- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਪਣੇ ਬੁਨਿਆਦੀ ਹੱਕਾਂ ਤੇ ਸੰਵਿਧਾਨਕ ਜਿੰਮੇਵਾਰੀਆਂ ਪ੍ਰਤੀ ਲਾਪਰਵਾਹ ਨਾਗਰਿਕ ਨੂੰ ਚੰਦ ਲਾਲਚਾਂ ਨਾਲ ਆਸਾਨੀ ਨਾਲ ਭਰਮਾਇਆ ਜਾ ਸਕਦਾ ਹੈ ਤੇ ਦਬਕੇ ਨਾਲ ਦਬਾਇਆ ਜਾ ਸਕਦਾ ਹੈ। ਉਸ ਨੂੰ ਧਰਮ, ਜਾਤ, ਭਾਸ਼ਾ, ਖੇਤਰ, ਡਰ ਜਾਂ ਝੂਠੇ ਵਾਅਦਿਆਂ ਦੇ ਆਧਾਰ ’ਤੇ ਸੌਖਿਆਂ ਹੀ ਪ੍ਰਭਾਵਿਤ ਕੀਤਾ ਜਾ ਸਕਦਾ ਹੈ। ਜਾਗਰੂਕ ਨਾਗਰਿਕ ਨੇਤਾ ਦੇ ਭਾਸ਼ਣ ਤੋਂ ਵੱਧ ਉਸ ਦੇ ਕੰਮ ਨੂੰ ਮਹੱਤਵ ਦਿੰਦਾ ਹੈ। ਉਹ ਸਵਾਲ ਪੁੱਛਣ ਦੀ ਹਿੰਮਤ ਰੱਖਦਾ ਹੈ ਕਿ ਸਾਡੇ ਇਲਾਕੇ ਵਿੱਚ ਸਿੱਖਿਆ ਦੀ ਹਾਲਤ ਕੀ ਹੈ। ਸਿਹਤ ਸਹੂਲਤਾਂ ਕਿਹੋ ਜਿਹੀਆਂ ਹਨ। ਰੁਜ਼ਗਾਰ ਦੇ ਮੌਕੇ ਕਿੰਨੇ ਵਧੇ ਹਨ।

-ਡਾ. ਗੁਰਤੇਜ ਸਿੰਘ
ਮੀਡੀਆ ਲੋਕਤੰਤਰ ਦਾ ਚੌਥਾ ਥੰਮ੍ਹ ਹੈ, ਜਿਸ ਨੇ ਲੋਕ ਆਵਾਜ਼ ਬਣ ਕੇ ਜਨਤਾ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣਾ ਹੁੰਦਾ ਹੈ। ਸਰਕਾਰ ਨੂੰ ਸਵਾਲ ਕਰਨੇ ਹੁੰਦੇ ਹਨ, ਗ਼ਲਤ ਲਈ ਸ਼ਬਦਾਂ ਦੀ ਮਰਿਆਦਾ ’ਚ ਰਹਿ ਕੇ ਅਲੋਚਨਾ ਕਰਨੀ ਹੁੰਦੀ ਹੈ ਤੇ ਚੰਗੀਆਂ ਨੀਤੀਆਂ ਦੀ ਵਡਿਆਈ ਕਰਨੀ ਹੁੰਦੀ ਹੈ। ਜ਼ਿਆਦਾਤਰ ਮੀਡੀਆ ਅਦਾਰੇ ‘ਗੋਦੀ ਮੀਡੀਆ’ ਦਾ ਕਿਰਦਾਰ ਨਿਭਾਅ ਕੇ ਸਰਕਾਰਾਂ ਨਾਲ ਵਫ਼ਾਦਾਰੀ ਦਾ ਸਬੂਤ ਦੇ ਰਹੇ ਹਨ ਤੇ ਲੋਕਾਈ ਨਾਲ ਗੱਦਾਰੀ ਕੀਤੀ ਜਾ ਰਹੀ ਹੈ, ਜੋ ਜੱਗ ਜ਼ਾਹਿਰ ਹੈ। ਕੁਝ ਮੀਡੀਆ ਅਦਾਰੇ ਹੀ ਲੋਕਤੰਤਰ ਦੀ ਗੱਲ ਕਰਦੇ ਹਨ, ਜੋ ਆਟੇ ’ਚ ਲੂਣ ਬਰਾਬਰ ਹਨ। ਸਰਕਾਰਾਂ ਸਵਾਲ ਕਰਨ ਵਾਲੇ ਮੀਡੀਆ ਕਰਮੀਆਂ ਤੇ ਚੈਨਲਾਂ ਦੀ ਜ਼ੁਬਾਨਬੰਦੀ ਕਰਨ ਲਈ ਹਰ ਹੀਲਾ ਵਰਤਦੀਆਂ ਹਨ। ਲਾਲਚ ਨਾਲ ਨਾ ਮੰਨਣ ਵਾਲਿਆਂ ਦਾ ਜਿਉਣਾ ਦੁੱਭਰ ਕਰ ਦਿੱਤਾ ਜਾਂਦਾ ਹੈ।
ਲੋਕਤੰਤਰ ਸਿਰਫ਼ ਵੋਟ ਪਾਉਣ ਦੀ ਪ੍ਰਕਿਰਿਆ ਦਾ ਨਾਮ ਨਹੀਂ। ਇਹ ਇਕ ਅਜਿਹੀ ਪ੍ਰਣਾਲੀ ਹੈ, ਜਿਸ ’ਚ ਸੱਤਾ ਦਾ ਅਸਲ ਸਰੋਤ ਲੋਕ ਹੁੰਦੇ ਹਨ। ਚੋਣਾਂ ਆਉਂਦੀਆਂ ਹਨ, ਰਾਜਨੀਤਿਕ ਪਾਰਟੀਆਂ ਆਪਣੇ ਵਾਅਦੇ ਲੈ ਕੇ ਲੋਕਾਂ ਦੇ ਦਰਵਾਜ਼ਿਆਂ ਤੱਕ ਪਹੁੰਚਦੀਆਂ ਹਨ, ਨੇਤਾ ਹੱਥ ਜੋੜਦੇ ਹਨ ਅਤੇ ਆਪਣੇ ਆਪ ਨੂੰ ਲੋਕਾਂ ਦਾ ਸੇਵਕ ਦੱਸਦੇ ਹਨ। ਚੋਣਾਂ ਖ਼ਤਮ ਹੁੰਦੇ ਹੀ ਅਕਸਰ ਇਹ ਭੁੱਲ ਜਾਂਦੇ ਹਨ ਕਿ ਜਿਸ ਜਨਤਾ ਨੇ ਉਨ੍ਹਾਂ ਨੂੰ ਸੱਤਾ ਦਿੱਤੀ ਹੈ, ਉਹੀ ਜਨਤਾ ਉਨ੍ਹਾਂ ਤੋਂ ਸਵਾਲ ਪੁੱਛਣ ਦਾ ਹੱਕ ਵੀ ਰੱਖਦੀ ਹੈ।
ਇਸ ਲਈ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਸਿਰਫ਼ ਲੋਕਾਂ ਦੀ ਵੱਧ ਗਿਣਤੀ ਨਹੀਂ, ਉਨ੍ਹਾਂ ਦੀ ਜਾਗਰੂਕਤਾ ਹੁੰਦੀ ਹੈ। ਜਾਗਰੂਕ ਲੋਕ ਹੀ ਆਪਣੇ ਅਧਿਕਾਰਾਂ ਨੂੰ ਸਮਝਦੇ ਹਨ, ਆਪਣੀਆਂ ਜ਼ਿੰਮੇਵਾਰੀਆਂ ਨੂੰ ਪਛਾਣਦੇ ਹਨ ਤੇ ਸੱਤਾ ਨੂੰ ਜਵਾਬਦੇਹ ਬਣਾਉਣ ਦੀ ਸਮਰੱਥਾ ਰੱਖਦੇ ਹਨ। ਲੋਕਤੰਤਰ ’ਚ ਸੰਵਿਧਾਨ ਸਭ ਤੋਂ ਉੱਪਰ ਹੁੰਦਾ ਹੈ ਤੇ ਲੋਕ ਉਸ ਸੰਵਿਧਾਨਕ ਪ੍ਰਬੰਧ ਦੇ ਕੇਂਦਰ ’ਚ ਹੁੰਦੇ ਹਨ। ਸਰਕਾਰਾਂ ਲੋਕਾਂ ਦੁਆਰਾ ਚੁਣੀਆਂ ਜਾਂਦੀਆਂ ਹਨ। ਵਿਧਾਇਕ ਤੇ ਸੰਸਦ ਮੈਂਬਰ ਲੋਕਾਂ ਦੀਆਂ ਵੋਟਾਂ ਨਾਲ ਆਪਣੀ ਕੁਰਸੀ ਤੱਕ ਪਹੁੰਚਦੇ ਹਨ। ਇਸ ਲਈ ਕਿਸੇ ਵੀ ਚੁਣੇ ਹੋਏ ਨੁਮਾਇੰਦੇ ਦੀ ਤਾਕਤ ਉਸ ਦੀ ਨਿੱਜੀ ਜਾਇਦਾਦ ਨਹੀਂ ਹੁੰਦੀ ਇਹ ਲੋਕਾਂ ਵੱਲੋਂ ਦਿੱਤੀ ਗਈ ਅਮਾਨਤ ਹੁੰਦੀ ਹੈ।
ਸਮੱਸਿਆ ਉਸ ਵੇਲੇ ਪੈਦਾ ਹੁੰਦੀ ਹੈ, ਜਦੋਂ ਜਨਤਾ ਆਪਣੇ ਆਪ ਨੂੰ ਸਿਰਫ਼ ਵੋਟਰ ਸਮਝਣ ਲੱਗਦੀ ਹਨ ਤੇ ਆਪਣੇ ਚੁਣੇ ਨੁਮਾਇੰਦਿਆਂ ਨੂੰ ਮਾਲਕ ਤੇ ਰਾਜਨੇਤਾ ਆਪਣੇ ਆਪ ਨੂੰ ਸਿਰਮੌਰ ਮੰਨਣਾ ਸ਼ੁਰੂ ਕਰ ਦਿੰਦੇ ਹਨ। ਲੋਕਤੰਤਰੀ ਢਾਂਚੇ ’ਚ ਸਾਫ਼ ਅਕਸ ਵਾਲੇ ਨੁੰਮਾਇਦੇ ਨੇਤਾ ਦੇ ਰੂਪ ’ਚ ਅੱਗੇ ਲਿਆਉਣੇ ਤੇ ਵੋਟਾਂ ਦੀ ਵਡਮੁੱਲੀ ਭੇਟ ਦੇ ਕੇ ਪੰਚ, ਸਰਪੰਚ, ਐੱਮਐੱਲਏ, ਸੰਸਦ ਮੈਂਬਰ ਬਣਾਉਣੇ ਲੋਕ ਸਮੂਹ ਦੇ ਹਿੱਸੇ ਆਇਆ ਹੈ। ਵੋਟ ਪਾਉਣ ਤੋਂ ਬਾਅਦ ਨਾਗਰਿਕਾਂ ਦੀ ਭੂਮਿਕਾ ਖ਼ਤਮ ਨਹੀਂ ਹੁੰਦੀ ਬਲਕਿ ਉੱਥੋਂ ਹੀ ਉਨ੍ਹਾਂ ਦੀ ਦੂਜੀ ਤੇ ਮਹੱਤਵਪੂਰਨ ਭੂਮਿਕਾ ਸ਼ੁਰੂ ਹੁੰਦੀ ਹੈ, ਸਰਕਾਰ ਦੇ ਕੰਮਕਾਜ ਉੱਤੇ ਨਜ਼ਰ ਰੱਖਣ ਦੀ, ਸਵਾਲ ਪੁੱਛਣ ਦੀ, ਗ਼ਲਤ ਨੀਤੀਆਂ ਦਾ ਵਿਰੋਧ ਕਰਨ ਦੀ ਤੇ ਚੰਗੇ ਕੰਮ ਦੀ ਹੌਸਲਾ-ਅਫ਼ਜ਼ਾਈ ਕਰਨ ਦੀ। ਇੱਥੇ ਜਾਗਰੂਕਤਾ ਹੀ ਲੋਕ-ਤਾਕਤ ਹੋ ਨਿੱਬੜਦੀ ਹੈ।
ਆਪਣੇ ਬੁਨਿਆਦੀ ਹੱਕਾਂ ਤੇ ਸੰਵਿਧਾਨਕ ਜਿੰਮੇਵਾਰੀਆਂ ਪ੍ਰਤੀ ਲਾਪਰਵਾਹ ਨਾਗਰਿਕ ਨੂੰ ਚੰਦ ਲਾਲਚਾਂ ਨਾਲ ਆਸਾਨੀ ਨਾਲ ਭਰਮਾਇਆ ਜਾ ਸਕਦਾ ਹੈ ਤੇ ਦਬਕੇ ਨਾਲ ਦਬਾਇਆ ਜਾ ਸਕਦਾ ਹੈ। ਉਸ ਨੂੰ ਧਰਮ, ਜਾਤ, ਭਾਸ਼ਾ, ਖੇਤਰ, ਡਰ ਜਾਂ ਝੂਠੇ ਵਾਅਦਿਆਂ ਦੇ ਆਧਾਰ ’ਤੇ ਸੌਖਿਆਂ ਹੀ ਪ੍ਰਭਾਵਿਤ ਕੀਤਾ ਜਾ ਸਕਦਾ ਹੈ। ਜਾਗਰੂਕ ਨਾਗਰਿਕ ਨੇਤਾ ਦੇ ਭਾਸ਼ਣ ਤੋਂ ਵੱਧ ਉਸ ਦੇ ਕੰਮ ਨੂੰ ਮਹੱਤਵ ਦਿੰਦਾ ਹੈ। ਉਹ ਸਵਾਲ ਪੁੱਛਣ ਦੀ ਹਿੰਮਤ ਰੱਖਦਾ ਹੈ ਕਿ ਸਾਡੇ ਇਲਾਕੇ ਵਿੱਚ ਸਿੱਖਿਆ ਦੀ ਹਾਲਤ ਕੀ ਹੈ। ਸਿਹਤ ਸਹੂਲਤਾਂ ਕਿਹੋ ਜਿਹੀਆਂ ਹਨ। ਰੁਜ਼ਗਾਰ ਦੇ ਮੌਕੇ ਕਿੰਨੇ ਵਧੇ ਹਨ। ਸੜਕਾਂ, ਪਾਣੀ ਤੇ ਸਫ਼ਾਈ ਦੀ ਸਥਿਤੀ ਕੀ ਹੈ। ਸਰਕਾਰੀ ਪੈਸਾ ਕਿੱਥੇ ਖ਼ਰਚ ਹੋ ਰਿਹਾ ਹੈ। ਚੋਣਾਂ ਮੌਕੇ ਜਿਹੜੇ ਵਾਅਦੇ ਕੀਤੇ ਗਏ ਸਨ, ਉਨ੍ਹਾਂ ’ਚੋਂ ਕਿੰਨੇ ਪੂਰੇ ਹੋਏ। ਇਹ ਸਵਾਲ ਕਿਸੇ ਸਰਕਾਰ ਦੇ ਵਿਰੁੱਧ ਨਹੀਂ ਹੁੰਦੇ ਇਹ ਤਾਂ ਲੋਕਤੰਤਰ ਦੇ ਹੱਕ ’ਚ ਹੁੰਦੇ ਹਨ। ਜਿੱਥੇ ਲੋਕ ਸਵਾਲ ਕਰਨੇ ਛੱਡ ਦਿੰਦੇ ਹਨ, ਉੱਥੇ ਜਵਾਬਦੇਹੀ ਕਮਜ਼ੋਰ ਹੋਣ ਲੱਗਦੀ ਹੈ ਅਤੇ ਜਿੱਥੇ ਜਵਾਬਦੇਹੀ ਕਮਜ਼ੋਰ ਹੁੰਦੀ ਹੈ, ਉੱਥੇ ਸੱਤਾ ਦੇ ਦੁਰਵਰਤੋਂ ਦੀ ਸੰਭਾਵਨਾ ਵਧ ਜਾਂਦੀ ਹੈ। ਭੀੜ ਕਿਸੇ ਨੇਤਾ ਦੀ ਹਰਮਨਪਿਆਰਤਾ ਤੋਂ ਪ੍ਰਭਾਵਿਤ ਹੋ ਸਕਦੀ ਹੈ, ਜਾਗਰੂਕ ਨਾਗਰਿਕ ਉਸ ਦੇ ਕੰਮ ਦਾ ਮੁਲਾਂਕਣ ਕਰਦਾ ਹੈ। ਇਹੀ ਕਾਰਨ ਹੈ ਕਿ ਲੋਕਤੰਤਰ ਨੂੰ ਸਿਰਫ਼ ਬਹੁਮਤ ਦੀ ਲੋੜ ਨਹੀਂ ਹੁੰਦੀ, ਸਗੋਂ ਸੂਝਵਾਨ ਬਹੁਮਤ ਦੀ ਲੋੜ ਹੁੰਦੀ ਹੈ।
ਸੋਸ਼ਲ ਮੀਡੀਆ ਦੇ ਦੌਰ ’ਚ ਅੱਜ ਜਾਣਕਾਰੀ ਪ੍ਰਾਪਤ ਕਰਨਾ ਪਹਿਲਾਂ ਨਾਲੋਂ ਅਸਾਨ ਹੈ ਪਰ ਸਹੀ ਜਾਣਕਾਰੀ ਤੱਕ ਪਹੁੰਚਣਾ ਕਈ ਵਾਰ ਹੋਰ ਮੁਸ਼ਕਲ ਹੋ ਗਿਆ ਹੈ। ਸੋਸ਼ਲ ਮੀਡੀਆ ’ਤੇ ਹਰ ਰੋਜ਼ ਹਜ਼ਾਰਾਂ ਦਾਅਵੇ, ਵੀਡੀਓ, ਤਸਵੀਰਾਂ ਤੇ ਸੁਨੇਹੇ ਸਾਡੇ ਸਾਹਮਣੇ ਆਉਂਦੇ ਹਨ। ਇਨ੍ਹਾਂ ’ਚੋਂ ਕੁਝ ਸੱਚੇ ਹੁੰਦੇ ਹਨ, ਕੁਝ ਅੱਧੇ ਸੱਚ ਅਤੇ ਕੁਝ ਪੂਰੀ ਤਰ੍ਹਾਂ ਝੂਠੇ।
ਵੋਟ ਲੋਕਤੰਤਰ ਦਾ ਬਹੁਤ ਮਹੱਤਵਪੂਰਨ ਹਥਿਆਰ ਹੈ, ਪਰ ਇਸ ਦੀ ਤਾਕਤ ਤਾਂ ਹੀ ਕਾਇਮ ਰਹਿੰਦੀ ਹੈ, ਜਦੋਂ ਇਸ ਦੀ ਵਰਤੋਂ ਸੋਚ-ਸਮਝ ਕੇ ਕੀਤੀ ਜਾਵੇ। ਜੇ ਕੋਈ ਵਿਅਕਤੀ ਸਿਰਫ਼ ਇਸ ਲਈ ਵੋਟ ਪਾਉਂਦਾ ਹੈ ਕਿ ਉਮੀਦਵਾਰ ਉਸ ਦੀ ਜਾਤ ਜਾਂ ਧਰਮ ਨਾਲ ਸਬੰਧਤ ਹੈ, ਤਾਂ ਉਹ ਆਪਣੇ ਵੋਟ ਦੀ ਅਸਲ ਤਾਕਤ ਨੂੰ ਸੀਮਤ ਕਰ ਦਿੰਦਾ ਹੈ। ਜੇ ਕੋਈ ਪੈਸੇ, ਨਸ਼ੇ, ਤੋਹਫ਼ੇ ਜਾਂ ਥੋੜ੍ਹੇ ਸਮੇਂ ਦੇ ਲਾਭ ਦੇ ਬਦਲੇ ਆਪਣਾ ਵੋਟ ਵੇਚ ਦਿੰਦਾ ਹੈ, ਤਾਂ ਉਹ ਸਿਰਫ਼ ਆਪਣਾ ਵੋਟ ਨਹੀਂ ਵੇਚਦਾ, ਸਗੋਂ ਆਉਣ ਵਾਲੇ ਸਾਲਾਂ ਦੀ ਆਪਣੀ ਆਵਾਜ਼ ਨੂੰ ਵੀ ਨੇਤਾਵਾਂ ਦੇ ਕੋਲ ਗਿਰਵੀ ਰੱਖ ਦਿੰਦਾ ਹੈ। ਇਸ ਲਈ ਵੋਟ ਪਾਉਣ ਤੋਂ ਪਹਿਲਾਂ ਉਮੀਦਵਾਰ ਦੀ ਯੋਗਤਾ, ਇਮਾਨਦਾਰੀ, ਕਾਰਗੁਜ਼ਾਰੀ ਤੇ ਲੋਕ-ਪੱਖੀ ਸੋਚ ਨੂੰ ਪਰਖਣਾ ਜ਼ਰੂਰੀ ਹੈ। ਉਕਤ ਜਾਣਕਾਰੀ ਦੀ ਜਾਂਚ ਕਰਨ ਦੀ ਆਦਤ ਵੀ ਲੋਕਤੰਤਰ ਦੀ ਰਾਖੀ ਦਾ ਇਕ ਮਹੱਤਵਪੂਰਨ ਹਿੱਸਾ ਹੈ।
ਲੋਕ ਵਿਰੋਧੀ ਨੀਤੀਆਂ ਦਾ ਪੁਰਜ਼ੋਰ ਵਿਰੋਧ ਕਰਨਾ ਲੋਕਤੰਤਰ ਦਾ ਅਹਿਮ ਹਿੱਸਾ ਹੈ। ਸਰਕਾਰਾਂ ਦਾ ਵਿਰੋਧ ਦੇਸ਼ ਵਿਰੋਧੀ ਨਹੀਂ ਹੁੰਦਾ। ਸਾਡੇ ਸਮਾਜ ’ਚ ਅਕਸਰ ਵਿਰੋਧੀ ਵਿਚਾਰ ਰੱਖਣ ਵਾਲੇ ਵਿਅਕਤੀ ਨੂੰ ਵਿਰੋਧੀ ਜਾਂ ਦੁਸ਼ਮਣ ਸਮਝ ਲਿਆ ਜਾਂਦਾ ਹੈ। ਲੋਕਤੰਤਰ ਦੀ ਖ਼ੂਬਸੂਰਤੀ ਹੀ ਇਹ ਹੈ ਕਿ ਇੱਥੇ ਹਰ ਵਿਅਕਤੀ ਨੂੰ ਆਪਣੀ ਰਾਇ ਰੱਖਣ ਦਾ ਅਧਿਕਾਰ ਹੈ। ਸਰਕਾਰ ਦੀ ਅਲੋਚਨਾ ਕਰਨਾ ਦੇਸ਼ ਦੀ ਅਲੋਚਨਾ ਨਹੀਂ। ਕਿਸੇ ਨੀਤੀ ਨਾਲ ਅਸਹਿਮਤ ਹੋਣਾ ਰਾਸ਼ਟਰ-ਵਿਰੋਧ ਨਹੀਂ। ਸਵਾਲ ਪੁੱਛਣਾ ਦੇਸ਼ ਦੀ ਅਖੰਡਤਾ ’ਚ ਅਵਿਸ਼ਵਾਸ਼ ਹਰਗਿਜ਼ ਨਹੀਂ ਹੈ।
