- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਛੇ ਸਾਲ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੋਵਾਂ ਪਾਰਟੀਆਂ ਵਿਚਾਲੇ ਮੁੜ ਗੱਠਜੋੜ ਦਾ ਐਲਾਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਯਾਦ ਕਰਵਾਇਆ ਕਿ ਅਟਲ ਬਿਹਾਰੀ ਵਾਜਪਾਈ, ਪ੍ਰਕਾਸ਼ ਸਿੰਘ ਬਾਦਲ ਅਤੇ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਸੀ ਵਿਸ਼ਵਾਸ ਦੀ ਬੁਨਿਆਦ ’ਤੇ ਇਸ ਗੱਠਜੋੜ ਦੀ ਨੀਂਹ ਰੱਖੀ ਸੀ।

ਰਾਜ ਕੁਮਾਰ ਸਿੰਘ
ਪੰਜਾਬ ਵਿਧਾਨ ਸਭਾ ਚੋਣਾਂ ਦੀ ਬਿਸਾਤ ’ਤੇ ਇਕ ਵੱਡੀ ਚਾਲ ਖੇਡੀ ਗਈ ਹੈ। ਛੇ ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਮੁੜ ਗੱਠਜੋੜ ਹੋਣ ਨਾਲ ਪੰਜਾਬ ਦੀ ਸੱਤਾ ਦਾ ਸੰਘਰਸ਼ ਤਿਕੋਣਾ ਹੋ ਜਾਵੇਗਾ, ਜੋ ਹੁਣ ਤੱਕ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਤੇ ਮੁੱਖ ਵਿਰੋਧੀ ਧਿਰ ਕਾਂਗਰਸ ਵਿਚਾਲੇ ਦਿਖਾਈ ਦੇ ਰਿਹਾ ਸੀ। ਸੱਤਾ ਦੇ ਦਾਅਵੇਦਾਰਾਂ ਦਾ ਭਵਿੱਖ ਤਾਂ ਵੋਟਰ ਹੀ ਤੈਅ ਕਰਨਗੇ, ਪਰ ਅਕਾਲੀ-ਭਾਜਪਾ ਗੱਠਜੋੜ ਨੂੰ ਸਿਰਫ਼ ਚੋਣਾਂ ਦੇ ਨਜ਼ਰੀਏ ਤੋਂ ਦੇਖਣਾ ਜ਼ਮੀਨੀ ਹਕੀਕਤ ਤੇ ਚੁਣੌਤੀਆਂ ਨੂੰ ਅਣਡਿੱਠ ਕਰਨ ਦੇ ਬਰਾਬਰ ਹੋਵੇਗਾ। ਪੰਜਾਬ ਦੀ ਗਿਣਤੀ ਦੋ-ਧਰੁਵੀ ਸਿਆਸਤ ਵਾਲੇ ਅਜਿਹੇ ਸੂਬਿਆਂ ’ਚ ਹੁੰਦੀ ਰਹੀ ਹੈ, ਜਿੱਥੇ ਹਰ ਚੋਣ ’ਚ ਸਰਕਾਰ ਬਦਲਦੀ ਰਹੀ ਪਰ 2007 ਅਤੇ 2012 ’ਚ ਅਕਾਲੀ-ਭਾਜਪਾ ਗੱਠਜੋੜ ਨੇ ਲਗਾਤਾਰ ਸਰਕਾਰ ਬਣਾਈ। ਦੋਵਾਂ ਪਾਰਟੀਆਂ ਦਾ ਰਿਸ਼ਤਾ ਰਾਸ਼ਟਰੀ ਜਮਹੂਰੀ ਗੱਠਜੋੜ (ਐੱਨਡੀਏ) ਦੇ ਹੋਂਦ ’ਚ ਆਉਣ, ਭਾਵ 1996 ਤੋਂ ਵੀ ਪਹਿਲਾਂ ਦਾ ਹੈ। ਇਸ ਰਿਸ਼ਤੇ ਦੀ ਸ਼ੁਰੂਆਤ 1967 ’ਚ ਹੀ ਹੋ ਗਈ ਸੀ, ਜਦੋਂ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੇ ਤ੍ਰਿਸ਼ੰਕੂ ਹੋਣ ’ਤੇ ਅਕਾਲੀ ਦਲ ਨੇ ਭਾਜਪਾ ਦੇ ਪੁਰਾਣੇ ਰੂਪ ਜਨਸੰਘ ਨਾਲ ਮਿਲ ਕੇ ਸਰਕਾਰ ਬਣਾਈ ਸੀ।
ਛੇ ਸਾਲ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੋਵਾਂ ਪਾਰਟੀਆਂ ਵਿਚਾਲੇ ਮੁੜ ਗੱਠਜੋੜ ਦਾ ਐਲਾਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਯਾਦ ਕਰਵਾਇਆ ਕਿ ਅਟਲ ਬਿਹਾਰੀ ਵਾਜਪਾਈ, ਪ੍ਰਕਾਸ਼ ਸਿੰਘ ਬਾਦਲ ਅਤੇ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਸੀ ਵਿਸ਼ਵਾਸ ਦੀ ਬੁਨਿਆਦ ’ਤੇ ਇਸ ਗੱਠਜੋੜ ਦੀ ਨੀਂਹ ਰੱਖੀ ਸੀ।
ਆਮ ਤੌਰ ’ਤੇ ਸੱਤਾ ਦੀ ਖ਼ਾਤਰ ਬਣਨ ਵਾਲੇ ਗੱਠਜੋੜਾਂ ’ਚ ਫੁੱਟ ਦਾ ਕਾਰਨ ਵੀ ਸੱਤਾ ਹੀ ਬਣਦੀ ਹੈ। ਮਹਾਰਾਸ਼ਟਰ ’ਚ ਮੁੱਖ ਮੰਤਰੀ ਬਣਨ ਲਈ ਊਧਵ ਠਾਕਰੇ ਦੀ ਸ਼ਿਵ ਸੈਨਾ ਨੇ ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਵਰਗੀਆਂ ਵਿਚਾਰਧਾਰਕ ਵਿਰੋਧੀ ਪਾਰਟੀਆਂ ਨਾਲ ਹੱਥ ਮਿਲਾ ਲਿਆ, ਤਾਂ ਬਿਹਾਰ ’ਚ ਨਿਤੀਸ਼ ਕੁਮਾਰ ਵੀ ਦੋ ਵਾਰ ਪਾਸਾ ਬਦਲ ਕੇ ਕੱਟੜ ਵਿਰੋਧੀ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਨਾਲ ਸਰਕਾਰ ਚਲਾ ਚੁੱਕੇ ਹਨ। ਅਕਾਲੀ-ਭਾਜਪਾ ਵਿਚਾਲੇ ਵੱਖ ਹੋਣ ਦੇ ਕਾਰਨ ਕੁਝ ਵੱਖਰੇ ਰਹੇ। 