- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਕ ਕੈਨੇਡਾ ਨੂੰ ਗੰਦਾ ਸਮਝਦੇ ਹਨ। ਮੈਂ ਲੋਕਾਂ ਨਾਲ ਪਿਆਰ ਕਰਦਾ ਹਾਂ ਪਰ ਉਹ ਗੰਦੇ ਹਨ। ਲੀਡਰਸ਼ਿਪ ਗੰਦੀ ਹੈ।’ ਦਰਅਸਲ ਸੰਨ 1775 ’ਚ ਅਮਰੀਕੀ ਆਜ਼ਾਦੀ ਦੀ ਜੰਗ ਸਮੇਂ ਅਮਰੀਕੀ ਜਨਰਲ ਬੈਨੀਡਿਕਟ ਔਰਨਾਲਡ ਨੇ ਕੈਨੇਡਾ ਦੇ ਕਿਊਬਿਕ ਪ੍ਰਾਂਤ ’ਤੇ ਹਮਲਾ ਕਰ ਦਿੱਤਾ, ਜਿੱਥੇ ਫਰਾਂਸੀਸੀ ਲੋਕ ਵਸਦੇ ਸਨ।

ਦਰਬਾਰਾ ਸਿੰਘ ਕਾਹਲੋਂ
ਬ੍ਰਿਟਿਸ਼ ਬਸਤੀਵਾਦੀ ਸਾਮਰਾਜ ਤੋਂ ਸੁਤੰਤਰਤਾ ਪ੍ਰਾਪਤ ਕਰਨ ਵੇਲੇ ਤੋਂ ਹੀ ਅਮਰੀਕਾ ਆਪਣੇ ਉੱਤਰ ’ਚ ਵਸੇ ਖੂਬਸੂਰਤ ਦੇਸ਼ ਕੈਨੇਡਾ ’ਤੇ ਬੁਰੀ ਨਜ਼ਰ ਰੱਖਦਿਆਂ ਇਸ ਨੂੰ ਹਥਿਆਉਣਾ ਚਾਹੁੰਦਾ ਰਿਹਾ ਹੈ। ਹਾਲਾਂਕਿ ਅਮਰੀਕਨ ਨਿਵਾਸੀ ਕਦੇ ਵੀ ਅਜਿਹਾ ਨਹੀਂ ਚਾਹੁੰਦੇ ਰਹੇ ਹਨ ਪਰ ਅਮਰੀਕੀ ਪ੍ਰਸਾਰਵਾਦੀ ਬਸਤੀਵਾਦ ਸਾਮਰਾਜ ਕਾਇਮ ਕਰਨ ਦੀ ਇੱਛਾ ਰੱਖਣ ਵਾਲੇ ਵੱਖ-ਵੱਖ ਰਾਸ਼ਟਰਪਤੀ ਹਮੇਸ਼ਾ ਅਜਿਹੀ ਬਦਨੀਯਤ ਰੱਖਦੇ ਰਹੇ ਹਨ। ਜੇਕਰ ਅਮਰੀਕੀ ਪ੍ਰਸਾਰਵਾਦੀ ਯੁੱਧਨੀਤੀ ਅਤੇ ਵਿਦੇਸ਼ ਨੀਤੀ ਦਾ ਗਹੁ ਨਾਲ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਉਹ ਹਮੇਸ਼ਾ ਹੀ ਪੂਰੇ ਉੱਤਰੀ ਅਮਰੀਕੀ ਖੇਤਰ ’ਤੇ ਕਬਜ਼ਾ ਚਾਹੁੰਦਾ ਹੈ। 20 ਜਨਵਰੀ, 2025 ਨੂੰ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਬਾਅਦ ਡੋਨਾਲਡ ਟਰੰਪ ਨੇ ਲਗਾਤਾਰ ਅਮਰੀਕੀ ਪ੍ਰਸਾਰਵਾਦੀ ਨੀਤੀ ਅਧੀਨ ਗ੍ਰੀਨਲੈਂਡ, ਮੈਕਸੀਕੋ ਖਾੜੀ, ਨਹਿਰ ਪਨਾਮਾ, ਗਾਜਾ ਨੂੰ ਅਮਰੀਕੀ ਅਧਿਕਾਰ ਹੇਠ ਲਿਆਉਣ ਅਤੇ ਪ੍ਰਭੂਸੱਤਾ ਸੰਪੰਨ ਗੁਆਂਢੀ ਰਾਜ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੀ ਰਟ ਲਗਾ ਰੱਖੀ ਹੈ। ਬੁੱਧਵਾਰ 5 ਅਗਸਤ, 2025 ਨੂੰ ਤਾਂ ਹੱਦ ਹੀ ਹੋ ਗਈ। ਲਾਸ ਵਿਗਾਸ ਕੈਸੀਨੋ ਵਿਖੇ ਭਾਸ਼ਣ ਦਿੰਦੇ ਉਸ ਨੇ ਦੋਸ਼ ਲਾਇਆ ਕਿ ਦੁਨੀਆਂ ਦੇ ਦੂਸਰੇ ਦੇਸ਼ ਅਮਰੀਕਾ ਨਾਲ ਵਪਾਰ ਤੋਂ ਹਮੇਸ਼ਾ ਬੇਲੋੜਾ ਲਾਹਾ ਲੈਂਦੇ ਰਹੇ ਹਨ। ਇਸ ਮੌਕੇ ਪਾਗਲਾਨਾ ਬੁਖਲਾਹਟ ’ਚ ਉਹ ਕੈਨੇਡਾ ਪ੍ਰਤੀ ਅਤਿ ਭੱਦੀ ਸ਼ਬਦਾਵਲੀ ਤੇ ਉੱਤਰ ਆਇਆ। ਉਸ ਨੇ ਪੰਜ ਵਾਰ ਕੈਨੇਡਾ ਲਈ ‘ਨੇਸਟੀ’ ਸ਼ਬਦ ਦੀ ਵਰਤੋਂ ਕੀਤੀ, ਭਾਵ ਇਸ ਨੂੰ ਇਕ ਗੰਦਾ ਅਤੇ ਘਟੀਆ ਕਿਸਮ ਦਾ ਰਾਸ਼ਟਰ ਗਰਦਾਨਿਆ। ਉਹ ਬੜਬੜਾਉਂਦਾ ਕਹਿ ਰਿਹਾ ਸੀ, ‘ਕੈਨੇਡਾ ਗੰਦਾ ਅਤੇ ਘਟੀਆ ਹੈ, ਉਹ ਗੰਦੇ (ਕੈਨੇਡੀਅਨ ) ਹਨ। ਲੋਕ ਕੈਨੇਡਾ ਨੂੰ ਗੰਦਾ ਸਮਝਦੇ ਹਨ। ਮੈਂ ਲੋਕਾਂ ਨਾਲ ਪਿਆਰ ਕਰਦਾ ਹਾਂ ਪਰ ਉਹ ਗੰਦੇ ਹਨ। ਲੀਡਰਸ਼ਿਪ ਗੰਦੀ ਹੈ।’ ਦਰਅਸਲ ਸੰਨ 1775 ’ਚ ਅਮਰੀਕੀ ਆਜ਼ਾਦੀ ਦੀ ਜੰਗ ਸਮੇਂ ਅਮਰੀਕੀ ਜਨਰਲ ਬੈਨੀਡਿਕਟ ਔਰਨਾਲਡ ਨੇ ਕੈਨੇਡਾ ਦੇ ਕਿਊਬਿਕ ਪ੍ਰਾਂਤ ’ਤੇ ਹਮਲਾ ਕਰ ਦਿੱਤਾ, ਜਿੱਥੇ ਫਰਾਂਸੀਸੀ ਲੋਕ ਵਸਦੇ ਸਨ। ਅਮਰੀਕਾ ਦਾ ਮਕਸਦ ਕਿਊਬਿਕ ਨਿਵਾਸੀ ਫਰਾਂਸੀਸੀਆਂ ਨੂੰ ਬ੍ਰਿਟਿਸ਼ ਸਾਮਰਾਜ ਵਿਰੁੱਧ ਕਰਨਾ ਸੀ ਪਰ ਉਹ ਇਸ ਰਣਨੀਤੀ ’ਚ ਅਸਫਲ ਰਹੇ। ਮਾਰਟਰੀਅਲ ’ਤੇ ਕੁਝ ਸਮਾਂ ਕਬਜ਼ੇ ਬਾਅਦ ਅਮਰੀਕੀ ਇਸ ਜੰਗ ਵਿੱਚ ਹਾਰ ਗਏ। ਸੰਨ 1782 ’ਚ ਪੈਰਸ ਵਿਖੇ ਬ੍ਰਿਟੇਨ ਨਾਲ ਸ਼ਾਂਤੀ ਸੰਧੀ ਸਮੇਂ ਬੈਂਜਮੈਨ ਫਰੈਂਕਲੇਨ ਨੇ ਕੈਨੇਡਾ ਨੂੰ ਹਥਿਆਉਣ ਦਾ ਯਤਨ ਕੀਤਾ ਪਰ ਅਸਫ਼ਲ ਰਿਹਾ। ਅਮਰੀਕਾ ਨੇ ਬ੍ਰਿਟਿਸ਼ ਬਸਤੀਵਾਦੀ ਸਾਮਰਾਜ ਨੂੰ ਤਾਂ ਹਾਰ ਦੇ ਦਿੱਤੀ ਪਰ ਕੈਨੇਡੀਅਨ ਵੱਲੋਂ ਬ੍ਰਿਟੇਨ ਨਾਲ ਡਟ ਕੇ ਖੜੋਣ ਕਰਕੇ ਉਹਨਾਂ ਨੂੰ ਕੈਨੇਡਾ ਵਿੱਚੋਂ ਨਾ ਭਜਾ ਸਕੇ। ਸਨ 1812 ’ਚ ਅਮਰੀਕਾ ਨੇ ਬ੍ਰਿਟਿਸ਼ ਉੱਤਰੀ ਅਮਰੀਕਾ ’ਤੇ ਹਮਲਾ ਕਰ ਦਿੱਤਾ, ਜਿਸ ਨੂੰ ਬ੍ਰਿਟਿਸ਼ ਅਤੇ ਕੈਨੇਡੀਅਨ ਫੌਜਾਂ ਨੇ ਹਰਾ ਦਿੱਤਾ। ਜਿਵੇਂ ਸੰਨ 1965 ਦੀ ਭਾਰਤ-ਪਾਕਿਸਤਾਨ ਜੰਗ ਵੇਲੇ ਪਾਕਿਸਤਾਨੀ ਫੌਜੀ ਸ਼ਾਸਕ ਜਨਰਲ ਅਯੂਬ ਖਾਨ ਨੇ ਦਮਗਜਾ ਮਾਰਿਆ ਸੀ ਕਿ ‘ਹਮ ਟਹਿਲਤੇ-ਟਹਿਲਤੇ ਦਿੱਲੀ ਚਲੇ ਜਾਏਂਗੇ’ ਉਵੇਂ ਹੀ ਅਮਰੀਕੀ ਰਾਸ਼ਟਰਪਤੀ ਥਾਮਸ ਜੈਫਰਸਨ ਨੇ ਟਹਿਲਤੇ-ਟਹਿਲਤੇ ਕੈਨੇਡਾ ’ਤੇ ਕਬਜ਼ਾ ਕਰਨ ਦਾ ਦਮਗਜਾ ਮਾਰਿਆ ਸੀ ਪਰ ਪਾਕਿਸਤਾਨ ਵਾਂਗ ਨਾਕਾਮ ਰਹੇ। 1866 ’ਚ ਫੈਨੀਅਨ ਹਮਲੇ ਅਤੇ ਮੁਨਰੋ ਸਿਧਾਂਤ ਦੀ ਆੜ ਹੇਠ ਕੈਨੇਡਾ ਤੇ ਕਬਜ਼ਾ ਕਰਨਾ ਚਾਹਿਆ ਪਰਉਲਟਾ ਕੈਨੇਡਾ ਇਕਜੁੱਟ ਹੁੰਦਾ ਇਕ ਕੈਨਫਡਰੇਸ਼ਨ ਰਾਸ਼ਟਰ ਵਜੋਂ ਉਭਰਿਆ। ਦੂਸਰੀ ਵਿਸ਼ਵ ਜੰਗ ’ਚ ਭਾਵੇਂ ਕਨੇਡੀਅਨ ਪ੍ਰਧਾਨ ਮੰਤਰੀ ਮੈਕਨਾਈਜ ਕਿੰਗ ਅਤੇ ਅਮਰੀਕੀ ਰਾਸ਼ਟਰਪਤੀ ਫਰੈਂਕਲਿਨ ਰੂਜਵੈਲਟ ਦੇ ਆਪਸੀ ਸਬੰਧ ਬਹੁਤ ਚੰਗੇ ਸਨ ਪਰ ਅੰਦਰ ਖਾਤੇ ਅਮਰੀਕਾ ਸੁਰੱਖਿਆ ਯੋਜਨਾ ਅਧੀਨ ਕੈਨੇਡਾ ਨੂੰ ਕਬਜ਼ਾਉਣਾ ਚਾਹੁੰਦਾ ਸੀ। ਅਮਰੀਕੀ ਰਾਸ਼ਟਰਪਤੀ ਜਾਹਨ ਐਫ ਕੈਨਡੀ ਨੇ ਆਪਣੇ ਕਾਲ ’ਚ ਦੋਹਾਂ ਦੇਸ਼ਾਂ ਦਰਮਿਆਨ ਸਦੀਵੀ ਮਿੱਤਰਤਾ ਨੂੰ ਮਜ਼ਬੂਤ ਕਰਨ ਦਾ ਯਤਨ ਕੀਤਾ। ਉਸ ਨੇ 1961 ’ਚ ਕੈਨੇਡੀਅਨ ਪਾਰਲੀਮੈਂਟ ਨੂੰ ਸੰਬੋਧਨ ਵੇਲੇ ਕਿਹਾ ਸੀ ,‘ਭੂਗੋਲ ਨੇ ਸਾਨੂੰ ਗੁਆਂਢੀ ਦੇਸ਼ ਬਣਾਇਆ ਹੈ, ਇਤਿਹਾਸ ਨੇ ਸਾਨੂੰ ਦੋਸਤ ਬਣਾਇਆ ਹੈ, ਆਰਥਿਕਤਾ ਨੇ ਸਾਨੂੰ ਭਾਈਵਾਲ ਬਣਾਇਆ ਹੈ ਅਤੇ ਲੋੜ ਨੇ ਸਾਨੂੰ ਸਹਿਯੋਗੀ ਬਣਾਇਆ ਹੈ’ ਪਰ ਅਜੋਕੇ ਰਾਸ਼ਟਰਪਤੀ ਟਰੰਪ ਦੀਆਂ ਲਗਾਤਾਰ ਬੇਵਕੂਫੀਆਂ ਕਰਕੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਦੋ ਟੁਕ ਕਹਿਣਾ ਪਿਆ ਕਿ ਹੁਣ ਉਹ ਦਿਨ ਲੱਦ ਚੁੱਕੇ ਹਨ। ਪਰਮਾਣੂ ਬੰਬ ਦੇ ਮੁੱਦੇ ’ਤੇ ਇਜ਼ਰਾਈਲ ਦੀ ਸ਼ੈਤਾਨੀ ਨੇ ਅਮਰੀਕੀ ਨਾਰਸਿਸਟ, ਮੂੰਹ ਫਟ ਅਤੇ ਅਰਧ ਮੂਰਖ ਰਾਸ਼ਟਰਪਤੀ ਟਰੰਪ ਨੂੰ ਨਾ ਸਿਰਫ ਇਰਾਨ ਨਾਲ ਜੰਗ ’ਚ ਉਲਝਾਇਆ ਬਲਕਿ ਵਿਸ਼ਵ ਦੀ ਮਹਾਂ ਸ਼ਕਤੀ ਵਜੋਂ ਜਾਣੇ ਜਾਂਦੇ ਅਮਰੀਕਾ ਅਤੇ ਇਸ ਦੇ ਰਾਸ਼ਟਰਪਤੀ ਨੂੰ ਮੂੰਹ ਦੀ ਖਾਣ ਲਈ ਮਜਬੂਰ ਕੀਤਾ, ਜਿਸ ਕਰਕੇ ਪੂਰੇ ਵਿਸ਼ਵ ’ਚ ਰਾਸ਼ਟਰਪਤੀ ਟਰੰਪ ਪ੍ਰਤੀ ਨਫ਼ਰਤ ਫੈਲ ਗਈ। ਸਭ ਤੋਂ ਮਹੱਤਵਪੂਰਨ ਮਜੇ ਦੀ ਗੱਲ ਇਹ ਰਹੀ ਕਿ ਇਸ ਜੰਗ ’ਚ ਪਹਿਲੀ ਵਾਰ ਨਾਟੋ ਹਮਜੋਲੀਆਂ ਨੇ ਉਸ ਤੋਂ ਕਿਨਾਰਾ ਕਰ ਲਿਆ, ਜਿਵੇਂ 3 ਜਨਵਰੀ 2026 ਨੂੰ ਵੈਨਯੂਵੇਲਾ ਦੇ ਰਾਸ਼ਟਰਪਤੀ ਮਾਦੂਰੋ ਅਤੇ ਉਸ ਦੀ ਪਤਨੀ ਨੂੰ ਇਕ ਫੌਜੀ ਕਾਰਵਾਈ ਰਾਹੀਂ ਉਹਨਾਂ ਦੇ ਬੈਡਰੂਮ ’ਚੋਂ ਉਧਾਲ ਕੇ ਅਮਰੀਕਾ ਲਿਆਂਦਾ ਗਿਆ ਸੀ। ਜੇਕਰ ਟਰੰਪ ਇਰਾਨ ਜੰਗ ’ਚ ਨਾ ਫਸਦਾ ਤਾਂ ਹੁਣ ਤੱਕ ਉਸ ਨੇ ਕਿਊਬਾ ਸਮੇਤ ਕਈ ਦੇਸ਼ਾਂ ’ਚ ਪੁੱਠ-ਸਿੱਧ ਕਰ ਦੇਣੀ ਸੀ। ਕੈਨੇਡਾ ਨਾਲ ਦੁਰ-ਵਿਹਾਰ ਉਸ ਨੇ ਦੂਸਰੀ ਵਾਰ ਰਾਸ਼ਟਰਪਤੀ ਵਜੋਂ ਸੱਤਾ ਸੰਭਾਲਣ ਤੋਂ ਬਾਅਦ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਅਤੇ ਇਸ ਦੇ ਪ੍ਰਧਾਨ ਮੰਤਰੀ ਨੂੰ ਸਿਸ਼ਟਾਚਾਰ ਦਾ ਉਲੰਘਣ ਕਰਦੇ ‘ਗਵਰਨਰ’ ਵਜੋਂ ਸੰਬੋਧਨ ਕਰਨਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਾਲ ਤੋਂ ਹੀ ਸ਼ੁਰੂ ਕਰ ਦਿੱਤਾ। ਸਮਝਿਆ ਜਾਂਦਾ ਸੀ ਕਿ ਉਹ ਸ਼ਾਇਦ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਮਾਰਕ ਕਾਰਨੀ ਦੇ ਪ੍ਰਧਾਨ ਮੰਤਰੀ ਚੁਣੇ ਜਾਣ ’ਤੇ ਉਹ ਇਸ ਅਹੁਦੇ ਅਤੇ ਪ੍ਰਭੂਸੱਤਾ ਸੰਪੰਨ ਕੈਨੇਡਾ ਰਾਸ਼ਟਰ ਨੂੰ ਸੰਬੋਧਨ ਕਰਨ ਵੇਲੇ ਡਿਪਲੋਮੈਟਿਕ ਸੂਝਬੂਝ ਅਤੇ ਮਾਣ ਮਰਿਆਦਾ ਕਾਇਮ ਰੱਖੇਗਾ ਪਰ ਉਹ ਬਾਜ ਨਹੀਂ ਆਇਆ। ਉਸ ਨੇ ਕੈਨੇਡਾ ਨੂੰ ਆਰਥਿਕ ਤੌਰ ’ਤੇ ਅਲੱਗ-ਥਲੱਗ ਕਰਨ ਦੀ ਅਤਿ ਨਿੰਦਣਯੋਗ ਨੀਤੀ ਅਪਣਾਈ। ਗ਼ਲਤੀ ਇਹ ਹੋਈ ਕਿ ਕੈਨੇਡਾ, ਅਮਰੀਕਾ ਤੇ ਵਿਸ਼ਵਾਸ ਕਰਦਾ ਉਸ ਦਾ ਇੱਕ ਸੈਟਲਾਈਟ ਦੇਸ਼ ਬਣ ਕੇ ਰਹਿ ਗਿਆ ਸੀ। ਉਸ ਨੇ ਆਪਣੀ ਫੌਜੀ ਸੁਰੱਖਿਆ ਅਤੇ 75 ਫ਼ੀਸਦ ਵਪਾਰ ਉਸ ਦੇ ਸਹਾਰੇ ਛੱਡ ਦਿੱਤੇ। ਦੋਵਾਂ ਦੇਸ਼ਾਂ ਦੇ ਕਾਰਪੋਰੇਟਰ ਕਾਰੋਬਾਰੀ, ਬੈਂਕਿੰਗ ਸਿਸਟਮ, ਸਨਅਤਾਂ, ਨਿਵੇਸ਼, ਤਕਨੀਕ, ਹੁਨਰਮੰਦ ਅਤੇ ਆਮ ਕਾਮੇ ਸਾਂਝੇ ਸਨ। ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਅਧਾਰਤ ਤਿੰਨਾਂ ਦੇਸ਼ਾਂ ਦਰਮਿਆਨ ਬੜੀ ਹੀ ਸੁਖਾਵੀ ਸੰਧੀ ‘ਨਾਫਟਾ’ 1994 ਤੋਂ ਚੱਲਦੀ ਆ ਰਹੀ ਸੀ, ਜਿਸ ਨੂੰ ਰਾਸ਼ਟਰਪਤੀ ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦਰਮਿਆਨ ਖ਼ਤਮ ਕਰਕੇ ਉਸ ਦੀ ਥਾਂ ‘ਕੁਸਮਾ’ ਨੂੰ 1 ਜੁਲਾਈ 2020 ਤੋਂ ਲਾਗੂ ਕੀਤਾ। ਇਸ ਸਾਲ ਇਸ ਸੰਧੀ ਨੂੰ ਮੁੜ ਨਵਿਆਉਣ ਤੋਂ ਰਾਸ਼ਟਰਪਤੀ ਟਰੰਪ ਭੱਜ ਗਿਆ ਹੈ। ਸੱਤਾ ਸੰਭਾਲਣ ਤੋਂ ਬਾਅਦ ਉਸਨੇ ਕੈਨੇਡਾ-ਮੈਕਸੀਕੋ ’ਤੇ ਦੋਸ਼ ਲਾਏ ਕਿ ਇਹਨਾਂ ਦੇਸ਼ਾਂ ਦੀਆਂ ਸਰਹਦਾਂ ਪਾਰੋਂ ਅਮਰੀਕਾ ਅੰਦਰ ਫੈਂਟਾਨਾਈਲ ਅਤੇ ਹੋਰ ਘਾਤਕ ਨਸ਼ੀਲੇ ਪਦਾਰਥ ਤਸਕਰੀ ਰਾਹੀਂ ਵੱਡੇ ਪੈਮਾਨੇ ਤੇ ਆਉਂਦੇ ਹਨ, ਜਿਨ੍ਹਾਂ ਕਰਕੇ ਹਰ ਸਾਲ 70000 ਤੋਂ 110000 ਅਮਰੀਕੀ ਮਰ ਜਾਂਦੇ ਹਨ। ਉਸ ਨੇ ਧਮਕੀ ਦਿੱਤੀ ਕਿ ਜਾਂ ਤਾਂ ਇਹਨਾਂ ਨੂੰ ਬੰਦ ਕਰੋ ਜਾਂ ਫਿਰ 50 ਤੋਂ 100 ਫ਼ੀਸਦ ਟੈਰਿਫ ਲਈ ਤਿਆਰ ਰਹੋ। ਕੈਨੇਡਾ ਨੇ ਸਪੈਸ਼ਲ ਸਰਹੱਦੀ ਪੁਲਿਸ ਅਤੇ ਹਵਾਈ ਜਹਾਜ਼ ਗਸ਼ਤ ਦਾ ਪ੍ਰਬੰਧ ਕੀਤਾ। ਬਾਵਜੂਦ ਇਸ ਪ੍ਰਬੰਧ ਨੂੰ ਨਾਕਾਫੀ ਕਰਾਰ ਦਿੰਦੇ, ਉਸਨੇ ਕੈਨੇਡਾ ’ਤੇ ਭਾਰੀ ਟੈਰਫ ਲਗਾ ਦਿੱਤਾ। ਇਸ ਤੋਂ ਬਾਅਦ ਉਸਨੇ ਡੇਅਰੀ ਅਤੇ ਡਿਜੀਟਲ ਟੈਕਸ ਅਤੇ ਫਿਰ ‘ਜਬਰੀ ਮਜ਼ਦੂਰੀ’ ਦਾ ਬਹਾਨਾ ਅੱਗੇ ਲੈ ਲਿਆਂਦਾ। ਹੁਣ ਕੈਨੇਡਾ ਅੰਦਰ ਕਈ ਥਾਵਾਂ ’ਤੇ ਲੱਗੀਆਂ ਅੱਗਾਂ ਦੇ ਸੇਕ ਨੂੰ ਬਹਾਨਾ ਬਣਾ ਕੇ 50 ਫ਼ੀਸਦ ਟੈਰਿਫ ਠੋਕਣ ਦਾ ਐਲਾਨ ਕਰ ਦਿੱਤਾ। ਕੈਲਗਰੀ ਵਿਖੇ ਆਪਣਾ ਕੌਂਸਲੇਟ ਬੰਦ ਕਰ ਦਿੱਤਾ ਹੈ। ਅਮਰੀਕਾ ਦੀ ਧੱਕੇਸ਼ਾਹੀ ਤੋਂ ਤੰਗ ਆ ਕੇ ਸੂਝਵਾਨ, ਦੂਰਅੰਦੇਸ਼ ਅਤੇ ਅਤੀ ਠਰ੍ਹਮੇ ਭਰੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਯੂਰਪੀਅਨ ਯੂਨੀਅਨ, ਬ੍ਰਿਟੇਨ, ਚੀਨ, ਸਊਦੀ ਅਰਬ, ਭਾਰਤ ਅਤੇ ਬ੍ਰਾਜ਼ੀਲ ਵਰਗੇ ਦੇਸ਼ਾਂ ਨਾਲ ਵਪਾਰਕ ਅਤੇ ਯੁੱਧ ਨੀਤਕ ਸਮਝੌਤੇ ਅੰਜਾਮ ਦੇਣੇ ਸ਼ੁਰੂ ਕਰ ਦਿੱਤੇ। ਉਸਨੇ ਆਪਣੀ ਸੁਰੱਖਿਆ ਮਜਬੂਤੀ ਲਈ ਰੱਖਿਆ ਬਜਟ ’ਚ ਵਾਧਾ ਕੀਤਾ ਹੈ। ਦੇਸ਼ ਅੰਦਰ ਅੰਤਰਰਾਜੀ ਬੈਰੀਅਰ ਖ਼ਤਮ ਕਰ ਦਿੱਤੇ ਹਨ। ਇਕ ਸਰਵੇਅ ਅਨੁਸਾਰ 92 ਫ਼ੀਸਦ ਕੈਨੇਡੀਅਨ ਅਤੇ 60 ਫ਼ੀਸਦ ਅਮਰੀਕੀ ਕੈਨੇਡਾ ਦੇ ਅਮਰੀਕਾ ’ਚ ਰਲੇਵੇ ਦੇ ਵਿਰੁੱਧ ਹਨ। ਤਾਜ਼ਾ ਅੰਗਸ ਰੀਡ ਸਰਵੇਅ ਅਨੁਸਾਰ 92 ਫ਼ੀਸਦ ਅਮਰੀਕੀ ਕਨੇਡਾ ਦੇ ਰਲੇਵੇ ਨੂੰ ਇਕ ਬੁਰਾ ਵਿਚਾਰ ਦੱਸਦੇ ਹਨ। ਹਕੀਕਤ ’ਚ ਅਮਰੀਕਾ ਵੱਲੋਂ ਕੈਨੇਡਾ ਤੇ ਕਬਜ਼ੇ ਜਾਂ ਰਲੇਵੇ ਦੀਆਂ ਗੱਲਾਂ ਦੋਹਾਂ ਦੇਸ਼ਾਂ ਦੇ ਨਿਘੇ ਸੰਬੰਧਾਂ ਦੀ ਮੌਤ ਦੇ ਬਰਾਬਰ ਹਨ। ਟਰੰਪ ਕੀ, 100 ਟਰੰਪ ਵੀ ਕੈਨੇਡਾ ਨੂੰ ਕਦੇ ਵੀ ਅਮਰੀਕਾ ’ਚ ਸ਼ਾਮਿਲ ਨਹੀਂ ਕਰਾ ਸਕਦੇ। ਕੈਨੇਡੀਅਨ ਆਪਣੇ ਦੇਸ਼ ਨੂੰ ਆਪਣੀਆਂ ਜਾਨਾਂ ਨਾਲੋਂ ਵੀ ਵੱਧ ਪਿਆਰ ਕਰਦੇ ਹਨ ਅਤੇ ਸੱਚੇ ਦੇਸ਼ ਭਗਤ ਹਨ। ਕੈਨੇਡਾ ਦੀ ਆਜ਼ਾਦੀ ਦੀ ਰਾਖੀ ਲਈ ਹਰ ਪਲ ਜਾਨਾਂ ਵਾਰਨ ਲਈ ਤਿਆਰ ਹਨ।
(ਲੇਖਕ ਸਾਬਕਾ ਰਾਜ ਸੂਚਨਾ ਕਮਿਸ਼ਨਰ ਹਨ, ਸੰਪਰਕ : +12898292929)।