- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਗਤ ਪੂਰਨ ਸਿੰਘ ਨੇ ਇਕ ਰਾਤ ਗੁਰਦੁਆਰਾ ਰੇਰੂ ਸਾਹਿਬ ਦੇ ਗੁਰਦੁਆਰੇ ’ਚ ਕੱਟੀ। ਇਸ ਰਾਤ ਨੇ ਭਗਤ ਪੂਰਨ ਸਿੰਘ ਦੀ ਕਾਇਆ ਕਲਪ ਕਰ ਦਿੱਤੀ। ਗੱਲ ਸੋਨੇ ’ਤੇ ਸੁਹਾਗੇ ਵਾਲੀ ਬਣੀ। ਉਹਨਾਂ ਇਸ ਰਾਤ ਗੁਰਦੁਆਰਾ ਸਾਹਿਬ ’ਚੋਂ ਲੰਗਰ-ਪ੍ਰਸ਼ਾਦਾ ਛਕਿਆ ਅਤੇ ਸਵੇਰੇ ਮਨੋਹਰ ਕੀਰਤਨ ਸੁਣਿਆ। ਭਗਤ ਜੀ ਗੁਰਦੁਆਰਾ ਸਾਹਿਬ ਦੀ ਵਿਵਸਥਾ ਅਤੇ ਗੁਰਬਾਣੀ ਤੋਂ ਬਹੁਤ ਪ੍ਰਭਾਵਿਤ ਹੋਏ।

ਭਗਤ ਪੂਰਨ ਸਿੰਘ ਜੀ ਦਾ ਸਮੁੱਚਾ ਜੀਵਨ ਨਿਆਸਰਿਆਂ ਅਪਾਹਜਾਂ, ਰੋਗੀਆਂ, ਗ਼ਰੀਬਾਂ ਅਤੇ ਦੀਨ-ਦੁਖੀਆਂ ਨੂੰ ਸਮਰਪਿਤ ਸੀ। ਭਗਤ ਪੂਰਨ ਸਿੰਘ ਨਿਸ਼ਕਾਮ ਸਮਾਜ ਸੇਵੀ, ਵਾਤਾਵਰਨ ਪ੍ਰੇਮੀ ਹੋਣ ਤੋਂ ਇਲਾਵਾ ਉੱਘੇ ਲੇਖਕ ਵੀ ਸਨ। ਪੰਜਾਬੀ, ਹਿੰਦੀ, ਅੰਗਰੇਜ਼ੀ ’ਚ ਅਣਗਿਣਤ ਟਰੈਕਟ, ਪੁਸਤਕਾਂ, ਇਸ਼ਤਿਹਾਰ ਛਾਪ ਕੇ ਉਹ ਸਮਾਜ ’ਚ ਮੁਫ਼ਤ ਵੰਡਦੇ ਸਨ। ਇਹਨਾਂ ਦੇ ਵਿਸ਼ੇ ਵੱਧਦੀ ਆਬਾਦੀ, ਨਸ਼ਿਆਂ ਦੀ ਲਾਹਨਤ, ਰੁੱਖਾਂ ਦੀ ਅੰਨ੍ਹੇਵਾਹ ਕਟਾਈ, ਵਾਤਾਵਰਨ ਪ੍ਰਦੂਸ਼ਣ, ਸਿਗਰਟਨੋਸ਼ੀ, ਸਮਾਜ ’ਚ ਪਸਰੀਆਂ ਅਨੇਕਾਂ ਹੋਰ ਵਿਸੰਗਤੀਆਂ ਤੋਂ ਪਾਠਕ ਵਰਗ ਨੂੰ ਸੁਚੇਤ ਕਰਨਾ ਅਤੇ ਲੋਕਾਂ ਨੂੰ ਗੁਰਮਤਿ ਦੇ ਮਾਰਗ ਤੋਂ ਜਾਣੂ ਕਰਵਾਉਣਾ ਹੁੰਦਾ ਸੀ। ਪਿੰਗਲਵਾੜਾ ਅੰਮ੍ਰਿਤਸਰ ਦੇ ਬਾਨੀ ਭਗਤ ਪੂਰਨ ਸਿੰਘ ਦਾ ਜਨਮ 4 ਜੂਨ, 1904 ਨੂੰ ਪਿੰਡ ਰਾਜੇਵਾਲ, ਤਹਿਸੀਲ ਖੰਨਾ, ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਸ਼ਿੱਬੂ ਮੱਲ ਅਤੇ ਮਾਤਾ ਦਾ ਨਾਂ ਮਹਿਤਾਬ ਕੌਰ ਸੀ। ਸ਼ੁਰੂ ’ਚ ਘਰਦਿਆਂ ਨੇ ਉਨ੍ਹਾਂ ਦਾ ਨਾਂ ਰਾਮ ਜੀ ਦਾਸ ਰੱਖਿਆ ਪਰ ਜਗਤ ’ਚ ਉਹ ਭਗਤ ਪੂਰਨ ਸਿੰਘ ਵਜੋਂ ਪ੍ਰਸਿੱਧ ਹੋਏ। ਭਗਤ ਜੀ ਦੀ ਮਾਤਾ ਨੇ ਉਹਨਾਂ ਨੂੰ ਗੁਰੂਆਂ, ਪੀਰਾਂ ਤੇ ਅਵਤਾਰਾਂ ਦੀਆਂ ਪ੍ਰੇਰਨਾਮਈ ਕਹਾਣੀਆਂ ਸੁਣਾ-ਸੁਣਾ ਕੇ ਸਮਾਜ ਸੇਵਾ ਦੀ ਅਜਿਹੀ ਚੇਟਕ ਲਾਈ ਕਿ ਭਗਤ ਜੀ ਨੇ ਮੁੜ ਪਿੱਛੇ ਮੁੜ ਕੇ ਨਹੀਂ ਵੇਖਿਆ। ਭਗਤ ਪੂਰਨ ਸਿੰਘ ਨੇ ਇਕ ਰਾਤ ਗੁਰਦੁਆਰਾ ਰੇਰੂ ਸਾਹਿਬ ਦੇ ਗੁਰਦੁਆਰੇ ’ਚ ਕੱਟੀ। ਇਸ ਰਾਤ ਨੇ ਭਗਤ ਪੂਰਨ ਸਿੰਘ ਦੀ ਕਾਇਆ ਕਲਪ ਕਰ ਦਿੱਤੀ। ਗੱਲ ਸੋਨੇ ’ਤੇ ਸੁਹਾਗੇ ਵਾਲੀ ਬਣੀ। ਉਹਨਾਂ ਇਸ ਰਾਤ ਗੁਰਦੁਆਰਾ ਸਾਹਿਬ ’ਚੋਂ ਲੰਗਰ-ਪ੍ਰਸ਼ਾਦਾ ਛਕਿਆ ਅਤੇ ਸਵੇਰੇ ਮਨੋਹਰ ਕੀਰਤਨ ਸੁਣਿਆ। ਭਗਤ ਜੀ ਗੁਰਦੁਆਰਾ ਸਾਹਿਬ ਦੀ ਵਿਵਸਥਾ ਅਤੇ ਗੁਰਬਾਣੀ ਤੋਂ ਬਹੁਤ ਪ੍ਰਭਾਵਿਤ ਹੋਏ। ਦਸਵੀਂ ਦਾ ਇਮਤਿਹਾਨ ਦੇਣ ਪਿੱਛੋਂ ਭਗਤ ਪੂਰਨ ਸਿੰਘ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ ਰਹਿਣ ਲੱਗ ਪਏ। ਇੱਥੇ ਰਹਿ ਕੇ ਗੁਰੂ ਘਰ ਦੀ ਅਥਾਹ ਸੇਵਾ ਕਰਨ ਲੱਗੇ। ਇੱਥੇ ਰਹਿਣ ਸਮੇਂ ਸ਼ਹਿਰ ਦੀਆਂ ਸਿਰਕੱਢ ਲਾਇਬ੍ਰੇਰੀਆਂ ’ਚ ਜਾ ਕੇ ਉਹ ਮਾਸਿਕ ਪੱਤਰ, ਅਖ਼ਬਾਰਾਂ ਅਤੇ ਪੁਸਤਕਾਂ ਪੜ੍ਹਦੇ ਰਹਿੰਦੇ, ਜਿਸ ਨਾਲ ਉਹਨਾਂ ਦੀ ਜਾਣਕਾਰੀ ’ਚ ਅਥਾਹ ਵਾਧਾ ਹੋਇਆ । 1927 ’ਚ ਮਹਾਤਮਾ ਗਾਂਧੀ ਜੀ ਵੱਲੋਂ ਕੱਢੇ ਜਾਂਦੇ ‘ਯੰਗ ਇੰਡੀਆ’ ਰਾਹੀਂ ਭਗਤ ਪੂਰਨ ਸਿੰਘ ਨੂੰ ਘਰੇਲੂ ਦਸਤਕਾਰੀ ਅਤੇ ਦੇਸ਼ ਦੀ ਆਰਥਿਕਤਾ ਦੀ ਹੋ ਰਹੀ ਤਬਾਹੀ ਦਾ ਗਿਆਨ ਹਾਸਿਲ ਹੋਇਆ। ਉਹ ਬਹੁਤ ਪ੍ਰਭਾਵਿਤ ਹੋਏ। ਉਹਨਾਂ ਨੇ ਖੱਡੀ ਦਾ ਤਿਆਰ ਖੱਦਰ ਪਹਿਨਣਾ ਸ਼ੁਰੂ ਕਰ ਦਿੱਤਾ। 