- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਲ 2024 ਦੀਆਂ ਲੋਕ ਸਭਾ ਚੋਣਾਂ ’ਚ ਪੰਜਾਬ ਦੇ ਲੋਕਾਂ ਨੇ ਮੁੜ ਕਾਂਗਰਸ ਪਾਰਟੀ ’ਚ ਵਿਸ਼ਵਾਸ ਪ੍ਰਗਟ ਕਰਦਿਆਂ ਇਸ ਨੂੰ 13 ਵਿੱਚੋਂ ਸੱਤ ਲੋਕ ਸਭਾ ਸੀਟਾਂ ’ਤੇ ਜਤਾਇਆ। ਚੰਡੀਗੜ੍ਹ ਲੋਕ ਸਭਾ ਸੀਟ ਵੀ ਇਸ ਦੀ ਝੋਲੀ ਪਾਈ। ਨਿਸ਼ਚਿਤ ਤੌਰ ’ਤੇ ਇਸ ਜਿੱਤ ਨੇ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੀ ਦਿਸ਼ਾ ਕਾਂਗਰਸ ਦੇ ਹੱਕ ’ਚ ਤਹਿ ਕਰ ਕੇ ਰੱਖ ਦਿੱਤੀ। ਬਸ! ਇੱਥੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਟਪਲਾ ਖਾ ਗਏ।

ਦਰਬਾਰਾ ਸਿੰਘ ਕਾਹਲੋਂ
ਦੋ ਅਕਤੂਬਰ, 2026 ਨੂੰ ਗਾਂਧੀ ਜਯੰਤੀ ਦੇ ਇਤਿਹਾਸਿਕ ਮੌਕੇ ਕਾਂਗਰਸ ਪਾਰਟੀ ਨੇ ਆਪਣੇ ਸੁਪਰੀਮ ਆਗੂ ਰਾਹਲ ਗਾਂਧੀ ਦੀ ਅਗਵਾਈ ’ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅੰਦਰ ਪਿਛਲੇ ਲੰਬੇ ਸਮੇਂ ਤੋਂ ਲੀਡਰਸ਼ਿਪ ਸਬੰਧੀ ਚੱਲ ਰਹੀ ਖਾਨਾ ਜੰਗੀ ਨੂੰ ਠਲ੍ਹ ਪਾਉਂਦੇ ਹੋਏ ਰਾਜਨੀਤਿਕ ਇੱਛਾ ਦਾ ਪ੍ਰਗਟਾਵਾ ਕਰਦੇ ਸਾਬਕਾ ਨਾਮਵਰ ਹਾਕੀ ਓਲੰਪੀਅਨ, ਪੁਲਿਸ ਐੱਸਪੀ, ਡਾਇਰੈਕਟਰ ਸਪੋਰਟਸ ਤੇ ਸਿੱਖਿਆ ਅਤੇ ਸਪੋਰਟਸ ਮੰਤਰੀ ਰਹੇ, ਅਰਜਨ ਅਵਾਰਡ ਤੇ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਜਲੰਧਰ ਕੈਂਟ ਤੋਂ ਕਾਂਗਰਸ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ।
ਇਸ ਨਿਯੁਕਤੀ ਦੀ ਨਾ ਸਿਰਫ ਕਾਂਗਰਸ ਬਲਕਿ ਪੰਜਾਬ ਦੇ ਸਮਾਜਿਕ, ਰਾਜਨੀਤਿਕ, ਧਾਰਮਿਕ ਤੇ ਸੱਭਿਆਚਾਰਕ ਹਲਕਿਆਂ ’ਚ ਵੱਡੇ ਪੈਮਾਨੇ ’ਤੇ ਸ਼ਲਾਘਾ ਕੀਤੀ ਜਾ ਰਹੀ ਹੈ। ਪਰਗਟ ਸਿੰਘ ਦਾ ਪ੍ਰੋਫੈਸਰ ਪੂਰਨ ਸਿੰਘ ਦੇ ਅਗੰਮੀ ਸ਼ਬਦਾਂ ‘ਪੰਜਾਬ ਜੀਂਦਾ ਗੁਰਾਂ ਦੇ ਨਾਂਅ ’ਤੇ’ ’ਚ ਪੂਰਨ ਵਿਸ਼ਵਾਸ ਹੋਣ ਕਰ ਕੇ ਪੰਜਾਬ ਦੇ ਸਭ ਵਰਗਾਂ ਦੇ ਲੋਕ ਉਹਨਾਂ ਦੀ ਨਿਯੁਕਤੀ ਨੂੰ ਖੁਸ਼ਾਮਦੀਦ ਕਹਿ ਰਹੇ ਹਨ। ਪੰਜਾਬ ਕਾਂਗਰਸ ਕਈ ਧੜਿਆਂ ’ਚ ਵੰਡੀ ਹੋਣ, ਲੀਡਰਸ਼ਿਪ ਟਕਰਾਅ, ਜਾਤੀਵਾਦੀ ਖਿੱਚੋਤਾਣ ਤੇ ਖੇਤਰੀ ਪੈਂਤੜੇਬਾਜ਼ੀ ਕਰ ਕੇ ਬਹੁਤ ਹੀ ਕਸੂਤੀ ਰਾਜਨੀਤਿਕ ਜਿਲਣ ’ਚ ਫਸੀ ਪਈ ਹੈ। ਸਨ 2021 ’ਚ ਕੈਪਟਨ ਅਮਰਿੰਦਰ ਸਿੰਘ ਨੂੰ ਸਣੇ ਕੁਰਸੀ ਮੁੱਖ ਮੰਤਰੀ ਵਜੋਂ ਸੱਤਾ ’ਚੋਂ ਬਾਹਰ ਕਰਨ ਬਾਅਦ ਅਜੇ ਤੱਕ ਕਾਂਗਰਸ ਨੂੰ ਪੰਜਾਬ ’ਚ ਸਭ ਨੂੰ ਨਾਲ ਲੈ ਕੇ ਚੱਲਣ ਵਾਲੀ ਅਗਵਾਈ ਨਹੀਂ ਸੀ ਮਿਲ ਰਹੀ। ਨਵਜੋਤ ਸਿੰਘ ਸਿੱਧੂ ਤੋਂ ਬਾਅਦ 22 ਅਪ੍ਰੈਲ, 2022 ਨੂੰ ਨੌਜਵਾਨ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਦਲਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ 111 ਦਿਨ ਦੇ ਸ਼ਾਸਨਕਾਲ ਬਾਅਦ ਕਾਂਗਰਸ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਬੁਰੀ ਤਰ੍ਹਾਂ ਹਾਰ ਚੁੱਕੀ ਸੀ। ਉਸ ਨੂੰ 117 ਮੈਂਬਰੀ ਵਿਧਾਨ ਸਭਾ ’ਚ ਸਿਰਫ 18 ਸੀਟਾਂ ਹਾਸਿਲ ਹੋਈਆਂ ਸਨ। ਲਗਾਤਾਰ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਪਾਰਟੀ ਸਰਕਾਰਾਂ ਦੇ ਕੁਸ਼ਾਸਨ ਤੋਂ ਨੱਕੋ-ਨੱਕ ਆਏ ਪੰਜਾਬੀਆਂ ਨੇ ਆਮ ਆਦਮੀ ਪਾਰਟੀ (ਆਪ) ਦੇ ਵਾਦਿਆਂ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ’ਤੇ ਵਿਸ਼ਵਾਸ ਕਰਦਿਆਂ ਵੋਟਿੰਗ ਕਰ ਕੇ 92 ਸੀਟਾਂ ’ਤੇ ਜਿਤਾ ਦਿੱਤਾ। ਹੈਰਾਨਗੀ ਇਹ ਸੀ ਕਿ ਮੁੱਖ ਮੰਤਰੀ ਚੰਨੀ ਖੁਦ ਚਮਕੌਰ ਸਾਹਿਬ ਤੇ ਭਦੌੜ ਵਿਧਾਨ ਸਭਾ ਤੋਂ ਹਾਰ ਗਏ।
ਸਾਲ 2024 ਦੀਆਂ ਲੋਕ ਸਭਾ ਚੋਣਾਂ ’ਚ ਪੰਜਾਬ ਦੇ ਲੋਕਾਂ ਨੇ ਮੁੜ ਕਾਂਗਰਸ ਪਾਰਟੀ ’ਚ ਵਿਸ਼ਵਾਸ ਪ੍ਰਗਟ ਕਰਦਿਆਂ ਇਸ ਨੂੰ 13 ਵਿੱਚੋਂ ਸੱਤ ਲੋਕ ਸਭਾ ਸੀਟਾਂ ’ਤੇ ਜਤਾਇਆ। ਚੰਡੀਗੜ੍ਹ ਲੋਕ ਸਭਾ ਸੀਟ ਵੀ ਇਸ ਦੀ ਝੋਲੀ ਪਾਈ। ਨਿਸ਼ਚਿਤ ਤੌਰ ’ਤੇ ਇਸ ਜਿੱਤ ਨੇ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੀ ਦਿਸ਼ਾ ਕਾਂਗਰਸ ਦੇ ਹੱਕ ’ਚ ਤਹਿ ਕਰ ਕੇ ਰੱਖ ਦਿੱਤੀ। ਬਸ! ਇੱਥੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਟਪਲਾ ਖਾ ਗਏ। ਵੱਧਦੀ ਧੜੇਬੰਦੀ ਨੂੰ ਰੋਕਣ ਲਈ ਕਾਂਗਰਸ ਹਾਈ ਕਮਾਨ ਨੇ ਦਵਿੰਦਰ ਯਾਦਵ ਦੀ ਥਾਂ ਛੱਤੀਸਗੜ ਦੇ ਸਾਬਕਾ ਮੁੱਖ ਮੰਤਰੀ ਏਆਈਸੀਸੀ ਜਨਰਲ ਸਕੱਤਰ ਭੂਪੇਸ਼ ਬਘੇਲ ਨੂੰ ਫਰਵਰੀ 205 ’ਚ ਪੰਜਾਬ ਕਾਂਗਰਸ ਮਾਮਲਿਆਂ ਦਾ ਇੰਚਾਰਜ ਥਾਪਿਆ।
ਇਹ ਉਹ ਵਿਅਕਤੀ ਹਨ, ਜਿਨ੍ਹਾਂ ਨੂੰ ਛੱਤੀਸਗੜ੍ਹ ਰਾਜ ’ਚ 2018 ਦੀਆਂ ਵਿਧਾਨ ਸਭਾ ਚੋਣਾਂ ’ਚ ਜਿੱਤ ਤੋਂ ਬਾਅਦ ਕਾਂਗਰਸ ਆਗੂ ਟੀਐੱਸ ਦਿਓ ਨਾਲ ਲੀਡਰਸ਼ਿਪ ਝਗੜੇ ਦੇ ਨਿਪਟਾਰੇ ਲਈ ਢਾਈ-ਢਾਈ ਸਾਲ ਲਈ ਮੁੱਖ ਮੰਤਰੀਸ਼ਿਪ ਸੰਭਾਲਣ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਇਨ੍ਹਾਂ ਨੇ ਅੜ ਕੇ ਢਾਈ ਸਾਲ ਬਾਅਦ ਮੁੱਖ ਮੰਤਰੀ ਦਾ ਅਹੁਦਾ ਨਹੀਂ ਸੀ ਛੱਡਿਆ। ਟਕਰਾਅ ਰੋਕਣ ਲਈ ਹਾਈ ਕਮਾਨ ਵੱਲੋਂ ਨਿਯੁਕਤ ਜੂਨ, 2026 ’ਚ ਅਜੇ ਮਾਕਨ, ਮੀਨਾਕਸ਼ੀ ਨਟਰਾਜਨ ਅਤੇ ਭਜਨ ਲਾਲ ਜਾਟਵ ਆਧਾਰ ’ਤੇ ਤਿੰਨ ਮੈਂਬਰੀ ਕਮੇਟੀ ਨੂੰ ਵੀ ਗੁਮਰਾਹ ਕਰਨ ਦਾ ਯਤਨ ਕੀਤਾ ਸੀ। ਉਸ ਕਮੇਟੀ ਦੀਆਂ ਸਿਫਾਰਸ਼ਾਂ ’ਤੇ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਈ ਰੱਖਣ ਦਾ ਫ਼ੈਸਲਾ ਕੀਤਾ ਜਦਕਿ ਵੱਖ-ਵੱਖ ਆਗੂਆਂ ਦੀ ਅਗਵਾਈ ’ਚ ਵੱਖ-ਵੱਖ ਚੋਣਾਂ ਸਬੰਧੀ ਪੈਨਲਾਂ ਦਾ ਗਠਨ ਕੀਤਾ ਗਿਆ ਪਰ ਧੜੇਬੰਦੀ ਨੇ ਹੋਰ ਤੇਜ਼ੀ ਫੜ ਲਈ। ਆਖ਼ਰ ਵਿਧਾਨ ਸਭਾ ਚੋਣਾਂ ਸਿਰ ’ਤੇ ਖੜ੍ਹੀਆਂ ਹੋਣ ਦੇ ਸਬੱਬ ਕਾਰਨ ਕਾਂਗਰਸ ਹਾਈ ਕਮਾਨ ਨੇ ਭਪੇਸ਼ ਬਘੇਲ ਦੀ ਥਾਂ 5 ਸਤੰਬਰ, 2026 ਨੂੰ ਰਾਜਸਥਾਨ ਤੋਂ ਸੂਝਵਾਨ ਕਾਂਗਰਸ ਆਗੂ ਸਚਿਨ ਪਾਇਲਟ ਪੰਜਾਬ ਕਾਂਗਰਸ ਕਮੇਟੀ ਦੇ ਮਾਮਲਿਆਂ ਦਾ ਇੰਚਾਰਜ ਥਾਪਿਆ। ਸਚਿਨ ਪਾਇਲਟ ਅਜਿਹਾ ਕਾਂਗਰਸ ਆਗੂ ਹੈ, ਜਿਸਨੇ ਰਾਜਸਥਾਨ ਅੰਦਰ ਪਾਰਟੀ ਖਾਨਾ ਜੰਗੀ ਆਪਣੇ ਪਿੰਡੇ ’ਤੇ ਹੰਡਾਈ ਹੋਈ ਹੈ। ਉਸ ਨੂੰ ਐਸੀ ਖਾਨਾ ਜੰਗੀ ਨੂੰ ਮੈਨੇਜ ਕਰਨ ਦਾ ਭਰਪੂਰ ਤਜਰਬਾ ਹੈ। ਹਾਈ ਕਮਾਨ ਨੇ ਪੰਜਾਬ ਖਾਨਾ ਜੰਗੀ ਮੈਨੇਜ ਕਰਨ ਲਈ ਉਸ ਦੀ ਨਿਯੁਕਤੀ ਕੀਤੀ, ਉਸ ਦਾ ਮੁੱਖ ਕਾਰਜ ਸੀ, ਹਾਈ ਕਮਾਨ ਦੁਆਰਾ ਗਠਤ ਕਮੇਟੀਆਂ ਦੀ ਰਾਖੀ ਕਰਨਾ, ਪਾਰਟੀ ਜਥੇਬੰਦੀ ਨੂੰ ਸੰਗਠਿਤ ਕਰਨਾ, ਪਾਰਟੀ ਅੰਦਰ ਧੜ੍ਹੇਬੰਦੀ ਰਹਿਤ ਲੀਡਰਸ਼ਿਪ ਸਥਾਪਿਤ ਕਰਨਾ, ਕਾਂਗਰਸ ਅੰਦਰ ਖੇਤਰੀ, ਜਾਤੀਵਾਦੀ, ਵਰਗਵਾਦੀ ਅਤੇ ਭਾਈਚਾਰਕ ਸਾਂਝ ਸੰਤੁਲਿਤ ਰੱਖਣਾ। ਸਚਿਨ ਪਾਇਲਟ ਨੇ ਆਪਣੀ ਸੂਝਵਾਨ ਤੇ ਦੂਰਅੰਦੇਸ਼ੀ ਰਾਜਨੀਤਿਕ ਲੀਡਰਸ਼ਿਪ ਦਾ ਮੁਜਾਹਰਾ ਕਰਦੇ ਰਾਜਾ ਵੜਿੰਗ ਨੂੰ ਸਪੱਸ਼ਟ ਸੰਕੇਤ ਦੇ ਦਿੱਤਾ ਕਿ ਉਸ ਦੀ ਅਗਵਾਈ ਦੀ ਲੋੜ ਨਹੀਂ ਹੈ। ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਕੇ ਹਾਈ ਕਮਾਨ ਨੂੰ ਰਿਪੋਰਟ ਕੀਤੀ। ਉਸ ਨੇ ਚਰਨਜੀਤ ਚੰਨੀ ਦੀ ਲੀਡਰਸ਼ਿਪ ਨੂੰ ਵੀ ਸਪੱਸ਼ਟ ਸੰਕੇਤ ਦੇ ਦਿੱਤੇ। ਪੰਜਾਬ ਅੰਦਰ ਹਿੰਦੂ ਭਾਈਚਾਰਾ 40 ਫ਼ੀਸਦ, ਦਲਿਤ ਭਾਈਚਾਰਾ 33 ਫ਼ੀਸਦ ਅਤੇ ਜੱਟ ਸਿੱਖ ਭਾਈਚਾਰਾ 22 ਫ਼ੀਸਦ ਹੈ। ਆਖਰੀ ਮਰਹਲੇ ’ਤੇ ਵਿਜੇ ਇੰਦਰ ਸਿੰਗਲਾ, ਪਰਗਟ ਸਿੰਘ, ਰਾਣਾ ਗੁਰਜੀਤ ਸਿੰਘ, ਗੁਰਜੀਤ ਔਜਲਾ ਦੇ ਨਾਮ ਚੱਲ ਰਹੇ ਸਨ। ਮੱਲਿਕਾਅਰਜਨ ਖੜਗੇ ਆਗਾਮੀ ਵਿਧਾਨ ਸਭਾ ਚੋਣਾਂ ਅੰਦਰ ਹਿੰਦੂ ਪੱਤਾ ਖੇਡਣ ਲਈ ਵਿਜੇ ਇੰਦਰ ਸਿੰਗਲਾ ਦੇ ਹੱਕ ’ਚ ਸਨ ਜਦਕਿ ਸਚਿਨ ਪਾਇਲਟ ਭਾਜਪਾ ਪੰਜਾਬ ਇਕਾਈ ਦੇ ਪ੍ਰਧਾਨ ਕੇਵਲ ਸਿੰਘ ਢਿੱਲੋ, ਆਪ ਤੇ ਮੁੱਖ ਮੰਤਰੀ ਭਗਵੰਤ ਮਾਨ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੁਖਬੀਰ ਬਾਦਲ ਅਤੇ ਗਰਮ ਖਿਆਲੀ ਸ਼੍ਰੋਮਣੀ ਅਕਾਲੀ ਦਲ ‘ਵਾਰਸ ਪੰਜਾਬ ਦੇ’, ਦੇ ਅੰਮ੍ਰਿਤਪਾਲ ਸਿੰਘ ਆਦਿ ਜੱਟ ਸਿੱਖ ਲੀਡਰਸ਼ਿਪ ਮੁਕਾਬਲੇ ਸੂਝਵਾਨ ਅਤੇ ਤਰਕਸ਼ੀਲ ਜੱਟ ਸਿੱਖ ਆਗੂ ਪਰਗਟ ਸਿੰਘ ਦੇ ਹੱਕ ’ਚ ਸਨ।
ਸੋ ਰਾਹੁਲ ਗਾਂਧੀ, ਖੜਗੇ, ਵੇਣੂ ਗੋਪਾਲ ਆਦਿ ਸਮੇਤ ਹਾਜ਼ਰ ਹਾਈ ਕਮਾਨ ਨੇ ਪਰਗਟ ਸਿੰਘ ਦੇ ਨਾਂ ’ਤੇ ਮੋਹਰ ਲਗਾ ਦਿੱਤੀ। ਪਰਗਟ ਸਿੰਘ ਕਿੰਨੇ ਖੂਬਸੂਰਤ ਤੇ ਸਵਿਧਾਨਿਕ ਅਮਲ ਵਾਲੇ ਵਿਅਕਤੀ ਹਨ। ਜਦੋਂ ਲੇਖਕ ਰਾਜ ਸੂਚਨਾ ਕਮਿਸ਼ਨਰ ਸੀ ਤਾਂ ਇੱਕ ਕੇਸ ’ਚ ਉਹਨਾਂ ਨੂੰ ਡਾਇਰੈਕਟਰ ਸਪੋਰਟਸ ਵਜੋਂ ਉਕਾਈ ਕਰਨ ’ਤੇ ਤਲਬ ਕੀਤਾ ਗਿਆ। ਕਾਨੂੰਨ ਦੀ ਉਲੰਘਣਾ ਕਾਰਨ ਉਹਨਾਂ ਨੂੰ 5 ਹਜਾਰ ਰੁਪਏ ਜੁਰਮਾਨਾ ਕੀਤਾ ਗਿਆ। ਉਹਨਾਂ ਨਿਮਰਤਾ ਸਹਿਤ ਆਪਣੀ ਗਲਤੀ ਮੰਨੀ ਅਤੇ ਇਹ ਰਕਮ ਸਰਕਾਰੀ ਖਜ਼ਾਨੇ ’ਚ ਜਮ੍ਹਾਂ ਕਰਾ ਦਿੱਤੀ। 39ਸਾਲ ਦੀ ਉਮਰ ’ਚ 2005 ’ਚ ਉਹ ਡਾਇਰੈਕਟਰ ਸਪੋਰਟਸ ਬਣੇ। 2012 ’ਚ ਅਸਤੀਫਾ ਦੇ ਕੇ ਅਕਾਲੀ ਦਲ ਦੀ ਟਿਕਟ ’ਤੇ ਜਲੰਧਰ ਕੈਂਟ ਤੋਂ ਵਿਧਾਇਕ ਬਣੇ। ਸਾਲਿਡ ਵੇਸਟ ਟਰੀਟਮੈਂਟ ਪਲਾਂਟ ਕਰ ਕੇ ਉਹਨਾਂ ਦੀ ਸੁਖਬੀਰ ਬਾਦਲ ਨਾਲ ਖੜਕੀ। ਉਹਨਾਂ ਨੇ ਮੁੱਖ ਪਾਰਲੀਮੈਂਟਰੀ ਸਕੱਤਰ ਦਾ ਅਹੁਦਾ ਠੁਕਰਾ ਦਿੱਤਾ। 2016 ’ਚ ਉਹਨਾਂ ਨੂੰ ਅਕਾਲੀ ਦਲ ’ਚੋਂ ਬਾਹਰ ਕਰ ਦਿੱਤਾ। ਇਸੇ ਸਾਲ ਉਹਨਾਂ ਨਵਜੋਤ ਸਿੱਧੂ ਅਤੇ ਬੈਂਸ ਭਰਾਵਾਂ ਨਾਲ ਮਿਲ ਕੇ ‘ਆਵਾਜ਼ ਏ ਪੰਜਾਬ’ ਫਰੰਟ ਗਠਤ ਕੀਤਾ ਪਰ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਕਾਂਗਰਸ ਪਾਰਟੀ ’ਚ ਸ਼ਾਮਿਲ ਹੋਏ। ਨਵੇਂ ਪ੍ਰਧਾਨ ਦੇ ਐਲਾਨ ਬਾਅਦ ਇੰਝ ਲੱਗਦਾ ਹੈ, ਜਿਵੇਂ ਬਿਜਲੀ ਦੇ ਕਰੰਟ ਵਾਂਗ ਪੰਜਾਬ ਦੀ ਕਾਂਗਰਸ ਲੀਡਰਸ਼ਿਪ ’ਚ ਜਬਰਦਸਤ ਇੱਕਜੁੱਟਤਾਵਾਦੀ ਹਮਲਾਵਰ ਢੰਗ ਦੀ ਊਰਜਾ ਪੈਦਾ ਹੋ ਗਈ ਹੋਵੇ। ਸਭ ਨੇ ਇਸ ਨਿਯੁਕਤੀ ਨੂੰ ਜੀ ਆਇਆ ਕਿਹਾ। ਰਾਣਾ ਗੁਰਜੀਤ ਸਿੰਘ ਨੇ ਬੜੇ ਖੂਬਸੂਰਤ ਢੰਗ ਨਾਲ ਇਸ ਨਿਯੁਕਤੀ ਨੂੰ ‘ਦੇਰ ਆਇਦ ਦੁਰੁਸਤ ਆਇਦ’ ਗਰਦਾਨਿਆ। ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਰਾਜਾ ਵੜਿੰਗ, ਅਮਰ ਸਿੰਘ, ਗੁਰਜੀਤ ਔਜਲਾ, ਸ਼ੇਰ ਸਿੰਘ ਘੁਬਾਇਆ, ਧਰਮਵੀਰ ਗਾਂਧੀ, ਰਾਣਾ ਕੇਪੀ ਆਦਿ ਤੇ ਕੈਨੇਡਾ ਦੌਰੇ ’ਤੇ ਆਏ ਵਿਧਾਇਕ ਬਰਿੰਦਰਜੀਤ ਸਿੰਘ ਪਾਹੜਾ ਨੇ ਇਸ ਨਿਯੁਕਤੀ ਦੀ ਸ਼ਲਾਘਾ ਕਰਦੇ ਕਿਹਾ ਕਿ ਹੁਣ ਪੰਜਾਬ ’ਚ ਕਾਂਗਰਸ ਦੀ ਸਰਕਾਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਵਿਧਾਨ ਸਭਾ ਚੋਣਾਂ ’ਚ ਵਧੀਆ ਕਾਰਗੁਜ਼ਾਰੀ ਬਦਲੇ ਉਹ ਮੁੱਖ ਮੰਤਰੀ ਵੀ ਥਾਪੇ ਜਾ ਸਕਦੇ ਹਨ। ਓਲੰਪਿਕ ਖੇਡਾਂ ’ਚ ਭਾਰਤੀ ਹਾਕੀ ਦੇ ਨਾਮਵਰ ਕਪਤਾਨ ਰਹੇ ਪਰਗਟ ਸਿੰਘ ਲਈ ਨਿਸ਼ਚਿਤ ਤੌਰ ’ਤੇ ਪਾਰਟੀ ਨੂੰ ਇਕ ਟੀਮ ਦੀ ਤਰ੍ਹਾਂ ਇੱਕਜੁੱਟ ਕਰਨਾ, ਪਾਰਟੀ ਅੰਦਰ ਸਭ ਵਰਗਾਂ, ਜਾਤਾਂ, ਧਰਮਾਂ, ਖੇਤਰਾਂ ਦੇ ਆਗੂਆਂ ਨੂੰ ਨਾਲ ਲੈ ਕੇ ਚੱਲਣਾ, ਵਿਧਾਨ ਸਭਾ ਚੋਣਾਂ ’ਚ ਵਧੀਆ ਉਮੀਦਵਾਰਾਂ ਦੀ ਚੋਣ ਕਰਨਾ ਕਿਉਂਕਿ ਐਸੀ ਚੋਣ ਹੀ ਜਿੱਤ ਦਾ ਆਧਾਰ ਹੁੰਦੀ ਹੈ ਅਤੇ ਵਧੀਆ ਗਤੀਸ਼ੀਲ ਅਗਵਾਈ ਬਲਬੂਤੇ ਜਿੱਤ ਦਾ ਪਰਚਮ ਬੁਲੰਦ ਕਰਨਾ ਉਹਨਾਂ ਅੱਗੇ ਵੱਡੀ ਚੁਣੌਤੀ ਹੈ।
(ਲੇਖਕ ਸਾਬਕਾ ਰਾਜ ਸੂਚਨਾ ਕਮਿਸ਼ਨਰ ਹਨ, ਸੰਪਰਕ : +12898292929)