- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਕ ਗੱਲ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਯੂਨੀਵਰਸਿਟੀਆਂ ’ਚ ਸਹੀ ਸੰਚਾਰ ਦੀ ਘਾਟ ਕਿੰਨੀ ਖ਼ਤਰਨਾਕ ਹੋ ਸਕਦੀ ਹੈ। ਜਦੋਂ ਵਿਦਿਆਰਥੀਆਂ ਨੂੰ ਸਮੇਂ ਸਿਰ ਅਤੇ ਪਾਰਦਰਸ਼ੀ ਜਾਣਕਾਰੀ ਨਹੀਂ ਮਿਲਦੀ ਤਾਂ ਉਹ ਅਫ਼ਵਾਹਾਂ ’ਤੇ ਭਰੋਸਾ ਕਰਨ ਲੱਗਦੇ ਹਨ। ਹੋਸਟਲਾਂ ’ਚ ਸੁਰੱਖਿਆ ਪ੍ਰਣਾਲੀ, ਸੀਸੀਟੀਵੀ, ਵਾਰਡਨਾਂ ਦੀ ਚੌਕਸੀ ਤੇ ਤੁਰੰਤ ਜਵਾਬਦੇਹੀ ਮਜ਼ਬੂਤ ਹੋਣੀ ਚਾਹੀਦੀ ਹੈ।ਵਿਦਿਆਰਥੀਆਂ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਹਿੰਸਾ ਤੇ ਭੰਨਤੋੜ ਨਾਲ ਸਮੱਸਿਆ ਹੱਲ ਨਹੀਂ ਹੁੰਦੀ। ਕੌਮੀ ਸ਼ਾਹਰਾਹ ਬੰਦ ਕਰਨਾ, ਗੱਡੀਆਂ ਨੂੰ ਅੱਗ ਲਗਾਉਣਾ ਅਤੇ ਪੁਲਿਸ ਨਾਲ ਟਕਰਾਅ ਕਾਨੂੰਨੀ ਤੇ ਨੈਤਿਕ ਦੋਵਾਂ ਤਰੀਕਿਆਂ ਨਾਲ ਗ਼ਲਤ ਹੈ।

ਪੰਜਾਬ ਦੀਆਂ ਦੋ ਵੱਡੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਚਿਤਕਾਰਾ ਯੂਨੀਵਰਸਿਟੀ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ’ਚ ਬੀਤੇ ਕੱਲ੍ਹ ਤੇ ਉਸ ਤੋਂ ਪਹਿਲਾਂ ਦੀਆਂ ਰਾਤਾਂ ’ਚ ਜੋ ਘਟਨਾਕ੍ਰਮ ਵਾਪਰਿਆ, ਉਹ ਸਿਰਫ਼ ਦੋ ਕੈਂਪਸਾਂ ਤੱਕ ਸੀਮਤ ਨਹੀਂ ਰਿਹਾ। ਇਹ ਘਟਨਾਵਾਂ ਪੂਰੇ ਸੂਬੇ ’ਚ ਵਿਦਿਆਰਥੀਆਂ ਦੀ ਸੁਰੱਖਿਆ, ਸੋਸ਼ਲ ਮੀਡੀਆ ਦੀ ਭੂਮਿਕਾ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦੀ ਜਵਾਬਦੇਹੀ ਬਾਰੇ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ। ਦੋਵਾਂ ਥਾਵਾਂ ’ਤੇ ਅਫ਼ਵਾਹਾਂ ਨੇ ਵਿਦਿਆਰਥੀਆਂ ਨੂੰ ਸੜਕ ’ਤੇ ਲਿਆਂਦਾ, ਹਿੰਸਾ ਭੜਕਾਈ ਤੇ ਅਖ਼ੀਰ ਅਕਾਦਮਿਕ ਸਰਗਰਮੀਆਂ ਮੁਅੱਤਲ ਹੋ ਗਈਆਂ। ਚਿਤਕਾਰਾ ਯੂਨੀਵਰਸਿਟੀ ਵਿਚ ਘਟਨਾਵਾਂ ਦੀ ਸ਼ੁਰੂਆਤ 24-25 ਸਤੰਬਰ ਤੋਂ ਹੋਈ। ਸੋਸ਼ਲ ਮੀਡੀਆ ’ਤੇ ਅਜਿਹੀਆਂ ਪੋਸਟਾਂ ਤੇ ਰੀਲਾਂ ਫੈਲੀਆਂ ਕਿ ਲੜਕੀਆਂ ਦੇ ਹੋਸਟਲ ’ਚ ਦੋ ਵਿਦਿਆਰਥਣਾਂ ਲਾਪਤਾ ਹੋ ਗਈਆਂ ਹਨ ਜਾਂ ਉਨ੍ਹਾਂ ਨੇ ਖ਼ੁਦਕੁਸ਼ੀ ਕਰ ਲਈ ਹੈ। ਐਂਬੂਲੈਂਸ ਦੀ ਆਮਦ, ਚੀਖਾਂ ਤੇ ਹੋਸਟਲ ਵਿਚ ਪੰਡਿਤ ਜੀ ਦੀ ਮੌਜੂਦਗੀ ਬਾਰੇ ਅਫ਼ਵਾਹਾਂ ਨੇ ਅੱਗ ’ਚ ਘਿਓ ਪਾ ਦਿੱਤਾ। ਅਫ਼ਵਾਹਾਂ ਇੰਨੀ ਤੇਜ਼ੀ ਨਾਲ ਫੈਲੀਆਂ ਕਿ ਵਿਦਿਆਰਥੀਆਂ ਦਾ ਰੋਸ ਪ੍ਰਦਰਸ਼ਨ ਹਿੰਸਕ ਰੂਪ ਧਾਰਨ ਕਰ ਗਿਆ। ਨਤੀਜੇ ਵਜੋਂ ਯੂਨੀਵਰਸਿਟੀ ਨੇ 28 ਸਤੰਬਰ ਤੋਂ 1 ਅਕਤੂਬਰ ਤੱਕ ਅਕਾਦਮਿਕ ਸਰਗਰਮੀਆਂ ਮੁਅੱਤਲ ਕਰ ਦਿੱਤੀਆਂ। ਲਗਪਗ ਇਸੇ ਸਮੇਂ ਐੱਲਪੀਯੂ ’ਚ ਇਕ ਹੋਰ ਭਿਆਨਕ ਤਸਵੀਰ ਸਾਹਮਣੇ ਆਈ। 26-27 ਸਤੰਬਰ ਦੀ ਰਾਤ ਲੜਕੀਆਂ ਦੇ ਹੋਸਟਲ ਨੰਬਰ-3 ਨੇੜੇ ਵਿਦਿਆਰਥੀ ਇਕੱਠੇ ਹੋਏ। ਦਾਅਵਾ ਕੀਤਾ ਗਿਆ ਕਿ ਇਕ ਵਿਦਿਆਰਥਣ ਨਾਲ ਤਿੰਨ ਦਿਨ ਪਹਿਲਾਂ ਇਕ ਬਾਹਰੀ ਵਿਅਕਤੀ (ਪਲੰਬਰ) ਨੇ ਜਬਰ-ਜਨਾਹ ਕੀਤਾ ਹੈ ਤੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ। ਖ਼ੁਦਕੁਸ਼ੀ ਜਾਂ ਲਾਪਤਾ ਹੋਣ ਦੀਆਂ ਗੱਲਾਂ ਵੀ ਸਾਹਮਣੇ ਆਈਆਂ। ਵਿਦਿਆਰਥੀਆਂ ਦਾ ਗੁੱਸਾ ਫੁੱਟ ਪਿਆ। ਉਨ੍ਹਾਂ ਨੇ ਕੈਂਪਸ ’ਚ ਭੰਨਤੋੜ ਕੀਤੀ, ਪੱਥਰਬਾਜ਼ੀ ਕੀਤੀ, ਗੱਡੀਆਂ ਨੂੰ ਅੱਗ ਲਗਾਈ ਅਤੇ ਜਲੰਧਰ-ਫਗਵਾੜਾ ਕੌਮੀ ਸ਼ਾਹਰਾਹ ਨੂੰ ਕਈ ਘੰਟਿਆਂ ਤੱਕ ਬੰਦ ਕਰ ਦਿੱਤਾ। ਪੁਲਿਸ ਨੇ 2,000 ਤੋਂ ਵੱਧ ਜਵਾਨ ਤਾਇਨਾਤ ਕੀਤੇ। ਐੱਫਆਈਆਰ ਦਰਜ ਕੀਤੀ ਅਤੇ ਐੱਸਆਈਟੀ ਬਣਾਈ ਗਈ। ਯੂਨੀਵਰਸਿਟੀ ਨੇ 28 ਸਤੰਬਰ ਤੋਂ 10 ਦਿਨਾਂ ਲਈ ਰੈਗੂਲਰ ਕਲਾਸਾਂ ਮੁਅੱਤਲ ਕਰ ਦਿੱਤੀਆਂ ਤੇ ਇਮਤਿਹਾਨ ਅਗਲੀ ਸੂਚਨਾ ਤੱਕ ਮੁਲਤਵੀ ਕਰ ਦਿੱਤੇ। ਵਿਦਿਆਰਥੀਆਂ ਨੂੰ ਘਰ ਜਾਣ ਜਾਂ ਹੋਸਟਲ ’ਚ ਹੀ ਰਹਿਣ ਦੀ ਸਲਾਹ ਦਿੱਤੀ ਗਈ। ਦੋਵਾਂ ਘਟਨਾਵਾਂ ’ਚ ਇਕ ਸਾਂਝੀ ਲੜੀ ਸਾਫ਼ ਨਜ਼ਰ ਆਉਂਦੀ ਹੈ, ਸੋਸ਼ਲ ਮੀਡੀਆ ’ਤੇ ਬਿਨਾਂ ਪੁਸ਼ਟੀ ਦੀਆਂ ਖ਼ਬਰਾਂ ਦਾ ਤੇਜ਼ੀ ਨਾਲ ਫੈਲਣਾ ਅਤੇ ਵਿਦਿਆਰਥੀਆਂ ’ਚ ਸੁਰੱਖਿਆ ਲਈ ਡਰ ਤੇ ਗੁੱਸਾ। ਅੱਜ ਦੇ ਡਿਜੀਟਲ ਦੌਰ ’ਚ ਇਕ ਰੀਲ ਜਾਂ ਵ੍ਹਟਸਐਪ ਮੈਸੇਜ ਮਿੰਟਾਂ ’ਚ ਹਜ਼ਾਰਾਂ-ਲੱਖਾਂ ਲੋਕਾਂ ਤੱਕ ਪਹੁੰਚ ਜਾਂਦਾ ਹੈ। ਜਦੋਂ ਗੱਲ ਲੜਕੀਆਂ ਦੀ ਸੁਰੱਖਿਆ ਦੀ ਹੋਵੇ ਤਾਂ ਇਹ ਡਰ ਹੋਰ ਤੇਜ਼ ਹੋ ਜਾਂਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਹਰ ਅਫ਼ਵਾਹ ਨੂੰ ਸੱਚ ਮੰਨ ਕੇ ਹਿੰਸਾ ਕੀਤੀ ਜਾਵੇ। ਚਿਤਕਾਰਾ ’ਚ ਯੂਨੀਵਰਸਿਟੀ ਤੇ ਪੁਲਿਸ ਨੇ ਸਾਫ਼ ਕਿਹਾ ਕਿ ਕੋਈ ਮੌਤ ਨਹੀਂ ਹੋਈ। ਐੱਲਪੀਯੂ ’ਚ ਵੀ ਪ੍ਰਸ਼ਾਸਨ ਨੇ ਇਨ੍ਹਾਂ ਦਾਅਵਿਆਂ ਨੂੰ ਗ਼ਲਤ ਕਰਾਰ ਦਿੱਤਾ। ਪੁਲਿਸ ਜਾਂਚ ਚੱਲ ਰਹੀ ਹੈ ਤੇ ਮਹਿਲਾ ਕਮਿਸ਼ਨ ਨੇ ਵੀ ਦੋਵਾਂ ਮਾਮਲਿਆਂ ਦਾ ਨੋਟਿਸ ਲਿਆ ਹੈ। ਇਕ ਗੱਲ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਯੂਨੀਵਰਸਿਟੀਆਂ ’ਚ ਸਹੀ ਸੰਚਾਰ ਦੀ ਘਾਟ ਕਿੰਨੀ ਖ਼ਤਰਨਾਕ ਹੋ ਸਕਦੀ ਹੈ। ਜਦੋਂ ਵਿਦਿਆਰਥੀਆਂ ਨੂੰ ਸਮੇਂ ਸਿਰ ਅਤੇ ਪਾਰਦਰਸ਼ੀ ਜਾਣਕਾਰੀ ਨਹੀਂ ਮਿਲਦੀ ਤਾਂ ਉਹ ਅਫ਼ਵਾਹਾਂ ’ਤੇ ਭਰੋਸਾ ਕਰਨ ਲੱਗਦੇ ਹਨ। ਹੋਸਟਲਾਂ ’ਚ ਸੁਰੱਖਿਆ ਪ੍ਰਣਾਲੀ, ਸੀਸੀਟੀਵੀ, ਵਾਰਡਨਾਂ ਦੀ ਚੌਕਸੀ ਤੇ ਤੁਰੰਤ ਜਵਾਬਦੇਹੀ ਮਜ਼ਬੂਤ ਹੋਣੀ ਚਾਹੀਦੀ ਹੈ।ਵਿਦਿਆਰਥੀਆਂ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਹਿੰਸਾ ਤੇ ਭੰਨਤੋੜ ਨਾਲ ਸਮੱਸਿਆ ਹੱਲ ਨਹੀਂ ਹੁੰਦੀ। ਕੌਮੀ ਸ਼ਾਹਰਾਹ ਬੰਦ ਕਰਨਾ, ਗੱਡੀਆਂ ਨੂੰ ਅੱਗ ਲਗਾਉਣਾ ਅਤੇ ਪੁਲਿਸ ਨਾਲ ਟਕਰਾਅ ਕਾਨੂੰਨੀ ਤੇ ਨੈਤਿਕ ਦੋਵਾਂ ਤਰੀਕਿਆਂ ਨਾਲ ਗ਼ਲਤ ਹੈ। ਪੰਜਾਬ ’ਚ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਇਸ ਲਈ ਇਨ੍ਹਾਂ ਘਟਨਾਵਾਂ ਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਵੀ ਕੀਤੀ ਜਾ ਸਕਦੀ ਹੈ ਪਰ ਅਸਲ ਮੁੱਦਾ ਸਿਆਸਤ ਨਹੀਂ, ਵਿਦਿਆਰਥੀਆਂ ਦੀ ਸੁਰੱਖਿਆ ਤੇ ਭਰੋਸਾ ਹੋਣਾ ਚਾਹੀਦਾ ਹੈ। ਹੁਣ ਚਿਤਕਾਰਾ ਤੇ ਐੱਲਪੀਯੂ ਦੋਵਾਂ ਨੇ ਇਹ ਸਾਬਤ ਕਰਨਾ ਹੈ ਕਿ ਉਹ ਸਿਰਫ਼ ਡਿਗਰੀਆਂ ਹੀ ਨਹੀਂ ਦਿੰਦੇ ਸਗੋਂ ਆਪਣੇ ਵਿਦਿਆਰਥੀਆਂ ਦੀ ਰਾਖੀ ਵੀ ਕਰਦੀਆਂ ਹਨ।