖਿਆ ਹੈ। ਵਾਕਈ ਉਸ ਨੇ ਪਿਛਲੇ ਚਾਰ ਦਹਾਕਿਆਂ ਦੌਰਾਨ ਵਾਪਰੀਆਂ ਇਤਿਹਾਸਕ ਘਟਨਾਵਾਂ ਨੂੰ ਆਪਣੀਆਂ ਤਸਵੀਰਾਂ ਵਿਚ ਸਹੇਜਿਆ ਹੈ। ਅਜਿਹੀ ਇਕ ਤਸਵੀਰ ਸ੍ਰੀ ਅਕਾਲ ਤਖ਼ਤ ਦੀ ਹੈ। ਸਾਕਾ ਨੀਲਾ ਤਾਰਾ ਵੇਲੇ ਬੁਰੀ ਤਰ੍ਹਾਂ ਢਹਿ-ਢੇਰੀ ਹੋਈ ਸ੍ਰੀ ਅਕਾਲ ਤਖ਼ਤ ਦੀ ਇਮਾਰਤ ਨੂੰ ‘ਸਰਕਾਰੀ ਕਾਰ ਸੇਵਾ’ ਰਾਹੀਂ ਨਵਾਂ ਰੂਪ ਦਿੱਤਾ ਗਿਆ ਸੀ ਤਾਂ ਸ਼੍ਰੋਮਣੀ ਕਮੇਟੀ ਨੇ ਇਸ ਨੂੰ ਪ੍ਰਵਾਨ ਨਹੀਂ ਸੀ ਕੀਤਾ। ਫ਼ੈਸਲਾ ਹੋਇਆ ਕਿ ਨਵੀਂ ਇਮਾਰਤ ਨੂੰ ਢਾਹ ਕੇ ਮਰਿਆਦਾ ਅਨੁਸਾਰ ‘ਕਾਰ ਸੇਵਾ’ ਰਾਹੀਂ ਉਸ ਨੂੰ ਮੁੜ ਉਸਾਰਿਆ ਜਾਵੇਗਾ। ਗੈਂਤੀਆਂ ਨਾਲ ਪੁਰਾਤਨ ਥੜ੍ਹੇ ਨੂੰ ਢਾਹੁਣ ਵੇਲੇ ਦੀ ਤਸਵੀਰ ਨੂੰ ਦਾਨਿਸ਼ ਨੇ ਕੈਮਰੇ ਵਿਚ ਕੈਦ ਕਰ ਲਿਆ ਸੀ। ਉਸ ਵੇਲੇ ਕੁਝ ਸੂਝਵਾਨ ਸੱਜਣਾਂ ਦੇ ਦਖ਼ਲ ਦੇਣ ’ਤੇ ਪੁਰਾਤਨ ਥੜ੍ਹਾ ਬਚ ਗਿਆ ਸੀ। ਇਹ ਤਸਵੀਰ ਚੀਖ਼-ਚੀਖ਼ ਕੇ ਕਹਿ ਰਹੀ ਸੀ ਕਿ ਕਿਵੇਂ ਅਸੀਂ ਖ਼ੁਦ ਆਪਣੀਆਂ ਵਿਰਾਸਤੀ ਇਮਾਰਤਾਂ ਨੂੰ ਗੈਂਤੀਆਂ-ਹਥੌੜਿਆਂ ਨਾਲ ਤੋੜ-ਭੰਨ ਕੇ ਮਰਮਰੀ ਇਮਾਰਤਾਂ ਉਸਾਰੀਆਂ ਹਨ। ਅੱਜ ਸਾਡੀ ਪੀੜ੍ਹੀ ਪੁਰਾਤਨ ਇਮਾਰਤਾਂ ਨੂੰ ਨਿਹਾਰਨ ਲਈ ਤਰਸ ਰਹੀ ਹੈ ਜਿਨ੍ਹਾਂ ਨਾਲ ਸਾਡੀ ਅਮੀਰ ਵਿਰਾਸਤ ਜੁੜੀ ਹੋਈ ਹੈ। ਤਾਂਤੀ ਸਾਜ਼ ਜੇ ਕਿਧਰੇ ਦਿਖਾਈ ਦਿੰਦੇ ਹਨ ਤਾਂ ਉਨ੍ਹਾਂ ’ਚੋਂ ਇਲਾਹੀ ਧੁਨਾਂ ਕੱਢਣ ਵਾਲਾ ਵਿਰਲਾ-ਟਾਵਾਂ ਹੀ ਦਿਖਾਈ ਦਿੰਦਾ ਹੈ। ‘ਤੇਰਾ ਤੇਰਾ ਤੋਲਣ ਵਾਲੀ ਤੱਕੜੀ ਤੇ ਉਹ ਵੱਟੇ ਮੌਲਿਕ ਰੂਪ ਵਿਚ ਦਿਖਾਈ ਨਹੀਂ ਦਿੰਦੇ। ਬੇਬੇ ਨਾਨਕੀ ਦਾ ਸਦੀਆਂ ਪੁਰਾਣਾ (ਪੰਜਾਬ ਦਾ ਸਭ ਤੋਂ ਪ੍ਰਾਚੀਨ ਘਰ) ਵੀ ਕਾਰ ਸੇਵਾ ਦੀ ਭੇਟ ਚੜ੍ਹ ਗਿਆ। ਜਿੱਧਰ ਜਾਓ, ਮਕਰਾਨੇ ਦਾ ਮਰਮਰ ਨਜ਼ਰੀਂ ਆਉਂਦਾ ਹੈ। ਗੁਰੂ ਨਗਰੀ ਅੰਮ੍ਰਿਤਸਰ ਵਿਚ ਵੀ ਟਾਵੀਂ-ਟਾਵੀਂ ਪੁਰਾਤਨ ਇਮਾਰਤ ਬਚੀ ਹੈ। ਅਮਨਦੀਪ ਕਹਿੰਦਾ ਹੈ ਕਿ, ‘‘ਜਿਵੇਂ ਕਿ ਰੂਹਾਨੀ ਥਾਵਾਂ ਬਾਰੇ ਕਿਹਾ ਜਾਂਦੈ, ਮੈਨੂੰ ਲੱਗਦੈ ਅੰਮ੍ਰਿਤਸਰ ਵੀ ਤੁਹਾਨੂੰ ਸੱਦ ਲੈਂਦਾ ਹੈ।’’ ਲੰਬੇ ਅਰਸੇ ਬਾਅਦ ਉਹ ਗੁਰੂ ਨਗਰੀ ਦੀਆਂ ਗਲੀਆਂ ਤੇ ਕੂਚੇ-ਕੱਟੜੇ ਕੱਛਦਾ ਹੈ। ਲੰਬੇ ਵਕਫ਼ੇ ਬਾਅਦ ਉਹ ਜਦੋਂ ਅੰਮ੍ਰਿਤਸਰ ਪੁੱਜਦਾ ਹੈ ਤਾਂ ਪੰਜਾਬੀ ਸੂਬਾ ਬਣੇ ਨੂੰ ਅੱਧੀ ਸਦੀ ਤੋਂ ਵੱਧ ਸਮਾਂ ਹੋ ਗਿਆ ਹੁੰਦਾ ਹੈ। ‘ਅੱਤਵਾਦੀਆਂ ਦੀਆਂ ਬੰਦੂਕਾਂ ਵੀ ਪੱਚੀ ਸਾਲ ਪਹਿਲਾਂ ਚੁੱਪ ਹੋ ਗਈਆਂ ਸਨ।’ ਉਹ ਦੇਖਣਾ ਚਾਹੁੰਦਾ ਹੈ ਕਿ ‘ਕਾਲੇ ਦਹਾਕੇ’ ਤੋਂ ਬਾਅਦ ਸੂਫ਼ੀਆਂ-ਸੰਤਾਂ ਤੇ ਗੁਰੂਆਂ-ਪੀਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਵਿਚ ਸ਼ਾਂਤੀ ਪਰਤੀ ਕਿ ਨਹੀਂ। ਦਾਨਿਸ਼ ਦੀਆਂ ਖਿੱਚੀਆਂ ਤਸਵੀਰਾਂ ਦੇ ਉਹ ਆਰ-ਪਾਰ ਝਾਕਦਾ ਹੈ ਜਿਨ੍ਹਾਂ ਵਿਚ ਟੁਕੜਾ-ਟੁਕੜਾ ਇਤਿਹਾਸ ਬੋਲਦਾ ਹੈ। ਤੇਰਾਂ ਅਪ੍ਰੈਲ 1978 ਨੂੰ ਵਾਪਰੇ ਸਿੱਖ-ਨਿਰੰਕਾਰੀ ਕਾਂਡ ਤੋਂ 1984 ਤਕ ਦੀਆਂ ਤਸਵੀਰਾਂ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਚਿਹਰੇ ਦੇ ਹਾਵ-ਭਾਵ ਬਦਲਦੇ ਦਿਖਾਈ ਦਿੰਦੇ ਹਨ। ਪਹਿਲੀਆਂ ਤਸਵੀਰਾਂ ਵਿਚ ਭਿੰਡਰਾਂਵਾਲੇ ਦੇ ਚਿਹਰੇ ’ਤੇ ਸਿਫ਼ਤੀ ਤਬਦੀਲੀ ਪੜ੍ਹੀ ਜਾ ਸਕਦੀ ਹੈ। ਅਗਲੀਆਂ ਤਸਵੀਰਾਂ ਵਿਚ ਉਸ ਦੇ ਚਿਹਰੇ ਤੇ ਹਾਵ-ਭਾਵ ਵਿਚ ਕਠੋਰਤਾ ਵਧਦੀ ਜਾਂਦੀ ਹੈ। ਅਮਨਦੀਪ ਦੀ ਤੀਖਣ ਨਜ਼ਰ ਦੱਸਦੀ ਹੈ ਕਿ ਸਮੇਂ ਦੇ ਨਾਲ-ਨਾਲ ਭਿੰਡਰਾਂਵਾਲੇ ਦੇ ਨੈਣ-ਨਕਸ਼ਾਂ ਵਿਚ ਵਧਦੀ ਕਠੋਰਤਾ ਬਹੁਤ ਕੁਝ ਗੁੱਝਾ ਦਰਸਾਉਂਦੀ ਹੈ। ਤਸਵੀਰਾਂ ਦਾ ਵਰਣਨ ਮਾਰਮਿਕ ਹੈ। ‘‘ਇਨ੍ਹਾਂ ’ਚੋਂ ਦੋ ਤਸਵੀਰਾਂ ਮੇਰੀ ਰੂਹ ਵਿਚ ਧਸ ਗਈਆਂ। ਅਕਤੂਬਰ 1982 ਦੇ ਕਿਸੇ ਦਿਨ ਖਿੱਚੀ ਪਹਿਲੀ ਫੋਟੋ ਵਿਚ ਭਿੰਡਰਾਂਵਾਲਾ ਤੇ ਲੌਂਗੋਵਾਲ ਤਾਲਾ ਮਾਰ ਕੇ ਬੰਦ ਕੀਤੇ ਦਰਵਾਜ਼ੇ ਸਾਹਮਣੇ ਪਈ ਮੰਜੀ ’ਤੇ ਬੈਠੇ ਹਨ। ਲੰਬਾ ਸਮਾਂ ਬੀਤਣ ਤੋਂ ਬਾਅਦ ਹੁਣ ਕੋਈ ਵੀ ਇਸ ਬੰਦ ਦਰਵਾਜ਼ੇ ਨੂੰ ਭਾਰਤੀ ਰਾਸ਼ਟਰ ਵੱਲ ਖੁੱਲ੍ਹਦਾ ਪ੍ਰਵੇਸ਼ ਦੁਆਰ ਕਹਿ ਸਕਦਾ ਹੈ। ਦੋਵੇਂ ਬੰਦ ਦਰਵਾਜ਼ੇ ਦੇ ਬਾਹਰ ਖੜ੍ਹੇ ਇੰਜ ਜਾਪਦੇ ਹਨ ਜਿਵੇਂ ਮਸ਼ਵਰਾ ਕਰ ਰਹੇ ਹੋਣ ਕਿ ਇਸ ਬੂਹੇ ਨੂੰ ਖੋਲ੍ਹਣਾ ਕਿੰਜ ਹੈ, ਤਾਂ ਕਿ ਪੰਜਾਬ ਦੇ ਮੁੱਦੇ ਦੇਸ਼ ਦੇ ਬਿਆਨੀਏ ਦਾ ਹਿੱਸਾ ਬਣ ਸਕਣ। ਦੂਜੀ ਫੋਟੋ ਕੁਝ ਮਹੀਨਿਆਂ ਬਾਅਦ ਸਰਦ ਰੁੱਤ ਦੀ ਹੈ। ਲੋਈਆਂ ਦੀ ਬੁੱਕਲ ਮਾਰੀ ਭਿੰਡਰਾਂਵਾਲਾ ਤੇ ਲੌਂਗੋਵਾਲ ਮੰਜੀ ’ਤੇ ਬੈਠੇ ਬਾਟੀਆਂ ਵਿਚ ਦੁੱਧ ਛਕ ਰਹੇ ਹਨ। ਖਾਣ-ਪੀਣ ਤੇ ਦੋਸਤੀ ਦੀ ਸਾਂਝ ਵਾਲੀ ਇਹ ਫੋਟੋ ਪਹਿਲੀ ਨਾਲੋਂ ਜ਼ਿਆਦਾ ਨਿੱਘੀ ਜਾਪਦੀ ਹੈ। ਪਰ ਇਸ ਵਿਚਲਾ ਤਣਾਅ ਵੀ ਪ੍ਰਤੱਖ ਦਿਖਾਈ ਦਿੰਦਾ ਹੈ। ਭਿੰਡਰਾਂਵਾਲੇ ਦੀਆਂ ਨਜ਼ਰਾਂ ਲੌਂਗੋਵਾਲ ਦੇ ਚਿਹਰੇ ’ਤੇ ਗੱਡੀਆਂ ਹੋਈਆਂ ਹਨ ਜਦਕਿ ਲੌਂਗੋਵਾਲ, ਭਿੰਡਰਾਂਵਾਲੇ ਦੀ ਬਾਟੀ ਵੱਲ ਝਾਕ ਰਿਹਾ ਹੈ। ਇਨ੍ਹਾਂ ਤਸਵੀਰਾਂ ਦੀ ਪੜ੍ਹਤ ਦੱਸਦੀ ਹੈ ਕਿ ਕਿਵੇਂ ਇਨ੍ਹਾਂ ਦੋਵਾਂ ਆਗੂਆਂ ਦਰਮਿਆਨ ਸਮੀਕਰਨ ਬਦਲ ਰਹੇ ਹਨ। ਦ੍ਰਿੜ੍ਹ ਸੰਕਲਪੀ ਭਿੰਡਰਾਂਵਾਲਾ ਭਾਰਤੀ ਸਟੇਟ ਨਾਲ ਦਸਤਪੰਜਾ ਲੈਣ ਲਈ ਤਿਆਰ-ਬਰ-ਤਿਆਰ ਹੈ ਜਦਕਿ ਲੌਂਗੋਵਾਲ, ਅਧੀਨਗੀ ਕਬੂਲ ਕਰ ਕੇ ਭਾਰਤੀ ਸਟੇਟ ਨਾਲ ਸਮਝੌਤਾ ਕਰਨ ਦੀ ਇੱਛਾ ਰੱਖਦਾ ਜਾਪਦਾ ਹੈ।’’ ਇਨ੍ਹਾਂ ਤਸਵੀਰਾਂ ਦਾ ਵੱਖਰੇ ਜ਼ਾਵੀਏ ਤੋਂ ਕੀਤਾ ਮੁਲਾਂਕਣ ਪੱਤਰਕਾਰੀ ਵਿਚ ਪੜ੍ਹੀ
