- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਕਰਯੋਗ ਹੈ ਕਿ ਜਦੋਂ ਤੱਕ ਇਹ ਕਾਲ਼ੇਪਾਣੀ ਦੀ ਜੇਲ੍ਹ ਨਹੀਂ ਸੀ ਬਣੀ, ਉਦੋਂ ਕੈਦੀਆਂ ਨੂੰ ਖੁੱਲ੍ਹੇ ਆਸਮਾਨ ਹੇਠ ਵਾਈਪਰ ਆਈਲੈਂਡ (ਜੋ ਕਿ ਜ਼ਹਿਰੀਲੇ ਸੱਪਾਂ ਵਾਲੇ ਟਾਪੂ ਵਜੋਂ ਵੀ ਜਾਣਿਆ ਜਾਂਦਾ ਸੀ) ਉੱਤੇ ਲਿਜਾ ਕੇ ਛੱਡ ਦਿੱਤਾ ਜਾਂਦਾ ਸੀ। ਇਸ ਥਾਂ ਤੋਂ ਕਿਸੇ ਵੀ ਕੈਦੀ ਦੇ ਭੱਜ ਜਾਣ ਦਾ ਡਰ ਨਹੀਂ ਸੀ ਹੁੰਦਾ, ਕਿਉਂਕਿ ਇਸ ਦੇ 10 ਹਜ਼ਾਰ ਕਿਲੋਮੀਟਰ ਤੱਕ ਸਿਰਫ਼ ਸਮੁੰਦਰ ਹੀ ਸਮੁੰਦਰ ਸੀ। ਇਸ ਟਾਪੂ ’ਤੇ ਦਿਨੇ ਤਾਂ ਕੈਦੀਆਂ ਤੋਂ ਜੇਲ੍ਹ ਬਣਾਉਣ ਲਈ ਲੋੜੀਂਦੀ ਲੱਕੜ ਕਟਵਾਈ ਜਾਂਦੀ ਤੇ ਰਾਤ ਪੈਂਦੇ ਹੀ ਉਨ੍ਹਾਂ ਨੂੰ ਭੁੱਖੇ-ਪਿਆਸਿਆਂ ਦਰੱਖਤਾਂ ਨਾਲ ਬੰਨ੍ਹ ਦਿੱਤਾ ਜਾਂਦਾ, ਇਸ ਦੌਰਾਨ ਵੱਡਾ ਦੁਖਾਂਤ ਇਹ ਵਾਪਰਦਾ ਕਿ ਸਵੇਰ ਹੋਣ

ਮੁਹੰਮਦ ਅੱਬਾਸ ਧਾਲੀਵਾਲ
ਕਾਲ਼ੇਪਾਣੀ ਜੇਲ੍ਹ ਦਾ ਨਾਂ ਜਹਿਨ ’ਚ ਆਉਂਦੇ ਹੀ ਕਿੰਨੇ ਹੌਲਨਾਕ ਤਸੀਹੇ ਖਿਆਲਾਂ ’ਚ ਗੁਜਰ ਜਾਂਦੇ ਨੇ। ਕਿਹਾ ਜਾਂਦਾ ਹੈ ਕਿ ਇਸ ਜੇਲ੍ਹ ’ਚ ਜ਼ਿਆਦਾਤਰ ਦੇਸ਼ ਭਗਤ ਯੋਧੇ ਹੀ ਕੈਦੀ ਹੋਇਆ ਕਰਦੇ ਸਨ। ਇਹਨਾਂ ’ਚ ਮੁੱਖ ਰੂਪ ’ਚ ਜ਼ਿਆਦਾਤਰ ਕੈਦੀ ਭਾਰਤ ਦੇ ਦੋ ਸੂਬਿਆਂ ਪੰਜਾਬ ਤੇ ਬੰਗਾਲ ’ਚੋਂ ਹੋਇਆ ਕਰਦੇ ਸਨ। ਉਕਤ ਕੈਦੀਆਂ ’ਚੋਂ ਡਾ. ਦੀਵਾਨ ਸਿੰਘ, ਸੋਹਣ ਸਿੰਘ, ਮੋਲਾਨ ਫਜ਼ਲ-ਏ-ਹੱਕ, ਜੋਗਿੰਦਰ ਸ਼ੁਕਲਾ, ਭੱਟਕੇਸ਼ਵਰ ਦੱਤ, ਮੌਲਾਨਾ ਅਹਿਮਦੂਲਾ, ਮੋਲਵੀ ਅਬਦੁਲ ਰਹੀਮ ਸਿਦਕੀ, ਚੰਦਰ ਚੈਟਰਜੀ, ਵਰਮਨ ਰਾਓ ਜੋਸ਼ੀ, ਨੰਦ ਗੋਪਾਲ ਦੇ ਨਾਂ ਇਤਿਹਾਸ ਦੇ ਸੁਨਹਿਰੇ ਰੂਪ ’ਚ ਦਰਜ ਹਨ ਕਿਉਂਕਿ ਉਕਤ ਜੇਲ੍ਹ ’ਚ ਵਧੇਰੇ ਗਿਣਤੀ ਪੰਜਾਬ ਅਤੇ ਪੱਛਮੀ ਬੰਗਾਲ ਦੇ ਯੋਧਿਆਂ ਦੀ ਸੀ। ਇਸ ਲਈ ਦੇਸ਼ ਦੇ ਹਰ ਨਾਗਰਿਕ ਵਿਸ਼ੇਸ਼ ਤੌਰ ’ਤੇ ਪੰਜਾਬੀਆਂ ਤੇ ਬੰਗਾਲੀਆਂ ਨੇ ਗਾਹੇ-ਬਗਾਹੇ ਅਕਸਰ ਹੀ ਕਾਲ਼ੇਪਾਣੀ ਦੀ ਜੇਲ੍ਹ ਦਾ ਨਾਮ ਸੁਣਿਆ ਹੋਵੇਗਾ। ਵੈਸੇ ਅਸੀਂ ਪੰਜਾਬ ਦੇ ਵਸਨੀਕ ਆਪਣੇ ਬਚਪਨ ਤੋਂ ਹੀ ਇਸ ਜੇਲ੍ਹ ਦਾ ਨਾਂ ਸੁਣਦੇ ਆਏ ਹਾਂ ਪਰ ਇਸ ਜੇਲ੍ਹ ਦੇ ਸੰਦਰਭ ’ਚ ਜਦੋਂ ਕੁਝ ਦਿਨ ਪਹਿਲਾਂ ਪੜ੍ਹਿਆ ਤਾਂ ਇਸ ਵਿਚਕਾਰ ਰੋਂਗਟੇ ਖੜ੍ਹੇ ਕਰ ਦੇਣ ਵਾਲੇ ਖੁਲਾਸੇ ਸਾਹਮਣੇ ਆਏ। ਜਿਹਨਾਂ ਦੇ ਸਾਹਮਣੇ ਆਉਣ ਨਾਲ ਅਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਆਜ਼ਾਦੀ ਦੀ ਲੜਾਈ ’ਚ ਦੇਸ਼ ਦੇ ਪਰਵਾਨਿਆਂ ਨੇ ਕਿਸ ਕਾਲ਼ੇਪਾਣੀ ਦੀ ਜੇਲ੍ਹ ਜਿਸ ਨੂੰ ਸੈਲੂਲਰ ਜੇਲ੍ਹ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਏ। ਇਹ ਜੇਲ੍ਹ ਅੰਡੇਮਾਨ ਨਿਕੋਬਾਰ ਦੀਪ ਸਮੂਹ ਦੀ ਰਾਜਧਾਨੀ ਪੋਰਟ ਬਲੇਅਰ ਨੇੜੇ ਸਥਿਤ ਹੈ। ਇਸ ਦਾ ਨਿਰਮਾਣ 1896 ਅਤੇ 1906 ਦੇ ਵਿਚਕਾਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਜਦੋਂ ਤੱਕ ਇਹ ਕਾਲ਼ੇਪਾਣੀ ਦੀ ਜੇਲ੍ਹ ਨਹੀਂ ਸੀ ਬਣੀ, ਉਦੋਂ ਕੈਦੀਆਂ ਨੂੰ ਖੁੱਲ੍ਹੇ ਆਸਮਾਨ ਹੇਠ ਵਾਈਪਰ ਆਈਲੈਂਡ (ਜੋ ਕਿ ਜ਼ਹਿਰੀਲੇ ਸੱਪਾਂ ਵਾਲੇ ਟਾਪੂ ਵਜੋਂ ਵੀ ਜਾਣਿਆ ਜਾਂਦਾ ਸੀ) ਉੱਤੇ ਲਿਜਾ ਕੇ ਛੱਡ ਦਿੱਤਾ ਜਾਂਦਾ ਸੀ। ਇਸ ਥਾਂ ਤੋਂ ਕਿਸੇ ਵੀ ਕੈਦੀ ਦੇ ਭੱਜ ਜਾਣ ਦਾ ਡਰ ਨਹੀਂ ਸੀ ਹੁੰਦਾ, ਕਿਉਂਕਿ ਇਸ ਦੇ 10 ਹਜ਼ਾਰ ਕਿਲੋਮੀਟਰ ਤੱਕ ਸਿਰਫ਼ ਸਮੁੰਦਰ ਹੀ ਸਮੁੰਦਰ ਸੀ। ਇਸ ਟਾਪੂ ’ਤੇ ਦਿਨੇ ਤਾਂ ਕੈਦੀਆਂ ਤੋਂ ਜੇਲ੍ਹ ਬਣਾਉਣ ਲਈ ਲੋੜੀਂਦੀ ਲੱਕੜ ਕਟਵਾਈ ਜਾਂਦੀ ਤੇ ਰਾਤ ਪੈਂਦੇ ਹੀ ਉਨ੍ਹਾਂ ਨੂੰ ਭੁੱਖੇ-ਪਿਆਸਿਆਂ ਦਰੱਖਤਾਂ ਨਾਲ ਬੰਨ੍ਹ ਦਿੱਤਾ ਜਾਂਦਾ, ਇਸ ਦੌਰਾਨ ਵੱਡਾ ਦੁਖਾਂਤ ਇਹ ਵਾਪਰਦਾ ਕਿ ਸਵੇਰ ਹੋਣ ਤੱਕ ਵਧੇਰੇ ਕੈਦੀ ਸੱਪਾਂ ਦੇ ਡੰਗਣ ਨਾਲ ਮੌਤ ਦਾ ਲੁਕਮਾ ਬਣ ਜਾਂਦੇ। ਮਰ ਚੁੱਕੇ ਇਨ੍ਹਾਂ ਕੈਦੀਆਂ ਨੂੰ ਬਿਨਾਂ ਕਿਸੇ ਕਾਇਦੇ-ਕਾਨੂੰਨ ਦੇ ਹੀ ਸਮੁੰਦਰ ’ਚ ਰੋੜ੍ਹ ਦਿੱਤਾ ਜਾਂਦਾ। ਜਦੋਂ ਕਿ ਮੋਟੀਆਂ ਲੱਕੜਾਂ ਪਹਾੜੀ ਉੱਤੇ ਚੜ੍ਹਾਉਣ ਲਈ ਕੈਦੀਆਂ ਦੇ ਮਗਰ ਰੱਸੇ ਪਾ ਕੇ ਲੱਕੜੀਆਂ ਨੂੰ ਬੰਨ੍ਹ ਦਿੱਤਾ ਜਾਂਦਾ ਸੀ ਤੇ ਪਿੱਛੋਂ ਪਸ਼ੂਆਂ ਵਾਂਗ ਉਨ੍ਹਾਂ ਦੇ ਗਿੱਟਿਆਂ ਉੱਤੇ ਉਦੋਂ ਤੱਕ ਸੋਟੀਆਂ ਮਾਰੀਆਂ ਜਾਂਦੀਆਂ ਜਦੋਂ ਤੱਕ ਉਹ ਲੱਕੜ ਨੂੰ ਖਿੱਚ ਕੇ ਪਹਾੜੀ ਉੱਪਰ ਚੜ੍ਹਾ ਨਹੀਂ ਸਨ ਦਿੰਦੇ। ਇਸ ਦੌਰਾਨ ਜੇਕਰ ਕੋਈ ਕੈਦੀ ਇਸ ਕਾਰਜ ਨੂੰ ਨੇਪਰੇ ਚਾੜ੍ਹਨ ’ਚ ਅਸਮਰੱਥ ਰਹਿੰਦਾ ਜਾਂ ਤਾਂ ਉਸ ਨੂੰ ਵੀ ਬੇਹੋਸ਼ ਹੋ ਜਾਣ ਤੱਕ ਕੁੱਟਿਆ ਜਾਂਦਾ।
ਕਾਲ਼ੇਪਾਣੀ ਦੀ ਉਕਤ ਸੈਲੂਲਰ ਜੇਲ੍ਹ ਨੂੰ ਪੁਖਤਾ ਤੇ ਮਜਬੂਤੀ ਪ੍ਰਦਾਨ ਕਰਨ ਦੇ ਨਾਲ-ਨਾਲ ਬਣਤਰ ਪਖੋਂ ਇਸ ਕਦਰ ਗੋਪਨੀਅਤਾ ਨਾਲ ਭਰਪੂਰ ਬਣਾਇਆ ਗਿਆ ਹੈ ਕਿ ਇਕ ਕੈਦੀ ਦੂਜੇ ਕੈਦੀ ਦੀ ਸ਼ਕਲ ਤੱਕ ਨਹੀਂ ਸੀ ਵੇਖ ਸਕਦਾ। ਕੈਦੀਆਂ ਲਈ ਜੋ ਕਾਲ ਕੋਠੜੀਆਂ ਜਾਂ ਸੈੱਲ ਬਣਾਏ ਗਏ ਹਨ, ਉਨ੍ਹਾਂ ਦੀ ਲੰਬਾਈ 13.5 ਫੁੱਟ ਅਤੇ ਚੌੜਾਈ 7 ਫੁੱਟ ਹੈ ਤੇ ਹਰ ਸੈੱਲ ’ਚ ਦਸ ਫੁੱਟ ਲੰਬਾ ਅਤੇ ਇੱਕ ਫੁੱਟ ਚੌੜਾ ਰੌਸ਼ਨਦਾਨ ਬਣਾਇਆ ਹੋਇਆ ਹੈ। ਇਥੇ ਇੱਕ ਸੈੱਲ ’ਚ ਇਕ ਕੈਦੀ ਨੂੰ ਹੀ ਰੱਖਿਆ ਜਾਂਦਾ ਸੀ ਅਤੇ ਇਸ ਦੇ ਨਾਲ ਹੀ ਸੈੱਲ ’ਚ ਲੋਹੇ ਦਾ ਇਕ ਭਾਰਾ ਕੋਹਲੂ ਤੇ ਇਕ ਚੱਕੀ ਲਗਾਈ ਗਈ ਸੀ। ਕੈਦ ਬਾਮੁਸ਼ਕਤ ਦੌਰਾਨ ਹਰ ਕੈਦੀ ਲਈ ਰੋਜ਼ਾਨਾ 25 ਕਿੱਲੋ ਨਾਰੀਅਲ ਦਾ ਤੇਲ ਕੱਢਣਾ ਜ਼ਰੂਰੀ ਸੀ। ਜਿਹੜਾ ਕੈਦੀ ਕਿਸੇ ਦਿਨ 25 ਕਿੱਲੋ ਤੇਲ ਨਾ ਕੱਢ ਸਕਦਾ, ਉਸ ਨੂੰ ਬੇਤਹਾਸ਼ਾ ਮਾਰਿਆ ਕੁੱਟਿਆ ਜਾਂਦਾ ਸੀ। ਸੈੱਲ ਭਾਵ ਕਾਲ-ਕੋਠੜੀਆਂ ’ਚ ਬਿਜਲੀ ਦੀ ਰੌਸ਼ਨੀ ਦਾ ਕੋਈ ਇੰਤਜ਼ਾਮ ਨਹੀਂ ਸੀ। ਕਾਲ-ਕੋਠੜੀਆਂ ’ਚੋਂ ਕੈਦੀਆਂ ਨੂੰ ਉਦੋਂ ਹੀ ਕੱਢਿਆ ਜਾਂਦਾ ਸੀ, ਜਦੋਂ ਉਨ੍ਹਾਂ ਤੋਂ ਕੋਈ ਕੰਮ ਕਰਵਾਉਣਾ ਹੁੰਦਾ ਸੀ ਜਾਂ ਫਿਰ ਕੈਦੀਆਂ ਨੂੰ ਤਸੀਹੇ ਦੇਣੇ ਹੁੰਦੇ ਸਨ। ਜਦ ਵੀ ਕੋਈ ਕੈਦੀ ਮਾੜੇ ਖਾਣੇ ਜਾਂ ਮਾੜੇ ਜੇਲ੍ਹ ਪ੍ਰਬੰਧ ਬਾਰੇ ਇਤਰਾਜ਼ ਜਾਂ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਇਕ ਖਾਸ ਤਰ੍ਹਾਂ ਦੇ ਸ਼ਿਕੰਜੇ ’ਚ ਕੱਸ ਕੇ ਉਦੋਂ ਤੱਕ ਕੋੜੇ ਮਾਰੇ ਜਾਂਦੇ, ਜਦੋਂ ਤੱਕ ਉਸ ਦੀ ਪਿੱਠ ਦਾ ਮਾਸ ਨਹੀਂ ਸੀ ਉਧੜ ਜਾਂਦਾ।
ਜੇਲ੍ਹ ’ਚ ਹਰ ਇਕ ਕੈਦੀ ਨੂੰ ਸਿਰਫ ਦੋ ਭਾਂਡੇ ਹੀ ਦਿੱਤੇ ਜਾਂਦੇ-ਇਕ ਲੋਹੇ ਦਾ ਤੇ ਇੱਕ ਮਿੱਟੀ ਦਾ। ਲੋਹੇ ਦੇ ਭਾਂਡੇ ’ਚ ਖਾਣਾ ਦਿੱਤਾ ਜਾਂਦਾ, ਜਿਸ ਦੇ ਫਲਸਰੂਪ ਖਾਣਾ ਬਹੁਤ ਜਲਦੀ ਕਾਲਾ ਹੋ ਜਾਣ ਕਰ ਕੇ ਕੋਈ ਵੀ ਕੈਦੀ ਲੋੜ ਅਨੁਸਾਰ ਆਪਣੇ ਲਈ ਖਾਣੇ ਨੂੰ ਬਚਾ ਕੇ ਨਹੀਂ ਸੀ ਰੱਖ ਸਕਦਾ। ਦੂਜਾ ਮਿੱਟੀ ਦਾ ਭਾਂਡਾ ਮਲ-ਮੂਤਰ ਲਈ ਦਿੱਤਾ ਜਾਂਦਾ ਸੀ। ਸਭ ਤੋਂ ਘਿਨਾਉਣੀ ਗੱਲ ਇਹ ਸੀ ਕਿ ਇਹ ਭਾਂਡਾ ਵੀ ਕੈਦੀ ਨੂੰ ਆਪਣੇ ਨਾਲ ਕਾਲ-ਕੋਠੜੀ ’ਚ ਹੀ ਰੱਖਣਾ ਪੈਂਦਾ ਸੀ। ਇਸ ਭਾਂਡੇ ਨੂੰ ਕੈਦੀ ਉਦੋਂ ਹੀ ਸਾਫ਼ ਕਰ ਸਕਦਾ ਸੀ ਜਦੋਂ ਸਰਕਾਰੀ ਹੁਕਮਾਂ ਅਨੁਸਾਰ ਉਸ ਦੀ ਕੋਠੜੀ ਦਾ ਦਰਵਾਜ਼ਾ ਖੁੱਲ੍ਹਦਾ ਸੀ। ਸੈਲੂਲਰ ਜੇਲ੍ਹ ’ਚ ਕੈਦੀਆਂ ਨੂੰ ਪਹਿਨਣ ਲਈ ਪਟਸਨ ਦੀਆਂ ਬੋਰੀਆਂ ਦੇ ਬਣੇ ਕੱਪੜੇ ਹੀ ਦਿੱਤੇ ਜਾਂਦੇ ਸਨ ਤੇ ਨੰਗੇ ਪੈਰੀਂ ਹੀ ਰਹਿਣਾ ਪੈਂਦਾ ਸੀ। ਜੇਲ੍ਹ ’ਚ ਆਮ ਕੱਪੜੇ ਪਹਿਨਣ ਦੀ ਕੈਦੀਆਂ ਨੂੰ ਇਜਾਜ਼ਤ ਨਹੀਂ ਸੀ।
