- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਡਾ ਵੱਡਾ ਮਾਮਾ ਸਵਰਨ ਸਿੰਘ ਆਉਂਦਾ ਤਾਂ ਆਂਢ-ਗੁਆਂਢ ’ਚ ਸਭ ਨੂੰ ਮਿਲ਼ਕੇ ਜਾਂਦਾ। ਕੁਝ ਤਾਂ ਉਸ ਨੂੰ ਆਪ ਹੀ ਮਿਲਣ ਆ ਜਾਂਦੇ। ਜੋ ਨਹੀਂ ਮਿਲ਼ਦੇ, ਉਹਨਾਂ ਨੂੰ ਆਪ ਘਰ ਜਾ ਮਿਲਕੇ ਸੁੱਖ-ਸਾਂਦ ਪੁੱਛ ਆਉਂਦਾ। ਮਨ ’ਚ ਇਹ ਖਿਆਲ ਰਹਿੰਦਾ ਕਿ ਕਿਤੇ ਇਹ ਉਲਾਂਭਾ ਨਾ ਆ ਜਾਵੇ ਕਿ ਸਵਰਨ ਸਹੁੰ ਐਤਕੀਂ ਮਿਲ ਕੇ ਵੀ ਨਹੀਂ ਗਿਆ। ਉਹਨਾਂ ਦਿਨਾਂ ’ਚ ਘਰ ’ਚ ਇਕ ਵੇਲੇ ਇਕ ਤੋਂ ਵੱਧ ਸਬਜ਼ੀ ਬਣਾਉਣ ਦਾ ਪ੍ਰਚਲਨ ਨਹੀਂ ਸੀ ਕਿਉਂਕਿ ਬਣੀਆਂ ਸਬਜ਼ੀਆਂ/ਦਾਲ਼ਾਂ ਨੂੰ ਕਈ-ਕਈ ਦਿਨ ਸੰਭਾਲਣ ਦੇ ਸਾਧਨ ਹਾਲੇ ਪਿੰਡਾਂ ’ਚ ਨਹੀਂ ਸਨ ਪਹੁੰਚੇ।

.jpg)
ਅਮਰੀਕ ਸਿੰਘ ਦਿਆਲ
ਸਕੂਲ ’ਚ ਅੱਖ਼ਰਾਂ ਨਾਲ਼ ਜਾਣ-ਪਛਾਣ ਤੋਂ ਬਾਅਦ ਸ਼ਬਦ-ਜੋੜਾਂ ਉਪਰੰਤ ਵਾਕਾਂ ਨਾਲ਼ ਵੀ ਚੰਗੀ ਸਾਂਝ ਪੈ ਗਈ ਸੀ। ਪਹਿਲੀ ਜਮਾਤ ਵਾਲ਼ੇ ਕਾਇਦੇ ’ਚ ਛਪੀਆਂ ਰੰਗਦਾਰ ਤਸਵੀਰਾਂ ਆਪਣੇ ਵੱਲ੍ਹ ਆਕਰਸ਼ਿਤ ਕਰਨ ਲਗ ਪਈਆਂ ਸਨ। ਕਾਲ਼ੇ ਅੱਖਰਾਂ ਦੀ ਇਬਾਰਤ ਵਾਲ਼ੀਆਂ ਛੋਟੀਆਂ-ਛੋਟੀਆਂ ਬਾਲ ਕਵਿਤਾਵਾਂ ਨਾਲ਼ ਮੇਲ਼ ਖਾਂਦੀਆਂ ਰੰਗਦਾਰ ਤਸਵੀਰਾਂ ਜਿਵੇਂ ਸਤਰਾਂ ਦੀਆਂ ਹਾਣੀ ਬਣ ਨਾਲ਼-ਨਾਲ਼ ਤੁਰਦੀਆਂ ਜਾਪਦੀਆਂ। ਪੂਰੇ ਸਾਲ ’ਚ ਖ਼ਤਮ ਹੋਣ ਵਾਲ਼ਾ ਕਾਇਦਾ ਚਾਅ-ਚਾਅ ’ਚ ਕੁਝ ਦਿਨਾਂ ’ਚ ਹੀ ਪੜ੍ਹ ਲਿਆ ਸੀ। ਨਿੱਕੀਆਂ ਸਤਰਾਂ ’ਚ ਰਿਸ਼ਤਿਆਂ ਦਾ ਜ਼ਿਕਰ, ਕਵਿਤਾਵਾਂ ’ਚ ਆਪ-ਮਹਾਰੇ ਲੈਅ ਭਰ ਦਿੰਦਾ ਸੀ। ਉਹਨਾਂ ’ਚੋਂ ਇਕ ਕਵਿਤਾ ਅੱਜ ਵੀ ਮੇਰੇ ਚੇਤਿਆਂ ਦੇ ਖ਼ਜ਼ਾਨੇ ਦਾ ਹਿੱਸਾ ਹੈ। ਪੰਨੇ ਦੇ ਸੱਜੇ ਪਾਸੇ ਪਗੜੀਧਾਰੀ ਫ਼ੌਜੀ ਦੀ ਸੋਹਣੀ ਤਸਵੀਰ ਹੈ। ਕਵਿਤਾ ਦਾ ਸਿਰਲੇਖ ਹੈ: ਮਾਮਾ ਆਇਆ, ਮਾਮਾ ਆਇਆ। ਅਗਲੀਆਂ ਸਤਰਾਂ ’ਚ ਹੈ, ਫ਼ੌਜੀ ਮਾਮਾ ਆਇਆ। ਹੱਥ ’ਚ ਥੈਲਾ ਹੈ। ਮਠਿਆਈ ਲਿਆਉਣ ਦਾ ਵੀ ਜ਼ਿਕਰ ਹੈ।
ਸੱਚਮੁੱਚ ਹੀ ਉਹ ਕਵਿਤਾਵਾਂ ਨਾਲ਼ ਮੇਲ਼ ਖਾਂਦੇ ਦਿਨ ਹੁੰਦੇ ਸਨ। ਸਾਉਣ ਮਹੀਨੇ ਦੀਆਂ ਕਵਿਤਾਵਾਂ ’ਚ ਪੜ੍ਹੇ ਦ੍ਰਿਸ਼ ਸਾਉਣ ਮਹੀਨੇ ’ਚ ਪ੍ਰਤੱਖ ਰੂਪ ’ਚ ਰੂਪਮਾਨ ਹੋ ਜਾਂਦੇ ਸਨ। ਇਹ ਉਹਨਾਂ ਦਿਨਾਂ ਦੀਆਂ ਗੱਲਾਂ ਹਨ, ਜਦੋਂ ਪ੍ਰਾਹੁਣੇ ਅਚਾਨਕ ਆ ਜਾਂਦੇ ਸਨ। ਅੱਜ ਵਾਂਗ ਕਈ ਦਿਨ ਪਹਿਲਾਂ ਅਗਾਊਂ ਸੂਚਨਾ ਨਹੀਂ ਸੀ ਦਿੱਤੀ ਜਾਂਦੀ ਤੇ ਨਾ ਹੀ ਅੱਜ ਵਾਂਗ ਉਚੇਚੀ ਤਿਆਰੀ ਦਾ ਮੌਕਾ ਮਿਲ਼ਦਾ ਹੁੰਦਾ ਸੀ। ਉਸ ਵਕਤ ਸੂਚਨਾ ਦੇਣ ਲਈ ਅੱਜ ਵਾਂਗ ਤੇਜ਼-ਤਰਾਰ ਸਾਧਨ ਉਪਲਬਧ ਹੀ ਨਹੀਂ ਸਨ ਹੁੰਦੇ। ਜੇ ਕਦੇ ਸਬੱਬ ਬਣ ਜਾਵੇ ਤਾਂ ਸੁਨੇਹਾ ਜ਼ਰੂਰ ਘੱਲ ਦਿੱਤਾ ਜਾਂਦਾ ਸੀ। ਇਸ ਮਕਸਦ ਲਈ ਕੋਈ ਉਚੇਚ ਨਹੀਂ ਸੀ ਹੁੰਦੀ। ਭਾਵੇਂ ਅਗਾਊਂ ਸੁਨੇਹਾ ਨਹੀਂ ਸੀ ਮਿਲਦਾ ਪਰ ਅਚਾਨਕ ਪ੍ਰਾਹੁਣਾ ਆਉਣ ਦੀ ਜਿੰਨੀ ਖ਼ੁਸ਼ੀ ਹੁੰਦੀ ਸੀ, ਉਸ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਉਹਨਾਂ ਵਕਤਾਂ ’ਚ ਮਹਿਮਾਨ ਠਹਿਰਨ ਲਈ ਆਉਂਦਾ ਸੀ। ਹੁਣ ਵਾਂਗ ਛੂਹ ਕੇ ਵਾਪਸ ਦੌੜਨ ਲਈ ਨਹੀਂ। ਉਸ ਦੀ ਠਹਿਰ ਦੇ ਨਾਲ਼-ਨਾਲ਼ ਉਸ ਦੇ ਮਨ ’ਚ ਵੀ ਠਹਿਰਾਅ ਹੁੰਦਾ ਸੀ। ਰਿਸ਼ਤੇ ਗੂੜ੍ਹੇ ਹੁੰਦੇ ਸਨ। ਚੁੰਬਕ ਲੋਹੇ ਤੋਂ ਕਾਹਲ਼ਾ ਹੁੰਦਾ ਸੀ।
ਇਹ ਵੀ ਪਤਾ ਨਹੀਂ ਸੀ ਹੁੰਦਾ ਕਿ ਜਿਸ ਨੂੰ ਮਿਲਣ ਜਾ ਰਹੇ ਹਾਂ, ਉਹ ਮਿਲ਼ੇਗਾ ਵੀ ਜਾਂ ਨਹੀਂ। ਬੀਬੀ ਕਈ ਵਾਰ ਜ਼ਿਕਰ ਕਰਦੀ ਹੁੰਦੀ ਸੀ ਕਿ ਉਸ ਦਾ ਭਰਾ ਸਾਡਾ ਮਾਮਾ ਸੰਤੋਖ ਸਿੰਘ ਫ਼ੌਜ ’ਚੋਂ ਛੁੱਟੀ ਆਇਆ ਹੋਇਆ ਸੀ। ਉਹ ਬੀਬੀ ਨੂੰ ਮਿਲਣ ਪਿੰਡ ਆਇਆ। ਉਸ ਦਿਨ ਬੀਬੀ ਪਿੰਡ ਤੋਂ ਦੋ ਕਿਲੋਮੀਟਰ ਦੂਰ ਖੇੜੇ ਵਾਲ਼ੇ ਖ਼ੂਹ ’ਤੇ ਗੁਆਂਢਣਾਂ ਨਾਲ਼ ਕੱਪੜੇ ਧੋਣ ਲਈ ਗਈ ਹੋਈ ਸੀ। ਉਸ ਨੂੰ ਕੋਈ ਖ਼ਬਰ ਨਹੀਂ ਸੀ ਕਿ ਘਰ ਉਸ ਦਾ ਭਰਾ ਆਇਆ ਹੋਇਆ ਹੈ। ਗੁਆਂਢੀਆਂ ਨੇ ਆਓ-ਭਗਤ ਕੀਤੀ ਤੇ ਚਾਹ-ਪਾਣੀ ਪਿਲਾਇਆ। ਕਿਸੇ ਕਾਰਨ ਵਜੋਂ ਉਹ ਬੀਬੀ ਦੇ ਵਾਪਸ ਆਉਣ ਤੋਂ ਪਹਿਲਾਂ ਹੀ ਮੁੜ ਗਿਆ ਸੀ। ਜਦੋਂ ਗੁਆਂਢਣ ਤੋਂ ਪਤਾ ਲੱਗਾ ਕਿ ਉਸ ਦਾ ਭਰਾ ਆ ਕੇ ਮੁੜ ਗਿਆ ਤਾਂ ਬੀਬੀ ਨੂੰ ਅੱਚਵੀ ਜਿਹੀ ਲੱਗ ਗਈ। ਹੁਣ ਵਾਂਗ ਸੰਚਾਰ ਦੇ ਸਾਧਨ ਹੁੰਦੇ ਤਾਂ ਪੁੱਛ ਲੈਂਦੀ ਕਿ ਵੀਰਾ ਕਿੱਥੇ ਕੁ ਪੁੱਜ ਗਿਆ। ਉਸ ਦੇ ਸਿਰ ’ਤੇ ਜਿਵੇਂ ਸੌ ਘੜਾ ਪਾਣੀ ਦਾ ਪੈ ਗਿਆ ਹੋਵੇ। ਉਹ ਸਾਰਾ ਦਿਨ ਬੇਚੈਨ ਰਹੀ। ਕੁਝ ਵੀ ਚੰਗਾ ਨਾ ਲੱਗੇ। ਦੂਜੇ ਦਿਨ ਡੇਢ ਵਜੇ ਵਾਲ਼ੀ ਬੱਸ ਫੜ ਕੇ ਮਾਪੇ ਘਰ ਪਹੁੰਚੀ। ਉਹਨਾਂ ਦਿਨਾਂ ’ਚ ਇਹ ਗੱਲ ਜ਼ਰੂਰ ਸੀ ਕਿ ਸਾਰੇ ਪਿੰਡ ’ਚ ਪਤਾ ਲੱਗ ਜਾਂਦਾ ਸੀ ਕਿ ਫਲਾਣੇ ਦੇ ਘਰ ਪ੍ਰਾਹੁਣਾ ਆਇਆ ਹੈ। ਉਹ ਸਾਰੇ ਪਿੰਡ ਦਾ ਸਾਂਝਾ ਹੁੰਦਾ ਸੀ। ਵਿਹੜੇ-ਮਹੱਲੇ ’ਚ ਤਾਂ ਕੋਈ ਫ਼ਰਕ ਹੀ ਨਹੀਂ ਸੀ ਹੁੰਦਾ। ਰਾਤ ਵੇਲੇ ਕੰਧ ਰਹਿਤ ਘਰਾਂ ਦੇ ਵਿਹੜਿਆਂ ’ਚ ਮੰਜਿਆਂ ਦੀਆਂ ਕਤਾਰਾਂ ਲੱਗੀਆਂ ਹੁੰਦੀਆਂ। ਪ੍ਰਾਹੁਣੇ ਲਈ ਮੰਜੇ ’ਤੇ ਨਵਾਂ ਖੇਸ ਵਿਛਾਇਆ ਜਾਂਦਾ। ਅੱਧੀ ਰਾਤ ਤੱਕ ਗੱਲਾਂ ਹੁੰਦੀਆਂ, ਨਵੀਆਂ ਸੂਚਨਾਵਾਂ ਦਾ ਆਦਾਨ-ਪ੍ਰਦਾਨ ਹੁੰਦਾ। ਮਹਿਮਾਨ ਦੀ ਆਮਦ ਪਰਿਵਾਰ ਅਤੇ ਵਿਹੜੇ-ਮੁਹੱਲੇ ’ਚ ਨਵੀਂ ਰੂਹ ਭਰ ਦਿੰਦੀ।
ਸਾਡਾ ਵੱਡਾ ਮਾਮਾ ਸਵਰਨ ਸਿੰਘ ਆਉਂਦਾ ਤਾਂ ਆਂਢ-ਗੁਆਂਢ ’ਚ ਸਭ ਨੂੰ ਮਿਲ਼ਕੇ ਜਾਂਦਾ। ਕੁਝ ਤਾਂ ਉਸ ਨੂੰ ਆਪ ਹੀ ਮਿਲਣ ਆ ਜਾਂਦੇ। ਜੋ ਨਹੀਂ ਮਿਲ਼ਦੇ, ਉਹਨਾਂ ਨੂੰ ਆਪ ਘਰ ਜਾ ਮਿਲਕੇ ਸੁੱਖ-ਸਾਂਦ ਪੁੱਛ ਆਉਂਦਾ। ਮਨ ’ਚ ਇਹ ਖਿਆਲ ਰਹਿੰਦਾ ਕਿ ਕਿਤੇ ਇਹ ਉਲਾਂਭਾ ਨਾ ਆ ਜਾਵੇ ਕਿ ਸਵਰਨ ਸਹੁੰ ਐਤਕੀਂ ਮਿਲ ਕੇ ਵੀ ਨਹੀਂ ਗਿਆ। ਉਹਨਾਂ ਦਿਨਾਂ ’ਚ ਘਰ ’ਚ ਇਕ ਵੇਲੇ ਇਕ ਤੋਂ ਵੱਧ ਸਬਜ਼ੀ ਬਣਾਉਣ ਦਾ ਪ੍ਰਚਲਨ ਨਹੀਂ ਸੀ ਕਿਉਂਕਿ ਬਣੀਆਂ ਸਬਜ਼ੀਆਂ/ਦਾਲ਼ਾਂ ਨੂੰ ਕਈ-ਕਈ ਦਿਨ ਸੰਭਾਲਣ ਦੇ ਸਾਧਨ ਹਾਲੇ ਪਿੰਡਾਂ ’ਚ ਨਹੀਂ ਸਨ ਪਹੁੰਚੇ। ਸਾਂਝਾ ਪ੍ਰਾਹੁਣਾ ਹੋਣ ਕਰ ਕੇ ਗੁਆਂਢਣਾਂ ਆਪ-ਮੁਹਾਰੇ ਕੌਲੀ-ਕੌਲੀ ਦਾਲ਼-ਸਬਜ਼ੀ ਪੁੱਜਦੀ ਕਰਨਾ ਆਪਣਾ ਫਰਜ਼ ਸਮਝਦੀਆਂ ਸਨ। ਦਾਲ-ਸਬਜ਼ੀ ਦੀਆਂ ਕਈ ਵੰਨਗੀਆਂ ਪ੍ਰਾਹੁਣੇ ਦੀ ਸੇਵਾ ਲਈ ਹਾਜ਼ਰ ਹੋ ਜਾਂਦੀਆਂ। ਮਿੱਠਾ ਪਕਵਾਨ ਦੇਸੀ ਘਿਓ ਵਾਲ਼ੀ ਘਰ ਦੀ ਸ਼ੱਕਰ ਹੁੰਦਾ। ਆਏ ਮਹਿਮਾਨ ਬਾਰੇ ਇਹ ਪਤਾ ਹੁੰਦਾ ਸੀ ਕਿ ਇਹ ਫਲਾਣਾ ਸਿਹੁੰ, ਫਲਾਣੇ ਪਿੰਡ ਤੋਂ ਆਇਆ ਤੇ ਫਲਾਣੇ ਦਾ ਰਿਸ਼ਤੇਦਾਰ ਹੈ। ਪੂਰੇ ਪਿੰਡ ’ਚ ਉਹ ਕਿਸੇ ਜਾਣ-ਪਛਾਣ ਦਾ ਮੁਹਤਾਜ਼ ਨਹੀਂ ਸੀ ਹੁੰਦਾ। ਇਕ ਵਾਰ ਸਾਡੇ ਗੁਆਂਢ ’ਚ ਮਾਮਾ ਦੇਵੀ ਚੰਦ ਆਇਆ। ਜਦੋਂ ਆਪਣੀ ਭੈਣ ਦੇ ਘਰ ਪਹੁੰਚਿਆ ਤਾਂ ਤਰਕਾਲਾਂ ਦਾ ਵੇਲਾ ਸੀ। ਇੱਕ-ਦੂਜੇ ਨੂੰ ਰਾਮਸੱਤ ਕਹਿਣ ਉਪਰੰਤ ਭੈਣ ਨੇ ਸਰਸਰੀ ਪੁੱਛ ਲਿਆ ਕਿ ‘ਵੀਰਾ ਘਰੋਂ ਕਦੋਂ ਕੁ ਤੁਰਿਆ ਸੀ ਭਲਾ।’ ਉਸ ਨੇ ਦੱਸਿਆ ਕਿ ਉਹ ਤਾਂ ਸ਼ਾਹ ਵੇਲੇ ਪਿੰਡ ਪਹੁੰਚ ਗਿਆ ਸੀ। ਪਿੰਡ ਵੜਦੇ ਸਾਰ ਰਾਣਾ ਅਜੈਬ ਸਿੰਘ ਹੁਰੀਂ ਛੱਲੀਆਂ ਛਿੱਲ ਰਹੇ ਸਨ। ਪਰਿਵਾਰਕ ਮੈਂਬਰ ਅਤੇ ਆਂਢੀ-ਗੁਆਂਢੀ ਵੀ ਹੱਥ ਵਟਾ ਰਹੇ ਸਨ। ਚੰਗੀ ਰੌਣਕ ਲੱਗੀ ਹੋਈ ਸੀ। ਮੈਂ ਆਮ ਵਾਂਗ ਉਹਨਾਂ ਦੀ ਖ਼ਬਰਸਾਰ ਪੁੱਛਣ ਬੈਠ ਗਿਆ। ਗੱਲਾਂ-ਬਾਤਾਂ ਕਰਦਿਆਂ ਚਾਹ ਆ ਗਈ। ਚਾਹ ਉਪਰੰਤ ਅਜਿਹੀਆਂ ਗੱਲਾਂ ਛਿੜੀਆਂ ਕਿ ਸਮੇਂ ਦਾ ਪਤਾ ਹੀ ਨਹੀਂ ਲੱਗਿਆ। ਫਿਰ ਉਹ ਖਹਿੜੇ ਹੀ ਪੈ ਗਏ ਕਿ ਰੋਟੀ ਖਾਧੀ ਬਿਨਾਂ ਹੁਣ ਜਾਣਾ ਨਹੀਂ। ਦੁਪਹਿਰ ਦਾ ਭੋਜਨ ਉਹਨਾਂ ਕੋਲ਼ ਹੀ ਕੀਤਾ। ਪਿਆਰ ਭਰੀ ਜਿੱਦ ਮੂਹਰੇ ਝੁਕਣਾ ਪੈਂਦਾ ਐ ਭੈਣੇ। ਭੈਣ ਨੂੰ ਹਾਲੇ ਵੀ ਤਸੱਲੀ ਨਹੀਂ ਸੀ। ਫਿਰ ਵੀ ਵੀਰਾ, ਤੂੰ ਦੁਪਹਿਰ ਤੱਕ ਪਹੁੰਚ ਜਾਣਾ ਸੀ। ਜਦੋਂ ਉੱਥੋਂ ਤੁਰਿਆ ਤਾਂ ਚੇਤ ਰਾਮ ਦੀ ਦੁਕਾਨ ’ਤੇ ਤਾਂ ਜਿਵੇਂ ਪੂਰਾ ਪਿੰਡ ਹੀ ਮਿਲ ਗਿਆ ਹੋਵੇ। ਉਹਨਾਂ ਨਾਲ਼ ਦੁੱਖ-ਸੁੱਖ ਕਰਦੇ ਨੂੰ ਆਹ ਵੇਲਾ ਹੋ ਗਿਆ। ਪਿੰਡ ’ਚ ਸਵੇਰੇ ਪਹੁੰਚਿਆ ਮਾਮਾ ਸਾਰੇ ਪਿੰਡ ਦੀ ਖ਼ਬਰਸਾਰ ਲੈਂਦਾ ਹੋਇਆ ਸ਼ਾਮ ਵੇਲੇ ਭੈਣ ਦੇ ਘਰ ਪਹੁੰਚਿਆ ਸੀ। ਭੈਣ ਨੂੰ ਤਾਂ ਪਹਿਲਾਂ ਹੀ ਕਿਸੇ ਨੇ ਦੱਸ ਪਾ ਦਿੱਤੀ ਸੀ ਕਿ ਤੇਰਾ ਵੀਰਾ ਆਇਆ ਹੈ। ਮਾਮਾ ਆਇਆ, ਮਾਮਾ ਆਇਆ ਦੀ ਸੂਚਨਾ ਨਿਆਣੇ ਮੁਹੱਲੇ ਤੱਕ ਪਹਿਲਾਂ ਹੀ ਪਹੁੰਚਾ ਦਿੰਦੇ ਸਨ। ਰਾਤ ਵੇਲੇ ਉਸਦੀਆਂ ਵਿਹੜੇ-ਮੁਹੱਲੇ ਵਾਲ਼ਿਆਂ ਨਾਲ ਮੇਲ਼-ਮੁਲਾਕਾਤਾਂ ਹੋਣੀਆਂ ਸਨ। ਦੋ-ਚਾਰ ਦਿਨ ਰਹਿ ਕੇ ਭੈਣ ਨਾਲ਼ ਵੀ ਢੇਰ ਸਾਰੀਆਂ ਗੱਲਾਂ ਕਰਨੀਆਂ ਸਨ। ਇਹ ਵਰਤਾਰਾ ਆਮ ਹੁੰਦਾ ਸੀ।
ਮਾਮਾ ਤਾਂ ਹੁਣ ਵੀ ਆਉਂਦਾ ਹੈ ਪਰ ਸਾਰੇ ਪਿੰਡ ਦੀ ਤਾਂ ਗੱਲ ਛੱਡੋ, ਆਂਢ-ਗੁਆਂਢ ਦਾ ਵੀ ਮਾਮਾ ਨਹੀਂ ਹੁੰਦਾ। ਅਗਾਊਂ ਸੂਚਨਾ ਦਿੰਦਾ ਹੈ। ਸਿੱਧੀ ਗੱਡੀ ਗੇਟ ਅੰਦਰ ਦਾਖ਼ਲ ਹੁੰਦੀ। ਅਕਸਰ ਬੰਦ ਰਹਿੰਦਾ ਗੇਟ ਬਿੰਦ-ਝੱਟ ਖੁੱਲ੍ਹ ਕੇ ਫਿਰ ਬੰਦ ਹੋ ਜਾਂਦਾ ਹੈ। ਘੜੀ-ਘੰਟਾ ਜਿੰਨਾ ਕੁ ਚਿਰ ਵੀ ਰੁਕਦਾ ਹੈ, ਧਿਆਨ ਪਿਛਾਂਹ ਹੀ ਰਹਿੰਦਾ ਹੈ। ਮਾਮਾ ਆ ਕੇ ਵੀ ਮੁੜ ਜਾਂਦਾ ਹੈ। ਪਿੰਡ/ਮੁਹੱਲੇ ਵਾਲਿਆਂ ਨੂੰ ਤਾਂ ਕੀ ਪਤਾ ਲੱਗਣਾ, ਗੁਆਂਢੀਆਂ ਨੂੰ ਵੀ ਕੰਨੋ-ਕੰਨ ਖ਼ਬਰ ਨਹੀਂ ਹੁੰਦੀ। ਜਦੋਂ ਆਵਾਜਾਈ ਤੇ ਸੰਚਾਰ ਦੇ ਸਾਧਨਾਂ ਦੀ ਘਾਟ ਸੀ, ਉਦੋਂ ਸੁਭਾਅ ’ਚ ਠਹਿਰਾਅ ਸੀ। ਹੁਣ ਤੇਜ਼-ਤਰਾਰ ਆਵਾਜ਼ਾਈ ਅਤੇ ਸੰਚਾਰ ਦੇ ਸਾਧਨਾਂ ਦੇ ਬਾਵਜੂਦ ਵੀ ਪ੍ਰਾਹੁਣਚਾਰੀ ’ਚ ਪੁੱਜਣ ਨਾਲ਼ੋਂ ਮੁੜਨ ਦੀ ਚਿੰਤਾ ਵਧੇਰੇ ਹੁੰਦੀ ਹੈ। ਇਸ ਦੌੜ-ਭੱਜ ਨੇ ਕਿੰਨੀਆਂ ਜ਼ਹਿਮਤਾਂ ਬੰਦੇ ਦੇ ਗਲ਼ ਪਾ ਦਿੱਤੀਆਂ ਹਨ। ਇਸ ’ਚ ਕਿਸੇ ਦਾ ਵਸ ਨਹੀਂ, ਸਮੇਂ ਦਾ ਵਹਿਣ ਹੀ ਕੁਝ ਇਹੋ-ਜਿਹਾ ਹੋ ਗਿਆ ਹੈ•।
-ਲੇਖਕ ਸਿੱਖਿਆ ਵਿਭਾਗ ’ਚ ਲੈਕਚਰਾਰ ਹਨ। ਸੰਪਰਕ : 94638-51568