ਜਾਂਦੀ ਪਰਿਭਾਸ਼ਾ ਦੀ ਪ੍ਰੋੜਤਾ ਕਰਦਾ ਹੈ ਕਿ ਇਕ ਭਾਵਪੂਰਤ ਤਸਵੀਰ ਹਜ਼ਾਰ ਸ਼ਬਦਾਂ ਦੇ ਤੁੱਲ ਹੁੰਦੀ ਹੈ। ਅਜਿਹੀਆਂ ਤਸਵੀਰਾਂ ਸਤਰਾਂ ਦੇ ਵਿਚਕਾਰ ਖ਼ਾਲੀ ਰਹਿ ਜਾਂਦੇ ਸਥਾਨ ਨੂੰ ਵੀ ਭਰ ਦਿੰਦੀਆਂ ਹਨ। ਕੁਝ ਵੀ ਅਣਕਿਹਾ ਨਹੀਂ ਰਹਿ ਜਾਂਦਾ। ਅਮਨਦੀਪ ਸੰਧੂ ਦਾ ਪੰਜਾਬ (ਪੰਜਾਬੀ ਰੂਪ ਯਾਦਵਿੰਦਰ ਸਿੰਘ ਤੇ ਮੰਗਤ ਰਾਮ) ਲਹੂ-ਭਿੱਜੀ ਤਵਾਰੀਖ਼ ਦੀਆਂ ਬਿਖਰੀਆਂ ਕਾਤਰਾਂ ਨੂੰ ਇਕੱਠਿਆਂ ਕਰ ਕੇ ਉਸ ਦੀ ਸ਼ਬਦਾਂ ਰਾਹੀਂ ਤਸਵੀਰਕਸ਼ੀ ਕਰਦਾ ਹੈ। ਇਸ ਤਸਵੀਰ ਵਿਚ 1947 ਦੀ ਵੰਡ ਨਾਲ ਲਹੂ-ਲੁਹਾਣ ਹੋਏ ਪੰਜਾਬ ਦੇ ਨਕਸ਼ੇ ਦਾ ਜ਼ਿਕਰ ਹੈ। ਸੰਨ 1966 ਵਿਚ ਪੰਜਾਬ ਦੀ ਇਕ ਹੋਰ ਤਕਸੀਮ ਹੋਈ ਜਿਸ ਦੇ ਨਾਲ ਇਸ ਦਾ ਆਕਾਰ ਸੁੰਗੜ ਕੇ ਦਿਲ ਦੀ ਸ਼ਕਲ ਦਾ ਰਹਿ ਗਿਐ। ਹੁਣ ਇਹ ਆਪਣੇ ਅਸਲੀ ਆਕਾਰ ਦੇ ਸੱਤਵੇਂ ਹਿੱਸੇ ਦੇ ਬਰਾਬਰ ਹੈ। ਅਮਨਦੀਪ ਅਨੁਸਾਰ ਬਟਵਾਰੇ ਨੇ ਸਾਂਝੀ ਜ਼ੁਬਾਨ ਬੋਲਣ ਵਾਲੇ ਪੰਜਾਬੀਆਂ ਤੇ ਉਨ੍ਹਾਂ ਦੀ ਸਾਂਝੀਵਾਲਤਾ ਵਾਲੀ ਰਹਿਤਲ ਵਿੱਚੋਂ ਪਣਪੀ ਪੰਜਾਬੀਅਤ ਨੂੰ ਲੀਰੋ-ਲੀਰ ਕਰ ਦਿੱਤੈ ਤੇ ਇੱਥੋਂ ਦੀ ਲੋਕਾਈ ਨੂੰ ਪੱਕੇ ਤੌਰ ’ਤੇ ਹਿੰਦੂ, ਮੁਸਲਿਮ ਤੇ ਸਿੱਖ ਵਿਚ ਵੰਡ ਦਿੱਤੈ। ਇਹ ਪੰਜ-ਆਬਾਂ ਦੀ ਧਰਤੀ ਦੀ ਸਭ ਤੋਂ ਵੱਡੀ ਤ੍ਰਾਸਦੀ ਹੈ ਜਿਸ ਨਾਲ ਸਮੇਂ ਨੇ ਕਦੇ ਇਨਸਾਫ਼ ਨਹੀਂ ਕੀਤਾ।
ਵਰਿੰਦਰ ਸਿੰਘ ਵਾਲੀਆ
ਸੰਪਾਦਕ