ਦੁਖਦਾਈ ਗੱਲ ਇਹ ਵੀ ਸੀ ਕਿ ਬਿਮਾਰੀ ਦੀ ਹਾਲਤ ’ਚ ਕਿਸੇ ਕੈਦੀ ਦਾ ਕੋਈ ਇਲਾਜ ਨਹੀਂ ਸੀ ਕਰਵਾਇਆ ਜਾਂਦਾ। ਇਥੋਂ ਤੱਕ ਕਿ ਜੇਕਰ ਕੋਈ ਕੈਦੀ ਬਿਮਾਰੀ ਦੀ ਹਾਲਤ ਮਰ ਵੀ ਜਾਂਦਾ ਤਾਂ ਉਸ ਦੀ ਲਾਸ਼ ਨੂੰ ਸਮੁੰਦਰ ਦੇ ਪਾਣੀ ’ਚ ਹੀ ਜਲਪ੍ਰਵਾਹ ਕਰ ਦਿੱਤਾ ਜਾਂਦਾ ਸੀ ।
ਕਾਲ਼ੇਪਾਣੀ ਦੀ ਇਸ ਜੇਲ੍ਹ ’ਚ ਫ਼ਾਂਸੀ ਘਰ ਬਿਲਕੁਲ ਸਮੁੰਦਰ ਦੇ ਕੰਢੇ ਬਣਾਇਆ ਗਿਆ ਸੀ। ਤਿੰਨ-ਤਿੰਨ ਜਣਿਆਂ ਨੂੰ ਇਕੱਠਿਆਂ ਹੀ ਫ਼ਾਂਸੀ ਦਿੱਤੀ ਜਾਂਦੀ ਸੀ। ਲੱਕੜ ਦੀ ਮੋਟੀ ਸ਼ਤੀਰੀ ਨਾਲ ਲਟਕਦੇ ਤਿੰਨ ਮੋਟੇ ਮੋਟੇ ਰੱਸੇ ਅੱਜ ਵੀ ਆਪਣੇ ਇਤਿਹਾਸ ਦੀਆਂ ਗਵਾਹੀਆਂ ਭਰਦੇ ਪ੍ਰਤੀਤ ਹੁੰਦੇ ਹਨ। ਜਿਹਨਾਂ ਨਾਲ ਦੇਸ਼ ਦੇ ਹਜ਼ਾਰਾਂ ਮਹਾਨ ਦੇਸ਼ ਯੋਧਿਆਂ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ ਗਿਆ। ਇਸ ਦੇ ਨਾਲ ਹੀ ਜੇਲ੍ਹ ਦੇ ਵਿਹੜੇ ’ਚ ਉਹ ਸਥਾਨ ਵੀ ਕਾਇਮ ਹੈ, ਜਿਥੇ ਫ਼ਾਂਸੀ ਦੇਣ ਤੋਂ ਪਹਿਲਾਂ ਕੈਦੀਆਂ ਨੂੰ ਆਖ਼ਰੀ ਇਸ਼ਨਾਨ ਕਰਾਇਆ ਜਾਂਦਾ ਸੀ।
ਪੋਰਟ ਬਲੇਅਰ ਨੇੜੇ ਹੀ ਇਕ ਗੁਰਦੁਆਰਾ ਡਾ. ਦੀਵਾਨ ਸਿੰਘ ਦੀਵਾਨ ਸਿੰਘ ਕਾਲ਼ੇਪਾਣੀ ਦੀ ਯਾਦ ’ਚ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਦੀਵਾਨ ਸਿੰਘ ਕਾਲੇਪਾਣੀ ਆਪਣੇ ਸਮੇਂ ਦੇ ਜਿੱਥੇ ਇਕ ਮਹਾਨ ਸਾਹਿਤਕਾਰ ਸਨ ਉਥੇ ਹੀ ਉਹ ਇਕ ਪ੍ਰਸਿੱਧ ਡਾਕਟਰ ਵੀ ਸਨ। ਸਜ਼ਾ ਦੌਰਾਨ ਉਨ੍ਹਾਂ ਦੇ ਨਹੁੰ ਜਮੂਰ ਨਾਲ ਖਿੱਚੇ ਗਏ ਤੇ ਤਰ੍ਹਾਂ-ਤਰ੍ਹਾਂ ਦੇ ਹੋਰ ਤਸੀਹੇ ਦਿੱਤੇ ਗਏ। ਇਸੇ ਦੌਰਾਨ ਡਾਕਟਰ ਦੀਵਾਨ ਸਿੰਘ ਜੀ ਦੀ ਮੌਤ ਹੋ ਗਈ ਸੀ।
