- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਪਨੇ ਕੱਚ ਵਾਂਗ ਹੁੰਦੇ ਹਨ। ਇਕ ਝਟਕਾ ਲੱਗੇ ਤੇ ਚਕਨਾਚੂਰ ਹੋ ਜਾਂਦੇ ਹਨ ਪਰ ਜੇ ਕਿਸੇ ਦੇਸ਼ ਕੋਲ ਸਾਧਨ ਹਨ, ਨੀਤੀਆਂ ਬਣਾਉਣ ਦੀ ਸਮਰੱਥਾ ਹੈ ਤੇ ਨੌਜਵਾਨਾਂ ’ਤੇ ਭਰੋਸਾ ਹੈ ਤਾਂ ਉਸ ਦਾ ਕੰਮ ਸੁਪਨਿਆਂ ਨੂੰ ਟੁੱਟਣ ਤੋਂ ਬਚਾਉਣਾ ਹੋਣਾ ਚਾਹੀਦਾ ਹੈ। ਮੈਡੀਕਲ ਦੀ ਪੜ੍ਹਾਈ ਮਹਿੰਗੀ ਹੈ, ਇਹ ਹਕੀਕਤ ਹੈ ਪਰ ਡਾਕਟਰ ਬਣਨ ਦਾ ਸੁਪਨਾ ਮਹਿੰਗਾ ਹੋਣਾ ਲਾਜ਼ਮੀ ਨਹੀਂ। ਸਰਕਾਰ ਜੇ ਅੱਜ ਇਕ ਹੋਣਹਾਰ ਬੱਚੇ ਨੂੰ ਪੜ੍ਹਨ ਲਈ ਪੈਸਾ ਦਿੰਦੀ ਹੈ ਤੇ ਉਹੀ ਬੱਚਾ ਕੱਲ੍ਹ ਆਪਣੀ ਆਮਦਨ ਵਿੱਚੋਂ ਉਸ ਪੈਸੇ ਦਾ ਹਿੱਸਾ ਵਾਪਸ ਕਰਦਾ ਹੈ, ਤਾਂ ਇਹ ਖ਼ਰਚ ਨਹੀਂ, ਦੇਸ਼ ਦੇ ਭਵਿੱਖ ਵਿਚ ਪਾਇਆ ਬੀਜ ਹੈ।

.jpg)
ਇੰਦਰਪ੍ਰੀਤ ਸਿੰਘ
ਕਈ ਖ਼ਬਰਾਂ ਅਖ਼ਬਾਰ ਦੇ ਸਫ਼ੇ ’ਤੇ ਛਪਦੀਆਂ ਹਨ ਤੇ ਅਗਲੇ ਦਿਨ ਪੁਰਾਣੀਆਂ ਹੋ ਜਾਂਦੀਆਂ ਹਨ ਪਰ ਕੁਝ ਖ਼ਬਰਾਂ ਅਜਿਹੀਆਂ ਹੁੰਦੀਆਂ ਹਨ ਜੋ ਸਫ਼ੇ ਤੋਂ ਉਤਰ ਕੇ ਸਿੱਧੀਆਂ ਜ਼ਮੀਰ ਦੇ ਦਰਵਾਜ਼ੇ ’ਤੇ ਦਸਤਕ ਦਿੰਦੀਆਂ ਹਨ। ‘ਫੀਸ ਅੱਗੇ ਢਹਿ-ਢੇਰੀ ਹੋਏ ਸੁਪਨੇ’ ਵੀ ਅਜਿਹੀ ਹੀ ਇਕ ਖ਼ਬਰ ਹੈ। ਨੀਟ ਵਰਗੀ ਔਖੀ ਪ੍ਰੀਖਿਆ ਪਾਸ ਕਰਕੇ ਡਾਕਟਰ ਬਣਨ ਦੀ ਦਹਿਲੀਜ਼ ਤੱਕ ਪਹੁੰਚਿਆ ਕੋਈ ਬੱਚਾ ਜਦੋਂ ਦਾਖ਼ਲਾ ਫੀਸ ਦੇ ਅੰਕੜੇ ਸਾਹਮਣੇ ਆਉਣ ’ਤੇ ਆਪਣੇ ਸੁਪਨੇ ਨੂੰ ਅੱਖਾਂ ਸਾਹਮਣੇ ਦਮ ਤੋੜਦਾ ਵੇਖਦਾ ਹੈ ਤਾਂ ਇਹ ਸਿਰਫ਼ ਇਕ ਪਰਿਵਾਰ ਦੀ ਤ੍ਰਾਸਦੀ ਨਹੀਂ ਹੁੰਦੀ।
