- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਕ ਅਧਿਆਪਕ ਵਿਦਿਆਰਥੀ ਨੂੰ ਇਹ ਸਿਖਾਉਂਦਾ ਹੈ ਕਿ ਇਮਤਿਹਾਨ ’ਚ ਵੱਧ ਨੰਬਰ ਲੈਣ ਨਾਲੋਂ ਜ਼ਿੰਦਗੀ ’ਚ ਇਕ ਚੰਗਾ ਇਨਸਾਨ ਬਣਨਾ ਵੱਧ ਮਹੱਤਵਪੂਰਨ ਹੈ। ਸਨਮਾਨ ਸਿਰਫ਼ ਇਨਾਮ ਨਾਲ ਨਹੀਂ ਹੁੰਦਾ। ਸਰਕਾਰਾਂ ਤੇ ਸੰਸਥਾਵਾਂ ਵੱਲੋਂ ਚੰਗੇ ਅਧਿਆਪਕਾਂ ਨੂੰ ਰਾਸ਼ਟਰੀ, ਰਾਜ ਅਤੇ ਹੋਰ ਪੱਧਰਾਂ ’ਤੇ ਸਨਮਾਨਿਤ ਕੀਤਾ ਜਾਂਦਾ ਹੈ। ਅਜਿਹੇ ਪੁਰਸਕਾਰ ਨਿਸ਼ਚਿਤ ਤੌਰ ’ਤੇ ਉਤਸ਼ਾਹ ਦੇਣ ਵਾਲੇ ਹਨ ਪਰ ਕੀ ਹਰ ਚੰਗੇ ਅਧਿਆਪਕ ਨੂੰ ਇਨਾਮ ਮਿਲ ਸਕਦਾ ਹੈ? ਨਹੀਂ। ਕਿਉਂਕਿ ਇਕ ਅਧਿਆਪਕ ਦੀ ਸਭ ਤੋਂ ਵੱਡੀ ਪ੍ਰਾਪਤੀ ਕੋਈ ਸਰਟੀਫਿਕੇਟ ਜਾਂ ਤਮਗਾ ਨਹੀਂ, ਸਗੋਂ ਉਸ ਦਾ ਵਿਦਿਆਰਥੀ ਹੁੰਦਾ ਹੈ।

ਪ੍ਰੋ:ਲਾਲ ਬਹਾਦੁਰ ਭਾਟੀਆ
ਕਿਸੇ ਵੀ ਮਨੁੱਖ ਦੀ ਜ਼ਿੰਦਗੀ ’ਚ ਮਾਂ-ਬਾਪ ਤੋਂ ਬਾਅਦ ਜੇ ਕਿਸੇ ਵਿਅਕਤੀ ਦਾ ਸਭ ਤੋਂ ਵੱਧ ਪ੍ਰਭਾਵ ਹੁੰਦਾ ਹੈ ਤਾਂ ਉਹ ਹੈ-ਅਧਿਆਪਕ। ਅਧਿਆਪਕ ਸਿਰਫ਼ ਕਿਤਾਬਾਂ ਦੇ ਪੰਨੇ ਨਹੀਂ ਪੜ੍ਹਾਉਂਦਾ, ਉਹ ਵਿਦਿਆਰਥੀ ਦੇ ਮਨ ’ਚ ਸੋਚਣ ਤੇ ਸਮਝਣ ਦੀ ਸਮਰੱਥਾ, ਸਹੀ-ਗ਼ਲਤ ਦੀ ਪਛਾਣ ਤੇ ਜੀਵਨ ਦੇ ਰਾਹ ’ਤੇ ਅੱਗੇ ਵਧਣ ਦਾ ਹੌਸਲਾ ਪੈਦਾ ਕਰਦਾ ਹੈ। ਇਕ ਚੰਗਾ ਅਧਿਆਪਕ ਵਿਦਿਆਰਥੀ ਦੇ ਵਰਤਮਾਨ ਨੂੰ ਸਿੱਖਿਆ ਦਿੰਦਾ ਹੈ ਪਰ ਉਸ ਦੀ ਅਸਲ ਦੇਣ ਉਸ ਦਾ ਭਵਿੱਖ ਬਣਾਉਣਾ ਹੁੰਦੀ ਹੈ। ਭਾਰਤੀ ਚਿੰਤਨ ’ਚ ‘ਗੁਰੂ’ ਦਾ ਸਥਾਨ ਬਹੁਤ ਉੱਚਾ ਰਿਹਾ ਹੈ। ‘ਗੁਰੂ’ ਕੇਵਲ ਇਕ ਪੇਸ਼ਾ ਨਹੀਂ, ਸਗੋਂ ਇਕ ਵਿਚਾਰ ਤੇ ਇਕ ਜ਼ਿੰਮੇਵਾਰੀ ਹੈ। ਗੁਰੂ ਉਹ ਹੈ ਜੋ ਅਗਿਆਨਤਾ ਦੇ ਹਨੇਰੇ ’ਚੋਂ ਕੱਢ ਕੇ ਗਿਆਨ ਅਤੇ ਚੇਤਨਾ ਦੀ ਰੌਸ਼ਨੀ ਵੱਲ ਲੈ ਜਾਂਦਾ ਹੈ। ਇਸੇ ਕਰ ਕੇ ਭਾਰਤੀ ਪਰੰਪਰਾ ’ਚ ਗੁਰੂ ਨੂੰ ਮਾਂ-ਬਾਪ ਦੇ ਬਰਾਬਰ ਸਤਿਕਾਰ ਮਿਲਿਆ ਪਰ ਅੱਜ ਸਵਾਲ ਇਹ ਹੈ ਕਿ ਕੀ ਸਾਡੇ ਬਦਲਦੇ ਸਮਾਜ ’ਚ ਅਧਿਆਪਕ ਨੂੰ ਉਹੀ ਸਨਮਾਨ ਮਿਲ ਰਿਹਾ ਹੈ? ਅਧਿਆਪਕ ਦਿਵਸ ਸਿਰਫ਼ ਇਕ ਰਸਮ ਨਾ ਬਣ ਜਾਵੇ।
ਭਾਰਤ ਵਿਚ ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਜਦਕਿ ਵਿਸ਼ਵ ਅਧਿਆਪਕ ਦਿਵਸ 5 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਮਹਾਨ ਦਾਰਸ਼ਨਿਕ, ਸਿੱਖਿਆ ਸ਼ਾਸਤਰੀ ਅਤੇ ਭਾਰਤ ਦੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਨਾਲ ਜੁੜਿਆ ਹੋਇਆ ਹੈ। 1962 ਤੋਂ ਇਹ ਦਿਨ ਅਧਿਆਪਕਾਂ ਦੇ ਸਨਮਾਨ ਲਈ ਮਨਾਇਆ ਜਾ ਰਿਹਾ ਹੈ। ਇਸ ਦਿਨ ਦੇ ਪਿੱਛੇ ਇਕ ਬਹੁਤ ਖੂਬਸੂਰਤ ਵਿਚਾਰ ਹੈ। ਜਦੋਂ ਡਾ. ਰਾਧਾਕ੍ਰਿਸ਼ਨਨ ਦੇ ਵਿਦਿਆਰਥੀਆਂ ਅਤੇ ਦੋਸਤਾਂ ਨੇ ਉਨ੍ਹਾਂ ਦਾ ਜਨਮ ਦਿਨ ਮਨਾਉਣ ਦੀ ਇੱਛਾ ਪ੍ਰਗਟ ਕੀਤੀ ਤਾਂ ਉਨ੍ਹਾਂ ਨੇ ਆਪਣੇ ਜਨਮ ਦਿਨ ਨੂੰ ਨਿੱਜੀ ਉਤਸਵ ਬਣਾਉਣ ਦੀ ਥਾਂ ਅਧਿਆਪਕ ਦਿਵਸ ਵਜੋਂ ਮਨਾਉਣ ਦੀ ਇੱਛਾ ਪ੍ਰਗਟ ਕੀਤੀ।
ਇਸ ਘਟਨਾ ’ਚ ਇਕ ਵੱਡਾ ਸੰਦੇਸ਼ ਲੁਕਿਆ ਹੋਇਆ ਹੈ-ਅਸਲ ਅਧਿਆਪਕ ਆਪਣੇ ਲਈ ਸਨਮਾਨ ਨਹੀਂ ਮੰਗਦਾ, ਉਹ ਅਧਿਆਪਕ ਦੀ ਸੰਸਥਾ ਦਾ ਸਨਮਾਨ ਚਾਹੁੰਦਾ ਹੈ। ਅੱਜ ਅਧਿਆਪਕ ਦੀ ਚੁਣੌਤੀ ਕੀ ਹੈ? ਅਸੀਂ ਅਜਿਹੇ ਦੌਰ ’ਚ ਰਹਿ ਰਹੇ ਹਾਂ, ਜਿੱਥੇ ਸਫ਼ਲਤਾ ਦਾ ਪੈਮਾਨਾ ਅਕਸਰ ਪੈਸਾ, ਅਹੁਦਾ ਅਤੇ ਸ਼ੋਹਰਤ ਬਣ ਗਿਆ ਹੈ। ਇਸ ਪਦਾਰਥਵਾਦੀ ਦੌੜ ’ਚ ਕਈ ਵਾਰ ਅਧਿਆਪਕ ਅਤੇ ਸਿੱਖਿਆ ਦੀ ਮਹੱਤਤਾ ਪਿੱਛੇ ਛੁੱਟਦੀ ਦਿਖਾਈ ਦਿੰਦੀ ਹੈ। ਅੱਜ ਬੱਚੇ ਕੋਲ ਜਾਣਕਾਰੀ ਪਹਿਲਾਂ ਨਾਲੋਂ ਕਿਤੇ ਵੱਧ ਹੈ। ਮੋਬਾਈਲ, ਇੰਟਰਨੈੱਟ ਅਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਉਸ ਨੂੰ ਸਕਿੰਟਾਂ ’ਚ ਹਜ਼ਾਰਾਂ ਜਵਾਬ ਦੇ ਸਕਦੇ ਹਨ ਪਰ ਇਕ ਮਸ਼ੀਨ ਉਸ ਨੂੰ ਇਹ ਨਹੀਂ ਦੱਸ ਸਕਦੀ ਕਿ ਕਿਹੜਾ ਜਵਾਬ ਸਹੀ ਹੈ, ਕਿਹੜਾ ਗ਼ਲਤ ਹੈ ਅਤੇ ਸਹੀ ਰਸਤਾ ਕਿਹੜਾ ਹੈ। ਇੱਥੇ ਅਧਿਆਪਕ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ਅਧਿਆਪਕ ਦਾ ਕੰਮ ਸਿਰਫ਼ ਜਾਣਕਾਰੀ ਦੇਣਾ ਨਹੀਂ। ਉਸ ਦਾ ਕੰਮ ਹੈ ਵਿਵੇਕ ਪੈਦਾ ਕਰਨਾ।
ਇਕ ਅਧਿਆਪਕ ਵਿਦਿਆਰਥੀ ਨੂੰ ਇਹ ਸਿਖਾਉਂਦਾ ਹੈ ਕਿ ਇਮਤਿਹਾਨ ’ਚ ਵੱਧ ਨੰਬਰ ਲੈਣ ਨਾਲੋਂ ਜ਼ਿੰਦਗੀ ’ਚ ਇਕ ਚੰਗਾ ਇਨਸਾਨ ਬਣਨਾ ਵੱਧ ਮਹੱਤਵਪੂਰਨ ਹੈ। ਸਨਮਾਨ ਸਿਰਫ਼ ਇਨਾਮ ਨਾਲ ਨਹੀਂ ਹੁੰਦਾ। ਸਰਕਾਰਾਂ ਤੇ ਸੰਸਥਾਵਾਂ ਵੱਲੋਂ ਚੰਗੇ ਅਧਿਆਪਕਾਂ ਨੂੰ ਰਾਸ਼ਟਰੀ, ਰਾਜ ਅਤੇ ਹੋਰ ਪੱਧਰਾਂ ’ਤੇ ਸਨਮਾਨਿਤ ਕੀਤਾ ਜਾਂਦਾ ਹੈ। ਅਜਿਹੇ ਪੁਰਸਕਾਰ ਨਿਸ਼ਚਿਤ ਤੌਰ ’ਤੇ ਉਤਸ਼ਾਹ ਦੇਣ ਵਾਲੇ ਹਨ ਪਰ ਕੀ ਹਰ ਚੰਗੇ ਅਧਿਆਪਕ ਨੂੰ ਇਨਾਮ ਮਿਲ ਸਕਦਾ ਹੈ? ਨਹੀਂ। ਕਿਉਂਕਿ ਇਕ ਅਧਿਆਪਕ ਦੀ ਸਭ ਤੋਂ ਵੱਡੀ ਪ੍ਰਾਪਤੀ ਕੋਈ ਸਰਟੀਫਿਕੇਟ ਜਾਂ ਤਮਗਾ ਨਹੀਂ, ਸਗੋਂ ਉਸ ਦਾ ਵਿਦਿਆਰਥੀ ਹੁੰਦਾ ਹੈ। ਜਦੋਂ ਸਾਲਾਂ ਬਾਅਦ ਕੋਈ ਵਿਦਿਆਰਥੀ ਆਪਣੇ ਅਧਿਆਪਕ ਨੂੰ ਮਿਲ ਕੇ ਕਹਿੰਦਾ ਹੈ-‘ਸਰ, ਤੁਸੀਂ ਜੋ ਗੱਲ ਉਸ ਵੇਲੇ ਮੈਨੂੰ ਸਮਝਾਈ ਸੀ, ਅੱਜ ਉਸ ਦੀ ਅਹਿਮੀਅਤ ਸਮਝ ਆਈ ਹੈ।’ ਤਾਂ ਸ਼ਾਇਦ ਉਸ ਪਲ ਤੋਂ ਵੱਡਾ ਕੋਈ ਪੁਰਸਕਾਰ ਅਧਿਆਪਕ ਲਈ ਨਹੀਂ ਹੁੰਦਾ। ਇਕ ਚੰਗਾ ਅਧਿਆਪਕ ਯਾਦ ਰਹਿੰਦਾ ਹੈ ਜ਼ਿੰਦਗੀ ’ਚ ਸਾਨੂੰ ਬਹੁਤ ਸਾਰੇ ਲੋਕ ਮਿਲਦੇ ਹਨ। ਕੁਝ ਸਮੇਂ ਨਾਲ ਭੁੱਲ ਜਾਂਦੇ ਹਨ ਪਰ ਇਕ ਚੰਗਾ ਅਧਿਆਪਕ ਅਕਸਰ ਸਾਰੀ ਉਮਰ ਯਾਦ ਰਹਿੰਦਾ ਹੈ। ਉਸ ਦੀ ਕੋਈ ਗੱਲ, ਕੋਈ ਡਾਂਟ, ਕੋਈ ਹੌਸਲਾ, ਕੋਈ ਸਲਾਹ ਜਾਂ ਕੋਈ ਛੋਟੀ ਜਿਹੀ ਘਟਨਾ ਸਾਰੀ ਉਮਰ ਸਾਡੇ ਨਾਲ ਤੁਰਦੀ ਰਹਿੰਦੀ ਹੈ। ਕਈ ਵਾਰ ਵਿਦਿਆਰਥੀ ਨੂੰ ਉਸ ਵੇਲੇ ਅਧਿਆਪਕ ਦੀ ਸਖ਼ਤੀ ਬੁਰੀ ਲੱਗਦੀ ਹੈ ਪਰ ਸਾਲਾਂ ਬਾਅਦ ਪਤਾ ਲੱਗਦਾ ਹੈ ਕਿ ਉਹ ਸਖ਼ਤੀ ਨਹੀਂ, ਸੁਧਾਰ ਦੀ ਕੋਸ਼ਿਸ਼ ਸੀ। ਇਸੇ ਲਈ ਇਕ ਚੰਗਾ ਅਧਿਆਪਕ ਕਲਾਸਰੂਮ ਖ਼ਤਮ ਹੋਣ ਤੋਂ ਬਾਅਦ ਵੀ ਵਿਦਿਆਰਥੀ ਦੀ ਜ਼ਿੰਦਗੀ ’ਚ ਮੌਜੂਦ ਰਹਿੰਦਾ ਹੈ। ਅਧਿਆਪਕ ਦਿਵਸ ਦਾ ਅਸਲ ਅਰਥ 5 ਸਤੰਬਰ ਨੂੰ ਫੁੱਲ ਦੇਣਾ, ਗ੍ਰੀਟਿੰਗ ਕਾਰਡ ਦੇਣਾ ਜਾਂ ਸੋਸ਼ਲ ਮੀਡੀਆ 'ਤੇ ‘Happy Teachers’ Day’ ਲਿਖ ਦੇਣਾ ਚੰਗੀ ਗੱਲ ਹੈ ਪਰ ਅਧਿਆਪਕ ਦਿਵਸ ਦਾ ਅਸਲ ਅਰਥ ਇਸ ਤੋਂ ਕਿਤੇ ਵੱਡਾ ਹੈ। ਇਹ ਦਿਨ ਸਾਨੂੰ ਆਪਣੇ ਆਪ ਤੋਂ ਇਕ ਸਵਾਲ ਪੁੱਛਣ ਦਾ ਮੌਕਾ ਦਿੰਦਾ ਹੈ- ਕੀ ਅਸੀਂ ਅਧਿਆਪਕ ਨੂੰ ਸਿਰਫ਼ ਉਹ ਵਿਅਕਤੀ ਸਮਝਦੇ ਹਾਂ, ਜੋ ਸਾਨੂੰ ਪੜ੍ਹਾਉਂਦਾ ਹੈ, ਜਾਂ ਉਹ ਵਿਅਕਤੀ ਜੋ ਸਾਡੀ ਜ਼ਿੰਦਗੀ ਬਣਾਉਂਦਾ ਹੈ? ਜੇ ਅਸੀਂ ਸੱਚਮੁੱਚ ਅਧਿਆਪਕ ਦਾ ਸਨਮਾਨ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਸਿੱਖਿਆ ਦੀ ਕਦਰ ਕਰਨੀ ਪਵੇਗੀ, ਅਧਿਆਪਕ ਦੀ ਆਜ਼ਾਦੀ ਅਤੇ ਮਾਣ ਦੀ ਰਾਖੀ ਕਰਨੀ ਪਵੇਗੀ ਅਤੇ ਬੱਚਿਆਂ ’ਚ ਸਿਰਫ਼ ਮੁਕਾਬਲੇ ਦੀ ਭਾਵਨਾ ਨਹੀਂ, ਸਗੋਂ ਚਰਿੱਤਰ, ਇਮਾਨਦਾਰੀ, ਸੰਵੇਦਨਸ਼ੀਲਤਾ ਤੇ ਮਨੁੱਖਤਾ ਵੀ ਪੈਦਾ ਕਰਨੀ ਪਵੇਗੀ। ਕਿਉਂਕਿ ਇਕ ਸਮਾਜ ਦੀ ਅਸਲ ਤਰੱਕੀ ਉਸ ਦੀਆਂ ਉੱਚੀਆਂ ਇਮਾਰਤਾਂ ਨਾਲ ਨਹੀਂ, ਉਸ ਦੇ ਅਧਿਆਪਕਾਂ ਅਤੇ ਉਨ੍ਹਾਂ ਤੋਂ ਸਿੱਖੀ ਨਵੀਂ ਪੀੜ੍ਹੀ ਦੇ ਚਰਿੱਤਰ ਨਾਲ ਮਾਪੀ ਜਾਂਦੀ ਹੈ। ਅਧਿਆਪਕ ਸ਼ਾਇਦ ਹਰ ਵਿਦਿਆਰਥੀ ਨੂੰ ਇਨਾਮ ਨਾ ਦੇ ਸਕੇ ਪਰ ਉਹ ਉਸ ਨੂੰ ਆਪਣੇ ਆਪ ਤੋਂ ਬਿਹਤਰ ਬਣਨ ਦਾ ਰਾਹ ਜ਼ਰੂਰ ਦਿਖਾ ਸਕਦਾ ਹੈ। ਇਸ ਲਈ ਅਧਿਆਪਕ ਨੂੰ ਸਿਰਫ਼ ਇਹ ਕਹਿਣਾ ਕਾਫ਼ੀ ਨਹੀਂ- ‘ਅਧਿਆਪਕ ਦਿਵਸ ਦੀਆਂ ਵਧਾਈਆਂ।’ ਅਸਲ ਸਨਮਾਨ ਤਾਂ ਉਦੋਂ ਹੋਵੇਗਾ, ਜਦੋਂ ਹਰ ਵਿਦਿਆਰਥੀ ਆਪਣੇ ਜੀਵਨ ’ਚ ਇਹ ਸਾਬਤ ਕਰੇ ਕਿ ਉਸ ਦੇ ਅਧਿਆਪਕ ਦੀ ਮਿਹਨਤ ਵਿਅਰਥ ਨਹੀਂ ਗਈ। ਕਿਉਂਕਿ ਅਧਿਆਪਕ ਸਿਰਫ਼ ਪੜ੍ਹਾਉਂਦਾ ਨਹੀਂ, ਸਗੋਂ ਉਹ ਸਹੀ ਮਾਅਨਿਆਂ ’ਚ ਮਨੁੱਖ ਦਾ ਨਿਰਮਾਣ ਕਰਦਾ ਹੈ ਅਤੇ ਚੰਗਾ ਅਧਿਆਪਕ ਕਲਾਸ ਤੋਂ ਨਹੀਂ, ਵਿਦਿਆਰਥੀ ਦੀ ਯਾਦ ਤੋਂ ਕਦੇ ਰਿਟਾਇਰ ਨਹੀਂ ਹੁੰਦਾ।
-(ਲੇਖਕ ਸੇਵਾਮੁਕਤ ਸਾਬਕਾ ਵਾਈਸ ਪ੍ਰਿੰਸੀਪਲ ਹੈ। ਸੰਪਰਕ 98724-89020)