2020 ’ਚ ਮੋਦੀ ਸਰਕਾਰ ਖੇਤੀਬਾੜੀ ਤੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਦਾ ਦਾਅਵਾ ਕਰਦਿਆਂ ਤਿੰਨ ਖੇਤੀ ਕਾਨੂੰਨ ਲੈ ਕੇ ਆਈ ਪਰ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਕਿਸਾਨ ਸੰਗਠਨਾਂ ਨੇ ਇਨ੍ਹਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ। ਆਖ਼ਰਕਾਰ, ਪ੍ਰਧਾਨ ਮੰਤਰੀ ਨੇ ਨਵੰਬਰ 2021 ’ਚ ਗੁਰੂ ਪੁਰਬ ਵਾਲੇ ਦਿਨ ਹੀ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਪਰ ਅਕਾਲੀ ਦਲ ਇਸ ਤੋਂ ਪਹਿਲਾਂ ਹੀ ਪੰਜਾਬ ਦੇ ਬਦਲਦੇ ਸਿਆਸੀ ਮਾਹੌਲ ਨੂੰ ਦੇਖਦਿਆਂ ਐੱਨਡੀਏ ਨਾਲੋਂ ਨਾਤਾ ਤੋੜ ਚੁੱਕਾ ਸੀ। ਖੇਤੀ ਕਾਨੂੰਨ ਲਾਗੂ ਹੋਣ ਸਮੇਂ ਪੰਜਾਬ ’ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਸੀ। ਉਸ ਨੇ ਖੇਤੀ ਕਾਨੂੰਨਾਂ ਦੇ ਵਿਰੁੱਧ ਮੋਦੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ। ਸਿਆਸੀ ਨੁਕਸਾਨ ਦੇ ਡਰੋਂ ਅਕਾਲੀ ਦਲ ਮੋਦੀ ਸਰਕਾਰ ਤੇ ਐੱਨਡੀਏ ਤੋਂ ਵੱਖ ਹੋ ਗਿਆ। ਸਿਆਸੀ ਰਿਸ਼ਤਿਆਂ ਦੀ ਖੇਡ ਦੇਖੋ ਕਿ ਉਹੀ ਅਮਰਿੰਦਰ ਸਿੰਘ ਭਾਜਪਾ ’ਚ ਆ ਗਏ। ਤਿੰਨੇ ਖੇਤੀ ਕਾਨੂੰਨ ਵਾਪਸ ਲਏ ਜਾਣ ਦੇ ਬਾਵਜੂਦ ਅਕਾਲੀ ਦਲ ਤੇ ਭਾਜਪਾ ਨੂੰ ਮੁੜ ਇਕੱਠੇ ਹੋਣ ’ਚ ਸਮਾਂ ਲੱਗਾ, ਤਾਂ ਸਪੱਸ਼ਟ ਹੈ ਕਿ ਦੋਵਾਂ ਵਿਚਾਲੇ ਹੋਰ ਵੀ ਗਿਲੇ-ਸ਼ਿਕਵੇ ਸਨ। 1996 ’ਚ ਗੱਠਜੋੜ ਦੌਰਾਨ ਭਾਜਪਾ ਦੀ ਭੂਮਿਕਾ ਇੰਨੀ ਛੋਟੇ ਭਰਾ ਵਾਲੀ ਸੀ ਕਿ ਉਸ ਨੂੰ 117 ’ਚੋਂ ਸਿਰਫ਼ 23 ਸੀਟਾਂ ’ਤੇ ਚੋਣ ਲੜਨ ਦਾ ਮੌਕਾ ਮਿਲਿਆ। 2017 ਦੀਆਂ ਚੋਣਾਂ ਤੱਕ ਉਸ ਦੀ ਇਹੀ ਸਥਿਤੀ ਬਣੀ ਰਹੀ। ਪੰਜਾਬ ਦੇ ਹਿੰਦੂ ਵੋਟਰਾਂ ਦੀ ਕੁਦਰਤੀ ਨੁਮਾਇੰਦਾ ਮੰਨੀ ਜਾਣ ਵਾਲੀ ਭਾਜਪਾ ਆਪਣਾ ਵਿਸਥਾਰ ਕਰਨਾ ਚਾਹੁੰਦੀ ਸੀ ਪਰ ਅਕਾਲੀ ਦਲ ਦੇ ਦਬਦਬੇ ਕਾਰਨ ਅਜਿਹਾ ਨਹੀਂ ਕਰ ਸਕੀ। ਵੱਖ ਹੋਣ ਤੋਂ ਬਾਅਦ ਦੋਵਾਂ ਨੇ 2022 ਦੀਆਂ ਵਿਧਾਨ ਸਭਾ ਤੇ 2024 ਦੀਆਂ ਲੋਕ ਸਭਾ ਚੋਣਾਂ ’ਚ ਵੱਖੋ-ਵੱਖਰੇ ਤੌਰ ’ਤੇ ਆਪਣੀ ਤਾਕਤ ਅਜ਼ਮਾਈ। ਦੋਵਾਂ ਚੋਣਾਂ ’ਚ ਦੋਵਾਂ ਪਾਰਟੀਆਂ ਨੂੰ ਝਟਕਾ ਲੱਗਾ।
ਵਿਧਾਨ ਸਭਾ ਚੋਣਾਂ ’ਚ ‘ਆਪ’ ਨੇ 42 ਫ਼ੀਸਦੀ ਤੋਂ ਵੀ ਵੱਧ ਵੋਟਾਂ ਨਾਲ 92 ਸੀਟਾਂ ਜਿੱਤ ਕੇ ਭਾਰੀ ਬਹੁਮਤ ਨਾਲ ਸਰਕਾਰ ਬਣਾਈ, ਜਦਕਿ ਸੱਤਾ ਗੁਆਉਣ ਵਾਲੀ ਕਾਂਗਰਸ ਸਿਰਫ਼ 17 ਸੀਟਾਂ ’ਤੇ ਸਿਮਟ ਗਈ। ਅਕਾਲੀ ਦਲ ਸਿਰਫ਼ ਤਿੰਨ ਸੀਟਾਂ ਜਿੱਤ ਸਕਿਆ, ਜਦਕਿ ਭਾਜਪਾ ਨੂੰ ਦੋ ਸੀਟਾਂ ਮਿਲੀਆਂ। ਲੋਕ ਸਭਾ ਚੋਣਾਂ ’ਚ ਅਕਾਲੀ ਦਲ ਇਕ ਸੀਟ ਜਿੱਤਣ ’ਚ ਸਫਲ ਰਿਹਾ, ਜਦਕਿ ਵੋਟ ਫ਼ੀਸਦ ਵਧਣ ਦੇ ਬਾਵਜੂਦ ਭਾਜਪਾ ਆਪਣਾ ਖਾਤਾ ਨਹੀਂ ਖੋਲ੍ਹ ਸਕੀ। ਇਸ ਤੋਂ ਬਾਅਦ ਅਕਾਲੀ ਦਲ ’ਚ ਬਖੇੜਾ ਸ਼ੁਰੂ ਹੋ ਗਿਆ। ਉਸ ਦੇ ਕਈ ਆਗੂ ਪਾਰਟੀ ਛੱਡ ਗਏ।
