- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਾਲੀ ਦਲ ਪਹਿਲਾਂ ਹੀ ਖ਼ਾਸਕਰ ਪੰਥਕ ਮੁੱਦਿਆਂ ’ਤੇ ਲੋਕਾਂ ਦੀ ਕਚਹਿਰੀ ’ਚ ਵੱਡੇ ਵਿਰੋਧ ਦਾ ਸਾਹਮਣਾ ਕਰ ਰਿਹਾ ਹੈ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਸ਼ਹਿਰਾਂ ਤੋਂ ਅੱਗੇ ਪਿੰਡਾਂ ’ਚ ਆਪਣੀ ਸਾਖ਼ ਨੂੰ ਪੱਕਾ ਕਰਨ ਤੋਂ ਹਾਲੇ ਬਹੁਤ ਪਿੱਛੇ ਨਜ਼ਰ ਆ ਰਹੀ ਹੈ। ਪਿਛਲੇ ਦਿਨਾਂ ’ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਰੂਰ ਸੂਬੇ ਦੇ ਵੱਡੇ ਧਾਰਮਿਕ ਡੇਰਿਆਂ ’ਚ ਆਪਣੀ ਹਾਜ਼ਰੀ ਭਰਦੇ ਨਜ਼ਰ ਆਏ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੱਠਜੋੜ ਦਾ ਐਲਾਨ ਕਰਨਾ ਵੀ ਆਪਣੇ ਆਪ ’ਚ ਸਿੱਖ ਜਗਤ ਦੇ ਥੋੜ੍ਹਾ ਨੇੜੇ ਹੋ ਕੇ ਬੈਠਕ ਦੀ ਕੋਸ਼ਿਸ਼ ਵਾਂਗ ਹੈ।

ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਟੁੱਟੀਆਂ ਮੋਹ ਦੀਆਂ ਤੰਦਾਂ ਇਕ ਵਾਰ ਫਿਰ ਜੁੜ ਗਈਆਂ ਹਨ। ਦੋਵਾਂ ਪਾਰਟੀਆਂ ਨੇ ਦਿੱਲੀ ’ਚ ਭਾਜਪਾ ਦੇ ਹੈੱਡਕਵਾਰਟਰ ’ਚ ਇਕ ਦੂਜੇ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕਰ ਦਿੱਤਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਇਹ ਚੁੰਝ ਚਰਚਾ ਸੀ ਕਿ ਦੋਵਾਂ ਧਿਰਾਂ ਵਿਚਾਲੇ ਗੱਠਜੋੜ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ ਤੇ ਜਲਦ ਹੀ ਇਸ ਦਾ ਰਸਮੀ ਐਲਾਨ ਵੀ ਹੋ ਸਕਦਾ ਹੈ। ਆਖ਼ਰ ਉਹ ਦਿਨ ਵੀ ਆ ਗਿਆ ਜਦੋਂ ਇਸ ਗੱਲ ’ਤੇ ਦੋਵਾਂ ਪਾਰਟੀਆਂ ਨੇ ਪੱਕੀ ਮੋਹਰ ਲਗਾ ਦਿੱਤੀ। ਦੋਵੇਂ ਧਿਰਾਂ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਇਕੱਠਿਆਂ ਮਿਲ ਕੇ ਲੜਨਗੀਆਂ ਤੇ ਅਕਾਲੀ ਦਲ ਵੱਡੇ ਭਾਈ ਦੀ ਭੂਮਿਕਾ ’ਚ ਰਹੇਗਾ। ਇਸ ਦਾ ਸਿੱਧਾ ਇਸ਼ਾਰਾ ਹੈ ਕਿ ਸੁਖਬੀਰ ਬਾਦਲ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਤੇ ਭਾਜਪਾ ਇਸ ਨਹੁੰ ਮਾਸ ਦੇ ਰਿਸ਼ਤੇ ਨੂੰ ਹੋਰ ਮਜਬੂਤ ਕਰੇਗੀ। ਗੱਠਜੋੜ ਦੇ ਐਲਾਨ ਮੌਕੇ ਦੋਵਾਂ ਧਿਰਾਂ ਦੇ ਵੱਡੇ ਆਗੂਆਂ ਵੱਲੋਂ ਦਿੱਤੇ ਗਏ ਬਿਆਨ ਵੀ ਧਿਆਨ ਮੰਗਦੇ ਹਨ। ਇਸ ਗੱਠਜੋੜ ਨੂੰ ਸੂਬੇ ਦੇ ਲੋਕ ਕਿਵੇਂ ਲੈਣਗੇ, ਇਸ ਦਾ ਪੱਕਾ ਪਤਾ ਤਾਂ 2027 ’ਚ ਹੀ ਲੱਗੇਗਾ ਪਰ ਇਸ ਵੇਲੇ ਦੋਵੇਂ ਧਿਰਾਂ ਦਾ ਜ਼ੋਰ ਇਸ ਗੱਲ ’ਤੇ ਵੱਧ ਲੱਗੇਗਾ ਕਿ ਖੇਤੀ ਕਾਨੂੰਨਾਂ ਵੇਲੇ ਜਿਸ ਤਰੀਕੇ ਭਾਰਤੀ ਜਨਤਾ ਪਾਰਟੀ ਨੇ ਕਿਸਾਨਾਂ ਦੇ ਰਾਹ ਡੱਕੇ, ਦਿੱਲੀ ’ਚ ਪੁਲਿਸ ਨੇ ਤਸ਼ੱਦਦ ਢਾਹਿਆ ਤੇ ਕਿਸਾਨੀ ਸੰਘਰਸ਼ ਦੇ ਪੌਣੇ ਦੋ ਸਾਲਾਂ ਦੌਰਾਨ 700 ਤੋਂ ਵੱਧ ਕਿਸਾਨਾਂ ਦੀਆਂ ਮੌਤਾਂ ਦੇ ਸੱਚ ’ਤੇ ਕਿਸੇ ਨਾ ਕਿਸੇ ਹੀਲੇ ਕਿਸਾਨ ਹਿਤੈਸ਼ੀ ਹੋਣ ਦਾ ਲੇਪ ਕਰ ਦਿੱਤਾ ਜਾਵੇ। ਹਾਲਾਂਕਿ ਉਸ ਸੰਘਰਸ਼ ਤੋਂ ਦੋਵਾਂ ਪਾਰਟੀਆਂ ਨੇ ਸਬਕ ਸਿੱਖਿਆ ਹੋਵੇਗਾ ਤੇ ਪਿਛਲੇ ਸਾਲਾਂ ’ਚ ਇਕ ਦੂਜੇ ਤੋਂ ਵੱਖ ਹੋ ਕੇ ਜਿਹੜੇ ਵੋਟ ਬੈਂਕ ਦੇ ਨੁਕਸਾਨ ਝੱਲੇ ਹਨ, ਉਨ੍ਹਾਂ ਨੂੰ ਕਿਵੇਂ ਮੁੜ ਸੁਰਜੀਤ ਕਰਨਾ ਹੈ, ਉਸ ਬਾਰੇ ਵੀ ਸਿਆਸੀ ਪੜਚੋਲਾਂ ਕੀਤੀਆਂ ਹੋਣਗੀਆਂ ਪਰ ਇਹ ਕਿਸੇ ਕੀਮਤ ’ਤੇ ਨਹੀਂ ਭੁੱਲਣਾ ਚਾਹੀਦਾ ਕਿ 2027 ਦਾ ਅਖਾੜਾ ਸਿਰਫ਼ ਪੱਟਾਂ ’ਤੇ ਥਾਪੀਆਂ ਮਾਰ ਕੇ ਅਤੇ ਲੋਕਾਂ ਨੂੰ ਕਿਸੇ ਪੰਥਕ ਜਾਂ ਸੂਬੇ ਦੇ ਗੰਭੀਰ ਮੁੱਦੇ ’ਤੇ ਮਿੱਠੀਆਂ ਗੋਲੀਆਂ ਦੇ ਕੇ ਨਹੀਂ ਜਿੱਤਿਆ ਜਾ ਸਕੇਗਾ। ਅਕਾਲੀ ਦਲ ਪਹਿਲਾਂ ਹੀ ਖ਼ਾਸਕਰ ਪੰਥਕ ਮੁੱਦਿਆਂ ’ਤੇ ਲੋਕਾਂ ਦੀ ਕਚਹਿਰੀ ’ਚ ਵੱਡੇ ਵਿਰੋਧ ਦਾ ਸਾਹਮਣਾ ਕਰ ਰਿਹਾ ਹੈ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਸ਼ਹਿਰਾਂ ਤੋਂ ਅੱਗੇ ਪਿੰਡਾਂ ’ਚ ਆਪਣੀ ਸਾਖ਼ ਨੂੰ ਪੱਕਾ ਕਰਨ ਤੋਂ ਹਾਲੇ ਬਹੁਤ ਪਿੱਛੇ ਨਜ਼ਰ ਆ ਰਹੀ ਹੈ। ਪਿਛਲੇ ਦਿਨਾਂ ’ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਰੂਰ ਸੂਬੇ ਦੇ ਵੱਡੇ ਧਾਰਮਿਕ ਡੇਰਿਆਂ ’ਚ ਆਪਣੀ ਹਾਜ਼ਰੀ ਭਰਦੇ ਨਜ਼ਰ ਆਏ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੱਠਜੋੜ ਦਾ ਐਲਾਨ ਕਰਨਾ ਵੀ ਆਪਣੇ ਆਪ ’ਚ ਸਿੱਖ ਜਗਤ ਦੇ ਥੋੜ੍ਹਾ ਨੇੜੇ ਹੋ ਕੇ ਬੈਠਕ ਦੀ ਕੋਸ਼ਿਸ਼ ਵਾਂਗ ਹੈ। ਇਸ ਦੇ ਨਾਲ ਹੀ ਮੋਗਾ ’ਚ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਦੋਵਾਂ ਧਿਰਾਂ ਵੱਲੋਂ ਕੱਢੀ ਜਾ ਰਹੀ ਸਿਆਸੀ ਰੈਲੀ ਤੇ ਇਸ ਰੈਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹੁੰਚਣ ਦਾ ਦਾਅਵਾ ਵੀ ਲੋਕਾਂ ਦੇ ਮਨ ਟਟੋਲਣ ਲਈ ਪਹਿਲਾਂ ਕਦਮ ਕਿਹਾ ਜਾ ਸਕਦਾ ਹੈ। ਇਹ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ’ਚ ਭਾਜਪਾ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਲਾਹੇ ਵੀ ਲਵੇ, ਜਿਸ ਦਾ ਕਿ ਕੈਪਟਨ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੂੰ ਕਈ ਸਾਲਾਂ ਤੋਂ ਭਾਜਪਾ ਅਣਗੌਲ ਰਹੀ ਹੈ। ਦੂਜੇ ਪਾਸੇ ਅਕਾਲੀ ਦਲ-ਭਾਜਪਾ ਦੇ ਇਸ ਗੱਠਜੋੜ ਨੂੰ ਕਿਸਾਨ ਜਥੇਬੰਦੀਆਂ ਕਿਵੇਂ ਲੈਂਦੀਆਂ ਹਨ, ਉਹ ਵੀ ਛੇਤੀ ਸਪੱਸ਼ਟ ਹੋ ਜਾਵੇਗਾ। ਮੁੱਕਦੀ ਗੱਲ ਇਸ ਵੱਡੇ-ਛੋਟੇ ਭਰਾ ’ਚ ਮੁੜ ਪਈਆਂ ਇਨ੍ਹਾਂ ਸਿਆਸੀ ਜੱਫੀਆਂ ਦਾ ਵੋਟਾਂ ਤੋਂ ਬਾਅਦ ਕੀ ਨਤੀਜਾ ਨਿਕਲੇਗਾ, ਇਸ ਦੇ ਅੰਦਾਜ਼ੇ ਬਹੁਤ ਜਲਦ ਲੱਗਣੇ ਸ਼ੁਰੂ ਹੋ ਜਾਣਗੇ।