- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਦੀ ਸਰਕਾਰ ਦੇ 12 ਸਾਲਾਂ ਦੇ ਕਾਰਜਕਾਲ ਦੌਰਾਨ ਭਾਰਤ ਨੇ ਬੁਨਿਆਦੀ ਢਾਂਚੇ ਦੇ ਖੇਤਰ ’ਚ ਜ਼ਬਰਦਸਤ ਤਰੱਕੀ ਕੀਤੀ ਹੈ। ਸਰਕਾਰ ਨੇ ਸਮਾਜਿਕ ਭਲਾਈ ਦੀਆਂ ਅਨੇਕਾਂ ਯੋਜਨਾਵਾਂ ਰਾਹੀਂ ਵੀ ਦੇਸ਼ ਨੂੰ ਖੁਸ਼ਹਾਲ ਬਣਾਇਆ ਹੈ। ਅੱਜ ਭਾਰਤ ਨੂੰ ਇਕ ਆਰਥਿਕ ਮਹਾਸ਼ਕਤੀ ਤੇ ਫ਼ੌਜੀ ਤਾਕਤ ਵਜੋਂ ਦੇਖਿਆ ਜਾਂਦਾ ਹੈ। ਇਸ ਦੇ ਬਾਵਜੂਦ ਸੋਨੀਆ ਗਾਂਧੀ ਦੀ 526 ਪੰਨਿਆਂ ਦੀ ਪੁਸਤਕ ’ਚ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ’ਚ ਇਕ ਵੀ ਸ਼ਬਦ ਨਹੀਂ ਲਿਖਿਆ ਗਿਆ।

ਏ. ਸੂਰਿਆਪ੍ਰਕਾਸ਼
ਸੋਨੀਆ ਗਾਂਧੀ ਦੀ ਸਵੈ-ਜੀਵਨੀ ‘ਬੀਲੌਂਗਿੰਗ : ਏ ਜਰਨੀ ਆਫ਼ ਲਵ’ ਇਨ੍ਹੀਂ ਦਿਨੀਂ ਚਰਚਾ ’ਚ ਹੈ। ਕਹਿਣ ਨੂੰ ਤਾਂ ਇਸ ’ਚ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਯਾਦਾਂ ਅਤੇ ਤਜਰਬਿਆਂ ਨੂੰ ਸ਼ਾਮਲ ਕੀਤਾ ਗਿਆ ਹੈ ਪਰ ਸਮੁੱਚੇ ਤੌਰ ’ਤੇ ਦੇਖਿਆ ਜਾਵੇ ਤਾਂ ਪੁਸਤਕ ਦੇ ਰੂਪ ’ਚ ਉਨ੍ਹਾਂ ਦਾ ਇਹ ਯਤਨ ਨਹਿਰੂ-ਗਾਂਧੀ ਪਰਿਵਾਰ ਦੀਆਂ ਗ਼ਲਤੀਆਂ ’ਤੇ ਪਰਦਾ ਪਾਉਣ ਤੇ ਉਨ੍ਹਾਂ ਦਾ ਦੋਸ਼ ਦੂਜਿਆਂ ਸਿਰ ਮੜ੍ਹਨ ਦੀ ਕਵਾਇਦ ਹੀ ਵਧੇਰੇ ਜਾਪਦਾ ਹੈ। ਇਸ ’ਚ ਬੜੀ ਚਲਾਕੀ ਨਾਲ ਜਿੱਥੇ ਸਾਰੀਆਂ ਪ੍ਰਮੁੱਖ ਪ੍ਰਾਪਤੀਆਂ ਦਾ ਸਿਹਰਾ ਆਪਣੇ ਪਰਿਵਾਰ ਦੇ ਸਿਰ ਬੰਨ੍ਹਿਆ ਗਿਆ ਹੈ, ਉੱਥੇ ਨਰਿੰਦਰ ਮੋਦੀ ਸਮੇਤ ਪਰਿਵਾਰ ਤੋਂ ਬਾਹਰਲੇ ਪ੍ਰਧਾਨ ਮੰਤਰੀਆਂ ਦੀਆਂ ਪ੍ਰਾਪਤੀਆਂ ਨੂੰ ਅਣਡਿੱਠ ਕੀਤਾ ਗਿਆ ਹੈ। ਇਸ ਪੁਸਤਕ ਦਾ ਸਾਰ ਇਹੀ ਹੈ ਕਿ ਭਾਰਤ ਨੇ ਜੋ ਵੀ ਤਰੱਕੀ ਕੀਤੀ ਹੈ, ਉਹ ਨਹਿਰੂ-ਗਾਂਧੀ ਪਰਿਵਾਰ ਦੀ ਮਿਹਰਬਾਨੀ ਸਦਕਾ ਹੀ ਸੰਭਵ ਹੋਈ ਹੈ। ਉਨ੍ਹਾਂ ਨੇ ਹਰ ਸੰਭਵ ਤਰੀਕੇ ਨਾਲ ਦੂਜੇ ਪ੍ਰਧਾਨ ਮੰਤਰੀਆਂ ਨੂੰ ਉਨ੍ਹਾਂ ਦੇ ਬਣਦੇ ਯੋਗਦਾਨ ਦਾ ਸਿਹਰਾ ਦੇਣ ਤੋਂ ਗੁਰੇਜ਼ ਕੀਤਾ ਹੈ।
ਮੋਦੀ ਸਰਕਾਰ ਦੇ 12 ਸਾਲਾਂ ਦੇ ਕਾਰਜਕਾਲ ਦੌਰਾਨ ਭਾਰਤ ਨੇ ਬੁਨਿਆਦੀ ਢਾਂਚੇ ਦੇ ਖੇਤਰ ’ਚ ਜ਼ਬਰਦਸਤ ਤਰੱਕੀ ਕੀਤੀ ਹੈ। ਸਰਕਾਰ ਨੇ ਸਮਾਜਿਕ ਭਲਾਈ ਦੀਆਂ ਅਨੇਕਾਂ ਯੋਜਨਾਵਾਂ ਰਾਹੀਂ ਵੀ ਦੇਸ਼ ਨੂੰ ਖੁਸ਼ਹਾਲ ਬਣਾਇਆ ਹੈ। ਅੱਜ ਭਾਰਤ ਨੂੰ ਇਕ ਆਰਥਿਕ ਮਹਾਸ਼ਕਤੀ ਤੇ ਫ਼ੌਜੀ ਤਾਕਤ ਵਜੋਂ ਦੇਖਿਆ ਜਾਂਦਾ ਹੈ। ਇਸ ਦੇ ਬਾਵਜੂਦ ਸੋਨੀਆ ਗਾਂਧੀ ਦੀ 526 ਪੰਨਿਆਂ ਦੀ ਪੁਸਤਕ ’ਚ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ’ਚ ਇਕ ਵੀ ਸ਼ਬਦ ਨਹੀਂ ਲਿਖਿਆ ਗਿਆ। ਇਸ ਦੇ ਉਲਟ, ਇਸ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਘਟਾ ਕੇ ਦਿਖਾਉਣ ਤੇ ਉਨ੍ਹਾਂ ਦਾ ਸਿਹਰਾ ਨਹਿਰੂ, ਇੰਦਰਾ ਗਾਂਧੀ ਜਾਂ ਰਾਜੀਵ ਗਾਂਧੀ ਦੇ ਸਿਰ ਬੰਨ੍ਹਣ ਦੀਆਂ ਭਰਪੂਰ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ।
ਦੂਜੇ ਪ੍ਰਧਾਨ ਮੰਤਰੀਆਂ ਦੀਆਂ ਪ੍ਰਾਪਤੀਆਂ ਦਾ ਸਿਹਰਾ ਵੀ ਰਾਜੀਵ ਗਾਂਧੀ ਦੇ ਖਾਤੇ ’ਚ ਪਾਉਣ ਦੀ ਸੋਨੀਆ ਦੀ ਇੱਛਾ ਪੀ. ਵੀ. ਨਰਸਿਮ੍ਹਾ ਰਾਓ ਦੇ ਮਾਮਲੇ ’ਚ ਸਪੱਸ਼ਟ ਤੌਰ ’ਤੇ ਦਿਖਾਈ ਦਿੰਦੀ ਹੈ। ਉਹ ਬੇਹੱਦ ਮੁਸ਼ਕਲ ਦੌਰ ’ਚ ਪ੍ਰਧਾਨ ਮੰਤਰੀ ਰਹੇ ਪੀ. ਵੀ. ਨਰਸਿਮ੍ਹਾ ਰਾਓ ਨੂੰ ਆਰਥਿਕ ਉਦਾਰੀਕਰਨ ਦੀ ਸ਼ੁਰੂਆਤ ਕਰਨ ਤੇ ਦੇਸ਼ ਦੀ ਆਰਥਿਕਤਾ ਨੂੰ ਵਿਦੇਸ਼ੀ ਨਿਵੇਸ਼ ਲਈ ਖੋਲ੍ਹਣ ਦੇ ਉਨ੍ਹਾਂ ਦੇ ਹੌਸਲੇ ਵਾਲੇ ਤੇ ਅਸਾਧਾਰਨ ਫ਼ੈਸਲੇ ਦਾ ਸਿਹਰਾ ਨਹੀਂ ਦਿੰਦੇ। ਇਸ ਦੇ ਬਜਾਏ ਉਹ ਇਸ ਪ੍ਰਾਪਤੀ ਦਾ ਸਿਹਰਾ ਰਾਜੀਵ ਗਾਂਧੀ ਤੇ ਬਾਅਦ ’ਚ ਮਨਮੋਹਨ ਸਿੰਘ ਦੇ ਸਿਰ ਬੰਨ੍ਹਦੇ ਹਨ। ਉਨ੍ਹਾਂ ਨੇ ਇਸ ਹਕੀਕਤ ਨੂੰ ਵੀ ਅਣਡਿੱਠ ਕਰ ਦਿੱਤਾ ਕਿ ਸਾਰੇ ਵਿਰੋਧਾਂ ਨੂੰ ਦਰਕਿਨਾਰ ਕਰਦਿਆਂ ਰਾਓ ਨੇ ਨਾ ਸਿਰਫ਼ ਮਨਮੋਹਨ ਸਿੰਘ ਨੂੰ ਵਿੱਤ ਮੰਤਰੀ ਬਣਾਇਆ, ਸਗੋਂ ਉਨ੍ਹਾਂ ਨੂੰ ਸਾਰੇ ਸਖ਼ਤ ਫ਼ੈਸਲੇ ਲੈਣ ਦੀ ਪੂਰੀ ਆਜ਼ਾਦੀ ਵੀ ਦਿੱਤੀ। ਪੂਰੇ ਪੰਜ ਸਾਲ ਰਾਓ, ਮਨਮੋਹਨ ਸਿੰਘ ਦੀ ਢਾਲ ਬਣੇ ਰਹੇ। ਰਾਓ ਦੀ ਅਜਿਹੀ ਸਰਪ੍ਰਸਤੀ ਤੋਂ ਬਿਨਾਂ ਮਨਮੋਹਨ ਸਿੰਘ ਲਈ ਆਰਥਿਕ ਸੁਧਾਰਾਂ ਨੂੰ ਅੱਗੇ ਵਧਾਉਣਾ ਸੰਭਵ ਨਹੀਂ ਸੀ ਪਰ ਇਸ ਸੰਦਰਭ ’ਚ ਸੋਨੀਆ ਨੇ ਲਿਖਿਆ ਹੈ, ‘ਰਾਜੀਵ ਨੇ ਉਦਾਰੀਕਰਨ ਦੀ ਦਿਸ਼ਾ ’ਚ ਪਹਿਲਾ ਕਦਮ ਚੁੱਕਿਆ ਸੀ’ ਤੇ ਰਾਓ ਨੇ ‘ਮਨਮੋਹਨ ਸਿੰਘ ਨੂੰ ਵਿੱਤ ਮੰਤਰੀ ਬਣਾ ਕੇ ਤੇਜ਼ ਵਿਕਾਸ ਦੇ ਅਗਲੇ ਪੜਾਅ ਦਾ ਰਾਹ ਪੱਧਰਾ ਕੀਤਾ।’
ਸੱਚਾਈ ਇਹ ਹੈ ਕਿ ਜਦੋਂ ਰਾਓ ਪ੍ਰਧਾਨ ਮੰਤਰੀ ਬਣੇ ਸਨ, ਉਦੋਂ ਭਾਰਤ ਦਾ ਖ਼ਜ਼ਾਨਾ ਖਾਲੀ ਸੀ। ਵਿਦੇਸ਼ੀ ਮੁਦਰਾ ਖ਼ਤਮ ਹੋ ਚੁੱਕੀ ਸੀ। ਉਨ੍ਹਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਰਹੇ ਚੰਦਰਸ਼ੇਖਰ ਨੇ 20 ਕਰੋੜ ਡਾਲਰ ਦਾ ਕਰਜ਼ਾ ਲੈਣ ਬਦਲੇ ਬੈਂਕ ਆਫ਼ ਇੰਗਲੈਂਡ ਕੋਲ ਸੋਨਾ ਗਹਿਣੇ ਰੱਖਿਆ ਸੀ, ਕਿਉਂਕਿ ਸਰਕਾਰ ਕੋਲ ਪੈਟਰੋਲੀਅਮ ਪਦਾਰਥ ਖ਼ਰੀਦਣ ਲਈ ਵੀ ਵਿਦੇਸ਼ੀ ਮੁਦਰਾ ਨਹੀਂ ਬਚੀ ਸੀ। ਇਹ ਰਾਓ ਹੀ ਸਨ, ਜਿਨ੍ਹਾਂ ਨੇ ਆਪਣੀ ਦ੍ਰਿੜ੍ਹਤਾ ਨਾਲ ਆਰਥਿਕ ਸੁਧਾਰਾਂ ਦੇ ਰਾਹ ’ਚ ਆਉਣ ਵਾਲੀਆਂ ਰੁਕਾਵਟਾਂ ਦੂਰ ਕੀਤੀਆਂ। ਨਹੀਂ ਤਾਂ ਨਹਿਰੂ-ਗਾਂਧੀ ਪਰਿਵਾਰ ਦੇ ਸ਼ਾਸਨ ਦੌਰਾਨ ਭਾਰਤ ਕਦੇ ਵੀ ਸਮਾਜਵਾਦੀ ਬੇੜੀਆਂ ਤੋਂ ਮੁਕਤ ਨਹੀਂ ਹੋ ਸਕਦਾ ਸੀ। ਰਾਓ ਦੀ ਦੂਰਅੰਦੇਸ਼ੀ ਸਦਕਾ ਉਨ੍ਹਾਂ ਦੀ ਸਰਕਾਰ ਦਾ ਕਾਰਜਕਾਲ ਖ਼ਤਮ ਹੋਣ ਤੱਕ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 50 ਅਰਬ ਡਾਲਰ ਤੱਕ ਪਹੁੰਚ ਗਿਆ ਸੀ। ਅੱਜ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 720 ਅਰਬ ਡਾਲਰ ਦੇ ਪੱਧਰ ’ਤੇ ਪਹੁੰਚ ਚੁੱਕਾ ਹੈ। ਫਿਰ ਵੀ ਸੋਨੀਆ ਗਾਂਧੀ ’ਚ ਇਸ ਸਫ਼ਲਤਾ ਦਾ ਸਿਹਰਾ ਰਾਓ ਨੂੰ ਦੇਣ ਦੀ ਉਦਾਰਤਾ ਦਿਖਾਈ ਨਹੀਂ ਦਿੰਦੀ। ਉਲਟਾ, ਉਹ ਉਨ੍ਹਾਂ ਤੋਂ ਇਹ ਸਿਹਰਾ ਖੋਹ ਕੇ ਰਾਜੀਵ ਗਾਂਧੀ ਨੂੰ ਦੇਣ ਦੀ ਕੋਸ਼ਿਸ਼ ਕਰਦੇ ਹਨ, ਜੋ ਆਪਣੇ ਪ੍ਰਧਾਨ ਮੰਤਰੀ ਕਾਰਜਕਾਲ ਦੌਰਾਨ ਖੱਬੇ-ਪੱਖੀਆਂ ਤੇ ਕਮਿਊਨਿਸਟਾਂ ਤੋਂ ਡਰਦੇ ਰਹਿੰਦੇ ਸਨ। ਇਸ ਦਾ ਨਤੀਜਾ ਇਹ ਨਿਕਲਿਆ ਕਿ ਭਾਰਤ ’ਚ ਵਿਦੇਸ਼ੀ ਮੁਦਰਾ ਦਾ ਗੰਭੀਰ ਸੰਕਟ ਪੈਦਾ ਹੋ ਗਿਆ। ਅਸਲ ’ਚ ਭਾਰਤ ਸਾਹਮਣੇ ਪੈਦਾ ਹੋਇਆ ਭੁਗਤਾਨ ਸੰਤੁਲਨ ਦਾ ਸੰਕਟ ਰਾਜੀਵ ਗਾਂਧੀ ਦੀਆਂ ਨੀਤੀਆਂ ਦਾ ਹੀ ਨਤੀਜਾ ਸੀ।
