- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਜਦੋਂ ਮੈਂ ਸਰਕਾਰੀ ਕੰਮ ਲਈ ਅਬੋਹਰ ਦੀ ਕਿਸੇ ਸੜਕ ’ਤੇ ਖੜ੍ਹਾ ਹੁੰਦਾ ਹਾਂ ਤਾਂ ਕਈ ਵਾਰ ਮਨ ’ਚ ਇਹ ਖ਼ਿਆਲ ਆਉਂਦਾ ਹੈ-ਇਨ੍ਹਾਂ ਹੀ ਰਾਹਾਂ ਦੇ ਕਿਸੇ ਰੂਪ ’ਤੇ ਸਦੀਆਂ ਪਹਿਲਾਂ ਇਕ ਮੁਸਾਫ਼ਰ ਆਪਣੇ ਘੋੜੇ ’ਤੇ ਸਵਾਰ ਹੋ ਕੇ ਲੰਘਿਆ ਹੋਵੇਗਾ। ਅਸੀਂ ਸੋਚਦੇ ਹਾਂ ਕਿ ਅਸੀਂ ਥਾਂ ਬਦਲ ਰਹੇ ਹਾਂ; ਅਸਲ ’ਚ ਕਈ ਵਾਰ ਥਾਂ ਸਾਨੂੰ ਬਦਲ ਰਹੀ ਹੁੰਦੀ ਹੈ। ਫ਼ਾਜ਼ਿਲਕਾ ਆਉਂਦਿਆਂ ਮਨ ’ਚ ਜੋ ਗਿਲਾ ਸੀ, ਅੱਜ ਉਸ ਦੀ ਥਾਂ ਇਕ ਅਜੀਬ ਜਿਹੀ ਰੁਚੀ ਨੇ ਲੈ ਲਈ ਹੈ।


ਗੁਰਦੀਪ ਸਿੰਘ ਮਾਨ
‘ਜ਼ਿੰਦਗੀ ਮੇਂ ਗ਼ਮ ਹੈ, ਗ਼ਮ ਮੇਂ ਦਰਦ ਹੈ, ਦਰਦ ਮੇਂ ਮਜ਼ਾ ਹੈ, ਔਰ ਮਜ਼ੇ ਮੇਂ ਹਮ ਹੈਂ।’ ਇਹ ਜੁਮਲਾ ਮਿਰਜ਼ਾ ਗ਼ਾਲਿਬ ਨਾਲ ਜੋੜਿਆ ਜਾਂਦਾ ਹੈ। ਪਹਿਲੀ ਵਾਰ ਜਦੋਂ ਮੈਂ ਫ਼ਾਜ਼ਿਲਕਾ ਤਬਾਦਲੇ ਦੀ ਖ਼ਬਰ ਸੁਣੀ ਤਾਂ ਇਹ ਜੁਮਲਾ ਸ਼ਾਇਦ ਮੇਰੇ ਮਨ ਦੇ ਹਾਲਾਤ ਨਾਲ ਬਿਲਕੁਲ ਉਲਟ ਸੀ। ਦੂਰਲਾ ਜ਼ਿਲ੍ਹਾ, ਘਰ ਤੋਂ ਲੰਮੀ ਦੂਰੀ, ਨਵੀਂ ਥਾਂ, ਨਵਾਂ ਮਾਹੌਲ-ਦਿਲ ਨੇ ਇਸ ਤਬਾਦਲੇ ਨੂੰ ਖ਼ੁਸ਼ੀ ਨਾਲ ਨਹੀਂ, ਇਕ ਬੋਝ ਵਾਂਗ ਲਿਆ। ਇਕ ਵਕਤ ਤਾਂ ਇਹ ਵੀ ਸੋਚਿਆ ਕਿ ਨੌਕਰੀ ਹੀ ਛੱਡ ਦਿੱਤੀ ਜਾਵੇ ਪਰ ਜ਼ਿੰਦਗੀ ਦੀ ਖ਼ੂਬਸੂਰਤੀ ਵੀ ਸ਼ਾਇਦ ਇਹੀ ਹੈ ਕਿ ਜਿਹੜੀਆਂ ਰਾਹਾਂ ਤੋਂ ਅਸੀਂ ਪਹਿਲਾਂ ਕਤਰਾਉਂਦੇ ਹਾਂ, ਕਈ ਵਾਰ ਉਹੀ ਰਾਹ ਸਾਨੂੰ ਅਜਿਹੇ ਲੋਕਾਂ, ਥਾਵਾਂ ਤੇ ਇਤਿਹਾਸ ਨਾਲ ਮਿਲਾ ਦਿੰਦੇ ਹਨ, ਜਿਨ੍ਹਾਂ ਦੀ ਕਲਪਨਾ ਵੀ ਨਹੀਂ ਕੀਤੀ ਹੁੰਦੀ। ਫ਼ਾਜ਼ਿਲਕਾ ਆਇਆ ਤਾਂ ਅਬੋਹਰ ਮੇਰੀ ਡਿਊਟੀ ਦਾ ਇਕ ਅਹਿਮ ਪੜਾਅ ਬਣ ਗਿਆ। ਪ੍ਰਸ਼ਾਸਕੀ ਕੰਮਕਾਜ ਤੇ ਪੱਤਰਕਾਰ ਵਜੋਂ ਸਰਗਰਮੀਆਂ ਕਰ ਕੇ ਇਸ ਸ਼ਹਿਰ ਦੇ ਗੇੜੇ ਵਾਰ-ਵਾਰ ਲੱਗਣ ਲੱਗੇ। ਹੌਲੀ-ਹੌਲੀ ਜਿਸ ਦੂਰੀ ਨੂੰ ਪਹਿਲਾਂ ‘ਦੂਰਲਾ ਇਲਾਕਾ’ ਸਮਝਦਾ ਸਾਂ, ਉਸੇ ਧਰਤੀ ਦੀ ਮਿੱਟੀ ’ਚ ਕੋਈ ਪੁਰਾਣੀ ਜਾਣ-ਪਛਾਣ ਜਿਹੀ ਮਹਿਸੂਸ ਹੋਣ ਲੱਗੀ। ਅਬੋਹਰ ਹੁਣ ਮੇਰੇ ਲਈ ਸਿਰਫ਼ ਫ਼ਾਜ਼ਿਲਕਾ ਜ਼ਿਲ੍ਹੇ ਦਾ ਇਕ ਮਹੱਤਵਪੂਰਨ ਸ਼ਹਿਰ ਨਹੀਂ ਰਿਹਾ; ਇਹ ਇਕ ਅਜਿਹਾ ਸਫ਼ਾ ਬਣ ਗਿਆ, ਜਿਸ ਨੂੰ ਜਿੰਨੀ ਵਾਰ ਪੜ੍ਹੋ, ਹਰ ਵਾਰ ਇਤਿਹਾਸ ਦੀ ਕੋਈ ਨਵੀਂ ਇਬਾਰਤ ਸਾਹਮਣੇ ਆ ਜਾਂਦੀ ਹੈ। ਇਹ ਮੇਰਾ ਸਰਕਾਰੀ ਸੇਵਾ ’ਚ ਨੌਵਾਂ ਜ਼ਿਲ੍ਹਾ ਹੈ। ਕਰੀਬ ਨੌਂ ਸਾਲਾਂ ਦੀ ਸਰਕਾਰੀ ਸੇਵਾ ਅਤੇ ਇਸ ਤੋਂ ਪਹਿਲਾਂ ਪੰਜਾਬ ’ਚ 17 ਸਾਲ ਪੱਤਰਕਾਰੀ ਦੇ ਤਜਰਬੇ ਨੇ ਮੈਨੂੰ ਪੰਜਾਬ ਦੇ ਕਈ ਰੰਗ ਨੇੜਿਓਂ ਵੇਖਣ ਦਾ ਮੌਕਾ ਦਿੱਤਾ ਹੈ ਪਰ ਅਬੋਹਰ ਨੇ ਇਕ ਵੱਖਰੀ ਕਿਸਮ ਦੀ ਉਤਸੁਕਤਾ ਜਗਾਈ-ਇਹ ਜਾਣਨ ਦੀ ਕਿ ਜਿਸ ਸ਼ਹਿਰ ਦੀਆਂ ਸੜਕਾਂ ’ਤੇ ਅੱਜ ਅਸੀਂ ਰੋਜ਼ਾਨਾ ਦੀ ਜ਼ਿੰਦਗੀ ’ਚੋਂ ਲੰਘ ਜਾਂਦੇ ਹਾਂ, ਉੱਥੋਂ ਸਦੀਆਂ ਪਹਿਲਾਂ ਇਕ ਅਜਿਹਾ ਮੁਸਾਫ਼ਰ ਵੀ ਲੰਘਿਆ ਸੀ, ਜਿਸ ਨੇ ਅੱਧੀ ਦੁਨੀਆ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਸੀ। ਉਸ ਦਾ ਨਾਂ ਸੀ-ਇਬਨ ਬਤੂਤਾ। ਮੋਰੱਕੋ ਦੇ ਤਾਨਜੀਅਰ ਤੋਂ ਨਿਕਲਿਆ ਇਹ ਮਹਾਨ ਮੁਸਾਫ਼ਰ ਤਕਰੀਬਨ ਤਿੰਨ ਦਹਾਕਿਆਂ ਤੱਕ ਦੁਨੀਆ ਦੇ ਵੱਖ-ਵੱਖ ਹਿੱਸਿਆਂ ’ਚ ਘੁੰਮਦਾ ਰਿਹਾ।
ਉਸ ਦੀ ਯਾਤਰਾ-ਕਥਾ ਰਿਹਲਾਮੱਧਕਾਲੀਨ ਦੁਨੀਆ ਨੂੰ ਸਮਝਣ ਲਈ ਇਕ ਅਨਮੋਲ ਦਸਤਾਵੇਜ਼ ਹੈ। ਭਾਰਤ ਦੀ ਧਰਤੀ ’ਤੇ ਪਹੁੰਚਣ ਤੋਂ ਬਾਅਦ ਉਸ ਦਾ ਰਸਤਾ ਮੁਲਤਾਨ ਤੋਂ ਦਿੱਲੀ ਵੱਲ ਸੀ ਅਤੇ ਇੱਥੇ ਆ ਕੇ ਅਬੋਹਰ ਇਤਿਹਾਸ ਦੇ ਪੰਨਿਆਂ ’ਚ ਅਚਾਨਕ ਚਮਕ ਪੈਂਦਾ ਹੈ। ਇਬਨ ਬਤੂਤਾ ਲਿਖਦਾ ਹੈ ਕਿ ਮੁਲਤਾਨ ਤੋਂ ਨਿਕਲਣ ਉਪਰੰਤ ਉਹ ਜਿਸ ਪਹਿਲੇ ਸ਼ਹਿਰ ’ਚ ਪਹੁੰਚਿਆ, ਉਹ ‘ਅਬੂਹਰ’ ਸੀ ਅਤੇ ਇਹ ਭਾਰਤ ਦੀ ਅਸਲ ਧਰਤੀ ਦਾ ਪਹਿਲਾ ਸ਼ਹਿਰ ਸੀ। ਇਹ ਇਕ ਸਧਾਰਨ ਜਿਹਾ ਵਾਕ ਨਹੀਂ। ਇਸ ਦੇ ਪਿੱਛੇ ਉਸ ਸਮੇਂ ਦੀ ਭੂਗੋਲਿਕ ਅਤੇ ਸਿਆਸੀ ਹਕੀਕਤ ਲੁਕੀ ਹੋਈ ਹੈ। ਅੱਜ ਜਿੱਥੇ ਪੰਜਾਬ-ਹਰਿਆਣਾ ਦੀ ਹੱਦ, ਜ਼ਿਲ੍ਹਿਆਂ ਤੇ ਸੂਬਿਆਂ ਦੀਆਂ ਰੇਖਾਵਾਂ ਹਨ, ਉੱਥੇ ਚੌਦ੍ਹਵੀਂ ਸਦੀ ’ਚ ਰਾਹਾਂ ਦੀ ਪਛਾਣ ਦਰਿਆਵਾਂ, ਰੇਗਿਸਤਾਨਾਂ, ਕਿਲ੍ਹਿਆਂ ਅਤੇ ਵਸੋਂ ਦੇ ਪੜਾਵਾਂ ਨਾਲ ਹੁੰਦੀ ਸੀ। ਮੁਲਤਾਨ ਤੋਂ ਦਿੱਲੀ ਨੂੰ ਜਾਂਦੇ ਪ੍ਰਾਚੀਨ ਰਸਤੇ ਉੱਤੇ ਅਬੋਹਰ ਇਕ ਮਹੱਤਵਪੂਰਨ ਪੜਾਅ ਸੀ। ਇਤਿਹਾਸਕ ਸਰੋਤ ਵੀ ਇਸ ਨੂੰ ਉਸ ਪੁਰਾਣੇ ਰਸਤੇ ਨਾਲ ਜੋੜਦੇ ਹਨ ਪਰ ਇਬਨ ਬਤੂਤਾ ਨੇ ਸਿਰਫ਼ ਅਬੋਹਰ ਦਾ ਨਾਂ ਨਹੀਂ ਲਿਆ। ਉਸ ਦੀ ਨਿਗ੍ਹਾ ਇਕ ਪੱਤਰਕਾਰ ਦੀ ਨਿਗ੍ਹਾ ਵਰਗੀ ਸੀ-ਜਿੱਥੇ ਜਾਂਦਾ, ਕੁਝ ਨਾ ਕੁਝ ਦਰਜ ਕਰਦਾ। ਉਸ ਨੇ ਅਬੋਹਰ ਨੂੰ ਛੋਟਾ ਪਰ ਸੁੰਦਰ, ਵੱਸਿਆ-ਵਸਾਇਆ ਅਤੇ ਪਾਣੀ ਦੀਆਂ ਧਾਰਾਂ ਤੇ ਰੁੱਖਾਂ ਨਾਲ ਭਰਪੂਰ ਥਾਂ ਵਜੋਂ ਦਰਸਾਇਆ।
ਇੱਥੇ ਮੈਨੂੰ ਇਕ ਅਜੀਬ ਜਿਹੀ ਗੱਲ ਮਹਿਸੂਸ ਹੁੰਦੀ ਹੈ। ਅੱਜ ਅਬੋਹਰ ਦਾ ਜ਼ਿਕਰ ਆਉਂਦੇ ਹੀ ਸਾਡੇ ਮਨ ’ਚ ਕਿੰਨੂਆਂ ਦੇ ਬਾਗ਼, ਰੇਤਲੀ ਹਵਾ, ਖੁੱਲ੍ਹੇ ਮੈਦਾਨ ਤੇ ਸਰਹੱਦੀ ਪੰਜਾਬ ਦਾ ਰੰਗ ਉੱਭਰਦਾ ਹੈ ਪਰ ਕਰੀਬ ਸੱਤ ਸਦੀਆਂ ਪਹਿਲਾਂ ਇਕ ਦੂਰ ਦੇਸ਼ ਤੋਂ ਆਇਆ ਮੁਸਾਫ਼ਰ ਇਸ ਧਰਤੀ ਨੂੰ ਪਾਣੀ ਅਤੇ ਰੁੱਖਾਂ ਨਾਲ ਭਰਪੂਰ ਵੇਖ ਰਿਹਾ ਸੀ। ਉਸ ਦੀ ਦਿਲਚਸਪੀ ਇੱਥੋਂ ਦੀ ਬਨਸਪਤੀ ’ਚ ਵੀ ਸੀ। ਉਸ ਨੇ ਭਾਰਤ ਦੇ ਰੁੱਖਾਂ ਤੇ ਫਲਾਂ ਦੀ ਤੁਲਨਾ ਆਪਣੇ ਦੇਸ਼ ਦੇ ਰੁੱਖਾਂ ਨਾਲ ਕੀਤੀ। ਅੰਗੂਰ, ਅਨਾਰ ਅਤੇ ਹੋਰ ਫਲਾਂ ਦਾ ਜ਼ਿਕਰ ਕਰਦਿਆਂ ਉਸ ਨੇ ਭਾਰਤ ਦੀ ਖ਼ੁਰਾਕੀ ਤੇ ਕੁਦਰਤੀ ਵਿਭਿੰਨਤਾ ਨੂੰ ਆਪਣੀ ਯਾਤਰਾ-ਕਥਾ ’ਚ ਥਾਂ ਦਿੱਤੀ। ਇਕ ਹੋਰ ਪੁਰਾਣੇ ਅਨੁਵਾਦ ’ਚ ਅਬੋਹਰ ਦੀ ਵਸੋਂ, ਪਾਣੀ ਅਤੇ ਬਾਗ਼ਾਂ ਦਾ ਜ਼ਿਕਰ ਬੜੇ ਮਨਮੋਹਕ ਢੰਗ ਨਾਲ ਆਉਂਦਾ ਹੈ। ਅਬੋਹਰ ਤੋਂ ਅੱਗੇ ਦਾ ਸਫ਼ਰ ਹਾਲਾਂਕਿ ਇੰਨਾ ਸੁਹਾਵਣਾ ਨਹੀਂ ਸੀ। ਇਬਨ ਬਤੂਤਾ ਦੱਸਦਾ ਹੈ ਕਿ ਸ਼ਹਿਰ ਤੋਂ ਅੱਗੇ ਇਕ ਅਜਿਹਾ ਵਿਸ਼ਾਲ ਮੈਦਾਨ ਆਇਆ, ਜੋ ਲਗਭਗ ਇਕ ਦਿਨ ਦੀ ਯਾਤਰਾ ’ਚ ਪਾਰ ਹੁੰਦਾ ਸੀ। ਇਸ ਦੇ ਕੰਢਿਆਂ ’ਤੇ ਪਹਾੜ ਸਨ ਤੇ ਉੱਥੇ ਅਜਿਹੇ ਹਥਿਆਰਬੰਦ ਟੋਲੇ ਰਹਿੰਦੇ ਸਨ, ਜੋ ਰਾਹਗੀਰਾਂ ’ਤੇ ਹਮਲੇ ਕਰਦੇ ਸਨ। ਅਬੋਹਰ ਛੱਡਣ ਤੋਂ ਬਾਅਦ ਉਸ ਦੇ ਛੋਟੇ ਜਿਹੇ ਕਾਫ਼ਲੇ ’ਤੇ ਵੀ ਹਮਲਾ ਹੋਇਆ। ਉਹ ਲਿਖਦਾ ਹੈ ਕਿ ਇਹ ਭਾਰਤ ’ਚ ਉਸ ਵੱਲੋਂ ਵੇਖੀ ਪਹਿਲੀ ਝੜਪ ਸੀ। ਉਸ ਵੇਲੇ ਉਸ ਦੇ ਨਾਲ ਕੇਵਲ 22 ਘੋੜ ਸਵਾਰ ਸਨ, ਜਿਨ੍ਹਾਂ ’ਚ ਅਰਬੀ, ਫ਼ਾਰਸੀ ਅਤੇ ਤੁਰਕੀ ਸਾਥੀ ਵੀ ਸ਼ਾਮਲ ਸਨ।
ਕਿੰਨਾ ਅਜੀਬ ਦ੍ਰਿਸ਼ ਹੋਵੇਗਾ-ਇਕ ਪਾਸੇ ਅਬੋਹਰ ਦੀ ਹਰਿਆਵਲ, ਪਾਣੀ ਤੇ ਰੁੱਖ; ਦੂਜੇ ਪਾਸੇ ਸ਼ਹਿਰ ਤੋਂ ਬਾਹਰ ਨਿਕਲਦਿਆਂ ਹੀ ਖ਼ਤਰੇ ਨਾਲ ਭਰਿਆ ਰਸਤਾ। ਇਹੀ ਤਾਂ ਇਤਿਹਾਸ ਦੀ ਖ਼ੂਬਸੂਰਤੀ ਹੈ। ਉਹ ਕਿਸੇ ਇਕ ਰੰਗ ’ਚ ਨਹੀਂ ਹੁੰਦਾ। ਉਸ ’ਚ ਖ਼ੁਸ਼ਬੂ ਵੀ ਹੁੰਦੀ ਹੈ, ਖ਼ੌਫ਼ ਵੀ; ਬਾਗ਼ ਵੀ ਹੁੰਦੇ ਹਨ, ਬਿਆਬਾਨ ਵੀ; ਮੇਲੇ ਵੀ ਹੁੰਦੇ ਹਨ ਤੇ ਮੈਦਾਨ-ਏ-ਜੰਗ ਵੀ। ਅਬੋਹਰ ਤੋਂ ਅੱਗੇ ਇਬਨ ਬਤੂਤਾ ਦਾ ਰਸਤਾ ਅਜੋਧਨ-ਅੱਜ ਦਾ ਪਾਕਪਟਨ-ਫਿਰ ਸਰਸਤੀ, ਹਿਸਾਰ ਦੇ ਇਲਾਕੇ ਅਤੇ ਆਖ਼ਿਰ ਦਿੱਲੀ ਵੱਲ ਜਾਂਦਾ ਹੈ। ਇਸ ਤਰ੍ਹਾਂ ਅਬੋਹਰ ਉਸ ਲੰਮੇ ਸਫ਼ਰ ਦਾ ਸਿਰਫ਼ ਇਕ ਪੜਾਅ ਨਹੀਂ ਸੀ; ਇਹ ਉਸ ਲਈ ਹਿੰਦੁਸਤਾਨ ’ਚ ਦਾਖ਼ਲੇ ਦੀ ਇਕ ਮਹੱਤਵਪੂਰਨ ਨਿਸ਼ਾਨੀ ਸੀ।
ਅੱਜ ਜਦੋਂ ਮੈਂ ਸਰਕਾਰੀ ਕੰਮ ਲਈ ਅਬੋਹਰ ਦੀ ਕਿਸੇ ਸੜਕ ’ਤੇ ਖੜ੍ਹਾ ਹੁੰਦਾ ਹਾਂ ਤਾਂ ਕਈ ਵਾਰ ਮਨ ’ਚ ਇਹ ਖ਼ਿਆਲ ਆਉਂਦਾ ਹੈ-ਇਨ੍ਹਾਂ ਹੀ ਰਾਹਾਂ ਦੇ ਕਿਸੇ ਰੂਪ ’ਤੇ ਸਦੀਆਂ ਪਹਿਲਾਂ ਇਕ ਮੁਸਾਫ਼ਰ ਆਪਣੇ ਘੋੜੇ ’ਤੇ ਸਵਾਰ ਹੋ ਕੇ ਲੰਘਿਆ ਹੋਵੇਗਾ। ਅਸੀਂ ਸੋਚਦੇ ਹਾਂ ਕਿ ਅਸੀਂ ਥਾਂ ਬਦਲ ਰਹੇ ਹਾਂ; ਅਸਲ ’ਚ ਕਈ ਵਾਰ ਥਾਂ ਸਾਨੂੰ ਬਦਲ ਰਹੀ ਹੁੰਦੀ ਹੈ। ਫ਼ਾਜ਼ਿਲਕਾ ਆਉਂਦਿਆਂ ਮਨ ’ਚ ਜੋ ਗਿਲਾ ਸੀ, ਅੱਜ ਉਸ ਦੀ ਥਾਂ ਇਕ ਅਜੀਬ ਜਿਹੀ ਰੁਚੀ ਨੇ ਲੈ ਲਈ ਹੈ। ਸ਼ਾਇਦ ਮੇਰੇ ਲਈ ਫ਼ਾਜ਼ਿਲਕਾ ਦਾ ਤਬਾਦਲਾ ਇਹੀ ਸਬਕ ਲੈ ਕੇ ਆਇਆ-ਜਿਹੜੀ ਥਾਂ ਪਹਿਲੀ ਨਜ਼ਰ ’ਚ ਸਿਰਫ਼ ਮੰਜ਼ਿਲ-ਏ-ਮਜਬੂਰੀ ਲੱਗੇ, ਹੋ ਸਕਦਾ ਹੈ, ਉਹੀ ਥਾਂ ਬਾਅਦ ’ਚ ਯਾਦਾਂ ਦੀ ਖ਼ੂਬਸੂਰਤ ਮੰਜ਼ਿਲ ਬਣ ਜਾਵੇ। ਅਬੋਹਰ ਨੂੰ ਸਦੀਆਂ ਪਹਿਲਾਂ ਇਕ ਮੁਸਾਫ਼ਰ ਨੇ ਹਿੰਦੁਸਤਾਨ ਦੀ ਪਹਿਲੀ ਝਲਕ ਵਜੋਂ ਵੇਖਿਆ ਸੀ ਤੇ ਅੱਜ, ਉਸੇ ਸ਼ਹਿਰ ’ਚੋਂ ਲੰਘਦਿਆਂ, ਮੈਂ ਆਪਣੇ ਹੀ ਪੰਜਾਬ ਨੂੰ ਨਵੀਂ ਨਿਗ੍ਹਾ ਨਾਲ ਵੇਖਣਾ ਸਿੱਖ ਰਿਹਾ ਹਾਂ।
(ਲੇਖਕ ਫ਼ਾਜ਼ਿਲਕਾ ਦੇ ਡੀਪੀਆਰਓ ਹਨ, ਸੰਪਰਕ : 98157-44451)।