ਸਿਹਤਮੰਦ ਲੋਕਤੰਤਰ ’ਚ ਸਰਕਾਰ ਦੇ ਨਾਲ-ਨਾਲ ਵਿਰੋਧੀ ਧਿਰ, ਮੀਡੀਆ, ਨਿਆਂਪਾਲਿਕਾ, ਬੁੱਧੀਜੀਵੀ ਵਰਗ ਤੇ ਆਮ ਨਾਗਰਿਕ ਸਾਰੇ ਆਪੋ-ਆਪਣੀ ਸਾਰਥਿਕ ਭੂਮਿਕਾ ਨਿਭਾਉਂਦੇ ਹਨ। ਜਿੱਥੇ ਸਿਰਫ਼ ਸੱਤਾ ਦੀ ਆਵਾਜ਼ ਸੁਣਾਈ ਦੇਵੇ ਅਤੇ ਬਾਕੀ ਸਾਰੇ ਚੁੱਪ ਹੋ ਜਾਣ, ਉੱਥੇ ਲੋਕਤੰਤਰ ਦੀ ਰੂਹ ਕਮਜ਼ੋਰ ਹੋਣ ਲੱਗਦੀ ਹੈ। ਲੋਕਤੰਤਰ ਸਿਰਫ਼ ਇਹ ਨਹੀਂ ਕਿ ਸਰਕਾਰ ਸਾਡੇ ਲਈ ਕੀ ਕਰ ਰਹੀ ਹੈ। ਇਹ ਵੀ ਹੈ ਕਿ ਅਸੀਂ ਸਮਾਜ ਤੇ ਦੇਸ਼ ਲਈ ਕੀ ਕਰ ਰਹੇ ਹਾਂ। ਕਿਸੇ ਵੀ ਲੋਕਤੰਤਰੀ ਦੇਸ਼ ਦਾ ਭਵਿੱਖ ਉਸ ਦੇ ਨੌਜਵਾਨਾਂ ਦੀ ਸੋਚ ’ਤੇ ਨਿਰਭਰ ਕਰਦਾ ਹੈ। ਜੇਕਰ ਨੌਜਵਾਨ ਸਿਰਫ਼ ਸੋਸ਼ਲ ਮੀਡੀਆ ਦੀਆਂ ਬਹਿਸਾਂ ਤੱਕ ਸੀਮਤ ਰਹਿ ਜਾਣ ਅਤੇ ਅਸਲ ਸਮਾਜਿਕ ਮੁੱਦਿਆਂ ਤੋਂ ਦੂਰ ਹੋ ਜਾਣ, ਤਾਂ ਲੋਕਤੰਤਰ ਦੀ ਤਾਕਤ ਘਟਦੀ ਹੈ।
ਨੌਜਵਾਨਾਂ ਨੂੰ ਸੰਵਿਧਾਨ, ਆਪਣੇ ਅਧਿਕਾਰਾਂ, ਚੋਣ ਪ੍ਰਕਿਰਿਆ ਅਤੇ ਸਮਾਜਿਕ ਮਸਲਿਆਂ ਬਾਰੇ ਜਾਣੂ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਨੇਤਾਵਾਂ ਨੂੰ ਸਵਾਲ ਪੁੱਛਣੇ ਚਾਹੀਦੇ ਹਨ ਤੇ ਆਪਣੇ ਵਿਚਾਰ ਤਰਕ ਨਾਲ ਪੇਸ਼ ਕਰਨੇ ਚਾਹੀਦੇ ਹਨ। ਕਿਸੇ ਵੀ ਲੋਕਤੰਤਰ ’ਚ ਸਭ ਤੋਂ ਖ਼ਤਰਨਾਕ ਨਾਗਰਿਕ ਉਹ ਨਹੀਂ ਜੋ ਸਵਾਲ ਪੁੱਛਦਾ ਹੈ ਸਭ ਤੋਂ ਖ਼ਤਰਨਾਕ ਸਥਿਤੀ ਉਹ ਹੁੰਦੀ ਹੈ ਜਦੋਂ ਲੋਕ ਸਵਾਲ ਪੁੱਛਣਾ ਹੀ ਛੱਡ ਦਿੰਦੇ ਹਨ। ਲੋਕ ਜਾਗ ਪੈਣ ਤਾਂ ਸੱਤਾ ਨੂੰ ਜਵਾਬਦੇਹ ਬਣਨਾ ਪੈਂਦਾ ਹੈ।