ਕਾਲ਼ੇਪਾਣੀ ਦੀ ਇਸ ਸੈਲੂਲਰ ਜੇਲ੍ਹ ’ਚ ਜੇਲ੍ਹਰ ਡੇਵਿਡ ਬੈਰੀਦ ਦੀ ਪੂਰੀ ਤਾਨਾਸ਼ਾਹੀ ਚੱਲਦੀ ਸੀ। ਉਹ ਕੈਦੀਆਂ ’ਤੇ ਜ਼ੁਲਮ ਕਰਦੇ ਸਮੇਂ ਸਾਰੇ ਹੱਦਾਂ ਬੰਨੇ ਟੱਪ ਜਾਂਦਾ ਸੀ। ਕੈਦੀਆਂ ਨੂੰ ਕੋੜੇ ਮਾਰਨੇ ਉਸ ਦਾ ਮਾਮੂਲ ਸੀ ਅਤੇ ਗਾਲ੍ਹਾਂ ਦੇਣੀਆਂ ਉਸਦਾ ਜਿਵੇਂ ਤਕੀਯਾ ਕਲਾਮ ਬਣ ਚੁੱਕਾ ਸੀ। ਜੇਲ੍ਹ ’ਚ ਕੈਦੀਆਂ ਨਾਲ ਅਣਮਨੁੱਖੀ ਵਰਤਾਰਾ ਕੀਤਾ ਜਾਂਦਾ ਸੀ ਤੇ ਮਨੁੱਖੀ ਅਧਿਕਾਰਾਂ ਦਾ ਪੂਰੀ ਤਰ੍ਹਾਂ ਘਾਣ ਹੁੰਦਾ ਸੀ। ਇੱਥੇ ਇਹ ਵੀ ਵਰਨਣਯੋਗ ਹੈ ਕਿ ਆਪਣੀ ਜ਼ਿਦਗੀ ਦੇ ਆਖਰੀ ਦਿਨਾਂ ’ਚ ਜੇਲਰ ਡੇਵਿਡ ਬੇਰੀ ਅਧਰੰਗ ਦਾ ਸ਼ਿਕਾਰ ਹੋ ਗਿਆ ਅਤੇ ਅੰਤ ਸਮੇਂ ਜਦੋਂ ਉਸ ਦੀ ਇੱਛਾ ਆਪਣੇ ਪਰਿਵਾਰ ਨੂੰ ਮਿਲਣ ਦੀ ਹੋਈ ਤਾਂ ਰਾਹ-ਜਾਂਦਿਆਂ ਜਹਾਜ਼ ’ਚ ਹੀ ਉਹ ਆਪਣੇ ਪਰਿਵਾਰ ਨੂੰ ਮਿਲੇ ਬਿਨਾਂ ਹੀ ਮੌਤ ਦਾ ਸ਼ਿਕਾਰ ਹੋ ਗਿਆ। ਯਕੀਨਨ ਇਹ ਵੀ ਕੁਦਰਤ ਦਾ ਇਨਸਾਫ਼ ਹੀ ਸੀ ਕਿ ਕੈਦੀਆਂ ਉੱਪਰ ਜ਼ੁਲਮ ਕਰਨ ਵਾਲਾ ਡੇਵਿਡ ਬੇਰੀ ਵੀ ਆਪਣੇ ਪਰਿਵਾਰ ਨਾਲੋਂ ਉਸੇ ਤਰ੍ਹਾਂ ਵਿਛੜ ਕੇ ਮਰਿਆ, ਜਿਵੇਂ ਉਸ ਨੇ ਦੇਸ਼ ਦੇ ਯੋਧਿਆਂ ਨੂੰ ਕਦੀ ਆਪਣੇ ਪਰਿਵਾਰਾਂ ਨਾਲੋਂ ਵਿਛੋੜਿਆ ਸੀ...।
-ਸੰਪਰਕ : 98552 59650