- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਜਦੋਂ ਧਰਮ ਤੇ ਪਛਾਣ ਦੇ ਨਾਂ ’ਤੇ ਨਫ਼ਰਤ ਫੈਲਾਈ ਜਾ ਰਹੀ ਹੈ ਤਾਂ ਗੁਰੂ ਸਾਹਿਬ ਦੀ ਇਹ ਸਿੱਖਿਆ ਹੋਰ ਵੀ ਪ੍ਰਸੰਗਿਕ ਹੋ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਦਾ ‘ਨਾ ਕੋ ਬੈਰੀ ਨਹੀ ਬਿਗਾਨਾ, ਸਗਲ ਸੰਗਿ ਹਮ ਕਉ ਬਨਿ ਆਈ’ ਦਾ ਸੰਦੇਸ਼ ਮਨੁੱਖਤਾ ਨੂੰ ਆਪਸੀ ਵੈਰ-ਵਿਰੋਧ ਛੱਡ ਕੇ ਸਾਂਝੀਵਾਲਤਾ ਦੇ ਰਾਹ ਤੁਰਨ ਦੀ ਪ੍ਰੇਰਣਾ ਦਿੰਦਾ ਹੈ। ਵਿਸ਼ਵ ਪੱਧਰ ’ਤੇ ਹੋ ਰਹੇ ਟਕਰਾਅ ਦਾ ਵੱਡਾ ਕਾਰਨ ਇਕ-ਦੂਜੇ ਦੇ ਵਿਚਾਰਾਂ, ਧਾਰਮਿਕ ਵਿਸ਼ਵਾਸਾਂ ਤੇ ਹੱਕਾਂ ਨੂੰ ਸਵੀਕਾਰ ਨਾ ਕਰਨਾ ਵੀ ਹੈ।

ਦੁਨੀਆ ਅੱਜ ਜੰਗਾਂ, ਧਾਰਮਿਕ ਕੱਟੜਤਾ, ਨਸਲੀ ਵਿਤਕਰੇ ਤੇ ਸਿਆਸੀ ਟਕਰਾਅ ਦੇ ਅਜਿਹੇ ਦੌਰ ’ਚੋਂ ਲੰਘ ਰਹੀ ਹੈ, ਜਿਸ ਨੇ ਵਿਸ਼ਵ ਸ਼ਾਂਤੀ ਲਈ ਗੰਭੀਰ ਚੁਣੌਤੀਆਂ ਖੜ੍ਹੀਆਂ ਕੀਤੀਆਂ ਹੋਈਆਂ ਹਨ। ਫਲਸਤੀਨ ’ਤੇ ਇਜ਼ਰਾਈਲ ਦੀ ਧੱਕੇਸ਼ਾਹੀ ਹੋਵੇ, ਰੂਸ-ਯੂਕਰੇਨ ਜੰਗ ਹੋਵੇ ਜਾਂ ਮੱਧ ਪੂਰਬ ਦਾ ਤਣਾਅ, ਵੱਡੀਆਂ ਤਾਕਤਾਂ ਵਿਚਕਾਰ ਵਧਦੀ ਖਿੱਚੋਤਾਣ ਹੋਵੇ ਜਾਂ ਦੇਸ਼ਾਂ ਦੀ ਹਥਿਆਰ ਇਕੱਠੇ ਕਰਨ ਦੀ ਦੌੜ, ਇਨ੍ਹਾਂ ਸਭ ਦਾ ਖ਼ਮਿਆਜ਼ਾ ਆਖ਼ਰਕਾਰ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਵਿਗਿਆਨ ਤੇ ਤਕਨਾਲੋਜੀ ਦੇ ਖੇਤਰ ’ਚ ਮਨੁੱਖ ਨੇ ਬੇਮਿਸਾਲ ਤਰੱਕੀ ਕੀਤੀ ਹੈ ਪਰ ਆਪਸੀ ਭਰੋਸੇ, ਸਹਿਣਸ਼ੀਲਤਾ ਤੇ ਸ਼ਾਂਤੀ ਸਥਾਪਤ ਕਰਨ ਦੇ ਮਾਮਲੇ ’ਚ ਉਹ ਅਜੇ ਵੀ ਪਿੱਛੇ ਹੈ। ਅਜਿਹੇ ਹਾਲਾਤ ’ਚ ਗੁਰੂ ਨਾਨਕ ਦੇਵ ਜੀ ਦਾ ਸਰਬਸਾਂਝੀਵਾਲਤਾ ਤੇ ਮਨੁੱਖੀ ਬਰਾਬਰੀ ਦਾ ਸੰਦੇਸ਼ ਵਿਸ਼ਵ ਸ਼ਾਂਤੀ ਲਈ ਮਹੱਤਵਪੂਰਣ ਰਾਹ ਦਿਖਾਉਂਦਾ ਹੈ। ਪੰਜ ਸਦੀਆਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਅਜਿਹੇ ਸਮਾਜ ’ਚ ਮਨੁੱਖਤਾ, ਪ੍ਰੇਮ ਤੇ ਭਾਈਚਾਰੇ ਦੀ ਆਵਾਜ਼ ਬੁਲੰਦ ਕੀਤੀ ਸੀ, ਜਿੱਥੇ ਧਾਰਮਿਕ ਕੱਟੜਤਾ, ਜਾਤ-ਪਾਤ ਤੇ ਸਮਾਜਿਕ ਵੰਡੀਆਂ ਦਾ ਬੋਲਬਾਲਾ ਸੀ। ਉਨ੍ਹਾਂ ਨੇ ਮਨੁੱਖ ਨੂੰ ਧਰਮ, ਜਾਤ, ਭਾਸ਼ਾ ਤੇ ਖੇਤਰ ਦੇ ਆਧਾਰ ’ਤੇ ਵੰਡਣ ਦੀ ਬਜਾਏ ਸਾਂਝੀ ਮਨੁੱਖੀ ਪਛਾਣ ਨਾਲ ਜੋੜਿਆ। ਉਨ੍ਹਾਂ ਦੀ ਵਿਚਾਰਧਾਰਾ ਦਾ ਮੂਲ ਆਧਾਰ ਇਹ ਸੀ ਕਿ ਸਾਰੀ ਮਨੁੱਖਤਾ ਇੱਕੋ ਪਰਮਾਤਮਾ ਦੀ ਰਚਨਾ ਹੈ ਤੇ ਕਿਸੇ ਨਾਲ ਵੀ ਵਿਤਕਰਾ ਕਰਨਾ ਮਨੁੱਖੀ ਮਰਿਆਦਾ ਦੇ ਉਲਟ ਹੈ। ਅੱਜ ਜਦੋਂ ਧਰਮ ਤੇ ਪਛਾਣ ਦੇ ਨਾਂ ’ਤੇ ਨਫ਼ਰਤ ਫੈਲਾਈ ਜਾ ਰਹੀ ਹੈ ਤਾਂ ਗੁਰੂ ਸਾਹਿਬ ਦੀ ਇਹ ਸਿੱਖਿਆ ਹੋਰ ਵੀ ਪ੍ਰਸੰਗਿਕ ਹੋ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਦਾ ‘ਨਾ ਕੋ ਬੈਰੀ ਨਹੀ ਬਿਗਾਨਾ, ਸਗਲ ਸੰਗਿ ਹਮ ਕਉ ਬਨਿ ਆਈ’ ਦਾ ਸੰਦੇਸ਼ ਮਨੁੱਖਤਾ ਨੂੰ ਆਪਸੀ ਵੈਰ-ਵਿਰੋਧ ਛੱਡ ਕੇ ਸਾਂਝੀਵਾਲਤਾ ਦੇ ਰਾਹ ਤੁਰਨ ਦੀ ਪ੍ਰੇਰਣਾ ਦਿੰਦਾ ਹੈ। ਵਿਸ਼ਵ ਪੱਧਰ ’ਤੇ ਹੋ ਰਹੇ ਟਕਰਾਅ ਦਾ ਵੱਡਾ ਕਾਰਨ ਇਕ-ਦੂਜੇ ਦੇ ਵਿਚਾਰਾਂ, ਧਾਰਮਿਕ ਵਿਸ਼ਵਾਸਾਂ ਤੇ ਹੱਕਾਂ ਨੂੰ ਸਵੀਕਾਰ ਨਾ ਕਰਨਾ ਵੀ ਹੈ। ਜਦੋਂ ਦੇਸ਼ਾਂ ਤੇ ਸਮਾਜਾਂ ਵਿਚਕਾਰ ਸੰਵਾਦ ਦੀ ਥਾਂ ਤਾਕਤ ਦਾ ਪ੍ਰਦਰਸ਼ਨ ਲੈ ਲੈਂਦਾ ਹੈ ਤਾਂ ਟਕਰਾਅ ਹੋਰ ਡੂੰਘੇ ਹੋ ਜਾਂਦੇ ਹਨ। ਗੁਰੂ ਸਾਹਿਬ ਦੀ ਵਿਚਾਰਧਾਰਾ ਸਪੱਸ਼ਟ ਕਰਦੀ ਹੈ ਕਿ ਸਥਾਈ ਸ਼ਾਂਤੀ ਜਿੱਤ-ਹਾਰ ਦੀ ਭਾਵਨਾ ਨਾਲ ਨਹੀਂ, ਸਗੋਂ ਆਪਸੀ ਸਤਿਕਾਰ, ਸਹਿਣਸ਼ੀਲਤਾ ਤੇ ਸੰਵਾਦ ਨਾਲ ਹੀ ਕਾਇਮ ਹੋ ਸਕਦੀ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਵੱਖ-ਵੱਖ ਧਰਮਾਂ ਤੇ ਭਾਈਚਾਰਿਆਂ ਦੇ ਲੋਕਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਦਾ ਉਦੇਸ਼ ਕਿਸੇ ਧਰਮ ਨੂੰ ਨੀਵਾਂ ਦਿਖਾਉਣਾ ਨਹੀਂ, ਸਗੋਂ ਮਨੁੱਖ ਨੂੰ ਸੱਚੇ ਆਚਰਨ ਤੇ ਪਰਮਾਤਮਾ ਨਾਲ ਜੁੜਨ ਦਾ ਰਾਹ ਦਿਖਾਉਣਾ ਸੀ। ਉਨ੍ਹਾਂ ਨੇ ਧਰਮ ਨੂੰ ਕਰਮਕਾਂਡਾਂ ਤੇ ਬਾਹਰੀ ਦਿਖਾਵੇ ਦੀ ਬਜਾਏ ਮਨੁੱਖਤਾ ਦੀ ਸੇਵਾ, ਦਇਆ ਤੇ ਇਮਾਨਦਾਰੀ ਨਾਲ ਜੋੜਿਆ। ਅੱਜ ਜਦੋਂ ਧਰਮ ਦੇ ਨਾਂ ’ਤੇ ਸਮਾਜਾਂ ’ਚ ਦੂਰੀਆਂ ਵਧ ਰਹੀਆਂ ਹਨ ਤਾਂ ਗੁਰੂ ਸਾਹਿਬ ਦੀ ਇਹ ਪਹੁੰਚ ਅੰਤਰ-ਧਾਰਮਿਕ ਸਦਭਾਵਨਾ ਲਈ ਇਕ ਮਿਸਾਲ ਹੈ। ਵਿਸ਼ਵ ਸ਼ਾਂਤੀ ਦਾ ਸਬੰਧ ਸਿਰਫ਼ ਜੰਗਾਂ ਦੀ ਸਮਾਪਤੀ ਨਾਲ ਹੀ ਨਹੀਂ, ਸਗੋਂ ਆਰਥਿਕ ਤੇ ਸਮਾਜਿਕ ਬਰਾਬਰੀ ਨਾਲ ਵੀ ਹੈ। ਦੁਨੀਆ ’ਚ ਗ਼ਰੀਬੀ, ਬੇਰੁਜ਼ਗਾਰੀ ਤੇ ਵਸੀਲਿਆਂ ਦੀ ਅਸਾਵੀਂ ਵੰਡ ਕਾਰਨ ਪੈਦਾ ਹੋ ਰਿਹਾ ਅਸੰਤੋਸ਼ ਵੀ ਟਕਰਾਅ ਨੂੰ ਜਨਮ ਦਿੰਦਾ ਹੈ। ਗੁਰੂ ਸਾਹਿਬ ਦਾ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਦਾ ਸਿਧਾਂਤ ਇਸ ਪੱਖੋਂ ਅਹਿਮ ਹੈ। ਇਮਾਨਦਾਰੀ ਨਾਲ ਕਿਰਤ ਕਰਨਾ, ਦੂਜਿਆਂ ਦੇ ਹੱਕਾਂ ਦਾ ਸਤਿਕਾਰ ਕਰਨਾ ਤੇ ਆਪਣੀ ਕਮਾਈ ’ਚੋਂ ਲੋੜਵੰਦਾਂ ਨਾਲ ਸਾਂਝ ਪਾਉਣਾ ਇਕ ਸਿਹਤਮੰਦ ਸਮਾਜ ਦੀ ਨੀਂਹ ਹੈ। ਲੰਗਰ ਦੀ ਪਰੰਪਰਾ ਇਸੇ ਵਿਚਾਰ ਦਾ ਵਿਹਾਰਕ ਪ੍ਰਗਟਾਵਾ ਹੈ, ਜਿੱਥੇ ਜਾਤ, ਧਰਮ ਤੇ ਆਰਥਿਕ ਹੈਸੀਅਤ ਦੇ ਭੇਦ ਤੋਂ ਬਿਨਾਂ ਹਰ ਵਿਅਕਤੀ ਇੱਕੋ ਪੰਗਤ ’ਚ ਬੈਠਦਾ ਹੈ। ਗੁਰੂ ਸਾਹਿਬ ਦੀ ਬਾਣੀ ’ਚ ਕੁਦਰਤ ਪ੍ਰਤੀ ਸਤਿਕਾਰ ਦਾ ਸੰਦੇਸ਼ ਵੀ ਵਿਸ਼ਵ ਸ਼ਾਂਤੀ ਨਾਲ ਜੁੜਿਆ ਹੋਇਆ ਹੈ। ਅੱਜ ਜਲਵਾਯੂ ਤਬਦੀਲੀ, ਪਾਣੀ ਦੀ ਘਾਟ ਤੇ ਵਾਤਾਵਰਣ ਪ੍ਰਦੂਸ਼ਣ ਸਮੁੱਚੀ ਮਨੁੱਖਤਾ ਲਈ ਚੁਣੌਤੀ ਬਣੇ ਹੋਏ ਹਨ। ਕੁਦਰਤੀ ਸਰੋਤਾਂ ਦੀ ਅੰਨ੍ਹੇਵਾਹ ਵਰਤੋਂ ਤੇ ਉਨ੍ਹਾਂ ’ਤੇ ਕਬਜ਼ੇ ਦੀ ਦੌੜ ਭਵਿੱਖ ’ਚ ਦੇਸ਼ਾਂ ਵਿਚਕਾਰ ਨਵੇਂ ਟਕਰਾਅ ਪੈਦਾ ਕਰ ਸਕਦੀ ਹੈ। ਇਸ ਲਈ ਕੁਦਰਤ ਦੀ ਸੰਭਾਲ ਤੇ ਸਰੋਤਾਂ ਦੀ ਨਿਆਂਪੂਰਨ ਵਰਤੋਂ ਵੀ ਸ਼ਾਂਤੀਪੂਰਨ ਵਿਸ਼ਵ ਦੀ ਸਥਾਪਨਾ ਲਈ ਜ਼ਰੂਰੀ ਹੈ। ਅੱਜ ਦੁਨੀਆ ਨੂੰ ਹਥਿਆਰਾਂ ਦੀ ਦੌੜ ਨਾਲੋਂ ਵੱਧ ਭਰੋਸੇ, ਸੰਵਾਦ ਤੇ ਸਹਿਣਸ਼ੀਲਤਾ ਦੀ ਲੋੜ ਹੈ। ਗੁਰੂ ਜੀ ਦਾ ਸੰਦੇਸ਼ ਕਿਸੇ ਇਕ ਸਮੇਂ ਜਾਂ ਸਮਾਜ ਲਈ ਨਹੀਂ, ਸਗੋਂ ਸਮੁੱਚੀ ਮਨੁੱਖਤਾ ਲਈ ਹੈ। ਉਨ੍ਹਾਂ ਦੇ ਪ੍ਰਕਾਸ਼ ਪੁਰਬ ਮੌਕੇ ਇਸ ਸੰਦੇਸ਼ ਨੂੰ ਸਿਰਫ਼ ਧਾਰਮਿਕ ਸ਼ਰਧਾ ਤੱਕ ਸੀਮਤ ਰੱਖਣ ਦੀ ਬਜਾਏ ਵਿਸ਼ਵ ਭਾਈਚਾਰੇ ਤੇ ਸ਼ਾਂਤੀ ਦੀ ਸਥਾਪਨਾ ਨਾਲ ਜੋੜਨ ਦੀ ਲੋੜ ਹੈ।