ਜਦੋਂ ਲੋਕ ਜਾਗਰੂਕ ਹੁੰਦੇ ਹਨ ਤਾਂ ਨੇਤਾ ਉਨ੍ਹਾਂ ਦੇ ਸਵਾਲਾਂ ਦਾ ਭੈਅ ਖਾਂਦੇ ਹਨ ਤੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣ ਲਈ ਮਜਬੂਰ ਹੁੰਦੇ ਹਨ। ਜਦੋਂ ਲੋਕ ਆਪਣੇ ਅਧਿਕਾਰਾਂ ਨੂੰ ਸਮਝਦੇ ਹਨ ਤਾਂ ਕੋਈ ਵੀ ਉਨ੍ਹਾਂ ਨੂੰ ਆਸਾਨੀ ਨਾਲ ਭਾਵਨਾਵਾਂ ਦੇ ਨਾਮ ’ਤੇ ਗੁੰਮਰਾਹ ਨਹੀਂ ਕਰ ਸਕਦਾ।
ਅੰਤ ’ਚ ਗੱਲ ਇੰਨੀ ਕੁ ਹੈ ਕਿ ਲੋਕਤੰਤਰ ’ਚ ਲੋਕ ਹੀ ਵੱਡੇ ਹੁੰਦੇ ਹਨ ਪਰ ਤਦੋਂ ਹੀ, ਜਦੋਂ ਉਹ ਆਪਣੀ ਤਾਕਤ ਨੂੰ ਪਛਾਣਦੇ ਹਨ। ਜਾਗਰੂਕ ਲੋਕ ਸੱਤਾ ਦੇ ਪਿੱਛੇ ਨਹੀਂ ਤੁਰਦੇ ਉਹ ਸੱਤਾ ਨੂੰ ਲੋਕਾਂ ਦੇ ਪਿੱਛੇ ਤੁਰਨ ਲਈ ਮਜਬੂਰ ਕਰਦੇ ਹਨ। ਉਹ ਨੇਤਾਵਾਂ ਨੂੰ ਦੇਵਤਾ ਨਹੀਂ ਬਣਾਉਂਦੇ, ਸਗੋਂ ਲੋਕ-ਸੇਵਕ ਸਮਝਦੇ ਹਨ। ਉਹ ਵੋਟ ਨੂੰ ਸਿਰਫ਼ ਇਕ ਨਿਸ਼ਾਨ ਨਹੀਂ, ਆਪਣੇ ਭਵਿੱਖ ਦਾ ਫ਼ੈਸਲਾ ਸਮਝਦੇ ਹਨ। ਇਸ ਲਈ ਲੋਕਤੰਤਰ ਨੂੰ ਬਚਾਉਣ ਅਤੇ ਮਜ਼ਬੂਤ ਕਰਨ ਦਾ ਸਭ ਤੋਂ ਪਹਿਲਾ ਕਦਮ ਹੈ ਲੋਕਾਂ ਦਾ ਜਾਗਰੂਕ ਹੋਣਾ ਕਿਉਂਕਿ ਜਦੋਂ ਲੋਕ ਜਾਗਦੇ ਹਨ, ਤਾਂ ਲੋਕਤੰਤਰ ਜਿਊਂਦਾ ਰਹਿੰਦਾ ਹੈ। ਜਦੋਂ ਲੋਕ ਸੁੱਤੇ ਹੁੰਦੇ ਹਨ ਤਾਂ ਲੋਕਤੰਤਰ ਸਿਰਫ਼ ਕਾਗਜ਼ਾਂ ’ਚ ਬਚਿਆ ਦਿਸਦਾ ਹੈ ਸਹੀ ਅਰਥਾਂ ’ਚ ਉਸ ਦਾ ਪਤਨ ਸ਼ੁਰੂ ਹੋ ਚੁੱਕਾ ਹੁੰਦਾ ਹੈ।
(ਸੰਪਰਕ : 95173-96001)