- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਨਾਨਕ ਦੇਵ ਜੀ ਨੇ ਸਦੀਆਂ ਪਹਿਲਾਂ ਸਪੱਸ਼ਟ ਸ਼ਬਦਾਂ ’ਚ ਸਮਝਾਇਆ ਸੀ। ਮਲਿਕ ਭਾਗੋ ਦੇ ਛੱਤੀ ਪ੍ਰਕਾਰ ਦੇ ਭੋਜਨਾਂ ’ਚੋਂ ਗਰੀਬਾਂ ਦਾ ਲਹੂ ਸਿੰਮਦਾ ਸੀ, ਜਦਕਿ ਭਾਈ ਲਾਲੋ ਦੀ ਕੋਧਰੇ ਦੀ ਰੋਟੀ ’ਚੋਂ ਦੁੱਧ ਦੀ ਧਾਰ ਵਗਦੀ ਸੀ। ਅੱਜ ਅਸੀਂ ਭਾਗੋ ਵਾਲੀ ਬਿਰਤੀ ਨੂੰ ਅਪਣਾ ਕੇ ਵੀ ਆਪਣੇ ਆਪ ਨੂੰ ਧਰਮੀ ਅਤੇ ਸੁੱਚੇ ਅਖਵਾਉਣ ਦਾ ਭਰਮ ਪਾਲੀ ਬੈਠੇ ਹਾਂ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਲੂਣ ਛੱਡਣ ਨਾਲ ਸਰੀਰ ਦਾ ਬੀਪੀ ਤਾਂ ਕੰਟਰੋਲ ਹੋ ਸਕਦਾ ਹੈ ਪਰ ਕਿਸੇ ਗਰੀਬ ਦੀਆਂ ਅੱਖਾਂ ’ਚੋਂ ਵਹਾਏ ਹੰਝੂਆਂ ਦਾ ਲੂਣ ਸਾਡੇ ਕਰਮਾਂ ਦੇ ਖਾਤੇ ’ਚ ਅਜਿਹਾ ਜ਼ਹਿਰ ਘੋਲ ਦਿੰਦਾ ਹੈ, ਜਿਸ ਦਾ ਕੋਈ ਇਲਾਜ ਨਹੀਂ।

ਅੱਜ ਦਾ ਮਨੁੱਖ ਆਪਣੀ ਸਿਹਤ ਪ੍ਰਤੀ ਬੇਹੱਦ ਸੁਚੇਤ ਹੋ ਗਿਆ ਹੈ। ਜਿਉਂ ਹੀ ਡਾਕਟਰ ਕਹਿੰਦਾ ਹੈ ਕਿ ਬਲੱਡ ਪ੍ਰੈਸ਼ਰ ਵਧ ਗਿਆ ਹੈ, ਤਾਂ ਥਾਲੀ ’ਚੋਂ ਲੂਣ ਗ਼ਾਇਬ ਹੋ ਜਾਂਦਾ ਹੈ। ਸ਼ੂਗਰ ਦਾ ਖ਼ਤਰਾ ਨਜ਼ਰ ਆਉਂਦਿਆਂ ਹੀ ਮਨੁੱਖ ਸਾਰੀ ਉਮਰ ਦੀ ਮਨਪਸੰਦ ਖੰਡ ਤੇ ਮਿਠਾਈਆਂ ਨੂੰ ਹੱਥ ਲਾਉਣਾ ਵੀ ਛੱਡ ਦਿੰਦਾ ਹੈ। ਸਰੀਰ ਦੀ ਇਕ ਨਾੜੀ ’ਚ ਆਈ ਰੁਕਾਵਟ ਜਾਂ ਖ਼ੂਨ ’ਚ ਵਧੀ ਇਕ ਬਿੰਦੂ ਮਿਠਾਸ ਇਨਸਾਨ ਨੂੰ ਅਜਿਹੇ ਡਰ ਨਾਲ ਭਰ ਦਿੰਦੀ ਹੈ ਕਿ ਉਹ ਆਪਣੀ ਹਰ ਪਸੰਦੀਦਾ ਚੀਜ਼ ਦਾ ਤਿਆਗ ਕਰਨ ਲਈ ਤੁਰੰਤ ਤਿਆਰ ਹੋ ਜਾਂਦਾ ਹੈ ਪਰ ਕਿੰਨੀ ਹੈਰਾਨੀ ਤੇ ਅਫ਼ਸੋਸ ਦੀ ਗੱਲ ਹੈ ਕਿ ਜਿਹੜਾ ਇਨਸਾਨ ਸਰੀਰ ਦੀਆਂ ਬਿਮਾਰੀਆਂ ਤੋਂ ਇੰਨਾ ਡਰਦਾ ਹੈ, ਉਹ ਆਪਣੀ ਰੂਹ ਦੇ ਕੋੜ੍ਹ ਤੋਂ ਬਿਲਕੁਲ ਬੇਖ਼ੌਫ਼ ਹੈ। ਬੀਪੀ ਦੇ ਡਰੋਂ ਲੂਣ ਛੱਡਣ ਵਾਲਾ ਅਤੇ ਸ਼ੂਗਰ ਦੇ ਡਰੋਂ ਖੰਡ ਤਿਆਗਣ ਵਾਲਾ ਇਨਸਾਨ ਰੱਬ ਦੇ ਡਰੋਂ ਕਿਸੇ ਦਾ ਹੱਕ ਖਾਣਾ ਨਹੀਂ ਛੱਡਦਾ। ਅੱਜ ਸਮਾਜ ’ਚ ਚਾਰੇ ਪਾਸੇ ਇਹੀ ਦ੍ਰਿਸ਼ ਦੇਖਣ ਨੂੰ ਮਿਲਦਾ ਹੈ। ਧਾਰਮਿਕ ਅਸਥਾਨਾਂ ਦੀਆਂ ਮੂਹਰਲੀਆਂ ਕਤਾਰਾਂ ’ਚ ਬੈਠਣ ਵਾਲੇ, ਦਾਨ-ਪੁੰਨ ਦੇ ਵੱਡੇ-ਵੱਡੇ ਬੋਰਡ ਲਗਵਾਉਣ ਵਾਲੇ ਤੇ ਸਰੀਰਕ ਪਰਹੇਜ਼ਾਂ ਦੀ ਪਾਲਣਾ ਕਰਨ ਵਾਲੇ ਕਈ ਲੋਕ ਦੂਜਿਆਂ ਦੇ ਹੱਕਾਂ ’ਤੇ ਡਾਕਾ ਮਾਰਨ ਵੇਲੇ ਰੱਬ ਨੂੰ ਪੂਰੀ ਤਰ੍ਹਾਂ ਭੁੱਲ ਜਾਂਦੇ ਹਨ। ਕਿਸੇ ਮਜ਼ਦੂਰ ਦਾ ਮੁੜ੍ਹਕਾ ਸੁੱਕਣ ਤੋਂ ਪਹਿਲਾਂ ਉਸ ਦੀ ਮਿਹਨਤ ਕੱਟ ਲੈਣੀ, ਕਿਸੇ ਬੇਵੱਸ ਦੀ ਜ਼ਮੀਨ ਜਾਂ ਜਾਇਦਾਦ ’ਤੇ ਕਬਜ਼ਾ ਕਰ ਲੈਣਾ, ਜਾਂ ਕਿਸੇ ਲਾਚਾਰ ਦੀ ਮਜਬੂਰੀ ਦਾ ਫ਼ਾਇਦਾ ਚੁੱਕ ਕੇ ਆਪਣੀਆਂ ਤਿਜੋਰੀਆਂ ਭਰ ਲੈਣੀਆਂ। ਇਹ ਸਭ ਕਰਦਿਆਂ ਸਾਡਾ ਜ਼ਮੀਰ ਕਦੇ ਨਹੀਂ ਕੰਬਦਾ। ਗੁਰੂ ਨਾਨਕ ਦੇਵ ਜੀ ਨੇ ਸਦੀਆਂ ਪਹਿਲਾਂ ਸਪੱਸ਼ਟ ਸ਼ਬਦਾਂ ’ਚ ਸਮਝਾਇਆ ਸੀ। ਮਲਿਕ ਭਾਗੋ ਦੇ ਛੱਤੀ ਪ੍ਰਕਾਰ ਦੇ ਭੋਜਨਾਂ ’ਚੋਂ ਗਰੀਬਾਂ ਦਾ ਲਹੂ ਸਿੰਮਦਾ ਸੀ, ਜਦਕਿ ਭਾਈ ਲਾਲੋ ਦੀ ਕੋਧਰੇ ਦੀ ਰੋਟੀ ’ਚੋਂ ਦੁੱਧ ਦੀ ਧਾਰ ਵਗਦੀ ਸੀ। ਅੱਜ ਅਸੀਂ ਭਾਗੋ ਵਾਲੀ ਬਿਰਤੀ ਨੂੰ ਅਪਣਾ ਕੇ ਵੀ ਆਪਣੇ ਆਪ ਨੂੰ ਧਰਮੀ ਅਤੇ ਸੁੱਚੇ ਅਖਵਾਉਣ ਦਾ ਭਰਮ ਪਾਲੀ ਬੈਠੇ ਹਾਂ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਲੂਣ ਛੱਡਣ ਨਾਲ ਸਰੀਰ ਦਾ ਬੀਪੀ ਤਾਂ ਕੰਟਰੋਲ ਹੋ ਸਕਦਾ ਹੈ ਪਰ ਕਿਸੇ ਗਰੀਬ ਦੀਆਂ ਅੱਖਾਂ ’ਚੋਂ ਵਹਾਏ ਹੰਝੂਆਂ ਦਾ ਲੂਣ ਸਾਡੇ ਕਰਮਾਂ ਦੇ ਖਾਤੇ ’ਚ ਅਜਿਹਾ ਜ਼ਹਿਰ ਘੋਲ ਦਿੰਦਾ ਹੈ, ਜਿਸ ਦਾ ਕੋਈ ਇਲਾਜ ਨਹੀਂ। ਖੰਡ ਛੱਡਣ ਨਾਲ ਸ਼ੂਗਰ ਦੀ ਦਵਾਈ ਤੋਂ ਤਾਂ ਛੁਟਕਾਰਾ ਮਿਲ ਸਕਦਾ ਹੈ, ਪਰ ਕਿਸੇ ਦੀ ਮਿਹਨਤ ਲੁੱਟ ਕੇ ਇਕੱਠੀ ਕੀਤੀ ਦੌਲਤ ਦੀ ਮਿਠਾਸ ਅੰਤ ਸਮੇਂ ਅਜਿਹੀ ਕੜਵਾਹਟ ਬਣਦੀ ਹੈ ਜੋ ਪੀੜ੍ਹੀਆਂ ਤੱਕ ਪਿੱਛਾ ਨਹੀਂ ਛੱਡਦੀ। ਅਸਲ ਪਰਹੇਜ਼ ਜੀਭ ਦੇ ਸੁਆਦਾਂ ਨੂੰ ਰੋਕਣ ਦਾ ਨਹੀਂ, ਸਗੋਂ ਮਨ ਦੀ ਭੁੱਖ ਅਤੇ ਲਾਲਚ ਨੂੰ ਨੱਥ ਪਾਉਣ ਦਾ ਹੈ। ਜੇਕਰ ਸਰੀਰ ਨੂੰ ਬਚਾਉਣ ਲਈ ਇੰਨਾ ਸੰਜਮ ਸੰਭਵ ਹੈ, ਤਾਂ ਆਤਮਾ ਨੂੰ ਗੁਨਾਹਾਂ ਤੋਂ ਬਚਾਉਣ ਲਈ ਪਰਾਈ ਅਮਾਨਤ ਅਤੇ ਗਰੀਬ ਦੇ ਹੱਕ ਤੋਂ ਪਰਹੇਜ਼ ਕਿਉਂ ਨਹੀਂ? ਹਿਸਾਬ ਇਸ ਗੱਲ ਦਾ ਹੋਵੇਗਾ ਕਿ ਅਸੀਂ ਕਿੰਨੇ ਲੋਕਾਂ ਦੇ ਹੱਕ ਮਾਰੇ ਅਤੇ ਕਿੰਨਿਆਂ ਦੇ ਹੰਝੂ ਪੂੰਝੇ।
-ਇੰਜ ਸੁਖਵੰਤ ਸਿੰਘ, ਸੰਪਰਕ : 9417550795