- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਗੱਲ ਨੂੰ ਵੀ ਅਣਡਿੱਠ ਨਹੀਂ ਕੀਤਾ ਜਾ ਸਕਦਾ ਕਿ ਇਕ ਵਾਰ ਉਹ ਸੁਪਰੀਮ ਕੋਰਟ ਦੇ ਫ਼ੈਸਲੇ ਬਾਰੇ ਵੀ ਗ਼ਲਤ ਬਿਆਨੀ ਕਰ ਚੁੱਕੇ ਹਨ। ਇਸ ਲਈ ਉਨ੍ਹਾਂ ਨੂੰ ਮਾਫ਼ੀ ਵੀ ਮੰਗਣੀ ਪਈ ਸੀ, ਪਰ ਉਨ੍ਹਾਂ ਦੇ ਰਵੱਈਏ ’ਚ ਕੋਈ ਸੁਧਾਰ ਨਹੀਂ ਆਇਆ। ਐੱਸਆਈਆਰ ਦੇ ਮੁੱਦੇ ਨੂੰ ਬੇਮਤਲਬ ਹਵਾ ਦੇ ਰਹੇ ਰਾਹੁਲ ਗਾਂਧੀ ਨੇ ਇਸ ਤੱਥ ਦੀ ਅਣਦੇਖੀ ਕੀਤੀ ਕਿ ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ’ਚ ਮੁੱਖ ਜੱਜ ਦੀ ਅਗਵਾਈ ਵਾਲੇ ਬੈਂਚ ਵੱਲੋਂ ਹੀ ਕੀਤੀ ਜਾ ਰਹੀ ਹੈ।

ਸੁਪਰੀਮ ਕੋਰਟ ਦੇ ਮੁੱਖ ਜੱਜ ਨੇ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨਾਲ ਮੁਲਾਕਾਤ ਕਰਨ ’ਚ ਅਸਮਰੱਥਾ ਦੱਸ ਕੇ ਬਿਲਕੁਲ ਸਹੀ ਕਦਮ ਚੁੱਕਿਆ। ਜਿਸ ਮਾਮਲੇ ਦੀ ਸੁਪਰੀਮ ਕੋਰਟ ਪਹਿਲਾਂ ਹੀ ਸੁਣਵਾਈ ਕਰ ਰਹੀ ਹੋਵੇ, ਉਸ ਨੂੰ ਲੈ ਕੇ ਕਿਸੇ ਸਿਆਸੀ ਪਾਰਟੀ ਦੇ ਆਗੂਆਂ ਵੱਲੋਂ ਮੁੱਖ ਜੱਜ ਨਾਲ ਸੰਪਰਕ ਕਰਨ ਤੇ ਗੱਲਬਾਤ ਕਰਨ ਦਾ ਨਾ ਤਾਂ ਕੋਈ ਮਤਲਬ ਹੈ ਅਤੇ ਨਾ ਹੀ ਅਜਿਹੀ ਕੋਈ ਰਵਾਇਤ ਵੀ ਰਹੀ ਹੈ। ਰਾਹੁਲ ਗਾਂਧੀ ਪੂਰੀ ਤਰ੍ਹਾਂ ਤੰਗ ਸਿਆਸੀ ਹਿੱਤਾਂ ਕਾਰਨ ਇਕ ਨਵੀਂ, ਪਰ ਮਾੜੀ ਰਵਾਇਤ ਸਥਾਪਤ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਸਨ, ਉਸ ਨੂੰ ਰੱਦ ਕਰਨਾ ਸਿਰਫ਼ ਜ਼ਰੂਰੀ ਹੀ ਨਹੀਂ, ਸਗੋਂ ਲਾਜ਼ਮੀ ਵੀ ਸੀ। ਇਹ ਚੰਗੀ ਗੱਲ ਹੈ ਕਿ ਸੁਪਰੀਮ ਕੋਰਟ ਦੇ ਮੁੱਖ ਜੱਜ ਨੇ ਰਾਹੁਲ ਗਾਂਧੀ ਨੂੰ ਸਪੱਸ਼ਟ ਸ਼ਬਦਾਂ ’ਚ ਦੱਸ ਦਿੱਤਾ ਕਿ ਉਹ ਉਨ੍ਹਾਂ ਨਾਲ ਮੁਲਾਕਾਤ ਕਿਉਂ ਨਹੀਂ ਕਰ ਸਕਦੇ। ਚੰਗਾ ਹੋਵੇਗਾ ਜੇ ਰਾਹੁਲ ਗਾਂਧੀ ਇਹ ਸਮਝ ਲੈਣ ਕਿ ਉਹ ਹਰ ਮਾਮਲੇ ’ਚ ਆਪਣੀ ਮਨਮਰਜ਼ੀ ਨਹੀਂ ਚਲਾ ਸਕਦੇ। ਉਨ੍ਹਾਂ ਨੂੰ ਤੈਅ ਲੋਕਤੰਤਰੀ ਪ੍ਰਕਿਰਿਆਵਾਂ ਅਨੁਸਾਰ ਹੀ ਅੱਗੇ ਵਧਣਾ ਪਵੇਗਾ। ਇਹ ਇਸ ਲਈ ਵੀ ਜ਼ਰੂਰੀ ਹੈ, ਕਿਉਂਕਿ ਉਹ ਗ਼ੈਰ-ਜ਼ਿੰਮੇਵਾਰਾਨਾ ਵਿਹਾਰ ਕਰਨ ਦੇ ਆਦੀ ਹੋ ਚੁੱਕੇ ਹਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਵੋਟਰ ਸੂਚੀਆਂ ਦੀ ਖ਼ਾਸ ਤੀਬਰ ਮੁੜ ਸੁਧਾਈ ਨਾਲ ਸਮੀਖਿਆ, ਅਰਥਾਤ ਐੱਸਆਈਆਰ ਦੇ ਮੁੱਦੇ ’ਤੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਇੰਨਾ ਬੇਤੁਕਾ ਬਿਆਨ ਦਿੱਤਾ ਕਿ ਰਾਸ਼ਟਰਪਤੀ ਭਵਨ ਨੂੰ ਤੁਰੰਤ ਉਸ ਦਾ ਖੰਡਨ ਕਰਨਾ ਪਿਆ। ਇਸ ਖੰਡਨ ਨੇ ਰਾਹੁਲ ਗਾਂਧੀ ਨੂੰ ਇਕ ਗ਼ੈਰ-ਗੰਭੀਰ ਤੇ ਬੇਭਰੋਸੇਯੋਗ ਆਗੂ ਵਜੋਂ ਹੀ ਉਭਾਰਿਆ। ਇਸ ਗੱਲ ਨੂੰ ਵੀ ਅਣਡਿੱਠ ਨਹੀਂ ਕੀਤਾ ਜਾ ਸਕਦਾ ਕਿ ਇਕ ਵਾਰ ਉਹ ਸੁਪਰੀਮ ਕੋਰਟ ਦੇ ਫ਼ੈਸਲੇ ਬਾਰੇ ਵੀ ਗ਼ਲਤ ਬਿਆਨੀ ਕਰ ਚੁੱਕੇ ਹਨ। ਇਸ ਲਈ ਉਨ੍ਹਾਂ ਨੂੰ ਮਾਫ਼ੀ ਵੀ ਮੰਗਣੀ ਪਈ ਸੀ, ਪਰ ਉਨ੍ਹਾਂ ਦੇ ਰਵੱਈਏ ’ਚ ਕੋਈ ਸੁਧਾਰ ਨਹੀਂ ਆਇਆ। ਐੱਸਆਈਆਰ ਦੇ ਮੁੱਦੇ ਨੂੰ ਬੇਮਤਲਬ ਹਵਾ ਦੇ ਰਹੇ ਰਾਹੁਲ ਗਾਂਧੀ ਨੇ ਇਸ ਤੱਥ ਦੀ ਅਣਦੇਖੀ ਕੀਤੀ ਕਿ ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ’ਚ ਮੁੱਖ ਜੱਜ ਦੀ ਅਗਵਾਈ ਵਾਲੇ ਬੈਂਚ ਵੱਲੋਂ ਹੀ ਕੀਤੀ ਜਾ ਰਹੀ ਹੈ। ਜੇਕਰ ਉਨ੍ਹਾਂ ਨੇ ਇਸ ਮਾਮਲੇ ’ਚ ਕੁਝ ਹੋਰ ਕਹਿਣਾ ਜਾਂ ਦੱਸਣਾ ਸੀ ਤਾਂ ਉਸ ਦਾ ਢੁੱਕਵਾਂ ਤਰੀਕਾ ਪਟੀਸ਼ਨ ਦਾਇਰ ਕਰਨਾ ਹੀ ਹੋ ਸਕਦਾ ਸੀ। ਆਖ਼ਰਕਾਰ ਉਨ੍ਹਾਂ ਨੂੰ ਇਸੇ ਤਰੀਕੇ ਦਾ ਸਹਾਰਾ ਲੈਣਾ ਪਿਆ। ਇਕ ਲੰਮੇ ਵਕਫ਼ੇ ਤੋਂ ਰਾਹੁਲ ਗਾਂਧੀ ਐੱਸਆਈਆਰ ਨੂੰ ਵੋਟਾਂ ਦੀ ਚੋਰੀ ਕਰਾਰ ਦੇਣ ’ਚ ਲੱਗੇ ਹੋਏ ਹਨ ਪਰ ਜਦੋਂ ਤੋਂ ਇਹ ਖ਼ਬਰ ਸਾਹਮਣੇ ਆਈ ਹੈ ਕਿ ਐੱਸਆਈਆਰ ਦੇ ਕੁਝ ਪਹਿਲੂਆਂ ਬਾਰੇ ਦੋਵੇਂ ਚੋਣ ਕਮਿਸ਼ਨਰ ਮੁੱਖ ਚੋਣ ਕਮਿਸ਼ਨਰ ਨਾਲ ਸਹਿਮਤ ਨਹੀਂ ਸਨ, ਉਦੋਂ ਤੋਂ ਰਾਹੁਲ ਗਾਂਧੀ ਮੁੜ ਹਮਲਾਵਰ ਹੋ ਗਏ ਹਨ। ਹਾਲਾਂਕਿ, ਇਸ ਖ਼ਬਰ ਤੋਂ ਬਾਅਦ ਤਿੰਨਾਂ ਚੋਣ ਕਮਿਸ਼ਨਰਾਂ ਨੇ ਬਿਆਨ ਜਾਰੀ ਕਰਕੇ ਸਪੱਸ਼ਟ ਕਰ ਦਿੱਤਾ ਕਿ ਜਿਹੜੇ ਵੀ ਮਤਭੇਦ ਸਨ, ਉਨ੍ਹਾਂ ਦਾ ਨਿਪਟਾਰਾ ਕਰ ਲਿਆ ਗਿਆ ਸੀ। ਸਿਧਾਂਤਕ ਤੌਰ ’ਤੇ ਇਸ ਬਿਆਨ ਨਾਲ ਹੀ ਇਸ ਪ੍ਰਸੰਗ ਦਾ ਅੰਤ ਹੋ ਜਾਣਾ ਚਾਹੀਦਾ ਸੀ ਪਰ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੇ ਸੜਕਾਂ ’ਤੇ ਉਤਰਨਾ ਜ਼ਰੂਰੀ ਸਮਝਿਆ। ਵਗਦੀ ਗੰਗਾ ’ਚ ਹੱਥ ਧੋਣ ਲਈ ਕਾਕਰੋਚ ਜਨਤਾ ਪਾਰਟੀ ਦੇ ਲੋਕ ਵੀ ਮੈਦਾਨ ’ਚ ਆ ਗਏ। ਰਾਹੁਲ ਗਾਂਧੀ ਤੇ ਸੀਜੇਪੀ ਦੇ ਆਗੂ ਭਾਵੇਂ ਜੋ ਮਰਜ਼ੀ ਦਾਅਵੇ ਕਰਨ ਪਰ ਐੱਸਆਈਆਰ ਨੂੰ ਲੈ ਕੇ ਉਨ੍ਹਾਂ ਦਾ ਰੌਲਾ-ਰੱਪਾ ਇਕ ਮਨਘੜਤ ਵਿਵਾਦ ਖੜ੍ਹਾ ਕਰਨ ਤੋਂ ਵੱਧ ਕੁਝ ਵੀ ਨਹੀਂ ਹੈ।