- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਮੁਖਰਜੀ ਆਪਣੇ ਮਨੁੱਖਤਾਵਾਦੀ ਯਤਨਾਂ ਲਈ ਵੀ ਜਾਣੇ ਜਾਂਦੇ ਹਨ। ਜਦੋਂ 1943 ਵਿਚ ਬੰਗਾਲ ਵਿਚ ਸਭ ਤੋਂ ਭਿਆਨਕ ਕਾਲ ਪਿਆ ਤਾਂ ਡਾ. ਮੁਖਰਜੀ ਨੇ ਖ਼ੁਦ ਨੂੰ ਪੀੜਤਾਂ ਦੀ ਸੇਵਾ ’ਚ ਲਾ ਦਿੱਤਾ। ਉਨ੍ਹਾਂ ਨੇ ਲੋਕਾਂ ਨੂੰ ਖਾਣਾ ਖੁਆਉਣ ਲਈ ਕਈ ਕੰਟੀਨਾਂ ਤੇ ਰਾਹਤ ਕੇਂਦਰ ਖੋਲ੍ਹਣੇ ਯਕੀਨੀ ਬਣਾਏ।

ਛੇ ਜੁਲਾਈ ਰਾਸ਼ਟਰਵਾਦ ਤੇ ਨਿਰਸਵਾਰਥ ਸੇਵਾ ਦੇ ਆਦਰਸ਼ਾਂ ਨੂੰ ਮੰਨਣ ਵਾਲੇ ਅਣਗਿਣਤ ਲੋਕਾਂ ਲਈ ਖ਼ਾਸ ਦਿਨ ਹੈ। ਅੱਜ ਅਸੀਂ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜੈਅੰਤੀ ਮਨਾ ਰਹੇ ਹਾਂ, ਜਿਨ੍ਹਾਂ ਦਾ ਜੀਵਨ ਮਾਂ ਭਾਰਤੀ ਪ੍ਰਤੀ ਹੌਸਲੇ ਅਤੇ ਅਟੁੱਟ ਵਚਨਬੱਧਤਾ ਦੀ ਸਦੀਵੀ ਮਿਸਾਲ ਹੈ। ਆਧੁਨਿਕ ਭਾਰਤ ਵਿਚ ਡਾ. ਮੁਖਰਜੀ ਵਰਗੇ ਬਹੁਤ ਘੱਟ ਨੇਤਾ ਹੋਏ ਹਨ ਜਿਨ੍ਹਾਂ ਦੇ ਜੀਵਨ ਵਿਚ ਬੁੱਧੀ, ਲੋਕ ਸੇਵਾ ਤੇ ਨੈਤਿਕ ਵਿਸ਼ਵਾਸ ਦਾ ਅਜਿਹਾ ਸ਼ਾਨਦਾਰ ਸੁਮੇਲ ਦੇਖਣ ਨੂੰ ਮਿਲਦਾ ਹੈ।
ਸ਼ਿਆਮਾ ਪ੍ਰਸਾਦ ਦਾ ਜਨਮ ਅਜਿਹੇ ਹਾਲਾਤ ਵਿਚ ਹੋਇਆ ਸੀ ਜੋ ਉਨ੍ਹਾਂ ਨੂੰ ਆਸਾਨੀ ਨਾਲ ਸੁਰੱਖਿਅਤ ਤੇ ਆਰਾਮਦਾਇਕ ਜੀਵਨ ਦੇ ਸਕਦੇ ਸਨ। ਉਨ੍ਹਾਂ ਦੇ ਪਿਤਾ, ਸਰ ਆਸ਼ੂਤੋਸ਼ ਮੁਖਰਜੀ ਆਪਣੇ ਵੇਲੇ ਦੇ ਉੱਘੇ ਸਿੱਖਿਆ ਸ਼ਾਸਤਰੀਆਂ ਤੇ ਬੁੱਧੀਜੀਵੀਆਂ ’ਚੋਂ ਇਕ ਸਨ। ਕਿਸਮਤ ਨੇ ਉਨ੍ਹਾਂ ਅੱਗੇ ਸੁੱਖ-ਸਹੂਲਤਾਂ ਵਾਲਾ ਰਸਤਾ ਰੱਖਿਆ ਸੀ ਪਰ ਉਨ੍ਹਾਂ ਦੀ ਜ਼ਮੀਰ ਨੇ ਉਨ੍ਹਾਂ ਨੂੰ ਕੁਰਬਾਨੀ ਤੇ ਦੇਸ਼ ਦੀ ਸੇਵਾ ਦੇ ਰਾਹ ਵੱਲ ਤੋਰਿਆ। ਉਨ੍ਹਾਂ ਦਾ ਪੱਕਾ ਵਿਸ਼ਵਾਸ ਸੀ ਕਿ ਉਹ ਆਪਣੇ ਸਮੇਂ ਦੀਆਂ ਉੱਥਲ-ਪੁਥਲ ਭਰੀਆਂ ਘਟਨਾਵਾਂ ਦੇ ਮੂਕ ਦਰਸ਼ਕ ਨਹੀਂ ਬਣ ਸਕਦੇ, ਭਾਵੇਂ ਉਹ ਬਸਤੀਵਾਦ, ਫ਼ਿਰਕੂਵਾਦ ਜਾਂ ਮਾਨਵਤਾਵਾਦੀ ਚੁਣੌਤੀਆਂ ਖ਼ਿਲਾਫ਼ ਲੜਾਈ ਹੀ ਕਿਉਂ ਨਾ ਹੋਵੇ। ਇਸ ਸਫ਼ਰ ਦੌਰਾਨ ਉਨ੍ਹਾਂ ਨੇ ਬਹੁਤ ਡੂੰਘੇ ਨਿੱਜੀ ਦੁੱਖ ਵੀ ਝੱਲੇ ਜਿਨ੍ਹਾਂ ਵਿਚ ਉਨ੍ਹਾਂ ਦੇ ਛੋਟੇ ਬੱਚੇ ਅਤੇ ਬਾਅਦ ’ਚ ਉਨ੍ਹਾਂ ਦੀ ਪਤਨੀ ਦੀ ਮੌਤ ਸ਼ਾਮਲ ਸੀ ਪਰ ਇਨ੍ਹਾਂ ਦੁੱਖਾਂ ਨੇ ਉਨ੍ਹਾਂ ਦਾ ਇਰਾਦਾ ਹੋਰ ਪੱਕਾ ਕੀਤਾ ਤੇ ਸੇਵਾ ਕਰਨ ਦੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਹੋਰ ਮਜ਼ਬੂਤ ਕੀਤੀ।
ਜੇ ਕੋਈ ਅਜਿਹਾ ਆਦਰਸ਼ ਸੀ ਜਿਸ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਜਨਤਕ ਜੀਵਨ ਨੂੰ ਸਭ ਤੋਂ ਵੱਧ ਪਰਿਭਾਸ਼ਤ ਕੀਤਾ ਤਾਂ ਉਹ ਭਾਰਤ ਦੀ ਅਖੰਡਤਾ ਸੀ। ਦੇਸ਼ ਦੀ ਵੰਡ ਦੀ ਉਥਲ-ਪੁਥਲ ਦੌਰਾਨ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਡਟੇ ਰਹੇ ਕਿ ਪੱਛਮੀ ਬੰਗਾਲ ਭਾਰਤ ਦਾ ਅਨਿੱਖੜਵਾਂ ਅੰਗ ਬਣਿਆ ਰਹੇ। ਕੁਝ ਸਾਲਾਂ ਬਾਅਦ, ਇਹੀ ਵਿਸ਼ਵਾਸ ਉਨ੍ਹਾਂ ਨੂੰ ਜੰਮੂ-ਕਸ਼ਮੀਰ ਲੈ ਗਿਆ। ਜੇਲ੍ਹ ਵੀ ਉਨ੍ਹਾਂ ਨੂੰ ਰੋਕ ਨਹੀਂ ਸਕੀ ਤੇ ਇਕਾਂਤਵਾਸ ਵੀ ਉਨ੍ਹਾਂ ਦਾ ਇਰਾਦਾ ਕਮਜ਼ੋਰ ਨਹੀਂ ਕਰ ਸਕਿਆ। ਨਜ਼ਰਬੰਦੀ ਦੌਰਾਨ ਉਨ੍ਹਾਂ ਦਾ ਜੀਵਨ ਅਚਾਨਕ ਖ਼ਤਮ ਹੋ ਗਿਆ; ਉਹ ਵੀ ਉਨ੍ਹਾਂ ਅਣਗਿਣਤ ਲੋਕਾਂ ਤੋਂ ਬਹੁਤ ਦੂਰ ਜਿਨ੍ਹਾਂ ਦੇ ਹੱਕਾਂ ਦੀ ਲੜਾਈ ਨੂੰ ਉਨ੍ਹਾਂ ਨੇ ਆਪਣੀ ਲੜਾਈ ਬਣਾ ਲਿਆ ਸੀ। ਇਤਿਹਾਸ ’ਚ ਅਜਿਹੇ ਪਲ ਆਉਂਦੇ ਹਨ ਜਦੋਂ ਕਿਸੇ ਵਿਅਕਤੀ ਦੀ ਕੁਰਬਾਨੀ ਰਾਜਨੀਤੀ ਤੋਂ ਉੱਪਰ ਉੱਠ ਕੇ ਰਾਸ਼ਟਰੀ ਯਾਦ ਦਾ ਹਿੱਸਾ ਬਣ ਜਾਂਦੀ ਹੈ। ਡਾ. ਮੁਖਰਜੀ ਦੀ ਆਖ਼ਰੀ ਯਾਤਰਾ ਅਜਿਹਾ ਹੀ ਪਲ ਹੈ। ਅਚਾਰੀਆ ਵਿਨੋਬਾ ਭਾਵੇ ਨੇ ਕਿਹਾ ਸੀ ਕਿ ਡਾ. ਮੁਖਰਜੀ ਨੇ ਉਸ ਉਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ, ਜਿਸ ਵਿਚ ਉਨ੍ਹਾਂ ਦਾ ਅਥਾਹ ਵਿਸ਼ਵਾਸ ਸੀ। ਸਾਲਾਂ ਬਾਅਦ, 2019 ਵਿਚ ਧਾਰਾ 370 ਅਤੇ 35(ਏ) ਨੂੰ ਹਟਾਉਣਾ ਉਨ੍ਹਾਂ ਦੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਸੀ।
ਡਾ. ਮੁਖਰਜੀ ਨੇ ਭਾਰਤ ਤੇ ਭਾਰਤੀ ਕਦਰਾਂ-ਕੀਮਤਾਂ ਨੂੰ ਪਹਿਲ ਦਿੱਤੀ। ਉਨ੍ਹਾਂ ਨੇ ਇਹ ਕੰਮ ਅਜਿਹੀਆਂ ਸੰਸਥਾਵਾਂ ਦੀ ਉਸਾਰੀ ਕਰ ਕੇ ਅਤੇ ਅਜਿਹੇ ਸਿਸਟਮ ਤਿਆਰ ਕਰ ਕੇ ਕੀਤਾ ਜਿਨ੍ਹਾਂ ਨੇ ਉਸ ਸਮੇਂ ਦੀ ਰਵਾਇਤੀ ਸੋਚ ਨੂੰ ਬਦਲ ਕੇ ਰੱਖ ਦਿੱਤਾ। ਉਹ ਕਲਕੱਤਾ ਯੂਨੀਵਰਸਿਟੀ ਦੇ ਸਭ ਤੋਂ ਘੱਟ ਉਮਰ ਦੇ ਵਾਈਸ ਚਾਂਸਲਰ ਬਣੇ। ਆਪਣੇ ਵਿਲੱਖਣ ਅੰਦਾਜ਼ ਵਿਚ ਉਨ੍ਹਾਂ ਨੇ ਅਜਿਹੇ ਸਕਾਰਾਤਮਕ ਬਦਲਾਅ ਲਿਆਂਦੇ ਜੋ ਦੇਸ਼ ਭਗਤੀ ਨਾਲ ਭਰੇ ਅਤੇ ਭਵਿੱਖਮੁਖੀ ਸਨ। ਸਿੱਖਿਆ ਮਾਹਿਰਾਂ ਦੀ ਇਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ. ਮੁਖਰਜੀ ਨੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਕਿਹਾ ਸੀ, “ਵਿੱਦਿਅਕ ਅਦਾਰਿਆਂ ਨੂੰ ਕਲਰਕ ਤੇ ਘੱਟ ਤਨਖ਼ਾਹ ਵਾਲਾ ਸਟਾਫ ਪੈਦਾ ਕਰਨ ਵਾਲੀਆਂ ਫੈਕਟਰੀਆਂ ਵਜੋਂ ਦੇਖਣਾ ਗ਼ਲਤ ਹੈ। ਸਾਨੂੰ ਅਜਿਹੇ ਵਿਦਿਆਰਥੀ ਤਿਆਰ ਕਰਨੇ ਪੈਣਗੇ ਜੋ ਨਗਰ ਨਿਗਮਾਂ, ਸੂਬਾਈ ਅਤੇ ਕੇਂਦਰੀ ਵਿਧਾਨ ਸਭਾਵਾਂ ਵਰਗੀਆਂ ਸਾਡੀਆਂ ਸਵੈ-ਸ਼ਾਸਨ ਵਾਲੀਆਂ ਸੰਸਥਾਵਾਂ ਨੂੰ ਅਗਵਾਈ ਦੇਣ ਦੇ ਸਮਰੱਥ ਹੋਣ ਤੇ ਨਾਲ ਹੀ ਜੀਵਨ ਦੇ ਵੱਖ-ਵੱਖ ਖੇਤਰਾਂ ਜਿਵੇਂ ਕਿ ਵਿੱਤੀ, ਵਪਾਰਕ ਅਤੇ ਉਦਯੋਗਿਕ ਮਾਮਲਿਆਂ ਦਾ ਸੰਚਾਲਨ ਕਰ ਸਕਣ।”
ਉਨ੍ਹਾਂ ਦੀ ਅਗਵਾਈ ਹੇਠ ਕਲਕੱਤਾ ਯੂਨੀਵਰਸਿਟੀ ਨੇ ਲਾਇਬ੍ਰੇਰੀ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਕਰਨ, ਵਿਗਿਆਨ ਦੇ ਖੇਤਰ ਵਿਚ ਖੋਜ ਨੂੰ ਹੁਲਾਰਾ ਦੇਣ, ਪੁਰਾਤਨ ਵਸਤਾਂ ਦੇ ਅਧਿਐਨ ਨੂੰ ਉਤਸ਼ਾਹਤ ਕਰਨ ਅਤੇ ਖੇਤੀਬਾੜੀ ਦੇ ਕੋਰਸ ਸ਼ੁਰੂ ਕਰਨ ਵਰਗੇ ਕਈ ਵਿਲੱਖਣ ਉਪਰਾਲੇ ਕੀਤੇ। ਉਨ੍ਹਾਂ ਨੇ ਖੇਡਾਂ, ਅਧਿਆਪਕਾਂ ਦੀ ਸਿਖਲਾਈ ਅਤੇ ਵਿਦਿਆਰਥੀਆਂ ਦੀ ਭਲਾਈ ਵਰਗੇ ਖੇਤਰਾਂ ਵੱਲ ਵੀ ਧਿਆਨ ਖਿੱਚਿਆ। ਵਿਦਿਆਰਥੀਆਂ ਤੇ ਸਾਬਕਾ ਵਿਦਿਆਰਥੀਆਂ ਵਿਚ ਮਾਣ ਦੀ ਭਾਵਨਾ ਪੈਦਾ ਕਰਨ ਲਈ ਉਨ੍ਹਾਂ ਨੇ 24 ਜਨਵਰੀ ਨੂੰ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਵਜੋਂ ਮਨਾਉਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਗੁਰੂਦੇਵ ਟੈਗੋਰ ਨੂੰ ਯੂਨੀਵਰਸਿਟੀ ਲਈ ਗੀਤ ਲਿਖਣ ਦੀ ਬੇਨਤੀ ਵੀ ਕੀਤੀ।
ਇਸ ਜਜ਼ਬੇ ਦੀ ਇਕ ਹੋਰ ਮਿਸਾਲ ਉਨ੍ਹਾਂ ਦੇ ਜੀਵਨ ਦੇ ਅਗਲੇ ਪੜਾਅ ਵਿਚ ਦੇਖਣ ਨੂੰ ਮਿਲਦੀ ਹੈ ਜਦੋਂ ਉਨ੍ਹਾਂ ਨੇ ਭਾਰਤੀ ਜਨ ਸੰਘ ਬਣਾਉਣ ਦਾ ਫ਼ੈਸਲਾ ਕੀਤਾ। ਅਜਿਹੇ ਸਮੇਂ ਜਦੋਂ ਕਾਂਗਰਸ ਪਾਰਟੀ ਦਾ ਹਰ ਪਾਸੇ ਬੋਲਬਾਲਾ ਸੀ, ਉਨ੍ਹਾਂ ਨੇ ਮਹਿਸੂਸ ਕੀਤਾ ਕਿ ਸਾਡੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੁੜੇ ਰਹਿੰਦਿਆਂ ਭਾਰਤ ਦੀ ਤਰੱਕੀ ਦੀ ਗੱਲ ਕਰਨ ਲਈ ਬਦਲਵੀਂ ਆਵਾਜ਼ ਦਾ ਹੋਣਾ ਬਹੁਤ ਜ਼ਰੂਰੀ ਹੈ। ਪਾਰਟੀ ਦਾ ਚੋਣ ਨਿਸ਼ਾਨ ‘ਦੀਵਾ’, ਭਾਵ ਮਿੱਟੀ ਦਾ ਦੀਵਾ ਸ਼ਾਇਦ ਬਿਲਕੁਲ ਢੁੱਕਵਾਂ ਸੀ। ਇਕੱਲਾ ਦੀਵਾ ਭਾਵੇਂ ਛੋਟਾ ਲੱਗਦਾ ਹੋਵੇ, ਪਰ ਉਸ ਵਿਚ ਆਪਣੇ ਆਲੇ-ਦੁਆਲੇ ਤੋਂ ਕਿਤੇ ਦੂਰ ਤੱਕ ਹਨੇਰਾ ਦੂਰ ਕਰਨ ਦੀ ਤਾਕਤ ਹੁੰਦੀ ਹੈ। ਜਨ ਸੰਘ ਨੇ ਆਪਣੇ ਸਰਗਰਮ ਸਾਲਾਂ ਦੌਰਾਨ ਤੇ ਉਸ ਤੋਂ ਬਾਅਦ ਵੀ ਬਿਲਕੁਲ ਇਹੀ ਕੰਮ ਕੀਤਾ।
ਭਾਰਤ ਦੇ ਪਹਿਲੇ ਉਦਯੋਗ ਤੇ ਸਪਲਾਈ ਮੰਤਰੀ ਵਜੋਂ ਡਾ. ਮੁਖਰਜੀ ਦਾ ਕਾਰਜਕਾਲ ਅਜਿਹੇ ਨੇਤਾ ਨੂੰ ਦਰਸਾਉਂਦਾ ਹੈ, ਜਿਨ੍ਹਾਂ ਦੀ ਵਿਕਾਸ ਦੀ ਸੋਚ ਬਹੁਤ ਹੀ ਵਿਆਪਕ ਤੇ ਮਨੁੱਖਤਾਵਾਦੀ ਸੀ। ਉਹ ਉਦਯੋਗ ਨੂੰ ਨਵੇਂ ਆਜ਼ਾਦ ਹੋਏ ਦੇਸ਼ ਲਈ ਸਵੈ-ਮਾਣ, ਮੌਕੇ ਅਤੇ ਵਿਸ਼ਵਾਸ ਬਹਾਲ ਕਰਨ ਦੇ ਸਾਧਨ ਵਜੋਂ ਦੇਖਦੇ ਸਨ। ਉਨ੍ਹਾਂ ਨੇ ਦੌਲਤ ਦੀ ਸਿਰਜਣਾ ਤੇ ਉਤਪਾਦਾਂ ਦੇ ਮੁੱਲ ਵਾਧੇ (ਵੈਲਿਊ ਐਡੀਸ਼ਨ) ਦਾ ਸਤਿਕਾਰ ਕੀਤਾ। ਦਾਮੋਦਰ ਵੈਲੀ ਕਾਰਪੋਰੇਸ਼ਨ, ਸਿੰਦਰੀ ਖਾਦ ਪਲਾਂਟ ਤੇ ਮਜ਼ਬੂਤ ਉਦਯੋਗਿਕ ਨੀਤੀ ਵਰਗੀਆਂ ਸ਼ਾਨਦਾਰ ਪਹਿਲਕਦਮੀਆਂ ਰਾਹੀਂ ਆਧੁਨਿਕ ਉਦਯੋਗਿਕ ਭਾਰਤ ਦੀ ਨੀਂਹ ਰੱਖਣ ਦੇ ਨਾਲ-ਨਾਲ ਉਨ੍ਹਾਂ ਨੇ ਇਹ ਵੀ ਯਕੀਨੀ ਬਣਾਇਆ ਕਿ ਭਾਰਤ ਦੀਆਂ ਰਵਾਇਤੀ ਤਾਕਤਾਂ ਨੂੰ ਅਣਗੌਲਿਆ ਨਾ ਕੀਤਾ ਜਾਵੇ। ਹੱਥ-ਖੱਡੀਆਂ, ਘਰੇਲੂ ਉਦਯੋਗਾਂ, ਕਾਰੀਗਰਾਂ ਅਤੇ ਟੈਕਸਟਾਈਲ ਵਰਕਰਾਂ ਨੂੰ ਉਨ੍ਹਾਂ ਵਿਚ ਬਰਾਬਰ ਦਾ ਵਚਨਬੱਧ ਹਮਾਇਤੀ ਮਿਲਿਆ।
ਇੱਥੇ, ਮੈਂ ਇਕ ਨਿੱਜੀ ਤਜਰਬਾ ਸਾਂਝਾ ਕਰਨਾ ਚਾਹਾਂਗਾ। ਸਿੰਦਰੀ ਪਲਾਂਟ, ਜਿਸ ਨੂੰ ਡਾ. ਮੁਖਰਜੀ ਨੇ ਆਤਮ-ਨਿਰਭਰਤਾ ਦੀ ਸਪਸ਼ਟ ਸੋਚ ਨਾਲ ਸਥਾਪਤ ਕਰਨ ਲਈ ਕੰਮ ਕੀਤਾ ਸੀ, ਨੂੰ ਕਈ ਦਹਾਕਿਆਂ ਤੱਕ ਦੇਸ਼ ਚਲਾਉਣ ਵਾਲਿਆਂ ਵੱਲੋਂ ਅਣਡਿੱਠ ਕੀਤਾ ਗਿਆ। ਮੈਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੀ ਸਰਕਾਰ ਨੂੰ ਇਸ ਦੀ ਮੁੜ ਸੁਰਜੀਤੀ ਵਿਚ ਯੋਗਦਾਨ ਪਾਉਣ ਦਾ ਮੌਕਾ ਮਿਲਿਆ। ਉਸ ਪ੍ਰੋਗਰਾਮ ਵਿਚ ਸ਼ਾਮਲ ਹੋਣਾ ਵਾਕਈ ਸਭ ਤੋਂ ਖ਼ਾਸ ਪਲਾਂ ਵਿੱਚੋਂ ਇਕ ਸੀ।
ਭਾਰਤ ਦੀ ਸੱਭਿਅਕ ਪਰੰਪਰਾ ਵਿਚ ਹਮੇਸ਼ਾ ਸੰਵਾਦ ਤੇ ਵਿਚਾਰ-ਵਟਾਂਦਰੇ ਦਾ ਸਤਿਕਾਰ ਕੀਤਾ ਗਿਆ ਹੈ। ਡਾ. ਮੁਖਰਜੀ ਨੇ ਇਹ ਲੋਕਤੰਤਰੀ ਭਾਵਨਾ ਅਪਣਾਈ। ਉਹ ਪੰਡਿਤ ਨਹਿਰੂ ਦੀ ਕੈਬਨਿਟ ਵਿਚ ਇਹ ਮੰਨਦਿਆਂ ਸ਼ਾਮਲ ਹੋਏ ਕਿ ਸ਼ੁਰੂਆਤੀ ਸਾਲਾਂ ਵਿਚ ਰਾਸ਼ਟਰ ਨਿਰਮਾਣ ਦਾ ਕੰਮ ਸਿਆਸੀ ਮਤਭੇਦਾਂ ਤੋਂ ਉੱਪਰ ਹੈ। ਉਨ੍ਹਾਂ ਨੇ ਪੂਰੀ ਇਮਾਨਦਾਰੀ ਅਤੇ ਉਸਾਰੂ ਭਾਵਨਾ ਨਾਲ ਸੇਵਾ ਕੀਤੀ। ਜਦੋਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਰਾਸ਼ਟਰੀ ਮਹੱਤਵ ਦੇ ਮੁੱਦਿਆਂ ਲਈ ਵੱਖਰੇ ਰਸਤੇ ਦੀ ਲੋੜ ਹੈ ਤਾਂ ਉਨ੍ਹਾਂ ਨੇ ਪੂਰੇ ਮਾਣ-ਸਤਿਕਾਰ ਨਾਲ ਆਪਣਾ ਅਹੁਦਾ ਛੱਡ ਦਿੱਤਾ ਤੇ ਖ਼ੁਦ ਨੂੰ ਪੂਰੇ ਦਿਲ ਨਾਲ ਉਸ ਸਿਆਸੀ ਕੰਮ ਲਈ ਸਮਰਪਿਤ ਕਰ ਦਿੱਤਾ ਜਿਸ ਦੀ ਉਨ੍ਹਾਂ ਮੁਤਾਬਕ ਦੇਸ਼ ਨੂੰ ਲੋੜ ਸੀ।
75 ਸਾਲ ਪਹਿਲਾਂ, ਪੰਡਿਤ ਨਹਿਰੂ ਪਹਿਲੀ ਸੋਧ ਲੈ ਕੇ ਆਏ ਜੋ ਪ੍ਰਗਟਾਵੇ ਦੀ ਆਜ਼ਾਦੀ ’ਤੇ ਸਿੱਧਾ ਹਮਲਾ ਸੀ। ਡਾ. ਮੁਖਰਜੀ ਇਸ ਦੇ ਸਭ ਤੋਂ ਵੱਡੇ ਆਲੋਚਕਾਂ ਵਿੱਚੋਂ ਇਕ ਸਨ। ਉਹ ਪੂਰੀ ਤਰ੍ਹਾਂ ਸਮਝਦੇ ਸਨ ਕਿ ਕਾਂਗਰਸ ਕੀ ਕੁਝ ਕਰ ਸਕਦੀ ਹੈ ਅਤੇ ਉਨ੍ਹਾਂ ਦੀ ਗੱਲ ਸੱਚ ਸਾਬਿਤ ਹੋਈ। ਜਿਨ੍ਹਾਂ ਨੇ 75 ਸਾਲ ਪਹਿਲਾਂ ਪਹਿਲੀ ਸੋਧ ਲਿਆਂਦੀ ਸੀ, ਉਨ੍ਹਾਂ ਨੇ ਹੀ 1975 ਵਿਚ ਐਮਰਜੈਂਸੀ ਲਾਈ ਤੇ 50 ਸਾਲ ਪਹਿਲਾਂ 42ਵਾਂ ਸੋਧ ਐਕਟ ਲਿਆਂਦਾ, ਜਿਸ ਨੇ ਮੁੜ ਉਦਾਰਵਾਦੀ ਲੋਕਤੰਤਰੀ ਕਦਰਾਂ-ਕੀਮਤਾਂ ਦੀ ਬੁਨਿਆਦ ’ਤੇ ਸੱਟ ਮਾਰੀ।
ਡਾ. ਮੁਖਰਜੀ ਆਪਣੇ ਮਨੁੱਖਤਾਵਾਦੀ ਯਤਨਾਂ ਲਈ ਵੀ ਜਾਣੇ ਜਾਂਦੇ ਹਨ। ਜਦੋਂ 1943 ਵਿਚ ਬੰਗਾਲ ਵਿਚ ਸਭ ਤੋਂ ਭਿਆਨਕ ਕਾਲ ਪਿਆ ਤਾਂ ਡਾ. ਮੁਖਰਜੀ ਨੇ ਖ਼ੁਦ ਨੂੰ ਪੀੜਤਾਂ ਦੀ ਸੇਵਾ ’ਚ ਲਾ ਦਿੱਤਾ। ਉਨ੍ਹਾਂ ਨੇ ਲੋਕਾਂ ਨੂੰ ਖਾਣਾ ਖੁਆਉਣ ਲਈ ਕਈ ਕੰਟੀਨਾਂ ਤੇ ਰਾਹਤ ਕੇਂਦਰ ਖੋਲ੍ਹਣੇ ਯਕੀਨੀ ਬਣਾਏ। ਇਕ ਪਾਸੇ, ਉਹ ਆਪਣੇ ਲੋਕਾਂ ਦੀ ਦੁਰਦਸ਼ਾ ਦੇਖ ਕੇ ਡੂੰਘੇ ਸਦਮੇ ਵਿਚ ਸਨ, ਦੂਜੇ ਪਾਸੇ ਉਹ ਬਸਤੀਵਾਦੀ ਹਾਕਮਾਂ ਦੀ ਬੇਰੁਖ਼ੀ ਤੋਂ ਬੇਹੱਦ ਨਾਰਾਜ਼ ਸਨ। ਉਨ੍ਹਾਂ ਨੇ ‘ਪੰਚਾਸ਼ੇਰ ਮਨਵੰਤਰ’ ਨਾਮ ਦੀ ਕਿਤਾਬ ਵੀ ਲਿਖੀ ਜਿਸ ’ਚ ਉਨ੍ਹਾਂ ਆਪਣਾ ਗੁੱਸਾ ਅਤੇ ਦੁੱਖ ਸਾਂਝਾ ਕੀਤਾ। ਜਦੋਂ 1942 ’ਚ ਮੇਦਿਨੀਪੁਰ ਵਿਚ ਭਿਆਨਕ ਤੂਫ਼ਾਨ ਆਇਆ ਤਾਂ ਹਾਲਾਤ ਆਮ ਵਾਂਗ ਕਰਨ ਲਈ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਗਈ।
ਕੋਲਕਾਤਾ ਦੇ ਇਕ ਕਾਲਜ ਵਿਚ ਸੰਬੋਧਨ ਕਰਦਿਆਂ ਡਾ. ਮੁਖਰਜੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਸੀ, “ਤੁਸੀਂ ਜੋ ਵੀ ਕੰਮ ਕਰੋ, ਉਸ ਨੂੰ ਗੰਭੀਰਤਾ ਨਾਲ, ਪੂਰੀ ਲਗਨ ਅਤੇ ਵਧੀਆ ਢੰਗ ਨਾਲ ਕਰੋ; ਇਸ ਨੂੰ ਕਦੇ ਵੀ ਅੱਧ-ਵਿਚਾਲੇ ਜਾਂ ਅਧੂਰਾ ਨਾ ਛੱਡੋ, ਉਦੋਂ ਤੱਕ ਕਦੇ ਵੀ ਆਪਣੇ ਆਪ ਨੂੰ ਸੰਤੁਸ਼ਟ ਨਾ ਸਮਝੋ ਜਦੋਂ ਤੱਕ ਤੁਸੀਂ ਪੂਰੀ ਵਾਹ ਨਹੀਂ ਲਾ ਦਿੰਦੇ।” ਜਿਵੇਂ-ਜਿਵੇਂ ਭਾਰਤ ‘ਵਿਕਸਤ ਭਾਰਤ’ ਦੇ ਟੀਚੇ ਵੱਲ ਵਧ ਰਿਹਾ ਹੈ, ਉਨ੍ਹਾਂ ਨੂੰ ਸਾਡੀ ਸਭ ਤੋਂ ਵੱਡੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਹਰ ਰੋਜ਼ ਉਹ ਮਜ਼ਬੂਤ, ਇਕਜੁੱਟ, ਆਤਮ-ਵਿਸ਼ਵਾਸੀ ਅਤੇ ਸੰਵੇਦਨਸ਼ੀਲ ਭਾਰਤ ਉਸਾਰਨ ਦੀ ਕੋਸ਼ਿਸ਼ ਕਰੀਏ ਜਿਸ ’ਚ ਉਨ੍ਹਾਂ ਦਾ ਅਟੁੱਟ ਵਿਸ਼ਵਾਸ ਸੀ। ਅੱਜ ਦੇ ਨੌਜਵਾਨ ਵਰਗ ਦੇਖਦਿਆਂ, ਮੈਨੂੰ ਪੂਰਾ ਯਕੀਨ ਹੈ ਕਿ ਉਹ ਇਸ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਉਣਗੇ ਤੇ ਬਿਲਕੁਲ ਅਜਿਹਾ ਹੀ ਕਰਨਗੇ।
-ਨਰਿੰਦਰ ਮੋਦੀ
-(ਲੇਖਕ ਭਾਰਤ ਦੇ ਪ੍ਰਧਾਨ ਮੰਤਰੀ ਹਨ)।