ਦੂਜਿਆਂ ਦੀਆਂ ਪ੍ਰਾਪਤੀਆਂ ’ਤੇ ਆਪਣਾ ਹੱਕ ਜਤਾਉਣ ’ਚ ਕੋਈ ਝਿਜਕ ਨਾ ਦਿਖਾਉਣ ਵਾਲੀ ਸੋਨੀਆ ਆਪਣੇ ਪਰਿਵਾਰ ਜਾਂ ਪਾਰਟੀ ਦੀਆਂ ਗ਼ਲਤੀਆਂ ਦਾ ਠੀਕਰਾ ਦੂਜਿਆਂ ਸਿਰ ਭੰਨਣ ’ਚ ਵੀ ਪਿੱਛੇ ਨਹੀਂ ਰਹਿੰਦੀ। ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਕਾਂਗਰਸੀਆਂ ਨੇ ‘ਖ਼ੂਨ ਦਾ ਬਦਲਾ ਖ਼ੂਨ ਨਾਲ ਲਵਾਂਗੇ’ ਦਾ ਨਾਅਰਾ ਦਿੱਤਾ ਸੀ, ਜਿਸ ਦੇ ਨਤੀਜੇ ਵਜੋਂ ਸਿੱਖਾਂ ਦਾ ਕਤਲੇਆਮ ਹੋਇਆ। ਰੰਗਨਾਥ ਮਿਸ਼ਰਾ ਕਮਿਸ਼ਨ ਦਾ ਨਤੀਜਾ ਸੀ ਕਿ ਇਸ ਕਤਲੇਆਮ ’ਚ 3,874 ਲੋਕ ਮਾਰੇ ਗਏ ਸਨ, ਜਿਨ੍ਹਾਂ ’ਚੋਂ ਇਕੱਲੇ ਦਿੱਲੀ ’ਚ ਹੀ 2,307 ਲੋਕਾਂ ਦੀ ਜਾਨ ਗਈ ਸੀ। ਉਨ੍ਹਾਂ ਦੰਗਿਆਂ ਦੌਰਾਨ ਸਿੱਖਾਂ ਦੀਆਂ ਜਾਇਦਾਦਾਂ ਦੀ ਵੱਡੇ ਪੱਧਰ ’ਤੇ ਲੁੱਟਮਾਰ ਕੀਤੀ ਗਈ ਤੇ ਅੱਗਾਂ ਲਾਈਆਂ ਗਈਆਂ ਸਨ। ਇਕੱਲੀ ਦਿੱਲੀ ’ਚ ਹੀ 131 ਗੁਰਦੁਆਰਿਆਂ ਨੂੰ ਤਬਾਹ ਕਰ ਦਿੱਤਾ ਗਿਆ ਸੀ ਜਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। ਇਸ ਦੇ ਬਾਵਜੂਦ ਤਿੰਨ ਦਿਨਾਂ ਤੱਕ ਫ਼ੌਜ ਨਹੀਂ ਬੁਲਾਈ ਗਈ। ਉਸ ਸਮੇਂ ਦੇ ਥਲ ਸੈਨਾ ਮੁਖੀ ਜਨਰਲ ਏ. ਐੱਸ. ਵੈਦਿਆ ਨੇ ਕਮਿਸ਼ਨ ਨੂੰ ਦੱਸਿਆ ਸੀ ਕਿ ਦਿੱਲੀ ’ਚ 6,000 ਸੈਨਿਕਾਂ ਦੀ ਮੌਜੂਦਗੀ ਦੇ ਬਾਵਜੂਦ ਫ਼ੌਜ ਨੂੰ ਤੁਰੰਤ ਨਹੀਂ ਬੁਲਾਇਆ ਗਿਆ। ਰੰਗਨਾਥ ਮਿਸ਼ਰਾ ਕਮਿਸ਼ਨ ਅਤੇ ਨਾਨਾਵਤੀ ਕਮਿਸ਼ਨ, ਦੋਵਾਂ ਨੇ ਹੀ ਇਹ ਸਿੱਟਾ ਕੱਢਿਆ ਸੀ ਕਿ ਸਿੱਖਾਂ ਦਾ ਇਹ ਕਤਲੇਆਮ ਕਾਂਗਰਸ ਪਾਰਟੀ ਵੱਲੋਂ ਯੋਜਨਾਬੱਧ ਢੰਗ ਨਾਲ ਕਰਵਾਇਆ ਗਿਆ ਸੀ। ਇਹ ਸਭ ਕੁਝ ਸਪੱਸ਼ਟ ਹੋਣ ਦੇ ਬਾਵਜੂਦ ਸੋਨੀਆ ਆਪਣੇ ਪਤੀ ਦਾ ਬਚਾਅ ਕਰਦਿਆਂ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਫ਼ੌਜ ਨੂੰ ਮੋਰਚਾ ਸੰਭਾਲਣ ਦਾ ਹੁਕਮ ਦਿੱਤਾ ਸੀ ਪਰ ਜਨਰਲ ਵੈਦਿਆ ਨੇ ਸਮੇਂ ਸਿਰ ਕਦਮ ਨਹੀਂ ਚੁੱਕੇ। ਜਦਕਿ ਇਤਿਹਾਸ ’ਚ ਇਹ ਦਰਜ ਹੈ ਕਿ ਰਾਜੀਵ ਗਾਂਧੀ ਨੇ ਜਨਤਕ ਤੌਰ ’ਤੇ ਕਿਹਾ ਸੀ ਕਿ ਜਦੋਂ ਕੋਈ ਵੱਡਾ ਦਰੱਖ਼ਤ ਡਿੱਗਦਾ ਹੈ ਤਾਂ ਧਰਤੀ ਤਾਂ ਹਿੱਲਦੀ ਹੀ ਹੈ।
ਇਕ ਪਾਸੇ ਸੋਨੀਆ ਨੇ ਰਾਜੀਵ ਗਾਂਧੀ ਨੂੰ ਦਿਆਲੂ ਦੱਸਿਆ ਹੈ, ਉੱਥੇ ਦੂਜੇ ਪਾਸੇ ਸਿੱਖਾਂ ਦੇ ਕਤਲੇਆਮ ਦਾ ਠੀਕਰਾ ਆਰ. ਐੱਸ. ਐੱਸ. ਸਿਰ ਭੰਨ੍ਹਿਆ ਹੈ। ਜਦਕਿ ਹਕੀਕਤ ਇਹ ਸੀ ਕਿ ਸੰਘ ਦੇ ਕਾਰਕੁਨਾਂ ਨੇ ਕਾਂਗਰਸੀਆਂ ਦੀ ਦੰਗਾਈ ਭੀੜ ਤੋਂ ਅਣਗਿਣਤ ਸਿੱਖਾਂ ਨੂੰ ਬਚਾਉਣ ਦਾ ਕੰਮ ਕੀਤਾ ਸੀ। ਤੱਥਾਂ ’ਤੇ ਪਰਦਾ ਪਾਉਣ ਅਤੇ ਆਪਣੀ ਸਹੂਲਤ ਮੁਤਾਬਕ ਝੂਠ ਨੂੰ ਸੱਚ ਵਜੋਂ ਪੇਸ਼ ਕਰਨ ਲਈ ਉਨ੍ਹਾਂ ਨੇ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਮਿਸਾਲ ਵਜੋਂ, ਅਯੁੱਧਿਆ ਤੋਂ ਪਰਤ ਰਹੇ ਕਾਰਸੇਵਕਾਂ ਨੂੰ ਗੋਧਰਾ ਰੇਲਵੇ ਸਟੇਸ਼ਨ ’ਤੇ ਸਾੜੇ ਜਾਣ ਦੀ ਘਟਨਾ ਬਾਰੇ ਉਨ੍ਹਾਂ ਨੇ ਲਿਖਿਆ ਹੈ ਕਿ ‘ਅੱਗ ਲੱਗਣ ਦਾ ਕਾਰਨ ਅਜੇ ਵੀ ਵਿਵਾਦਾਂ ਦੇ ਘੇਰੇ ’ਚ ਹੈ।’ ਕੁੱਲ ਮਿਲਾ ਕੇ, ਸੋਨੀਆ ਦੀ ਇਹ ‘ਸਵੈ-ਜੀਵਨੀ’ ਨਹਿਰੂ-ਗਾਂਧੀ ਪਰਿਵਾਰ ਦੇ ਹੱਕ ’ਚ ਪ੍ਰਚਾਰ ਕਰਨ ਦੀ ਅਜਿਹੀ ਕਵਾਇਦ ਹੈ, ਜਿਸ ’ਚ ਤੱਥਾਂ ਤੋਂ ਪਰੇ ਜਾ ਕੇ ਬਿਰਤਾਂਤ ਸਿਰਜਣ ਰਾਹੀਂ ਕਿਸੇ ਵੀ ਤਰ੍ਹਾਂ ਸੱਤਾ ਨਾਲ ਚਿੰਬੜੇ ਰਹਿਣ ਦੀ ਬੇਚੈਨੀ ਝਲਕਦੀ ਹੈ। (ਲੇਖਕ ਪ੍ਰਸਾਰ ਭਾਰਤੀ ਦੇ ਸਾਬਕਾ ਚੇਅਰਮੈਨ ਹਨ।)