ਜੇਕਰ ਹਾਲ ਹੀ ਤੱਕ ਅਕਾਲੀ ਦਲ ਤੇ ਭਾਜਪਾ ਦੋਵੇਂ ਇਕੱਲਿਆਂ ਚੋਣ ਲੜਨ ਦਾ ਦਮ ਭਰਦੇ ਰਹੇ, ਤਾਂ ਇਸ ਦੇ ਕਾਰਨ ਜ਼ਿਆਦਾਤਰ ਰਣਨੀਤਕ ਸਨ। ਮੁੜ ਇਕੱਠੇ ਆਉਣ ਲਈ ਦੋਵੇਂ ਆਪਣੀ ਤਾਕਤ ਵਧਾਉਣਾ ਚਾਹੁੰਦੇ ਸਨ, ਤਾਂ ਜੋ ਸੀਟਾਂ ਦੀ ਵੰਡ ਸਮੇਂ ਸੌਦੇਬਾਜ਼ੀ ਦੀ ਸਥਿਤੀ ਮਜ਼ਬੂਤ ਕਰਦਿਆਂ ਜਿੱਤ ਦਾ ਸਮੀਕਰਨ ਬਣਾਇਆ ਜਾ ਸਕੇ। ਭਾਜਪਾ ਨੇ ਹੋਰਨਾਂ ਪਾਰਟੀਆਂ ਦੇ ਆਗੂਆਂ ਨੂੰ ਤੋੜ ਕੇ ਇਹ ਕੰਮ ਕੀਤਾ, ਜਦਕਿ ਅਕਾਲੀ ਦਲ ਨੇ ਆਪਣੇ ਪੁਰਾਣੇ ਆਗੂਆਂ ਨੂੰ ਵਾਪਸ ਲਿਆ ਕੇ। 2021 ਤੱਕ ਕਾਂਗਰਸ ਦੇ ਵੱਡੇ ਚਿਹਰੇ ਰਹੇ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਅੱਜ ਭਾਜਪਾ ’ਚ ਹਨ। ‘ਆਪ’ ਦੇ ਪੰਜਾਬ ਤੋਂ ਸੱਤ ਰਾਜ ਸਭਾ ਮੈਂਬਰ ਤੇ ਤਿੰਨ ਵਿਧਾਇਕ ਵੀ ਕਮਲ ਦਾ ਚਿੰਨ੍ਹ ਫੜ ਚੁੱਕੇ ਹਨ।
‘ਵਾਰਿਸ ਪੰਜਾਬ ਦੇ’ ਬਣਾਉਣ ਵਾਲੇ ਆਜ਼ਾਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਵੱਖਵਾਦੀ ਏਜੰਡੇ ਨੂੰ ਨਾਕਾਮ ਕਰਨ ਲਈ ਸੁਖਬੀਰ ਬਾਦਲ ਪੰਥਕ ਸਿਆਸਤ ’ਤੇ ਵੀ ਆਪਣੀ ਪਕੜ ਮੁੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪੰਜਾਬ ਦੀ ਸਿਆਸਤ ’ਚ ਸਿੱਖ ਅਤੇ ਹਿੰਦੂ ਹੀ ਦੋ ਵੱਡੇ ਭਾਈਚਾਰੇ ਹਨ। ਹਾਲਾਂਕਿ ਕਾਂਗਰਸ ਨੂੰ ਇਨ੍ਹਾਂ ਦੋਵਾਂ ਭਾਈਚਾਰਿਆਂ ਦਾ ਸਮਰਥਨ ਮਿਲਦਾ ਰਿਹਾ ਹੈ ਪਰ ਅਕਾਲੀ ਦਲ ਦਾ ਸਿੱਖ ਭਾਈਚਾਰੇ ਤੇ ਪੇਂਡੂ ਖੇਤਰਾਂ ’ਚ ਡੂੰਘਾ ਪ੍ਰਭਾਵ ਹੈ, ਜਦਕਿ ਭਾਜਪਾ ਸ਼ਹਿਰੀ ਖੇਤਰਾਂ ਤੇ ਹਿੰਦੂਆਂ ਦੀ ਕੁਦਰਤੀ ਪਸੰਦ ਹੈ। ਇਹੀ ਸਮਾਜਿਕ ਸਮੀਕਰਨ ਅਕਾਲੀ-ਭਾਜਪਾ ਗੱਠਜੋੜ ਨੂੰ ਕਈ ਚੁਣੌਤੀਆਂ ਨਾਲ ਘਿਰੇ ਸਰਹੱਦੀ ਸੂਬੇ ਪੰਜਾਬ ਲਈ ਸਿਰਫ਼ ਚੋਣ ਸਿਆਸਤ ਤੋਂ ਵੀ ਵੱਧ ਮਹੱਤਵਪੂਰਨ ਬਣਾਉਂਦਾ ਹੈ। ਅਤੀਤ ’ਚ ਇਸ ਗੱਠਜੋੜ ਨੇ ਖਾਲਿਸਤਾਨ ਦੀ ਆੜ ’ਚ ਦਹਿਸ਼ਤ ਫੈਲਾਉਣ ਵਾਲੀਆਂ ਤਾਕਤਾਂ ਵੱਲੋਂ ਸਿੱਖ ਅਤੇ ਹਿੰਦੂ ਭਾਈਚਾਰਿਆਂ ’ਚ ਪਾੜਾ ਪਾਉਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਹੈ। ਸਰਹੱਦ ਪਾਰੋਂ ਸਪਾਂਸਰ ਅੱਤਵਾਦ ਦਾ ਸੰਤਾਪ ਹੰਢਾਉਣ ਵਾਲੇ ਪੰਜਾਬ ਦੇ ਲੋਕਾਂ ਵੱਲੋਂ ਅਕਾਲੀ-ਭਾਜਪਾ ਗੱਠਜੋੜ ਨੂੰ ਮਿਲੇ ਸਮਰਥਨ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 1997 ਦੀਆਂ ਚੋਣਾਂ ’ਚ ਇਸ ਨੂੰ 93 ਸੀਟਾਂ ਨਾਲ ਭਾਰੀ ਬਹੁਮਤ ਮਿਲਿਆ ਸੀ। ਅਕਾਲੀ ਦਲ ਇਕੱਲਿਆਂ ਹੀ ਬਹੁਮਤ ਤੋਂ ਕਿਤੇ ਵੱਧ 75 ਸੀਟਾਂ ਜਿੱਤ ਗਿਆ ਸੀ, ਪਰ ਉਸ ਨੇ ਭਾਜਪਾ ਨਾਲ ਮਿਲ ਕੇ ਹੀ ਸਰਕਾਰ ਬਣਾਈ। ਇਕੱਠੇ ਚੋਣ ਲੜੀਆਂ ਪੰਜ ਵਿਧਾਨ ਸਭਾ ਚੋਣਾਂ ਵਿੱਚੋਂ ਤਿੰਨ ਵਿੱਚ ਇਸ ਗੱਠਜੋੜ ਨੂੰ ਸੱਤਾ ਦਾ ਜਨਾਦੇਸ਼ ਮਿਲਿਆ।
ਅਮਿਤ ਸ਼ਾਹ ਨੇ ਬਿਨਾਂ ਕਿਸੇ ਕਿੰਤੂ-ਪ੍ਰੰਤੂ ਦੇ ਮੰਨ ਲਿਆ ਕਿ ਗੱਠਜੋੜ ’ਚ ਅਕਾਲੀ ਦਲ ਹੀ ਵੱਡਾ ਭਰਾ ਰਹੇਗਾ ਅਤੇ ਬਹੁਮਤ ਮਿਲਣ ’ਤੇ ਸੁਖਬੀਰ ਬਾਦਲ ਮੁੱਖ ਮੰਤਰੀ ਹੋਣਗੇ ਪਰ ਇਸ ਦਾ ਅਰਥ ਇਹ ਨਹੀਂ ਕਿ ਭਾਜਪਾ ਪਹਿਲਾਂ ਵਾਂਗ ਬਹੁਤ ਛੋਟਾ ਭਰਾ ਬਣੀ ਰਹੇਗੀ। ਲੋਕ ਸਭਾ ਚੋਣਾਂ ਵਿੱਚ ਭਾਜਪਾ ਦਾ ਵੋਟ ਪ੍ਰਤੀਸ਼ਤ ਅਕਾਲੀ ਦਲ ਨਾਲੋਂ ਵੱਧ ਰਿਹਾ। ਅਜਿਹੇ ਵਿੱਚ ਭਾਜਪਾ ਦੀ ਕੋਸ਼ਿਸ਼ ਆਪਣੀ ਪੁਰਾਣੀ ਹਿੱਸੇਦਾਰੀ ਨੂੰ ਦੁੱਗਣਾ ਕਰਨ ਦੀ ਰਹੇਗੀ।
(ਲੇਖਕ ਸੀਨੀਅਰ ਪੱਤਰਕਾਰ ਅਤੇ ਸਿਆਸੀ ਵਿਸ਼ਲੇਸ਼ਕ ਹਨ।)