1934 ’ਚ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਡੇਹਰਾ ਸਾਹਿਬ ਵਿਖੇ ਕੋਈ ਚਾਰ ਕੁ ਸਾਲ ਦਾ ਅਪਾਹਜ ਬੱਚਾ ਛੱਡ ਗਿਆ। ਭਗਤ ਜੀ ਨੇ ਇਸ ਲਾਵਾਰਿਸ ਬੱਚੇ ਨੂੰ ਆਪਣੀ ਸੰਭਾਲ ’ਚ ਲੈ ਕੇ ਬੜੇ ਪਿਆਰ ਨਾਲ ਉਸ ਦਾ ਪਾਲਣ ਪੋਸ਼ਣਾ ਕੀਤਾ ਅਤੇ ਉਸ ਦਾ ਨਾਂ ਪਿਆਰਾ ਸਿੰਘ ਰੱਖਿਆ। ਭਗਤ ਪੂਰਨ ਸਿੰਘ ਉਸ ਲੂਲੇ ਬੱਚੇ ਨੂੰ ਪਿੱਠ ’ਤੇ ਚੁੱਕੀ ਫਿਰਦੇ ਰਹੇ ਅਤੇ ਇਸੇ ਤਰ੍ਹਾਂ 18 ਅਗਸਤ ,1947 ਨੂੰ ਪਿਆਰਾ ਸਿੰਘ ਨੂੰ ਨਾਲ ਲੈ ਕੇ ਉਹ ਅੰਮ੍ਰਿਤਸਰ ਦੇ ਸ਼ਰਨਾਰਥੀ ਕੈਂਪ ’ਚ ਪੁੱਜ ਗਏ। ਸ਼ਰਨਾਰਥੀ ਕੈਂਪ ਖ਼ਤਮ ਹੋਣ ’ਤੇ ਭਗਤ ਪੂਰਨ ਸਿੰਘ ਨੇ ਕੁਝ ਸਮਾਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ’ਤੇ ਗੁਜ਼ਾਰਿਆ। ਬਾਅਦ ’ਚ ਉਹ ਗੁਰੂ ਤੇਗ ਬਹਾਦਰ ਹਸਪਤਾਲ ਵਾਲੀ ਥਾਂ ਦੇ ਬਾਹਰਵਾਰ ਇਕ ਬੋਹੜ ਥੱਲੇ ਝੁਗੀਆਂ ਪਾ ਕੇ ਰਾਤ-ਦਿਨ ਕੱਟਦੇ ਰਹੇ। ਇਸ ਸਮੇਂ ਤੱਕ ਉਹਨਾਂ ਦੀ ਨਿਗਰਾਨੀ ਹੇਠ 25-30 ਮਰੀਜ਼ ਇਕੱਠੇ ਹੋ ਚੁੱਕੇ ਸਨ, ਜਿਨਾਂ ਦੀ ਉਹ ਸੇਵਾ-ਸੰਭਾਲ ਕਰਦੇ। ਭਗਤ ਪੂਰਨ ਸਿੰਘ ਜੀ ਨੇ 6 ਮਾਰਚ, 1957 ਨੂੰ ਆਲ ਇੰਡੀਆ ਪਿੰਗਲਵਾੜਾ ਸੋਸਾਇਟੀ ਰਜਿਸਟਰਡ ਕਰਵਾਈ। ਭਗਤ ਪੂਰਨ ਸਿੰਘ ਜੀ ਨੇ 1958 ’ਚ ਤਹਸੀਲਪੁਰਾ ਜੀਟੀ ਰੋਡ ਅੰਮ੍ਰਿਤਸਰ (ਨੇੜੇ ਬੱਸ ਸਟੈਂਡ) ਵਿਖੇ ਪਿੰਗਲਵਾੜਾ ਸ਼ੁਰੂ ਕੀਤਾ, ਜੋ ਕਿ ਹੁਣ ਇਕ ਵਿਸ਼ਾਲ ਸੰਸਥਾ ਦਾ ਰੂਪ ਧਾਰਨ ਕਰ ਚੁੱਕਿਆ ਹੈ ਅਤੇ ਉਸਦੀਆਂ ਪੰਜਾਬ ’ਚ ਕਈ ਬ੍ਰਾਂਚਾਂ ਬਣੀਆਂ ਹੋਈਆਂ ਹਨ। ਭਗਤ ਜੀ ਨੇ ਇਸ ਸੰਸਥਾ ’ਚ ਨਿਤਾਣੇ, ਨਿਆਸਰੇ ਰੋਗੀਆਂ ਨੂੰ ਦਾਖਲ ਕੀਤਾ। ਭਗਤ ਜੀ ਨੂੰ ਸਿੱਖ ਪੰਥ ਦੇ ਗੁਰਦੁਆਰਿਆਂ ਦੀਆਂ ਰੱਬੀ ਬਰਕਤਾਂ ਤੇ ਅਥਾਹ ਵਿਸ਼ਵਾਸ ਸੀ। ਭਗਤ ਜੀ ਹਰ ਵੇਲੇ ਅਕਾਲ ਪੁਰਖ ਦੇ ਸ਼ੁਕਰਾਨੇ ’ਚ ਰਹਿੰਦੇ ਸਨ ਅਤੇ ਸਮਝਦੇ ਸਨ ਕਿ ਗੁਰੂ ਮਹਾਰਾਜ ਦੀ ਅਥਾਹ ਕਿਰਪਾ ਬਗੈਰ ਉਹ ਪਿੰਗਲਵਾੜੇ ਜਿਹੀ ਮਹਾਨ ਸੰਸਥਾ ਦੀ ਸ਼ੁਰੂਆਤ ਕਰ ਕੇ ਇਸ ਨੂੰ ਚਲਾਉਣ ਤੋਂ ਅਸਮਰਥ ਰਹਿੰਦੇ। ਭਗਤ ਜੀ ਦੀ ਸਮਾਜ ਸੇਵਾ ਨੂੰ ਮੁੱਖ ਰੱਖਦਿਆਂ ਹੋਇਆਂ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ 1981 ’ਚ ‘ਪਦਮ ਸ਼੍ਰੀ’ ਦੇ ਸਨਮਾਨ ਨਾਲ ਨਿਵਾਜਿਆ ਗਿਆ। ਉਹਨਾਂ ਨੂੰ 1991 ’ਚ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਲੁਧਿਆਣਾ ਵੱਲੋਂ ਭਾਈ ਘਨੱਈਆ ਅਵਾਰਡ, ਬੀਡੀ ਮੁਕੰਦ ਫਾਊਂਡੇਸ਼ਨ ਵੱਲੋਂ 1991 ’ਚ ਲੋਕ ਰਤਨ ਅਵਾਰਡ, 1991-92 ’ਚ ਭਾਰਤ ਸਰਕਾਰ ਵੱਲੋਂ ਕੌਮੀ ਸਦਭਾਵਨਾ ਅਵਾਰਡ ਪ੍ਰਦਾਨ ਕੀਤਾ ਗਿਆ। ਭਗਤ ਪੂਰਨ ਸਿੰਘ ਜੀ ਨੂੰ ਉਹਨਾਂ ਦੇ ਪਰਉਪਕਾਰੀ ਕਾਰਜਾਂ ਸਦਕਾ ਬਹੁਤ ਸਾਰੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੇ ਸਨਮਾਨਿਤ ਕੀਤਾ। 