ਇਹ ਉਸ ਪ੍ਰਬੰਧ ’ਤੇ ਇਕ ਵੱਡਾ ਸਵਾਲ ਹੁੰਦਾ ਹੈ, ਜਿਹੜਾ ਬੱਚੇ ਦੀ ਕਾਬਲੀਅਤ ਨੂੰ ਤਾਂ ਪਰਖਦਾ ਹੈ ਪਰ ਉਸ ਦੇ ਮਾਪਿਆਂ ਦੀ ਜੇਬ ਨੂੰ ਵੀ ਨਾਲੋ-ਨਾਲ ਪਰਖਣ ਲੱਗ ਪੈਂਦਾ ਹੈ। ਸੋਚੋ, ਇਕ ਬੱਚਾ ਸਾਲਾਂ ਤੱਕ ਕਿਤਾਬਾਂ ਨਾਲ ਮੱਥਾ ਮਾਰਦਾ ਹੈ। ਰਾਤਾਂ ਨੂੰ ਜਾਗਦਾ ਹੈ। ਕੋਚਿੰਗ ਦੀਆਂ ਫੀਸਾਂ ਲਈ ਮਾਪੇ ਆਪਣਾ ਢਿੱਡ ਕੱਟਦੇ ਹਨ। ਘਰ ’ਚ ਇੱਕੋ ਗੱਲ ਹੁੰਦੀ ਹੈ-‘ਪੁੱਤ ਡਾਕਟਰ ਬਣ ਜਾਵੇ।’ ਫਿਰ ਇਕ ਦਿਨ ਨੀਟ ਦਾ ਨਤੀਜਾ ਆਉਂਦਾ ਹੈ। ਬੱਚਾ ਪਾਸ ਹੋ ਜਾਂਦਾ ਹੈ। ਘਰ ’ਚ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਲੱਗਦਾ ਹੈ ਜਿਵੇਂ ਸਾਲਾਂ ਦੀ ਤਪੱਸਿਆ ਨੂੰ ਫਲ ਲੱਗ ਗਿਆ ਹੋਵੇ ਪਰ ਖ਼ੁਸ਼ੀ ਦੇ ਇਸ ਦੀਵੇ ’ਤੇ ਅਚਾਨਕ ਫੀਸ ਦਾ ਹਨੇਰਾ ਛਾ ਜਾਂਦਾ ਹੈ। ਉੱਥੇ ਪਤਾ ਲੱਗਦਾ ਹੈ ਕਿ ਪ੍ਰੀਖਿਆ ਪਾਸ ਕਰਨਾ ਇਕ ਇਮਤਿਹਾਨ ਸੀ ਪਰ ਡਾਕਟਰ ਬਣਨਾ ਅਜੇ ਬਾਕੀ ਹੈ ਤੇ ਇਸ ਦੂਜੇ ਇਮਤਿਹਾਨ ’ਚ ਕਈ ਵਾਰ ਕਿਤਾਬਾਂ ਨਹੀਂ, ਪੈਸਾ ਜਿੱਤਦਾ ਹੈ। ਮੈਡੀਕਲ ਸਿੱਖਿਆ ਦਾ ਖ਼ਰਚ ਅੱਜ ਆਮ ਪਰਿਵਾਰ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ। ਸਰਕਾਰੀ ਮੈਡੀਕਲ ਕਾਲਜਾਂ ਦੀਆਂ ਸੀਟਾਂ ਸੀਮਤ ਹਨ, ਜਦਕਿ ਨਿੱਜੀ ਸੰਸਥਾਵਾਂ ਦੀਆਂ ਫੀਸਾਂ ਕਈ ਪਰਿਵਾਰਾਂ ਲਈ ਅਸਮਾਨ ਨੂੰ ਛੂਹਦੀਆਂ ਹਨ।
ਇਕ ਮੱਧ-ਵਰਗੀ ਮਾਂ-ਬਾਪ ਦੀ ਸਾਰੀ ਉਮਰ ਦੀ ਕਮਾਈ ਕੋਈ ਖ਼ਜ਼ਾਨਾ ਨਹੀਂ ਹੁੰਦੀ। ਘਰ ਦੀਆਂ ਕਿਸ਼ਤਾਂ, ਬੱਚਿਆਂ ਦੀ ਪੜ੍ਹਾਈ, ਰੋਟੀ-ਕੱਪੜਾ, ਬਿਮਾਰੀ-ਦਵਾਈ ਤੇ ਬੁਢਾਪੇ ਦੀ ਚਿੰਤਾ, ਇਨ੍ਹਾਂ ਸਭ ਦੇ ਵਿਚਕਾਰ ਜੇ ਮੈਡੀਕਲ ਦੀ ਫੀਸ ਲੱਖਾਂ ਰੁਪਏ ਹੋਵੇ ਤਾਂ ਕਈ ਵਾਰ ਪਰਿਵਾਰ ਦੇ ਹੱਥ ਪੈਰ ਫੁੱਲ ਜਾਂਦੇ ਹਨ। ਕੋਈ ਗਹਿਣੇ ਵੇਚਦਾ ਹੈ, ਕੋਈ ਜ਼ਮੀਨ ਦਾ ਟੁਕੜਾ, ਕੋਈ ਕਰਜ਼ਾ ਚੁੱਕਦਾ ਹੈ ਤੇ ਕੋਈ ਆਪਣੇ ਬੱਚੇ ਨੂੰ ਇਹ ਕਹਿਣ ਲਈ ਮਜਬੂਰ ਹੋ ਜਾਂਦਾ ਹੈ,‘ਪੁੱਤ, ਸਾਡੇ ਵੱਸ ਦੀ ਗੱਲ ਨਹੀਂ।’ ਇਹ ਵਾਕ ਸ਼ਾਇਦ ਮਾਪਿਆਂ ਦੇ ਮੂੰਹੋਂ ਸਿਰਫ਼ ਕੁਝ ਸ਼ਬਦਾਂ ਵਾਂਗ ਨਿਕਲਦਾ ਹੈ ਪਰ ਬੱਚੇ ਦੇ ਮਨ ’ਚ ਇਹ ਸਾਰੀ ਉਮਰ ਗੂੰਜ ਸਕਦਾ ਹੈ। ਜਦੋਂ ਘਰ ਦੀ ਦਹਿਲੀਜ਼ ’ਤੇ ਸੁਪਨੇ ਨੂੰ ਕੋਈ ਥਾਂ ਨਹੀਂ ਮਿਲਦੀ ਤਾਂ ਉਹ ਸਰਹੱਦ ਪਾਰ ਕਰਨ ਲੱਗ ਪੈਂਦਾ ਹੈ। ਭਾਰਤ ਦੇ ਅਨੇਕਾਂ ਵਿਦਿਆਰਥੀ ਤੁਲਨਾਤਮਕ ਤੌਰ ’ਤੇ ਘੱਟ ਖ਼ਰਚੇ ’ਚ ਮੈਡੀਕਲ ਦੀ ਪੜ੍ਹਾਈ ਲਈ ਯੂਕਰੇਨ, ਚੀਨ ਅਤੇ ਹੋਰ ਦੇਸ਼ਾਂ ਵੱਲ ਜਾਂਦੇ ਰਹੇ ਹਨ ਪਰ ਇਹ ਸਿਰਫ਼ ‘ਸਸਤੀ ਪੜ੍ਹਾਈ’ ਦੀ ਕਹਾਣੀ ਨਹੀਂ। ਇਸ ਦੇ ਪਿੱਛੇ ਮਾਪਿਆਂ ਦੀਆਂ ਰਾਤਾਂ ਦੀ ਨੀਂਦ ਵੀ ਜਾਂਦੀ ਹੈ। ਆਪਣੇ ਜਿਗਰ ਦੇ ਟੁਕੜੇ ਨੂੰ ਹਜ਼ਾਰਾਂ ਮੀਲ ਦੂਰ ਭੇਜਣਾ ਕੋਈ ਸੌਖਾ ਫ਼ੈਸਲਾ ਨਹੀਂ। ਮਾਂ ਦੀਆਂ ਅੱਖਾਂ ਦਰਵਾਜ਼ੇ ਵੱਲ ਲੱਗੀਆਂ ਰਹਿੰਦੀਆਂ ਹਨ, ਪਿਉ ਫ਼ੋਨ ਦੀ ਘੰਟੀ ਨਾਲ ਤ੍ਰਭਕਦਾ ਹੈ। ਬੱਚਾ ਕਿਸੇ ਹੋਰ ਮੁਲਕ ਦੀ ਭਾਸ਼ਾ, ਮੌਸਮ ਤੇ ਮਾਹੌਲ ’ਚ ਆਪਣੀ ਜ਼ਿੰਦਗੀ ਦਾ ਸਭ ਤੋਂ ਅਹਿਮ ਪੜਾਅ ਗੁਜ਼ਾਰ ਰਿਹਾ ਹੁੰਦਾ ਹੈ। ਯੂਕਰੇਨ ਦੀ ਜੰਗ ਨੇ ਇਸ ਦਰਦ ਨੂੰ ਹੋਰ ਵੀ ਨੰਗਾ ਕਰ ਦਿੱਤਾ ਹੈ। ਜਿਹੜੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਡਾਕਟਰ ਬਣਨ ਲਈ ਵਿਦੇਸ਼ ਭੇਜਿਆ ਸੀ, ਉਨ੍ਹਾਂ ਨੂੰ ਇਕ ਵੇਲੇ ਇਹ ਫ਼ਿਕਰ ਖਾ ਰਹੀ ਸੀ ਕਿ ਬੱਚਾ ਡਿਗਰੀ ਕਿਵੇਂ ਪੂਰੀ ਕਰੇਗਾ ਨਹੀਂ, ਸਗੋਂ ਇਹ ਕਿ ਉਹ ਜ਼ਿੰਦਾ ਅਤੇ ਸੁਰੱਖਿਅਤ ਘਰ ਕਿਵੇਂ ਵਾਪਸ ਆਵੇਗਾ? ਕੀ ਇਕ ਵਿਕਾਸਸ਼ੀਲ ਅਤੇ ਵੱਡਾ ਅਰਥਚਾਰਾ ਬਣਨ ਦਾ ਦਾਅਵਾ ਕਰਨ ਵਾਲੇ ਦੇਸ਼ ਲਈ ਇਹ ਸਥਿਤੀ ਚਿੰਤਾ ਦਾ ਵਿਸ਼ਾ ਨਹੀਂ ਹੋਣੀ ਚਾਹੀਦੀ? ਗੱਲ ਕਿਸੇ ਇਕ ਜਾਤ ਜਾਂ ਵਰਗ ਦੀ ਨਹੀਂ। ਇਸ ਮਸਲੇ ਨੂੰ ‘ਜਨਰਲ ਵਰਗ ਬਨਾਮ ਰਾਖਵੇਂ ਵਰਗ’ ਦੇ ਚਸ਼ਮੇ ਨਾਲ ਵੇਖਣਾ ਇਸ ਦੀ ਅਸਲ ਤਸਵੀਰ ਨੂੰ ਧੁੰਦਲਾ ਕਰ ਦੇਵੇਗਾ। ਇਹ ਗੱਲ ਹਰ ਉਸ ਮਾਂ-ਬਾਪ ਦੀ ਹੈ, ਜਿਸ ਦੀ ਆਮਦਨ ਉਸ ਦੇ ਬੱਚੇ ਦੇ ਸੁਪਨੇ ਤੋਂ ਛੋਟੀ ਪੈ ਰਹੀ ਹੈ। ਦੇਸ਼ ’ਚ ਅਨੁਸੂਚਿਤ ਜਾਤੀਆਂ, ਘੱਟ-ਗਿਣਤੀ ਅਤੇ ਹੋਰ ਵਰਗਾਂ ਦੇ ਵਿਦਿਆਰਥੀਆਂ ਲਈ ਵੱਖ-ਵੱਖ ਸਕਾਲਰਸ਼ਿਪ ਸਕੀਮਾਂ ਹਨ। ਇਨ੍ਹਾਂ ਦੇ ਪਿੱਛੇ ਇਤਿਹਾਸਕ ਅਤੇ ਸਮਾਜਿਕ ਕਾਰਨ ਹਨ ਤੇ ਇਨ੍ਹਾਂ ਦੀ ਆਪਣੀ ਥਾਂ ਹੈ ਪਰ ਨਾਲ ਹੀ ਇਕ ਵੱਡਾ ਸਵਾਲ ਪੁੱਛਣ ’ਚ ਵੀ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਕਿ ਕੀ ਆਰਥਿਕ ਤੰਗੀ ਨਾਲ ਜੂਝ ਰਹੇ ਹਰ ਪਰਿਵਾਰ ਦੇ ਬੱਚੇ ਲਈ ਇਕ ਅਜਿਹਾ ਦਰਵਾਜ਼ਾ ਨਹੀਂ ਖੁੱਲ੍ਹਣਾ ਚਾਹੀਦਾ, ਜਿੱਥੇ ਉਸ ਦੀ ਪਛਾਣ ਤੋਂ ਪਹਿਲਾਂ ਉਸ ਦੀ ਲੋੜ ਅਤੇ ਕਾਬਲੀਅਤ ਵੇਖੀ ਜਾਵੇ? ਇਕ ਗਰੀਬ ਬੱਚੇ ਦਾ ਪੇਟ ਜਾਤ ਨਹੀਂ ਪੁੱਛਦਾ। ਫੀਸ ਦੀ ਪਰਚੀ ਵੀ ਜਾਤ ਨਹੀਂ ਪੁੱਛਦੀ। ਬੈਂਕ ਦਾ ਕਰਜ਼ਾ ਵੀ ਪਰਿਵਾਰ ਦੀ ਮੁਸ਼ਕਲ ਨੂੰ ਧਰਮ ਜਾਂ ਵਰਗ ਦੇ ਨਾਂ ਨਾਲ ਨਹੀਂ ਤੋਲਦਾ। ਫਿਰ ਸਿੱਖਿਆ ਦੇ ਮੌਕੇ ਦੀ ਗੱਲ ਕਰਦਿਆਂ ਆਰਥਿਕ ਲੋੜ ਨੂੰ ਕੇਂਦਰ ’ਚ ਰੱਖਣ ਬਾਰੇ ਗੰਭੀਰਤਾ ਨਾਲ ਕਿਉਂ ਨਾ ਸੋਚਿਆ ਜਾਵੇ? ਸਰਕਾਰ ਦੀ ਮਦਦ ਦਇਆ ਨਹੀਂ, ਭਰੋਸਾ ਬਣੇ। ਸਰਕਾਰ ਵੱਲੋਂ ਸਿੱਖਿਆ ਲਈ ਖ਼ਰਚ ਕੀਤੀ ਜਾਣ ਵਾਲੀ ਰਕਮ ਨੂੰ ਸਿਰਫ਼ ‘ਸਕਾਲਰਸ਼ਿਪ’ ਵਜੋਂ ਦੇਣ ਦੀ ਥਾਂ ਇਕ ਵੱਡੇ ਕੌਮੀ ਸਿੱਖਿਆ ਨਿਵੇਸ਼ ਫੰਡ ’ਚ ਬਦਲਿਆ ਜਾ ਸਕਦਾ ਹੈ। ਕੋਈ ਹੋਣਹਾਰ ਬੱਚਾ ਨੀਟ ਪਾਸ ਕਰਦਾ ਹੈ। ਪਰਿਵਾਰ ਮੈਡੀਕਲ ਦੀ ਫੀਸ ਚੁਕਾਉਣ ਦੇ ਸਮਰੱਥ ਨਹੀਂ। ਸਰਕਾਰ ਉਸ ਬੱਚੇ ਨੂੰ ਸਰਕਾਰੀ ਗਾਰੰਟੀ ਵਾਲਾ ਸਿੱਖਿਆ ਕਰਜ਼ਾ ਦਿਵਾਏ। ਬੈਂਕ ਪੈਸਾ ਦੇਵੇ ਅਤੇ ਸਰਕਾਰ ਲੋੜ ਪੈਣ ’ਤੇ ਉਸ ਕਰਜ਼ੇ ਦਾ ਜੋਖ਼ਮ ਆਪਣੇ ਸਿਰ ਲਵੇ। ਬੱਚਾ ਪੜ੍ਹੇ। ਡਾਕਟਰ ਬਣੇ। ਨੌਕਰੀ ਕਰੇ ਅਤੇ ਜਦੋਂ ਉਸ ਦੀ ਆਮਦਨ ਇਕ ਤੈਅ ਪੱਧਰ ਤੋਂ ਉੱਪਰ ਪਹੁੰਚ ਜਾਵੇ ਤਾਂ ਆਪਣੀ ਤਨਖਾਹ ਦਾ, ਮਿਸਾਲ ਵਜੋਂ, 10 ਫ਼ੀਸਦੀ ਹਿੱਸਾ ਇਸ ਕਰਜ਼ੇ ਦੀ ਵਾਪਸੀ ਲਈ ਦੇਵੇ। ਇਹ ਕੋਈ ਇਕ ਦਿਨ ਦਾ ਕਰਜ਼ਾ ਨਹੀਂ ਹੋਵੇਗਾ। ਇਹ ਚੱਕਰ ਚੱਲਦਾ ਰਹੇਗਾ।ਅੱਜ ਸਰਕਾਰ ਨੇ ਇਕ ਬੱਚੇ ਨੂੰ ਪੜ੍ਹਾਇਆ। ਕੱਲ੍ਹ ਉਸ ਬੱਚੇ ਨੇ ਆਪਣੀ ਕਮਾਈ ’ਚੋਂ ਪੈਸਾ ਵਾਪਸ ਕੀਤਾ। ਉਸ ਪੈਸੇ ਨਾਲ ਪਰਸੋਂ ਕਿਸੇ ਹੋਰ ਬੱਚੇ ਨੇ ਪੜ੍ਹਾਈ ਕੀਤੀ ਤੇ ਇਸ ਤਰ੍ਹਾਂ ਸਰਕਾਰੀ ਰੁਪਇਆ ਕਈ ਪੀੜ੍ਹੀਆਂ ਦੇ ਸੁਪਨਿਆਂ ਦਾ ਹਿੱਸਾ ਬਣ ਸਕਦਾ ਹੈ। ਇਸ ਵਿਚਾਰ ਦਾ ਸਭ ਤੋਂ ਸੋਹਣਾ ਪੱਖ ਸ਼ਾਇਦ ਪੈਸੇ ਦੀ ਵਾਪਸੀ ਨਹੀਂ, ਮਾਨਸਿਕਤਾ ਦੀ ਤਬਦੀਲੀ ਹੈ। ਜਿਹੜਾ ਬੱਚਾ ਸਕਾਲਰਸ਼ਿਪ ਲੈ ਕੇ ਪੜ੍ਹਦਾ ਹੈ, ਉਸ ’ਚ ਇਹ ਭਾਵਨਾ ਪੈਦਾ ਹੋ ਸਕਦੀ ਹੈ ਕਿ ਉਹ ਸਰਕਾਰ ਦੀ ਮਿਹਰਬਾਨੀ ਨਾਲ ਅੱਗੇ ਵਧ ਰਿਹਾ ਹੈ ਪਰ ਕਰਜ਼ੇ ਦੇ ਇਸ ਮਾਡਲ ’ਚ ਗੱਲ ਵੱਖਰੀ ਹੋਵੇਗੀ। ਸਰਕਾਰ ਵਿਦਿਆਰਥੀ ਨੂੰ ਕਹੇਗੀ ਕਿ ‘ਅਸੀਂ ਤੇਰੇ ’ਤੇ ਤਰਸ ਨਹੀਂ ਕਰ ਰਹੇ। ਅਸੀਂ ਤੇਰੀ ਕਾਬਲੀਅਤ ’ਤੇ ਦਾਅ ਲਾ ਰਹੇ ਹਾਂ।’ ਇਕ ਪਾਸੇ ਦਇਆ ਹੈ, ਦੂਜੇ ਪਾਸੇ ਭਰੋਸਾ। ਇਕ ਪਾਸੇ ਲਾਭਪਾਤਰੀ ਹੈ, ਦੂਜੇ ਪਾਸੇ ਭਵਿੱਖ ਦਾ ਭਾਗੀਦਾਰ। ਵਿਦਿਆਰਥੀ ਦੇ ਮਨ ’ਚ ਇਹ ਭਾਵਨਾ ਹੋਵੇਗੀ ਕਿ ਦੇਸ਼ ਨੇ ਉਸ ਦੇ ਸੁਪਨੇ ਨੂੰ ਭੀਖ ਨਹੀਂ ਦਿੱਤੀ, ਸਗੋਂ ਉਸ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਹੋਣ ਦਾ ਮੌਕਾ ਦਿੱਤਾ ਹੈ। ਇਸ ਮਾਡਲ ਨੂੰ ਸਿਰਫ਼ ਮੈਡੀਕਲ ਤੱਕ ਸੀਮਤ ਰੱਖਣ ਦੀ ਵੀ ਲੋੜ ਨਹੀਂ। ਅੱਜ ਡਾਕਟਰਾਂ ਦੀ ਲੋੜ ਹੈ, ਕੱਲ੍ਹ ਇੰਜੀਨੀਅਰਾਂ ਦੀ ਹੋ ਸਕਦੀ ਹੈ, ਪਰਸੋਂ ਖੋਜੀਆਂ ਦੀ ਤੇ ਕਿਸੇ ਹੋਰ ਵੇਲੇ ਨਰਸਾਂ, ਵਿਗਿਆਨੀਆਂ ਜਾਂ ਪੇਸ਼ੇਵਰਾਂ ਦੀ। ਸਰਕਾਰੀ ਸਿੱਖਿਆ ਨਿਵੇਸ਼ ਦਾ ਇਹ ਪੈਸਾ ਜੇ ਵਾਪਸ ਘੁੰਮਦਾ ਰਹੇ ਤਾਂ ਸਰਕਾਰ ਨੂੰ ਹਰ ਪੀੜ੍ਹੀ ਲਈ ਨਵੀਂ ਰਕਮ ਖੜ੍ਹੀ ਕਰਨ ਦਾ ਬੋਝ ਵੀ ਘਟ ਸਕਦਾ ਹੈ। ਇਸ ਮਾਡਲ ਦੇ ਸਾਹਮਣੇ ਸਵਾਲ ਵੀ ਹਨ। ਨੌਕਰੀ ਨਾ ਮਿਲੇ ਤਾਂ ਕੀ ਹੋਵੇਗਾ? ਆਮਦਨ ਘੱਟ ਰਹੇ ਤਾਂ ਕੀ ਹੋਵੇਗਾ? ਵਿਦੇਸ਼ ਚਲੇ ਜਾਣ ਵਾਲੇ ਵਿਦਿਆਰਥੀ ਤੋਂ ਵਾਪਸੀ ਕਿਵੇਂ ਯਕੀਨੀ ਬਣੇਗੀ? ਮੌਤ ਜਾਂ ਅਪੰਗਤਾ ਦੀ ਸਥਿਤੀ ’ਚ ਕੀ ਨਿਯਮ ਹੋਣਗੇ? ਇਨ੍ਹਾਂ ਸਵਾਲਾਂ ਦੇ ਜਵਾਬ ਨੀਤੀ ਬਣਾਉਣ ਵਾਲਿਆਂ ਨੂੰ ਲੱਭਣੇ ਪੈਣਗੇ। ਕਰਜ਼ਾ ਆਮ ਬੈਂਕ ਲੋਨ ਵਰਗਾ ਨਹੀਂ ਹੋਣਾ ਚਾਹੀਦਾ; ਇਸ ਨੂੰ ਆਮਦਨ ਨਾਲ ਜੁੜਿਆ, ਬਿਨਾਂ ਜ਼ਮਾਨਤ ਤੇ ਵਿਦਿਆਰਥੀ ਦੀ ਭਵਿੱਖੀ ਸਮਰੱਥਾ ’ਤੇ ਆਧਾਰਿਤ ਕਰਜ਼ਾ ਬਣਾਉਣ ਦੀ ਲੋੜ ਹੋਵੇਗੀ। ਅਸੀਂ ਇਨਫਰਾਸਟਰਕਚਰ ਦੀ ਗੱਲ ਕਰਦੇ ਹਾਂ। ਵੱਡੀਆਂ ਇਮਾਰਤਾਂ, ਹਸਪਤਾਲ, ਸੜਕਾਂ, ਪੁਲ, ਮੈਡੀਕਲ ਕਾਲਜ, ਸਭ ਵਿਕਾਸ ਦੀਆਂ ਨਿਸ਼ਾਨੀਆਂ ਹਨ ਪਰ ਇਮਾਰਤ ’ਚ ਜਾਨ ਕੌਣ ਪਾਉਂਦਾ ਹੈ? ਇਨਸਾਨ। ਹਸਪਤਾਲ ਬਿਨਾਂ ਡਾਕਟਰ ਦੇ ਸਿਰਫ਼ ਇੱਟਾਂ ਤੇ ਸੀਮੈਂਟ ਦੀ ਇਮਾਰਤ ਹੈ। ਇਕ ਮੈਡੀਕਲ ਕਾਲਜ ਬਿਨਾਂ ਵਿਦਿਆਰਥੀ ਦੇ ਸਿਰਫ਼ ਇਕ ਕੈਂਪਸ ਹੈ। ਜੇ ਇਕ ਹੋਣਹਾਰ ਬੱਚਾ ਸਿਰਫ਼ ਇਸ ਲਈ ਡਾਕਟਰ ਨਹੀਂ ਬਣ ਸਕਿਆ ਕਿ ਉਸ ਦੇ ਮਾਪਿਆਂ ਦੀ ਜੇਬ ’ਚ ਲੱਖਾਂ ਰੁਪਏ ਨਹੀਂ ਸਨ ਤਾਂ ਨੁਕਸਾਨ ਸਿਰਫ਼ ਉਸ ਪਰਿਵਾਰ ਦਾ ਨਹੀਂ ਹੋਇਆ। ਦੇਸ਼ ਨੇ ਵੀ ਇਕ ਡਾਕਟਰ ਗੁਆ ਦਿੱਤਾ। ਜੇ ਅਜਿਹੇ ਹਜ਼ਾਰਾਂ ਬੱਚੇ ਹਰ ਸਾਲ ਪੈਸੇ ਦੀ ਕੰਧ ਨਾਲ ਟਕਰਾ ਕੇ ਵਾਪਸ ਮੁੜ ਜਾਂਦੇ ਹਨ ਤਾਂ ਇਹ ਨੁਕਸਾਨ ਕਿਸੇ ਬਜਟ ਦੀ ਲਾਈਨ ’ਚ ਨਹੀਂ ਦਿਸਦਾ ਪਰ ਦੇਸ਼ ਦੇ ਭਵਿੱਖ ’ਚ ਜ਼ਰੂਰ ਦਿਸਦਾ ਹੈ।
ਸੁਪਨੇ ਕੱਚ ਵਾਂਗ ਹੁੰਦੇ ਹਨ। ਇਕ ਝਟਕਾ ਲੱਗੇ ਤੇ ਚਕਨਾਚੂਰ ਹੋ ਜਾਂਦੇ ਹਨ ਪਰ ਜੇ ਕਿਸੇ ਦੇਸ਼ ਕੋਲ ਸਾਧਨ ਹਨ, ਨੀਤੀਆਂ ਬਣਾਉਣ ਦੀ ਸਮਰੱਥਾ ਹੈ ਤੇ ਨੌਜਵਾਨਾਂ ’ਤੇ ਭਰੋਸਾ ਹੈ ਤਾਂ ਉਸ ਦਾ ਕੰਮ ਸੁਪਨਿਆਂ ਨੂੰ ਟੁੱਟਣ ਤੋਂ ਬਚਾਉਣਾ ਹੋਣਾ ਚਾਹੀਦਾ ਹੈ। ਮੈਡੀਕਲ ਦੀ ਪੜ੍ਹਾਈ ਮਹਿੰਗੀ ਹੈ, ਇਹ ਹਕੀਕਤ ਹੈ ਪਰ ਡਾਕਟਰ ਬਣਨ ਦਾ ਸੁਪਨਾ ਮਹਿੰਗਾ ਹੋਣਾ ਲਾਜ਼ਮੀ ਨਹੀਂ। ਸਰਕਾਰ ਜੇ ਅੱਜ ਇਕ ਹੋਣਹਾਰ ਬੱਚੇ ਨੂੰ ਪੜ੍ਹਨ ਲਈ ਪੈਸਾ ਦਿੰਦੀ ਹੈ ਤੇ ਉਹੀ ਬੱਚਾ ਕੱਲ੍ਹ ਆਪਣੀ ਆਮਦਨ ਵਿੱਚੋਂ ਉਸ ਪੈਸੇ ਦਾ ਹਿੱਸਾ ਵਾਪਸ ਕਰਦਾ ਹੈ, ਤਾਂ ਇਹ ਖ਼ਰਚ ਨਹੀਂ, ਦੇਸ਼ ਦੇ ਭਵਿੱਖ ਵਿਚ ਪਾਇਆ ਬੀਜ ਹੈ। ਇਕ ਬੀਜ ਤੋਂ ਦਰੱਖ਼ਤ ਬਣਦਾ ਹੈ। ਦਰੱਖ਼ਤ ਛਾਂ ਦਿੰਦਾ ਹੈ। ਫਲ ਦਿੰਦਾ ਹੈ ਤੇ ਫਿਰ ਉਸ ਦੇ ਬੀਜਾਂ ਤੋਂ ਹੋਰ ਦਰੱਖ਼ਤ ਪੈਦਾ ਹੁੰਦੇ ਹਨ। ਸਿੱਖਿਆ ਨਾਲ ਵੀ ਇਹੀ ਹੋਣਾ ਚਾਹੀਦਾ ਹੈ।
(ਲੇਖਕ ਪੰਜਾਬੀ ਜਾਗਰਣ ਦੇ ਸੰਪਾਦਕ ਹਨ)।