- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕਾ ਦੇ ਬੇਤਹਾਸ਼ਾ ਫ਼ੌਜੀ ਖ਼ਰਚੇ ਨੇ ਸਾਧਾਰਨ ਮੱਧ ਵਰਗ ਦੇ ਅਮਰੀਕਨਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ। ਲੋਕਾਂ ਦੀ ਆਮਦਨ ਦੇ ਵਾਧੇ ਵਿਚ ਐਨਾ ਪਾੜਾ ਹੈ ਕਿ ਆਮ ਨਾਗਰਿਕ ਸਾਰੀ ਉਮਰ ਰੋਜ਼ੀ-ਰੋਟੀ ਦਾ ਜੁਗਾੜ ਹੀ ਕਰਦਾ ਰਹਿੰਦਾ ਹੈ ਜਦਕਿ ਕਾਰਪੋਰੇਟ ਹੋਰ ਅਮੀਰ ਹੋ ਰਿਹਾ ਹੈ।

ਜਦ ਸੰਯੁਕਤ ਰਾਜ ਅਮਰੀਕਾ 4 ਜੁਲਾਈ ਨੂੰ ਆਪਣੀ ਹੋਂਦ ਦੇ ਦੋ ਸੌ ਪੰਜਾਹ ਸਾਲ ਪੂਰੇ ਕਰ ਰਿਹਾ ਹੈ ਤਾਂ ਦੇਸ਼ ਦੇ ਅੰਦਰ ਅਤੇ ਬਾਹਰ ਇਹ ਚਰਚਾ ਛਿੜ ਪਈ ਹੈ ਕਿ ਕੀ ਇਕ ਧਰੁਵੀ ਸੰਸਾਰ ਵਿਚ ਪਿਛਲੇ ਕਈ ਦਹਕਿਆਂ ਤੋਂ ਮਿਲੀ ਅਮਰੀਕਨ ਚੌਧਰ ਢਹਿ-ਢੇਰੀ ਹੋ ਰਹੀ ਹੈ ਜਾਂ ਵੀਅਤਨਾਮ, ਇਰਾਕ, ਅਫ਼ਗਾਨਿਸਤਾਨ ਵਿਚਲੇ ਨਾਕਾਮ ਅਮਰੀਕਨ ਫ਼ੌਜੀ ਦਖ਼ਲ ਵਾਂਗ ਈਰਾਨ ਨਾਲ ਭੇੜ ਦੇ ਖ਼ਤਮ ਹੋਣ ਤੋਂ ਬਾਅਦ ਵੀ ਅਮਰੀਕਾ ਵਿਸ਼ਵ ਰਾਜਨੀਤੀ ਵਿਚ ਆਪਣੀ ਸ੍ਰੇਸ਼ਠਤਾ ਪਹਿਲਾਂ ਵਾਂਗ ਕਾਇਮ ਰੱਖ ਸਕੇਗਾ? ਅਮਰੀਕਾ ਦਾ ਵਜੂਦ ਸਾਰੇ ਸੰਸਾਰ ਲਈ ਹਮੇਸ਼ਾ ਆਕਰਸ਼ਕ ਰਿਹਾ।
ਸਾਲ 1776 ਦੀ ਆਜ਼ਾਦੀ ਤੋਂ ਬਾਅਦ ਇੰਗਲੈਂਡ ਦੀ ਪਾਰਲੀਮਾਨੀ ਸ਼ਾਸਨ ਪ੍ਰਣਾਲੀ ਦੀ ਥਾਂ ਓਥੇ ਪ੍ਰਧਾਨਾਤਮਕ ਸ਼ਾਸਨ ਸ਼ੁਰੂ ਕੀਤਾ ਗਿਆ। ਅਮਰੀਕਨ ਸਤੰਤਰਤਾ ਯੋਧੇ ਬਸਤੀਵਾਦ ਤੋਂ ਹਟ ਕੇ ਹਰ ਕੰਮ ਨਵਾਂ ਤੇ ਵਿਲੱਖਣ ਕਰਨਾ ਚਾਹੁੰਦੇ ਸਨ। ਤੇਰਾਂ ਰਿਆਸਤਾਂ ਤੋਂ ਦੇਸ਼ ਨੂੰ ਵਿਸ਼ਵ ਦੇ ਸਭ ਤੋਂ ਵਿਸ਼ਾਲ ਅਤੇ ਸ਼ਕਤੀਸ਼ਾਲੀ ਰਾਸ਼ਟਰ ਬਣਾਉਣ ਵਿਚ ਜਾਰਜ ਵਾਸ਼ਿੰਗਟਨ ਤੋਂ ਬਾਅਦ ਥਾਮਸ ਜੈਫਰਸਨ ਨੇ ਫਰਾਂਸ ਦੇ ਅਧੀਨ ਮਿਸੀਸਿਪੀ ਤੋਂ ਰੌਕੀ ਪਰਬਤ ਤੱਕ ਪੈਂਦੀ ਅਮਰੀਕਨ ਧਰਤੀ ਖ਼ਰੀਦ ਕੇ ਦੇਸ਼ ਦਾ ਘੇਰਾ ਦੁੱਗਣਾ ਕਰ ਦਿੱਤਾ। ਫਲੋਰੀਡਾ ਤੋਂ ਲੈ ਕੇ ਲਾਸ ਏਂਜਲਸ ਤੱਕ ਦਾ ਹਜ਼ਾਰਾਂ ਮੀਲ ਏਰੀਆ ਦੇਸ਼ ਦਾ ਹਿੱਸਾ ਬਣ ਗਿਆ। ਸਾਲ 1867 ਵਿਚ ਪੰਦਰਾਂ ਲੱਖ ਵਰਗ ਕਿੱਲੋਮੀਟਰ ਦਾ ਅਲਾਸਕਾ ਦੀ ਧਰਤੀ ਨਾਲ ਮਿਲਾ ਕੇ ਆਰਕਟਿਕ ਖੇਤਰ ਵਿਚ ਆਪਣਾ ਦਬਦਬਾ ਬਣਾਇਆ। ਇਸ ਸਦੀ ਵਿਚ ਜਿਵੇਂ ਅਮਰੀਕਾ ਮਜ਼ਬੂਤ ਅਤੇ ਆਪਣੇ ਖੇਤਰਫਲ ਵਿਚ ਵਿਸ਼ਾਲ ਹੁੰਦਾ ਗਿਆ, ਅਜਿਹਾ ਹੋਰ ਕਿਸੇ ਦੇਸ਼ ਦੇ ਹਿੱਸੇ ਨਹੀਂ ਆਇਆ। ਵੀਹਵੀਂ ਸਦੀ ਦੇ ਸ਼ੁਰੂ ਵਿਚ ਥਿਓਡਰ ਰੂਜ਼ਵੈਲਟ, ਵੁਡਰੋ ਵਿਲਸਨ, ਫਰੈਂਕਲਿਨ ਡੀ ਰੂਜ਼ਵੈਲਟ, ਜੌਹਨ ਕੈਨੇਡੀ, ਬਰਾਕ ਓਬਾਮਾ ਅਮਰੀਕਾ ਦੀ ਗਲੋਬਲ ਚੌਧਰ ਨੂੰ ਕਾਇਮ ਰੱਖਣ ਵਿਚ ਵੱਡੀ ਭੂਮਿਕਾ ਨਿਭਾਈ। ਅਮਰੀਕਾ ਵਿਚ ਪਹਿਲਾ ਚੁਣਿਆ ਹੋਇਆ ਰਾਸ਼ਟਰ ਮੁਖੀ ਜਾਰਜ ਵਾਸ਼ਿੰਗਟਨ ਬਣਿਆ ਜਿਹੜਾ ਆਜ਼ਾਦੀ ਅੰਦੋਲਨ ਦਾ ਕਮਾਂਡਰ ਇਨ ਚੀਫ ਵੀ ਰਿਹਾ ਸੀ। 1789 ਤੋਂ ਅੱਠ ਸਾਲ ਬਾਅਦ ਜਦ ਉਸ ਨੂੰ ਤੀਸਰੀ ਵਾਰ ਰਾਸ਼ਟਰਪਤੀ ਬਣਨ ਲਈ ਕਿਹਾ ਤਾਂ ਉਸ ਨੇ ਇਹ ਕਹਿ ਕੇ ਪੇਸ਼ਕਸ਼ ਠੁਕਰਾਈ ਕਿ ਰਾਸ਼ਟਰ ਦੀ ਅਗਵਾਈ ਲਈ ਹੋਰ ਨੌਜਵਾਨਾਂ ਨੂੰ ਮੌਕਾ ਮਿਲਣਾ ਚਾਹੀਦੈ। ਫਿਰ ਐਡਮ ਸਮਿੱਥ, ਥਾਮਸ ਜੈਫਰਸਨ, ਜੇਮਜ਼ ਮੈਡੀਸਨ, ਜੇਮਜ਼ ਮੁਨਰੋ ਸਭ ਆਪਣੇ ਦੋ ਕਾਰਜਕਾਲ ਪੂਰੇ ਕਰ ਕੇ ਰਿਟਾਇਰਮੈਂਟ ਮਗਰੋਂ ਕੌਮ ਉਸਾਰੀ ਵਿਚ ਜੁਟ ਗਏ। ਭਾਵੇਂ ਸਵਿੰਧਾਨ ਵਿਚ ਪਾਰਲੀਮੈਂਟ, ਸੁਪਰੀਮ ਕੋਰਟ ਅਤੇ ਰਾਸ਼ਟਰਪਤੀ ਵਿਚਕਾਰ ਬੜਾ ਖ਼ੂਬਸੂਰਤ ਸੰਤੁਲਨ ਬਣਾਇਆ ਗਿਆ ਹੈ, ਫਿਰ ਵੀ ਅਮਰੀਕਨ ਸਦਰ ਦਾ ਅਹੁਦਾ ਬਹੁਤ ਸ਼ਕਤੀਸ਼ਾਲੀ ਹੈ।
ਮੱਧ ਪੂਰਬ ਏਸ਼ੀਆ ਵਿਚ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੇ ਯੁੱਧ ਦੀ ਅੱਗ ਅਜੇ ਪੂਰੀ ਤਰ੍ਹਾਂ ਬੁਝੀ ਤਾਂ ਨਹੀਂ ਪਰ ਜੈਨੇਵਾ ਵਿਚ ਜਿਹੜਾ ਅਗਲੇ ਸੱਠ ਦਿਨਾਂ ਲਈ ਅਮਨ- ਸਮਝੌਤਾ ਹੋਇਆ ਹੈ ਉਸ ਦਾ ਵਿਸ਼ਲੇਸ਼ਣ ਕਰਦਿਆਂ ਅਮਰੀਕਨ ਅਤੇ ਆਲਮੀ ਮੀਡੀਆ ਇਹ ਸਵਾਲ ਪੁੱਛ ਰਿਹਾ ਹੈ ਕਿ ਇਸ ਯੁੱਧ ਦਾ ਮੰਤਵ ਕੀ ਸੀ ਅਤੇ ਸਮਝੌਤੇ ਵਿਚ ਪ੍ਰਾਪਤੀ ਕੀ ਹੋਈ ਹੈ? ਸ਼ੁਰੂ ਵਿਚ ਅਮਰੀਕਨ ਇਜ਼ਰਾਈਲ ਜੋੜੀ ਨੇ ਇਹ ਪ੍ਰਚਾਰਿਆ ਕਿ ਈਰਾਨ ਵਿਚਲੀ ਸੱਤਾ ਤਬਦੀਲੀ ਹੀ ਲੜਾਈ ਦਾ ਉਦੇਸ਼ ਹੈ ਕਿਉਂਕਿ ਈਰਾਨ ਦੇ ਲੋਕ ਇਸ ਨਿਜ਼ਾਮ ਤੋਂ ਤੰਗ ਹਨ। ਪਹਿਲੇ ਹੱਲੇ ਜਦ ਈਰਾਨ ਦੀ ਪੂਰੀ ਦੀ ਪੂਰੀ ਲੀਡਰਸ਼ਿਪ ਮਾਰੀ ਗਈ ਤਾਂ ਹਮਲਾਵਰ ਧਿਰ ਇਹ ਸੋਚਦੀ ਸੀ ਕਿ ਈਰਾਨੀ ਲੋਕ ਸੜਕਾਂ ’ਤੇ ਆ ਜਾਣਗੇ ਅਤੇ ਅਮਰੀਕਾ ਦੀ ਪਿੱਠੂ ਸਰਕਾਰ ਬਣਾ ਕੇ ਈਰਾਨ ਦੇ ਕੁਦਰਤੀ ਸਰੋਤਾਂ ਅਤੇ ਤੇਲ ਭੰਡਾਰਾਂ ’ਤੇ ਕਬਜ਼ਾ ਕਰ ਲਿਆ ਜਾਵੇਗਾ। ਟਰੰਪ ਦਾ ਇਸ ਗੱਲੋਂ ਹੌਸਲਾ ਥੋੜ੍ਹਾ ਜ਼ਿਆਦਾ ਹੀ ਉੱਚਾ ਸੀ ਕਿਉਂਕਿ ਹੁਣੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨੂੰ ਸਰਕਾਰੀ ਘਰੋਂ ਰਾਤ ਨੂੰ ਚੁੱਕ ਕੇ ਹੱਥਕੜੀਆਂ ਵਿਚ ਅਮਰੀਕਾ ਲੈ ਆਏ ਸਨ।
ਕਿਸੇ ਦੇਸ਼ ਦੇ ਮੁਖੀ ਨੂੰ ਇਸ ਢੰਗ ਨਾਲ ਗ੍ਰਿਫ਼ਤਾਰ ਕਰਨ ਵਾਲੀ ਇਹ ਪਹਿਲੀ ਉਦਾਹਰਨ ਸੀ। ਅਮਰੀਕਨ ਯੁੱਧ ਨੀਤੀ ਘਾੜੇ ਭੁੱਲ ਗਏ ਸਨ ਕਿ ਈਰਾਨ ਇਕ ਪੁਰਾਤਨ ਅਤੇ ਸੱਭਿਅਕ ਦੇਸ਼ ਹੈ ਜਿੱਥੇ ਲੋਕ ਆਪਣੀ ਸਰ ਜ਼ਮੀਨ ਨਾਲ ਨੇੜਿਓਂ ਜੁੜੇ ਹੋਏ ਹਨ। ਈਰਾਨੀ ਲੋਕਾਂ ਦੀ ਇਕਜੁਟਤਾ ਅਤੇ ਨੇਤਾਵਾਂ ਦੀ ਸਿਆਸੀ ਸੂਝਬੂਝ ਕਾਰਨ ਸਰਕਾਰ ਦੇ ਵਿਰੋਧੀ ਵੀ ਉਸ ਦੀ ਪਿੱਠ ’ਤੇ ਆ ਗਏ। ਜੈਨੇਵਾ ਸਮਝੌਤੇ ਦੇ 14 ਨੁਕਤਿਆਂ ’ਤੇ ਜੇ ਝਾਤ ਮਾਰੀ ਜਾਵੇ ਤਾਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਖਰਬਾਂ ਡਾਲਰ ਖ਼ਰਚ ਕੇ ਜੇ ਅਮਰੀਕਨ ਫ਼ੌਜਾਂ ਦੀ ਇਹੋ ਪ੍ਰਾਪਤੀ ਹੈ ਤਾਂ ਇਸ ਵਿਚ ਜਿੱਤ ਈਰਾਨ ਦੀ ਹੈ। ਸਗੋਂ ਖਾੜੀ ਦੇਸ਼ ਜਿਹੜੇ ਅਮਰੀਕਨ ਫ਼ੌਜੀ ਛਤਰੀ ਥੱਲੇ ਸੁਰੱਖਿਅਤ ਮਹਿਸੂਸ ਕਰਦੇ ਸਨ, ਉਹ ਵੀ ਈਰਾਨੀ ਡ੍ਰੋਨਾਂ ਅਤੇ ਮਿਜ਼ਾਈਲਾਂ ਦਾ ਸ਼ਿਕਾਰ ਬਣੇ।
