- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਭਿਆਨਕ ਤਬਾਹੀ ਦੇ ਮੂਲ ’ਚ ਜੇਕਰ ਸਭ ਤੋਂ ਵੱਡਾ ਆਰਥਿਕ ਕਾਰਨ ਵੇਖਿਆ ਜਾਵੇ ਤਾਂ ਉਹ ਹੈ ਬੇਰੁਜ਼ਗਾਰੀ ਅਤੇ ਭਵਿੱਖ ਦਾ ਹਨੇਰਾ। ਅਪ੍ਰੈਲ ਤੋਂ ਜੂਨ 2026 ਦੇ ਤਾਜ਼ਾ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਬੇਰੁਜ਼ਗਾਰੀ ਦੀ ਸਥਿਤੀ ਬਹੁਤ ਹੀ ਚਿੰਤਾਜਨਕ ਅਤੇ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ: ਕੁੱਲ ਨੌਜਵਾਨਾਂ ’ਚ ਬੇਰੁਜ਼ਗਾਰੀ ਦਰ 22.3 ਫ਼ੀਸਦ (ਜਦਕਿ ਰਾਸ਼ਟਰੀ ਔਸਤ 15.9 ਫ਼ੀਸਦ ਹੈ)।

ਪੰਜਾਬ ਦੀ ਮੁਕੱਦਸ ਧਰਤੀ ’ਤੇ ਨਸ਼ਿਆਂ ਦੀ ਅਲਾਮਤ ਕੋਈ ਰਾਤੋ-ਰਾਤ ਪੈਦਾ ਹੋਈ ਸਮੱਸਿਆ ਨਹੀਂ ਹੈ। ਇਹ ਅਜਿਹੀ ਹੌਲੀ-ਹੌਲੀ ਫੈਲਣ ਵਾਲੀ ਬਿਮਾਰੀ ਹੈ, ਜਿਸ ਦੀਆਂ ਤੰਦਾਂ ਸਮੇਂ ਦੇ ਨਾਲ ਡੂੰਘੀਆਂ ਹੁੰਦੀਆਂ ਗਈਆਂ ਪਰ ਅੱਜ ਦੇ ਦੌਰ ’ਚ ਇਸ ਨੇ ਅਜਿਹੇ ਭਿਆਨਕ ਪੈਰ ਪਸਾਰ ਲਏ ਹਨ ਕਿ ਇਹ ਨਿਰੋਏ ਸਮਾਜ ਲਈ ਨਾਸੂਰ ਬਣ ਚੁੱਕੀ ਹੈ। ਪੰਜਾਬ ਦੇ ਪਿੰਡਾਂ ’ਚ ਪੁਰਾਣੇ ਸਮਿਆਂ ਦੇ ਰਵਾਇਤੀ ਨਸ਼ੇ, ਜਿਵੇਂ ਕਿ ਭੁੱਕੀ ਜਾਂ ਸ਼ੁੱਧ ਅਫ਼ੀਮ ਵਰਗੀਆਂ ਚੀਜ਼ਾਂ ਦੀ ਵਰਤੋਂ ਜ਼ਿਆਦਾਤਰ ਸ਼ੌਕੀਆ, ਥਕਾਵਟ ਉਤਾਰਨ ਜਾਂ ਵਡੇਰੀ ਉਮਰ ਦੇ ਲੋਕਾਂ ਤੱਕ ਸੀਮਤ ਸੀ ਪਰ ਸਮੇਂ ਦੇ ਗੇੜ ਨੇ ਅਜਿਹਾ ਮੋੜ ਕੱਟਿਆ ਕਿ ਇਨ੍ਹਾਂ ਰਵਾਇਤੀ ਨਸ਼ਿਆਂ ਦੀ ਥਾਂ ਹੁਣ ਬੇਹੱਦ ਘਾਤਕ ਤੇ ਜ਼ਹਿਰੀਲੇ ਸਿੰਥੈਟਿਕ ਨਸ਼ਿਆਂ ਜਿਵੇਂ ‘ਚਿੱਟਾ’, ‘ਸਮੈਕ’, ‘ਮੈਡੀਕਲ ਨਸ਼ੇ’ ਅਤੇ ਫਾਰਮਾਸਿਊਟੀਕਲ ਓਪੀਓਇਡਜ਼ ਨੇ ਲੈ ਲਈ ਹੈ। ਪਿਛਲੇ ਪੰਦਰਾਂ-ਵੀਹ ਸਾਲਾਂ ਦੇ ਕਾਲੇ ਦੌਰ ’ਚ ਸਿੰਥੈਟਿਕ ਨਸ਼ਿਆਂ ਦਾ ਇਹ ਕਾਰੋਬਾਰ ਤੇਜ਼ੀ ਨਾਲ ਵਧਿਆ ਹੈ। ਅੱਜ ਪੰਜਾਬ ਦੇ ਪਿੰਡ-ਪਿੰਡ, ਗਲੀ-ਗਲੀ ’ਚ ਨਸ਼ੇ ਦੀ ਓਵਰਡੋਜ਼ ਕਾਰਨ ਹੋ ਰਹੀਆਂ ਮੌਤਾਂ ਰੋਜ਼ਾਨਾ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਸਵਾਲ ਇਹ ਪੈਦਾ ਹੁੰਦਾ ਹੈ ਕਿ ਲਗਾਤਾਰ ਪੁਲਿਸ ਕਾਰਵਾਈਆਂ, ਰੋਜ਼ਾਨਾ ਦੇ ਪਰਚਿਆਂ ਤੇ ਗ੍ਰਿਫ਼ਤਾਰੀਆਂ ਦੇ ਦਾਅਵਿਆਂ ਦੇ ਬਾਵਜੂਦ ਇਹ ਜ਼ਹਿਰ ਖ਼ਤਮ ਕਿਉਂ ਨਹੀਂ ਹੋ ਰਿਹਾ? ਇਸ ਦੇ ਮਾਸਟਰਮਾਈਂਡ, ਚਿੱਟੇ ਕਪੜੀਏ ਨੇਤਾ, ਭ੍ਰਿਸ਼ਟ ਅਫ਼ਸਰਸ਼ਾਹੀ ਅਤੇ ਵੱਡੇ ਤਸਕਰ ਹਮੇਸ਼ਾ ਕਾਨੂੰਨ ਦੀ ਲੰਮੀ ਪਕੜ ਤੋਂ ਬਾਹਰ ਕਿਉਂ ਰਹਿੰਦੇ ਹਨ? ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੇ ਤਾਜ਼ਾ ਅੰਕੜਿਆਂ ਮੁਤਾਬਕ 40 ਫ਼ੀਸਦ ਤੋਂ ਵੱਧ ਗ੍ਰਿਫ਼ਤਾਰੀਆਂ ਸਿਰਫ਼ ਨਸ਼ਾ ਕਰਨ ਵਾਲੇ ਬੀਮਾਰ ਪੀੜਤਾਂ ਦੀਆਂ ਹੁੰਦੀਆਂ ਹਨ-ਜਿਨ੍ਹਾਂ ਨੂੰ ਸਜ਼ਾ ਦੀ ਨਹੀਂ ਸਗੋਂ ਇਲਾਜ ਦੀ ਲੋੜ ਹੈ। ਦੂਜੇ ਪਾਸੇ, ਅਸਲ ਸਪਲਾਈ ਚੈਨ ਚਲਾਉਣ ਵਾਲੇ ਵੱਡੇ ਮਾਫੀਆ ਸਿਆਸੀ ਸਰਪ੍ਰਸਤੀ ਹੇਠ ਐਸ਼ੋ-ਆਰਾਮ ਦੀ ਜ਼ਿੰਦਗੀ ਜਿਉਂਦੇ ਹਨ। ਇਸ ਭਿਆਨਕ ਤਬਾਹੀ ਦੇ ਮੂਲ ’ਚ ਜੇਕਰ ਸਭ ਤੋਂ ਵੱਡਾ ਆਰਥਿਕ ਕਾਰਨ ਵੇਖਿਆ ਜਾਵੇ ਤਾਂ ਉਹ ਹੈ ਬੇਰੁਜ਼ਗਾਰੀ ਅਤੇ ਭਵਿੱਖ ਦਾ ਹਨੇਰਾ। ਅਪ੍ਰੈਲ ਤੋਂ ਜੂਨ 2026 ਦੇ ਤਾਜ਼ਾ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਬੇਰੁਜ਼ਗਾਰੀ ਦੀ ਸਥਿਤੀ ਬਹੁਤ ਹੀ ਚਿੰਤਾਜਨਕ ਅਤੇ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ: ਕੁੱਲ ਨੌਜਵਾਨਾਂ ’ਚ ਬੇਰੁਜ਼ਗਾਰੀ ਦਰ 22.3 ਫ਼ੀਸਦ (ਜਦਕਿ ਰਾਸ਼ਟਰੀ ਔਸਤ 15.9 ਫ਼ੀਸਦ ਹੈ)। ਪੰਜਾਬ ’ਚ ਸਿਆਸੀ ਨੈਤਿਕਤਾ ਦਾ ਪੱਧਰ ਇੰਨਾ ਡਿੱਗ ਚੁੱਕਾ ਹੈ ਕਿ ਪੰਚਾਇਤੀ ਚੋਣਾਂ ਤੋਂ ਲੈ ਕੇ ਪਾਰਲੀਮੈਂਟਰੀ ਚੋਣਾਂ ਤੱਕ ਨਸ਼ੇ, ਸ਼ਰਾਬ ਅਤੇ ਪੈਸੇ ਦੀ ਖੁੱਲ੍ਹੇਆਮ ਵਰਤੋਂ ਦੇ ਇਲਜ਼ਾਮ ਲੱਗਦੇ ਹਨ। ਜੇਕਰ ਪੰਜਾਬ ਨੂੰ ਇਸ ਨਾਸੂਰ ਤੋਂ ਬਚਾਉਣਾ ਹੈ ਤੇ ਇਸ ਦੀ ਜਵਾਨੀ ਨੂੰ ਮੁੜ ਪਟੜੀ ’ਤੇ ਲਿਆਉਣਾ ਹੈ, ਤਾਂ ਸਿਰਫ਼ ਪੁਲਿਸ ਦੀ ਡੰਡੇ ਵਾਲੀ ਤਾਕਤ ਨਾਲ ਕੰਮ ਨਹੀਂ ਚੱਲੇਗਾ। ਮਿਹਨਤਕਸ਼ ਲੋਕਾਈ, ਬੁੱਧੀਜੀਵੀਆਂ, ਅਧਿਆਪਕਾਂ, ਵਕੀਲਾਂ ਅਤੇ ਨੌਜਵਾਨਾਂ ਨੂੰ ਆਪਣੇ ਸਾਂਝੇ ਸੰਘਰਸ਼ਾਂ ਦਾ ਘੇਰਾ ਵਿਸ਼ਾਲ ਕਰਨਾ ਪਵੇਗਾ। ਸਾਨੂੰ ਇੱਕਜੁੱਟ ਹੋ ਕੇ ਨਸ਼ਾ ਤਸਕਰਾਂ ਅਤੇ ਇਸਦੇ ਪੁਸ਼ਤ ਪਨਾਹੀਆਂ ਅਤੇ ਘਿਨੌਣੇ ਗੱਠਜੋੜ ਦਾ ਜ਼ੋਰਦਾਰ ਪਰਦਾਫਾਸ਼ ਕਰਨਾ ਚਾਹੀਦਾ ਹੈ।
-ਰਾਜੇਸ਼ਵਰ ਚੌਧਰੀ, ਸੰਪਰਕ : 85748–53000