- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਡੇ ਸਾਹਮਣੇ ਹੀ ਡੀਐੱਸਪੀ ਨੇ ਉਸ ਨਕਲੀ ਪੁੱਤਰ ਨੂੰ ਪੁੱਛਿਆ, ‘ਤੂੰ ਉਹੀ ਹੋਮਗਾਰਡ ਹੈਂ ਨਾ ਜਿਹੜਾ ਦਸੂਹੇ ਮੇਰੀ ਕੋਠੀ ’ਤੇ ਕੰਮ ਕਰਦਾ ਸੀ ਤੇ ਤੂੰ ਮੇਰੇ ਨਾਂ ’ਤੇ ਸਮਝੌਤੇ ਕਰਾਉਣ ਦੇ ਪੈਸੇ ਲੈਦਾਂ ਰਿਹਾ ਸੀ। ਪਤਾ ਲੱਗਣ ’ਤੇ ਤੂੰ ਨੌਕਰੀ ਛੱਡ ਕੇ ਭਗੌੜਾ ਹੋ ਗਿਆ ਸੀ। ਡੱਕੋ ਇਸ ਨੂੰ ਅੰਦਰ। ਕਰੋ ਇਸ ਦਾ ਇਲਾਜ।’ ਸੁਣਦਿਆਂ ਹੀ ਨਕਲੀ ਪੁੱਤਰ ਡੀਐੱਸਪੀ ਦੇ ਪੈਰੀਂ ਪੈ ਕੇ ਮਾਫ਼ੀਆਂ ਮੰਗਣ ਲੱਗ ਪਿਆ।

ਡਾ.ਧਰਮਪਾਲ ਸਾਹਿਲ
ਮੈਂ ਤੇ ਮੇਰੀ ਪਤਨੀ ਸਕੂਟਰ ’ਤੇ ਤਲਵਾੜਾ ਤੋਂ ਹੁਸ਼ਿਆਰਪੁਰ ਆ ਰਹੇ ਸੀ। ਪਹਾੜੀ ਤੇ ਸੁੰਨਸਾਨ ਜਿਹੀ ਸੜਕ ਤੋਂ ਲੰਘਦਿਆਂ ਅਚਾਨਕ ਸੱਜੇ ਪਾਸਿਉਂ ਪਹਾੜੀ ਕੱਚੇ ਰਸਤੇ ਤੋਂ ਇੱਕ ਬਜੁਰਗ ਬਿਨਾ ਸੱਜੇ-ਖੱਬੇ ਦੇਖਿਆਂ ਇਕਦਮ ਸਕੂਟਰ ਮੁਹਰੇ ਆ ਗਿਆ। ਹਾਰਨ ਦੇਣ ਦੇ ਬਾਵਜੂਦ ਉਹ ਰੁਕਿਆ ਨਹੀਂ। ਬ੍ਰੇਕ ਮਾਰਨ ਅਤੇ ਬਚਾਉਂਦਿਆਂ-ਬਚਾਉਂਦਿਆਂ ਵੀ ਬਜੁਰਗ ਸਕੂਟਰ ਨਾਲ ਟਕਰਾ ਗਿਆ। ਅਸੀਂ ਦੋਵੇਂ ਪਤੀ-ਪਤਨੀ ਸਕੂਟਰ ਸਮੇਤ ਸੜਕ ’ਤੇ ਡਿੱਗ ਕੇ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਸਿਰ ’ਤੇ ਹੈਲਮੇਟ ਹੋਣ ਕਰਕੇ ਸਿਰ ਦਾ ਬਚਾਅ ਹੋ ਗਿਆ। ਉਹ ਬਜੁਰਗ ਵੀ ਥਾਏਂ ਲੜਖੜਾ ਕੇ ਡਿੱਗ ਪਿਆ ਤੇ ਫਿਰ ਆਪ ਹੀ ਉਠ ਕੇ ਚਲ ਪਿਆ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਸਬੱਬ ਨੂੰ ਉਸੇ ਸਮੇਂ ਉਸ ਸੜਕ ’ਤੇ ਇੱਕ ਮਿੰਨੀ ਬੱਸ ਵੀ ਆ ਕੇ ਰੁਕ ਗਈ। ਕੰਡਕਟਰ ਅਤੇ ਕੁਝ ਸਵਾਰੀਆਂ ਨੇ ਸਾਨੂੰ ਦੋਹਾਂ ਨੂੰ ਸੜਕ ਤੋਂ ਚੁੱਕ ਕੇ ਬੱਸ ’ਚ ਬਿਠਾਇਆ ਤੇ ਤਲਵਾੜਾ ਦੇ ਵੱਡੇ ਹਸਪਤਾਲ ਪੁਜਾਇਆ। ਸਾਨੂੰ ਐਮਰਜੈਂਸੀ ’ਚ ਦਾਖਿਲ ਕਰਕੇ ਸਾਡਾ ਇਲਾਜ ਸ਼ੁਰੂ ਕਰ ਦਿੱਤਾ ਗਿਆ। ਉਨ੍ਹਾਂ ਦਿਨਾਂ ’ਚ ਮੁਬਾਈਲ ਫੋਨ ਨਹੀਂ ਸਨ ਹੁੰਦੇ। ਲੈਂਡਲਾਈਨ ਤੋਂ ਦੂਸਰੇ ਸ਼ਹਿਰ ’ਚ ਰਹਿੰਦੇ ਘਰਵਾਲੀ ਦੇ ਭਰਾ ਨੂੰ ਸੂਚਨਾ ਭੇਜ ਦਿੱਤੀ ਗਈ। ਉਹ ਕੁਝ ਘੰਟਿਆਂ ’ਚ ਹਸਪਤਾਲ ਪੁੱਜ ਗਏ। ਅਗਲੀ ਸਵੇਰ ਪਤਾ ਲੱਗਾ ਕਿ ਉਸ ਬਜੁਰਗ ਨੂੰ ਵੀ ਐਮਰਜੈਂਸੀ ’ਚ ਦਾਖਿਲ ਕਰਾ ਦਿੱਤਾ ਗਿਆ ਹੈ ਅਤੇ ਸਾਡੇ ਖਿਲਾਫ਼ ਪੁਲਿਸ ’ਚ ਰਿਪੋਰਟ ਦਰਜ ਕਰਾਈ ਗਈ ਹੈ ਕਿ ਅਸੀਂ ਬਜੁਰਗ ਨੂੰ ਟੱਕਰ ਮਾਰ ਕੇ ਉਸ ਨੂੰ ਬੇਹੋਸ਼ੀ ਦੀ ਹਾਲਤ ’ਚ ਸੜਕ ’ਤੇ ਛੱਡ ਕੇ ਭੱਜ ਆਏ ਹਾਂ ਤੇ ਹਸਪਤਾਲ ਦਾਖਿਲ ਹੋ ਗਏ ਹਾਂ। ਬਜੁਰਗ ਦੀ ਹਾਲਤ ਬਹੁਤ ਗੰਭੀਰ ਹੈ। ਉਹ ਬਿਆਨ ਦੇਣ ਦੀ ਹਾਲਤ ’ਚ ਨਹੀਂ ਹੈ। ਕਿਸੇ ਸਮੇਂ ਕੁਝ ਵੀ ਹੋ ਸਕਦਾ ਹੈ। ਜੇ ਬਜੁਰਗ ਦੀ ਮੌਤ ਹੋ ਗਈ ਤਾਂ ਸਾਡੇ ਸਿਰ ’ਤੇ ਕਤਲ ਦਾ ਕੇਸ ਪੈ ਜਾਵੇਗਾ। ਇਸ ਲਈ ਬਿਹਤਰ ਹੈ ਕਿ ਤੁਰੰਤ ਲੈ-ਦੇ ਕੇ ਸਮਝੌਤਾ ਕਰ ਲਵੋ। ਮੈਨੂੰ ਇਸ ਗੱਲ ’ਤੇ ਯਕੀਨ ਨਾ ਆਵੇ। ਬਜੁਰਗ ਤਾਂ ਡਿੱਗਣ ਤੋਂ ਬਾਅਦ ਚੰਗਾ ਭਲਾ ਉੱਠ ਕੇ ਤੁਰ ਪਿਆ ਸੀ ਜਦੋਂ ਕਿ ਹਾਲਤ ਤਾਂ ਸਾਡੀ ਖ਼ਰਾਬ ਸੀ। ਸਾਨੂੰ ਲੋਕਾਂ ਨੇ ਸੜਕ ਤੋਂ ਚੁੱਕ ਕੇ ਬੱਸ ’ਚ ਬਿਠਾਇਆ ਸੀ। ਫਿਰ ਪੁਲਿਸ ਸਾਡੇ ਬਿਆਨ ਲੈਣ ਆ ਗਈ। ਮੇਰੇ ਕੁਝ ਕੁਲੀਗਜ ਵੀ ਸਾਡੀ ਖ਼ਬਰ-ਸਾਰ ਲੈਣ ਲਈ ਉੱਥੇ ਪੁੱਜ ਗਏ ਸਨ। ਕੁਝ ਦੇਰ ਘਰਵਾਲੀ ਦੇ ਭਰਾ ਨੇ ਇਕ ਕਾਗ਼ਜ਼ ’ਤੇ ਮੈਨੂੰ ਦਸਤਖ਼ਤ ਕਰਨ ਲਈ ਕਿਹਾ, ਜਿਸ ’ਤੇ ਲਿਖਿਆ ਸੀ ਕਿ ਦੋਹਾਂ ਧਿਰਾਂ ਨੂੰ ਇਕ ਦੂਸਰੇ ਤੋਂ ਕੋਈ ਸ਼ਿਕਾਇਤ ਨਹੀਂ ਹੈ। ਇਸ ਲਈ ਇਸ ਸ਼ਿਕਾਇਤ ਨੂੰ ਵਾਪਿਸ ਲੈਂਦੇ ਹਾਂ। ਇਬਾਰਤ ਪੜ੍ਹ ਕੇ ਮੈਂ ਤੁਰੰਤ ਦਸਖ਼ਤ ਕਰ ਦਿੱਤੇ। ਤੀਸਰੇ ਦਿਨ ਸਾਨੂੰ ਹਸਪਤਾਲੋਂ ਛੱਟੀ ਦੇ ਦਿੱਤੀ ਗਈ ਤੇ ਅਸੀਂ ਘਰ ਆ ਗਏ। ਫਿਰ ਪਤਾ ਲੱਗਾ ਕਿ ਸਮਝੌਤਾ ਹੁੰਦਿਆਂ ਹੀ ਬਜੁਰਗ ਵੀ ਹੋਸ਼ ’ਚ ਆ ਗਿਆ ਸੀ ਤੇ ਸਾਥੋਂ ਤੁਰੰਤ ਬਾਅਦ ਹੀ ਉਸ ਬਜੁਰਗ ਨੂੰ ਵੀ ਹਸਪਤਾਲੋਂ ਛੁੱਟੀ ਦੇ ਦਿੱਤੀ ਗਈ। ਮੈਨੂੰ ਦੱਸਿਆ ਨਹੀਂ ਦੱਸਿਆ ਗਿਆ ਪਰ ਆਪਣੇ ਕੁਲੀਗ ਤੋਂ ਪਤਾ ਲੱਗਿਆ ਕਿ ਬਜੁਰਗ ਦੇ ਸਾਬਕਾ ਹੋਮਗਾਰਡ ਪੁੱਤਰ ਨੇ ਇਲਾਜ ਲਈ ਘਰਵਾਲੀ ਦੇ ਭਰਾ ਤੋਂ ਪੰਜਾਹ ਹਜ਼ਾਰ ਰੁਪਏ ਲੈ ਕੇ ਸਮਝੌਤਾ ਕੀਤਾ ਹੈ। ਬਜੁਰਗ ਦਾ ਉਹ ਪੁੱਤਰ ਪਹਿਲਾਂ ਹੋਮਗਾਰਡ ਕਰਮਚਾਰੀ ਰਿਹਾ ਹੈ। ਇਹ ਕੰਮ ਸਾਨੂੰ ਕਿਸੇ ਹੋਰ ਮੁਸੀਬਤ ਤੋਂ ਬਚਾਉਣ ਲਈ ਬਾਹਰੋਂ-ਬਾਹਰ ਚੁੱਪਚਾਪ ਇਹ ਕੌੜਾ ਘੁੱਟ ਭਰ ਲਿਆ ਸੀ। ਸਾਡੇ ਕੋਲੋਂ ਪੈਸੇ ਕਢਾਉਣ ਦਾ ਇਹ ਸਾਰਾ ਨਾਟਕ ਮੇਰੀ ਸਮਝ ’ਚ ਆ ਗਿਆ ਸੀ। ਲਗਭਗ ਮਹੀਨੇ ਮਗਰੋਂ ਜਦੋਂ ਮੈਂ ਤੁਰਨ-ਫਿਰਨ ਦੇ ਕਾਬਿਲ ਹੋਇਆ ਤਾਂ ਮੈਂ ਇਸ ਸੰਬੰਧੀ ਇਕ ਸ਼ਿਕਾਇਤ ਡੀਐੱਸਪੀ ਮੁਕੇਰੀਆਂ ਨੂੰ ਕੀਤੀ। ਪੁਲਿਸ ਨੇ ਉਸ ਸਾਬਕਾ ਹੋਮਗਾਰਡ ਨੂੰ ਫੜ ਕੇ ਡੀਐੱਸਪੀ ਸਾਹਮਣੇ ਪੇਸ਼ ਕੀਤਾ ਤਾਂ ਪਤਾ ਲੱਗਾ ਕਿ ਉਹ ਬਜੁਰਗ ਦਾ ਪੁੱਤਰ ਹੀ ਨਹੀਂ ਸੀ। ਉਸਨੇ ਬਾਹਰੋਂ-ਬਾਹਰ ਸਮਝੌਤਾ ਕਰਾ ਕੇ ਸਮਝੌਤੇ ਦੀ ਰਕਮ ਪੁਲਿਸ ਦੇ ਹਵਲਦਾਰ ਨਾਲ ਅੱਧੀ-ਅੱਧੀ ਵੰਡ ਲਈ ਸੀ। ਬਜੁਰਗ ਤੇ ਉਸ ਦੇ ਅਸਲੀ ਪੁੱਤਰ ਨੂੰ ਇਕ ਪੈਸਾ ਵੀ ਨਹੀਂ ਸੀ ਮਿਲਿਆ। ਸਾਡੇ ਸਾਹਮਣੇ ਹੀ ਡੀਐੱਸਪੀ ਨੇ ਉਸ ਨਕਲੀ ਪੁੱਤਰ ਨੂੰ ਪੁੱਛਿਆ, ‘ਤੂੰ ਉਹੀ ਹੋਮਗਾਰਡ ਹੈਂ ਨਾ ਜਿਹੜਾ ਦਸੂਹੇ ਮੇਰੀ ਕੋਠੀ ’ਤੇ ਕੰਮ ਕਰਦਾ ਸੀ ਤੇ ਤੂੰ ਮੇਰੇ ਨਾਂ ’ਤੇ ਸਮਝੌਤੇ ਕਰਾਉਣ ਦੇ ਪੈਸੇ ਲੈਦਾਂ ਰਿਹਾ ਸੀ। ਪਤਾ ਲੱਗਣ ’ਤੇ ਤੂੰ ਨੌਕਰੀ ਛੱਡ ਕੇ ਭਗੌੜਾ ਹੋ ਗਿਆ ਸੀ। ਡੱਕੋ ਇਸ ਨੂੰ ਅੰਦਰ। ਕਰੋ ਇਸ ਦਾ ਇਲਾਜ।’ ਸੁਣਦਿਆਂ ਹੀ ਨਕਲੀ ਪੁੱਤਰ ਡੀਐੱਸਪੀ ਦੇ ਪੈਰੀਂ ਪੈ ਕੇ ਮਾਫ਼ੀਆਂ ਮੰਗਣ ਲੱਗ ਪਿਆ। ਡੀਐੱਸਪੀ ਨੇ ਉਸ ਹਵਲਦਾਰ ਨੂੰ ਵੀ ਪੇਸ਼ ਹੋਣ ਲਈ ਕਿਹਾ ਜਿਸਨੇ ਸਮਝੌਤੇ ਦੀ ਰਕਮ ’ਚੋਂ ਆਪਣਾ ਹਿੱਸਾ ਲਿਆ ਸੀ। ਜਦੋਂ ਡੀਐੱਸਪੀ ਨੇ ਉਸ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦੀ ਧਮਕੀ ਦਿੱਤੀ ਤਾਂ ਉਹ ਮੇਰੇ ਤੋਂ ਵੱਡੀ ਉਮਰ ਦਾ ਹੋ ਕੇ ਵੀ ਮੇਰੇ ਤਰਲੇ ਪਾਉਣ ਲੱਗ ਪਿਆ, ‘ਡੀਐੱਸਪੀ ਸਾਹਿਬ ਬਹੁਤ ਸਖ਼ਤ ਨੇ, ਜੇ ਮੈਂ ਸਸਪੈਂਡ ਹੋ ਗਿਆ ਤਾਂ ਮੇਰੇ ਬੱਚੇ ਰੁੱਲ ਜਾਣਗੇ। ਮੈਨੂੰ ਉਸ ਹਵਲਦਾਰ ਦੇ ਕਰੂਰ ਚਿਹਰੇ ਤੋਂ ਝਲਕਦਾ ਬਣਾਉਟੀ ਸਾਉਪਣਾ ਸਾਫ਼ ਦਿਖਾਈ ਦੇ ਰਿਹਾ ਸੀ। ਉੱਧਰ, ਨਕਲੀ ਪੁੱਤਰ ਘਰਵਾਲੀ ਦੇ ਭਰਾ ਦੇ ਪੈਰ ਫੜ ਕੇ ਲੇਲਹੜੀਆਂ ਕੱਢ ਰਿਹਾ ਸੀ, ਜੇ ਮੈਂ ਜੇਲ੍ਹ ਅੰਦਰ ਚਲਾ ਗਿਆ ਤਾਂ ਮੇਰੇ ਬੱਚੇ ਭੁੱਖੇ ਮਰ ਜਾਣਗੇ। ਫਿਰ ਦੋਵੇਂ ਦੋਸ਼ੀ ਪੰਜਾਹ ਹਜ਼ਾਰ ਰੁਪਏ ਦੀ ਥੱਦੀ ਡੀਐੱਸਪੀ ਦੀ ਮੇਜ਼ ’ਤੇ ਰੱਖ ਕੇ ਉਨ੍ਹਾਂ ਤੋਂ ਖਿਮਾ ਮੰਗਣ ਲੱਗ ਪਏ। ਡੀਐੱਸਪੀ ਨੇ ਪੰਜਾਹ ਹਜ਼ਾਰ ਰੁਪਏ ਘਰਵਾਲੀ ਦੇ ਭਰਾ ਨੂੰ ਚੁੱਕਣ ਲਈ ਕਿਹਾ ਤਾਂ ਉਨ੍ਹਾਂ ਨੇ ਉਹ ਰਕਮ ਲੈਣ ਤੋਂ ਇਨਕਾਰ ਕਰਦਿਆਂ ਕਿਹਾ, ‘ਅਸੀਂ ਇਹ ਰਕਮ ਬਜੁਰਗਾਂ ਦੇ ਇਲਾਜ ਲਈ ਦਿੱਤੀ ਸੀ। ਇਹ ਰਕਮ ਜਿਨ੍ਹਾਂ ਦੇ ਨਾਂ ’ਤੇ ਲਈ ਗਈ ਸੀ, ਉਨ੍ਹਾਂ ਤੱਕ ਪੁਜਾ ਦਿਉ। ਅਸੀਂ ਸਮਝਾਂਗੇ ਉਹ ਸਾਡੇ ਵੀ ਬਜੁਰਗ ਨੇ ਤੇ ਇਸ ਹੋਮਗਾਰਡ ਤੇ ਹਵਲਦਾਰ ਤੋਂ ਇਹ ਲਿਖਵਾ ਕੇ ਇਨ੍ਹਾਂ ਨੂੰ ਮੁਆਫ਼ ਕਰ ਦੇਵੋ ਕਿ ਇਹ ਮੁੜ ਕਿਸੇ ਮੁਸੀਬਤਜਦਾ ਇਨਸਾਨ ਦੀ ਮਜਬੂਰੀ ਦਾ ਫ਼ਾਇਦਾ ਨਹੀਂ ਉਠਾਉਣਗੇ। ਜੇ ਹੁਣ ਇਨ੍ਹਾਂ ਨੂੰ ਆਪਣੇ ਬੱਚਿਆ ਦੀ ਫ਼ਿਕਰ ਸਤਾ ਰਹੀ ਹੈ ਤਾਂ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਸੀ ਉਨ੍ਹਾਂ ਦੇ ਵੀ ਛੋਟੇ-ਛੋਟੇ ਬੱਚੇ ਸਨ, ਜੇ ਇਨ੍ਹਾਂ ਨੂੰ ਕੁਝ ਹੋ ਜਾਂਦਾ ਤਾਂ ਉਨ੍ਹਾਂ ਦਾ ਕੀ ਬਣਦਾ?’
ਡੀਐੱਸਪੀ ਨੇ ਕਿਹਾ, ਤੁਸੀਂ ਇਸ ਰਕਮ ਦਾ ਜੋ ਕਰਨਾ ਹੈ ਕਰੋ ਪਰ ਇਨ੍ਹਾਂ ਦੋਹਾਂ ਨਾਲ ਕੀ ਕਰਨਾ ਹੈ ਇਹ ਮੇਰੇ ’ਤੇ ਛੱਡ ਦਿਉ। ਅਜਿਹੇ ਮੁਲਾਜ਼ਮਾਂ ਕਰਕੇ ਸਾਡਾ ਮਹਿਕਮਾ ਬਦਨਾਮ ਹੁੰਦਾ ਹੈ। ਇਹ ਲੋਕ ਮਾਫ਼ੀ ਦੇ ਯੋਗ ਨਹੀਂ ਹਨ। ਇਨ੍ਹਾਂ ਨੂੰ ਸਬਕ ਦੇਣਾ ਬਹੁਤ ਜ਼ਰੂਰੀ ਹੈ।’ ਫਿਰ ਘਰਵਾਲੀ ਦੇ ਭਰਾ ਨੇ ਰਕਮ ਬਜੁਰਗ ਦੇ ਅਸਲੀ ਬੇਟੇ ਨੂੰ ਸੌਂਪਦਿਆਂ ਕਿਹਾ ਸੀ, ‘ਇਹ ਪੈਸਾ ਬਜੁਰਗਾਂ ਦੇ ਇਲਾਜ ’ਤੇ ਉਨ੍ਹਾਂ ਦੀ ਖੁਰਾਕ ਲਈ ਵਰਤ ਲੈਣੀ।’ ਕੁਝ ਦਿਨਾਂ ਮਗਰੋਂ ਇਕ ਮਸ਼ਹੂਰ ਟ੍ਰਾਂਸਪੋਰਟ ਕੰਪਨੀ ਦੀ ਇਕ ਬਸ ਹੇਠ ਆ ਕੇ ਘਰਵਾਲੀ ਦੇ ਭਰਾ ਦੀ ਮੌਤ ਹੋ ਗਈ ਸੀ। ਉਨ੍ਹਾਂ ਦੇ ਮਾਂ ਤੋਂ ਸੱਖਣੇ ਛੋਟੇ-ਛੋਟੇ ਬੱਚੇ ਅਨਾਥ ਹੋ ਗਏ ਸਨ ਪਰ ਹੈਰਾਨ ਕਰਨ ਵਾਲੀ ਗੱਲ ਹੈ ਕਿ ਦੂਜਿਆਂ ਲਈ ਸੋਚਣ ਵਾਲੇ ਉਸ ਇਨਸਾਨ ਲਈ ਨਾ ਪੁਲਿਸ ਵਿਭਾਗ, ਨਾ ਪ੍ਰਸ਼ਾਸਨ ਤੇ ਨਾ ਹੀ ਉਸ ਧਨਾਢ ਕੰਪਨੀ ਦਾ ਕੋਈ ਨੁਮਾਇੰਦਾ ਉਨ੍ਹਾਂ ਦੀ ਮਦਦ ਲਈ ਆਇਆ ਸੀ। (ਸੰਪਰਕ : 98761-56964)।