1984 ’ਚ ਵਾਪਰੇ ਸਾਕਾ ਨੀਲਾ ਤਾਰਾ ਦੇ ਵਿਰੋਧ ’ਚ ਉਹਨਾਂ ਨੇ ਰੋਸ ਪ੍ਰਗਟ ਕਰਦੇ ਹੋਏ ਪਦਮ ਸ਼੍ਰੀ ਅਵਾਰਡ ਵਾਪਸ ਕਰ ਦਿੱਤਾ ਸੀ। ਭਗਤ ਪੂਰਨ ਸਿੰਘ 5 ਅਗਸਤ ,1992 ਨੂੰ ਅਕਾਲ ਪੁਰਖ ਦੇ ਚਰਨਾਂ ’ਚ ਜਾ ਬਿਰਾਜੇ। ਭਗਤ ਜੀ ਦੀ ਅੰਤਿਮ ਅਰਦਾਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਕਮੇਟੀ ਵੱਲੋਂ ਪਿੰਗਲ ਵਾੜੇ ਨੂੰ 25000 ਰੁਪਏ ਮਾਸਿਕ ਸਹਾਇਤਾ ਦਿੱਤੀ ਜਾਇਆ ਕਰੇਗੀ। ਸ਼੍ਰੋਮਣੀ ਕਮੇਟੀ ਵੱਲੋਂ ਭਗਤ ਪੂਰਨ ਸਿੰਘ ਜੀ ਦੀ ਯਾਦ ’ਚ ‘ਸ਼੍ਰੋਮਣੀ ਸੇਵਾ ਸਨਮਾਨ’ ਵੀ ਸ਼ੁਰੂ ਕੀਤਾ ਗਿਆ। ‘ਪੰਜਾਬ ਹੈਰੀਟੇਜ ਆਰਗੇਨਾਈਜੇਸ਼ਨ ਆਫ ਸ਼ਿਕਾਗੋ’ ਨੇ ਵੀ ‘ਭਗਤ ਪੂਰਨ ਸਿੰਘ ਸੇਵਾ ਪੁਰਸਕਾਰ’ ਸ਼ੁਰੂ ਕੀਤਾ ਹੈ। ਭਾਰਤ ਸਰਕਾਰ ਵੱਲੋਂ 10 ਦਸੰਬਰ, 2004 ਨੂੰ ਭਗਤ ਪੂਰਨ ਸਿੰਘ ਦੀ ਯਾਦ ’ਚ ਇੱਕ ਡਾਕ ਟਿਕਟ ਵੀ ਜਾਰੀ ਕੀਤਾ ਗਿਆ ਸੀ। ਮਾਨਵਤਾ ਦੇ ਮਸੀਹਾ ਭਗਤ ਪੂਰਨ ਸਿੰਘ ਜੀ ਭਾਵੇਂ ਸਰੀਰਕ ਤੌਰ ’ਤੇ ਅੱਜ ਸਾਡੇ ’ਚ ਮੌਜੂਦ ਨਹੀਂ ਹਨ, ਪਰ ਆਪਣੇ ਦੁਆਰਾ ਕੀਤੇ ਕਾਰਜਾਂ ਸਦਕਾ ਉਹ ਹਮੇਸ਼ਾ ਹੀ ਜੀਵਤ ਰਹਿਣਗੇ। ਭਗਤ ਪੂਰਨ ਸਿੰਘ ਜੀ ਵੱਲੋਂ ਸ਼ੁਰੂ ਕੀਤਾ ਗਿਆ ਪਿੰਗਲਵਾੜਾ ਸਮਾਜ ’ਚ ਆਪਣਿਆਂ ਵੱਲੋਂ ਹੀ ਦੁਰਕਾਰੇ ਗਏ ਸੈਂਕੜੇ ਲੋਕਾਂ ਲਈ ਪਨਾਹ ਦੀ ਜਗ੍ਹਾ ਹੈ,ਦੀਨ-ਦੁਖੀ ਅਤੇ ਨਿਆਸਰਿਆਂ ਲਈ ਆਸ ਦੀ ਕਿਰਨ। ਪਿੰਗਲਵਾੜੇ ਦਾ ਮਹੀਨਾਵਾਰ ਖ਼ਰਚਾ ਲੱਖਾਂ ਰੁਪਏ ਹੈ, ਜਿਸ ਨੂੰ ਪਿੰਗਲਵਾੜਾ ਦੇ ਸੇਵਾਦਾਰ ਦਾਨ ਦੁਆਰਾ ਇਕੱਤਰ ਕਰਦੇ ਹਨ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਲੋਕ ਭਲਾਈ ਦੇ ਕਾਰਜ ਵਿੱਚ ਕੁਝ ਨਾ ਕੁਝ ਆਪਣਾ ਯੋਗਦਾਨ ਪਾਈਏ।
-ਦਲਜੀਤ ਰਾਏ ਕਾਲੀਆ, ਜ਼ਿਲ੍ਹਾ ਫਿਰੋਜ਼ਪੁਰ (ਸੰਪਰਕ : 9781200168)।