ਈਰਾਨੀ ਲੀਡਰਸ਼ਿਪ ਦੀ ਸ਼ਹਾਦਤ ਨਾਲ ਦੇਸ਼ ਵਿਚ ਰਾਸ਼ਟਰ ਪ੍ਰੇਮ ਚਰਮ-ਸੀਮਾ ’ਤੇ ਪਹੁੰਚ ਗਿਆ ਸੀ। ਅਕਤੂਬਰ 2023 ਵਿਚ ਜਦ ਹਮਾਸ ਸੰਗਠਨ ਦੇ ਕੁਝ ਅੱਤਵਾਦੀਆਂ ਨੇ ਸਰਹੱਦ ਉੱਪਰ ਛੁੱਟੀਆਂ ਮਨਾਉਂਦੇ ਇਜ਼ਰਾਈਲ ਦੇ ਅਨੇਕ ਸੈਲਾਨੀਆ ਨੂੰ ਮਾਰ ਦਿੱਤਾ ਸੀ ਤੇ ਅਣਗਿਣਤ ਨੂੰ ਬੰਦੀ ਬਣਾ ਲਿਆ ਸੀ ਤਾਂ ਪਿਛਲੇ ਤਿੰਨ ਸਾਲਾਂ ਵਿਚ 80000 ਫਲਸਤੀਨੀਆਂ ਨੂੰ ਮਾਰਨਾ ਅਤੇ ਗਾਜ਼ਾ ਪੱਟੀ ਨੂੰ ਢਹਿ-ਢੇਰੀ ਕਰਨਾ, ਲਿਬਨਾਨ ਵਿਚਲੇ ਹਿਜ਼ਬੁਲਾ ਸੰਗਠਨ ਦਾ ਖੁਰਾ-ਖੋਜ ਮਿਟਾਉਣ ਵਾਲੀ ਮੁਹਿੰਮ ਵਿਚ ਹੀ ਈਰਾਨ ਨੂੰ ਸਬਕ ਸਿਖਾਉਣ ਦੀ ਸਿਆਸਤ ਇਜ਼ਰਾਈਲ ਦੇ ਪੀਐੱਮ ਨੇਤਨਯਾਹੂ ਦੀ ਸੀ। ਈਰਾਨ ਨਾਲ ਹੋਏ ਯੁੱਧ ਕਾਰਨ ਖਾੜੀ ਦੇਸ਼ ਵੀ ਆਪਣੀ ਸੁਰੱਖਿਆ ਸਬੰਧੀ ਚੌਕਸ ਹੋ ਗਏ ਹਨ। ਉਹ ਸਮਝ ਗਏ ਹਨ ਕਿ ਮੱਧ ਪੂਰਬ ਵਿਚ ਜੇਕਰ ਸੁਰੱਖਿਆ ਯਕੀਨੀ ਬਣਾਉਣੀ ਹੈ ਤਾਂ ਈਰਾਨ ਸਮੇਤ ਖਾੜੀ ਦੇਸ਼ਾਂ ਦਾ ਨਾਟੋ ਪੈਟਰਨ ’ਤੇ ਇਕ ਨਵਾਂ ਸੰਗਠਨ ਬਣਾਉਣ ਨਾਲ ਹੀ ਇਹ ਸੁਰੱਖਿਆ ਪੁਖਤਾ ਹੋ ਸਕੇਗੀ।
ਜੈਨੇਵਾ ਵਿਚ 14 ਨੁਕਾਤੀ ਸਮਝੌਤੇ ਉੱਤੇ ਦਸਤਖ਼ਤ ਕਰਨ ਉਪਰੰਤ ਈਰਾਨੀ ਵਫ਼ਦ ਵੱਲੋਂ ਅਮਰੀਕਨਾਂ ਨਾਲ ਹੱਥ ਮਿਲਾਉਣ ਅਤੇ ਫੋਟੋ ਖਿਚਵਾਉਣ ਤੋਂ ਇਨਕਾਰ ਦਾ ਕੀ ਅਰਥ ਕੱਢਿਆ ਜਾ ਸਕਦਾ ਹੈ। ਅਮਰੀਕਾ ਦੇ ਬੇਤਹਾਸ਼ਾ ਫ਼ੌਜੀ ਖ਼ਰਚੇ ਨੇ ਸਾਧਾਰਨ ਮੱਧ ਵਰਗ ਦੇ ਅਮਰੀਕਨਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ। ਲੋਕਾਂ ਦੀ ਆਮਦਨ ਦੇ ਵਾਧੇ ਵਿਚ ਐਨਾ ਪਾੜਾ ਹੈ ਕਿ ਆਮ ਨਾਗਰਿਕ ਸਾਰੀ ਉਮਰ ਰੋਜ਼ੀ-ਰੋਟੀ ਦਾ ਜੁਗਾੜ ਹੀ ਕਰਦਾ ਰਹਿੰਦਾ ਹੈ ਜਦਕਿ ਕਾਰਪੋਰੇਟ ਹੋਰ ਅਮੀਰ ਹੋ ਰਿਹਾ ਹੈ। ਪਿਛਲੇ ਦਹਾਕੇ ਵਿਚ ਆਮ ਲੋਕਾਂ ਦੀ ਆਮਦਨ ਵਿਚ 6% ਵਾਧਾ ਹੋਇਆ ਜਦਕਿ ਅਰਬਪਤੀਆਂ ਦੀ ਸੰਪਤੀ 36% ਵਧੀ ਹੈ। ਲਗਾਤਾਰ ਵਧ ਰਿਹਾ ਆਰਥਿਕ ਪਾੜਾ ਉਸ ਅਮਰੀਕਨ ਡ੍ਰੀਮ ’ਤੇ ਪੋਚਾ ਫੇਰ ਰਿਹਾ ਹੈ ਜਿਹੜਾ ‘ਲੌਗ ਕੈਬਿਨ ਟੂ ਵ੍ਹਾਈਟ ਹਾਊਸ’ ਵਾਲਾ ਸੀ। ਅਮਰੀਕਨ ਸਮਾਜਿਕ ਵਿਵਸਥਾ ਵੱਡੀ ਬੇਚੈਨੀ ’ਚੋਂ ਗੁਜ਼ਰ ਰਹੀ ਹੈ। ਵਧਦੀਆਂ ਹਿੰਸਕ ਘਟਨਾਵਾਂ ਨੇ ਦੁਨੀਆ ਵਿਚ ਅਮਰੀਕਾ ਦੇ ਅਕਸ ਨੂੰ ਢਾਹ ਲਾਈ ਹੈ। ਵਸੋਂ ਵਿਚ ਆਮਦਨ ਅਸਮਾਨਤਾ ਲਗਾਤਾਰ ਵਧ ਰਹੀ ਹੈ। ਸੰਨ 1980 ਦੇ ਦਹਾਕੇ ਤੋਂ ਲਗਾਤਾਰ ਜੀਵਨ ਪੱਧਰ ਸਾਥੀ ਦੇਸ਼ਾਂ ਨਾਲੋਂ ਪਿੱਛੇ ਰਹਿ ਰਿਹਾ ਹੈ। ਸਾਲ 2025 ਦੇ ਇਕ ਅਧਿਐਨ ਮੁਤਾਬਕ ਸੰਯੁਕਤ ਰਾਜ ਅਮਰੀਕਾ ਵਿਚ 1980 ਅਤੇ 2023 ਵਿਚਕਾਰ ਡੇਢ ਕਰੋੜ ਵਾਧੂ ਮੌਤਾਂ ਹੋਈਆਂ ਜਿਸ ਲਈ ਮਾੜਾ ਜਿਊਣ ਢੰਗ ਜ਼ਿੰਮੇਵਾਰ ਹੈ। ਅਮਰੀਕਾ ਦੀ 30 ਟ੍ਰਿਲੀਅਨ ਦੀ ਅਰਥਵਿਵਸਥਾ ਨਾਲ ਅੱਵਲ ਤੇ ਚੀਨ 20 ਟ੍ਰਿਲੀਅਨ ਨਾਲ ਦੂਸਰੇ ਨੰਬਰ ’ਤੇ ਹੈ। ਚੀਨ ਆਪਣੀ ਪੂੰਜੀ ਅਤੇ ਸਮੇਂ ਨੂੰ ਖਾਹ-ਮਖਾਹ ਨਸ਼ਟ ਨਹੀਂ ਕਰ ਰਿਹਾ। ਮੱਧ ਏਸ਼ੀਆ, ਅਫ਼ਰੀਕਾ ਅਤੇ ਦੱਖਣੀ ਅਮਰੀਕਾ ਦੇ ਬਹੁਤ ਸਾਰੇ ਖੇਤਰਾਂ ਵਿਚ ਢੇਰ ਸਾਰਾ ਨਿਵੇਸ਼ ਕਰ ਕੇ ਉੱਥੋਂ ਦੇ ਜਨਜੀਵਨ ਨੂੰ ਵੀ ਸੰਵਾਰ ਰਿਹਾ ਹੈ। ਅੱਜ ਦੇ ਸੰਸਾਰ ਵਿਚ ਅਰਾਜਕਤਾ ਦਾ ਸਭ ਤੋਂ ਵੱਡਾ ਸਰੋਤ ਅਮਰੀਕਾ ਹੈ।
ਸਾਲ 2019 ਵਿਚ ਪਿਊ ਰਿਸਰਚ ਸੈਂਟਰ ਦੁਆਰਾ ਕੀਤੇ ਗਏ ਇਕ ਜਨਤਕ ਸਰਵੇਖਣ ’ਚ ਜ਼ਿਆਦਾਤਰ ਅਮਰੀਕਨਾਂ ਨੇ ਸਾਲ 2050 ਤੱਕ ਅਮਰੀਕਾ ਦੀ ਅਰਥਵਿਵਸਥਾ ਕਮਜ਼ੋਰ ਹੋਣ ਦੀ ਭਵਿੱਖਬਾਣੀ ਕੀਤੀ ਸੀ। ਹੁਣੇ ਜਿਹੇ ਹੋਏ ਗੈਲਅੱਪ ਪੋਲ ਵਿਚ 77% ਅਮਰੀਕਨਾਂ ਨੇ ਸਪਸ਼ਟ ਕਿਹਾ ਕਿ ਅੱਜ ਦੇ ਅਮਰੀਕਾ ਨੂੰ ਵੇਖ ਕੇ ਜਾਰਜ ਵਾਸ਼ਿੰਗਟਨ ਸਮੇਤ ਸਾਰੇ ਰਾਸ਼ਟਰ ਉਸਰੱਈਏ ਬੇਹੱਦ ਉਦਾਸ ਹੋਣਗੇ। ਦੁਨੀਆ ਦੇ ਵੱਖ-ਵੱਖ ਖਿੱਤਿਆਂ ਵਿਚ ਫ਼ੌਜੀ ਕਸ਼ਮਕਸ਼ ਅਤੇ ਗ਼ੈਰ-ਜ਼ਰੂਰੀ ਲੜਾਈਆਂ ਨੇ ਅਮਰੀਕਨਾਂ ਜ਼ਿੰਦਗੀ ਦੇ ਹਰ ਪਹਿਲੂ ਨੂੰ ਪ੍ਰਭਾਵਿਤ ਕੀਤਾ ਹੈ। ਸਾਧਾਰਨ ਅਮਰੀਕਨ ਇਨ੍ਹਾਂ ਯੁੱਧਾਂ ਤੋਂ ਅੱਕੇ ਹੋਣ ਕਾਰਨ ਹੀ ਈਰਾਨ ਨਾਲ ਜੰਗ ਦੇ ਵਿਰੋਧ ਵਿਚ ਥਾਂ-ਥਾਂ ਪ੍ਰਦਰਸ਼ਨ ਕਰਦੇ ਰਹੇ। ਅਮਰੀਕਾ ਲਈ ਈਰਾਨ ਸੰਕਟ ਇਕ ਸਬਕ ਲੈ ਕੇ ਵੀ ਆਇਆ ਹੈ। ਉਹ ਇਹ ਕਿ ਟੈਕਸਦਾਤਿਆਂ ਦੀ ਆਮਦਨ ਹਥਿਆਰਾਂ ਅਤੇ ਯੁੱਧਾਂ ’ਤੇ ਵਹਾਉਣ ਨਾਲੋਂ ਸਾਧਾਰਨ ਅਤੇ ਮੱਧ ਵਰਗ ਦੇ ਅਮਰੀਕਨਾਂ ਦੀ ਜ਼ਿੰਦਗੀ ਸੁਧਾਰਨ ’ਤੇ ਲਾਈ ਜਾਵੇ।
- ਜੀਕੇ ਸਿੰਘ
-ਮੋਬਾਈਲ : 98140-67632