
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰਾਜਾ ਰਾਜਮੋਹਨ ਰਾਏ ਨੇ ਯੂਰਪੀ ਸੱਭਿਆਚਾਰ ਤੋਂ ਜਾਣੂ ਕਰਵਾਉਣ ਲਈ ਸੰਸਕ੍ਰਿਤ ਪਾਠਸ਼ਾਲਾਵਾਂ ਜਾਂ ਭਾਰਤੀ ਦਰਸ਼ਨ ਦੀਆਂ ਪਾਠਸ਼ਾਲਾਵਾਂ ਦੀ ਬਜਾਏ ਅੰਗਰੇਜ਼ੀ ਸਕੂਲਾਂ ਨੂੰ ਤਰਜੀਹ ਦਿੱਤੀ। ਨਤੀਜਾ ਇਹ ਨਿਕਲਿਆ ਕਿ ਭਾਰਤੀ ਸੱਭਿਆਚਾਰ ਸਿਖਾਉਣ ਵਾਲੀਆਂ ਪਾਠਸ਼ਾਲਾਵਾਂ ਸੁੰਗੜਣ ਲੱਗੀਆਂ। ਫੇਰ ਕੀ ਸੀ ਅੰਗਰੇਜ਼ੀ ਸਕੂਲਾਂ, ਕਾਲਜਾਂ ’ਚ ਨੌਕਰ, ਵਫ਼ਾਦਾਰ ਜਨਤਾ, ਫ਼ਿਰੰਗੀ ਸਰਕਾਰ ਦੀ ਰੱਖਿਆ ਕਰਨ ਵਾਲੇ ਵਿਦਿਆਰਥੀ, ਬਾਬੂ ਅਤੇ ਛੋਟੇ-ਮੋਟੇ ਅਫ਼ਸਰ ਪੈਦਾ ਕੀਤੇ ਜਾਣ ਲੱਗੇ| ਜਦੋਂ ਅਸੀਂ ਭਾਰਤੀ ਸਿੱਖਿਆ ਦਾ ਆਪਣਾ ਮਾਡਲ ਤਿਆਗ ਦਿੱਤਾ ਫੇਰ ਪਾਠਸ਼ਾਲਾ ‘ਸਕੂਲ’ ਬਣ ਗਈ ‘ਮਦਰਸਾ’ ‘ਮਦਰ’ ਜਿਹਾ ਨਹੀਂ ਰਿਹਾ|

ਸੁਰਿੰਦਰ ਬਾਂਸਲ
ਫ਼ਿਰੰਗੀ ਰਾਜ ’ਚ ‘ਆਪਾਂ’ ਉਸ ਤਰ੍ਹਾਂ ਨਾਲ ‘ਆਪਾਂ’ ਨਹੀਂ ਸਾਂ ਜਿਸ ਤਰ੍ਹਾਂ ‘ਆਪਾਂ’ ਅੱਜ ਹਾਂ| ਈਸਟ ਇੰਡੀਆ ਕੰਪਨੀ ਅਤੇ ਈਸਾਈ ਮਿਸ਼ਨਰੀਆਂ ਨੇ ਸਿੱਖਿਆ ਲਈ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਉਹ ਭਾਰਤ ਵਾਸੀਆਂ ਲਈ ਨਾ ਹੋ ਕੇ, ਖ਼ੁਦ ਉਨ੍ਹਾਂ ਲਈ ਹੀ ਸਨ। ਈਸਟ ਇੰਡੀਆ ਕੰਪਨੀ ਨੂੰ ਭਾਰਤੀ ਨੌਕਰਾਂ, ਕਲਰਕਾਂ ਦੀ ਜ਼ਰੂਰਤ ਸੀ ਅਤੇ ਮਿਸ਼ਨਰੀਆਂ ਨੂੰ ਇਕ ਵੱਡੀ ਈਸਾਈ ਆਬਾਦੀ ਦੀ। ਕੰਪਨੀ ਰਾਜ ਖ਼ਤਮ ਹੋਣ ਤੋਂ ਬਾਅਦ ਜਦੋਂ ਦੇਸ਼ ਵਿਲਾਇਤੀ ਤਾਜ ਹੇਠ ਆਇਆ ਤਾਂ ਭਾਰਤੀ ਸਿੱਖਿਆ ਲਈ ਕਈ ਕੋਸ਼ਿਸ਼ਾਂ ਸ਼ੁਰੂ ਹੋਈਆਂ| ਵੁਡਜ਼ ਡਿਸਪੈਚ, ਹੰਟਰ ਕਮਿਸ਼ਨ, ਸਾਰਜੈਂਟ ਕਮੇਟੀ, ਹਰਟਾਰਾ ਕਮੇਟੀ, ਕਰਜਨ ਕਮੇਟੀ, ਮੈਕਾਲੇ ਮਿਨੀਟਸ ਜਿਹੇ ਸਿੱਖਿਆ ਸੁਧਾਰਾਂ ਦੀਆਂ ਕੋਸ਼ਿਸ਼ਾਂ ਨੇ ਸਿੱਖਿਆ ਦਾ ਇਕ ਖ਼ਾਸ ਪੱਧਰ ’ਤੇ ਵਿਸਥਾਰ ਕੀਤਾ ਗਿਆ। ਉੱਚ ਸਿੱਖਿਆ ਲਈ ਕਾਲਜ ਸਥਾਪਤ ਕੀਤੇ ਪਰ ਫ਼ਿਰੰਗੀ ਰਾਜ ਦੀ ਸਿੱਖਿਆ ਗ਼ੁਲਾਮ ਬਣਾਉਣ, ਬਾਬੂ ਬਣਾਉਣ, ਸਿਪਾਹੀ ਬਣਾਉਣ ਅਤੇ ਅੰਗਰੇਜ਼ੀ ਤਾਜ ਦੀ ਵਫ਼ਾਦਾਰ ਪਰਜਾ ਤਿਆਰ ਕਰਨ ਦੀ ਸਿੱਖਿਆ ਹੀ ਸੀ| ਜਿਉਂ ਹੀ ਅੰਗਰੇਜ਼ੀ ਸਕੂਲ ਖੋਲ੍ਹੇ ਗਏ, ਭਾਰਤੀ ਸਿੱਖਿਆ ਦਾ ਇੱਕ ਸਰਵਸਾਂਝਾ, ਲੋਕਤੰਤਰੀ ਤੇ ਲੋਕ ਸਹਿਭਾਗੀ ਤਰੀਕਾ ਨਸ਼ਟ ਹੋਣ ਲੱਗਾ। ਗਾਂਧੀ ਅੰਗਰੇਜ਼ਾਂ ਤੋਂ ਪਹਿਲਾਂ ਦੀ ਸਿੱਖਿਆ ਨੂੰ ‘ਦਾ ਬਿਊਟੀਫੁਲ ਟ੍ਰੀ’ ਕਹਿੰਦੇ ਸਨ।
ਰਾਜਾ ਰਾਜਮੋਹਨ ਰਾਏ ਨੇ ਯੂਰਪੀ ਸੱਭਿਆਚਾਰ ਤੋਂ ਜਾਣੂ ਕਰਵਾਉਣ ਲਈ ਸੰਸਕ੍ਰਿਤ ਪਾਠਸ਼ਾਲਾਵਾਂ ਜਾਂ ਭਾਰਤੀ ਦਰਸ਼ਨ ਦੀਆਂ ਪਾਠਸ਼ਾਲਾਵਾਂ ਦੀ ਬਜਾਏ ਅੰਗਰੇਜ਼ੀ ਸਕੂਲਾਂ ਨੂੰ ਤਰਜੀਹ ਦਿੱਤੀ। ਨਤੀਜਾ ਇਹ ਨਿਕਲਿਆ ਕਿ ਭਾਰਤੀ ਸੱਭਿਆਚਾਰ ਸਿਖਾਉਣ ਵਾਲੀਆਂ ਪਾਠਸ਼ਾਲਾਵਾਂ ਸੁੰਗੜਣ ਲੱਗੀਆਂ। ਫੇਰ ਕੀ ਸੀ ਅੰਗਰੇਜ਼ੀ ਸਕੂਲਾਂ, ਕਾਲਜਾਂ ’ਚ ਨੌਕਰ, ਵਫ਼ਾਦਾਰ ਜਨਤਾ, ਫ਼ਿਰੰਗੀ ਸਰਕਾਰ ਦੀ ਰੱਖਿਆ ਕਰਨ ਵਾਲੇ ਵਿਦਿਆਰਥੀ, ਬਾਬੂ ਅਤੇ ਛੋਟੇ-ਮੋਟੇ ਅਫ਼ਸਰ ਪੈਦਾ ਕੀਤੇ ਜਾਣ ਲੱਗੇ| ਜਦੋਂ ਅਸੀਂ ਭਾਰਤੀ ਸਿੱਖਿਆ ਦਾ ਆਪਣਾ ਮਾਡਲ ਤਿਆਗ ਦਿੱਤਾ ਫੇਰ ਪਾਠਸ਼ਾਲਾ ‘ਸਕੂਲ’ ਬਣ ਗਈ ‘ਮਦਰਸਾ’ ‘ਮਦਰ’ ਜਿਹਾ ਨਹੀਂ ਰਿਹਾ| ਗੁਰੂਕੁਲ ਜਿਹੇ ‘ ਬਿਯੂਟੀਫੁਲ ਟ੍ਰੀ’ ਦੀਆਂ ਮਜ਼ਬੂਤ ਜੜ੍ਹਾਂ ਨੰਗੀਆਂ ਕਰ ਉਸ ਨੂੰ ਸੁਕਾ ਦਿੱਤਾ ਗਿਆ| ਫੇਰ ‘ਆਪਾਂ’ ਉਹ ਹੋਣ ਲੱਗੇ ਜੋ ਅੰਗਰੇਜ਼ ਚਾਹੁੰਦੇ ਸਨ। ਜਿਹੜਾ ਦੇਸ਼ ਆਪਣੇ ਭਾਰਤੀਪੁਣੇ ’ਚ ਇਕ ਸੀ ਉਹ ਖੇਰੂੰ-ਖੇਰੂੰ ਹੋਣ ਲੱਗਾ। ਪੜ੍ਹਿਆ ਲਿਖਿਆ ਸ਼ਹਿਰੀ ਆਪਣੇ ਹੀ ਦੇਸ਼ ਦੇ ਪੇਂਡੂ ਸੱਭਿਆਚਾਰ ਨੂੰ ਹਿਕਾਰਤ ਨਾਲ ਵੇਖਣ ਲੱਗਿਆ। ਮਿਹਨਤੀ ਲੋਕਾਂ ਨੂੰ ‘ਚੱਲ ਦੇਸੀ’ ਜਾਂ ਮਿਹਨਤ-ਮਜੂਰੀ ਕਰਨ ਵਾਲਿਆਂ ਨੂੰ ‘ਭੱਈਆ’ ਕਿਹਾ ਜਾਣ ਲੱਗਾ, ਯਾਨੀ ਆਪਣੇ ਦੇਸ਼ ਵਾਸੀਆਂ ਨੂੰ ਹੀ ਦੂਜੇ ਦਰਜੇ ਦਾ ਨਾਗਰਿਕ ਸਮਝਣ ਲੱਗਾ| ਜਿਹੜਾ ਚਾਰ ਜਮਾਤਾਂ ਥੋੜ੍ਹੀਆਂ ਵੱਧ ਪੜ੍ਹ ਗਿਆ ਉਹ ਆਪਣੇ ਆਪ ਨੂੰ ਇਕ ਅਜਿਹਾ ਅੰਗਰੇਜ਼ ਸਮਝਣ ਲੱਗਿਆ ਜਿਹੜਾ ਤਨ ਦਾ ਕਾਲਾ ਤਾਂ ਸੀ ਹੀ, ਆਪਣੀ ਕੌਮ ਪ੍ਰਤੀ ਮਨੋਂ ਵੀ ਕਾਲਾ ਹੋ ਗਿਆ। ਸਾਡਾ ‘ਆਪਾਂ’ ਵਾਲਾ ਸਾਰਾ ਭਾਵ ਖ਼ਤਮ ਹੋ ਗਿਆ ਅਤੇ ਸਾਡੇ ’ਤੇ ਦੋ ਤਰ੍ਹਾਂ ਦੇ ਹਾਕਮ ਹਕੂਮਤ ਕਰਨ ਲੱਗੇ। ਇੱਕ ਫ਼ਿਰੰਗੀ ਅਤੇ ਦੂਜੇ ਉਹ ਹਿੰਦੁਸਤਾਨੀ ਜਿਹੜੇ ਅੰਗਰੇਜ਼ੀ ਪੜ੍ਹ ਕੇ ਇੱਥੋਂ ਦੇ ਵਸਨੀਕਾਂ ਨਾਲ ਫ਼ਿਰੰਗੀਆਂ ਜਿਹਾ ਵਿਹਾਰ ਕਰਨ ਲੱਗੇ। ਲਾਰਡ ਕਲਾਈਵ, ਵਾਰੇਨ ਹੇਸਟਿੰਗ, ਲਾਰਡ ਕਰਜਨ ਨੇ ਭਾਰਤੀ ਸਮਾਜ ਨੂੰ ਲੁੱਟਣ ਦੀ ਜਿਹੜੀ ਰਿਸ਼ਵਤਖ਼ੋਰ ਰਾਜਭਾਗ ਦੀ ਪ੍ਰਣਾਲੀ ਬਣਾਈ ਸੀ, ਉਸ ਨੂੰ ਨਾ ਸਿਰਫ਼ ਅੰਗੇਰਜ਼ੀ ਰਾਜ ਦੌਰਾਨ ਇੱਥੋਂ ਦੇ ਦੇਸੀ ਰਾਜਿਆਂ, ਮਹਾਰਾਜਿਆਂ, ਸਾਮੰਤਾਂ, ਜਗੀਰਦਾਰਾਂ, ਅਫ਼ਸਰਾਂ, ਮੁਲਾਜ਼ਮਾਂ ਨੇ ਅਪਣਾਇਆ ਬਲਕਿ ਅੰਗਰੇਜ਼ੀ ਪੜ੍ਹੇ ਲਿਖੇ ਉੱਚ ਭਾਰਤੀ ਅਧਿਕਾਰੀਆਂ, ਕਰਮਚਾਰੀਆਂ ਨੇ ਇਸ ਮਜ਼ਬੂਤੀ ਨਾਲ ਅਪਣਾਇਆ ਕਿ ਆਜ਼ਾਦੀ ਤੋਂ ਬਾਅਦ ਇਹ ਪ੍ਰਣਾਲੀ ਹੋਰ ਮਜ਼ਬੂਤੀ ਨਾਲ਼ ਮਜ਼ਬੂਤ ਹੁੰਦੀ ਚਲੀ ਗਈ। ਆਜ਼ਾਦੀ ਤੋਂ ਬਾਅਦ ਸਾਡੀ ਸਿੱਖਿਆ ਅਜਿਹਾ ਕੋਈ ਕੌਮੀ ਜਾਂ ਨੈਤਿਕ ਆਤਮਬਲ ਸਾਡੇ ਨੇਤਾਵਾਂ ਜਾਂ ਅਫ਼ਸਰਾਂ ’ਚ ਪੈਦਾ ਨਹੀਂ ਕਰ ਸਕੀ ਕਿ ਭਾਰਤ ਇੱਕ ਅਜਿਹਾ ਸਵੈਮਾਨੀ, ਸੁਖੀ ਦੇਸ਼ ਕਹਾਉਂਦਾ, ਜਿੱਥੇ ਇਮਾਨਦਾਰ ਨਾਗਰਿਕ ਦਾ ਸਨਮਾਨ ਹੁੰਦਾ, ਵਿਵਸਥਾ ਡਰਾਕਲ ਨਾ ਹੁੰਦੀ, ਰਾਜਰੋਗੀ ਸੱਚਮੁੱਚ ਸੇਵਕ ਹੁੰਦੇ ਅਤੇ ਸਾਨੂੰ ਲੱਗਦਾ ਕਿ ਆਜ਼ਾਦੀ ਲਈ ਜਿਹੜੇ ਪਰਵਾਨਿਆਂ ਨੇ ਤਿਆਗ ਕੀਤਾ, ਕੁਰਬਾਨੀਆਂ ਦਿੱਤੀਆਂ, ਉਹ ਸਬ ਭੰਗ ਦੇ ਭਾਣੇ ਗਈਆਂ।
’47 ਤੋਂ ਲੈ ਕੇ ਹੁਣ ਤੱਕ ਆਪਾਂ ਸਿੱਖਿਆ ਰਾਹੀਂ , ਨਾ ਦੇਸ਼ ਰਚ ਸਕੇ ਨਾ ਦੇਸ਼ ਰਾਹੀਂ ਸਿੱਖਿਆ। ਨਾ ਆਪਾਂ ਇਕ ਅਜਿਹਾ ਨਾਗਰਿਕ ਬਣ ਸਕੇ ਜਿਸ ਨੂੰ ਦੇਸ਼ ਦੇ ਕਣ-ਕਣ ਯਾਨੀ ਆਪੋ-ਆਪਣੇ ਚੌਗਿਰਦੇ ਦੀ ਚਿੰਤਾ ਹੋਵੇ, ਨਾ ਅਜਿਹਾ ਨੇਤਾ ਰਚ ਸਕੇ, ਜਿਸ ਨੂੰ ਦੇਸ਼ ਦੇ ਜਨ-ਮਨ ਦੀ ਚਿੰਤਾ ਹੋਵੇ। ਸਾਡੀ ਸਿੱਖਿਆ ਸਿਰਫ਼ ਨਾਂ ਦੀ ਭਾਰਤੀ ਹੋ ਸਕੀ, ਵਿਵਸਥਾ ਅਤੇ ਚਰਿੱਤਰ ਵਜੋਂ ਉਹ ਮੁਗ਼ਲਾਂ ਅਤੇ ਅੰਗਰੇਜ਼ਾਂ ਵਾਂਗ ਮਤ੍ਰੇਈ ਹੀ ਬਣੀ ਰਹੀ। ਅੰਗਰੇਜ਼ੀ ਨੇ ਜੋ ਸੋਚਿਆ, ਉਹ ਕਰਕੇ ਵਿਖਾ ਦਿੱਤਾ, ਪਾਰ ਅਸੀਂ ਅਜਿਹਾ ਕੁੱਝ ਸੋਚਿਆ ਜਾਂ ਮਿੱਥਿਆ ਹੀ ਨਹੀਂ ਕਿ ਆਪਾਂ ਅੰਗਰੇਜ਼ੀ ਤੋਂ ਵੱਖਰਾ ਕੁੱਝ ਕਰਕੇ ਦਿਖਾਉਂਦੇ। ਫ਼ਿਰੰਗੀ ਰਾਜ ਦੌਰਾਨ ਨਾ ਕਦੀ ਸਮਾਜਵਾਦ, ਧਰਮ ਨਿਰਪੱਖਤਾ, ਸਮਾਨਤਾ, ਮਨੁੱਖੀ ਅਧਿਕਾਰ, ਦਲਿਤ ਅਤੇ ਰਾਖਵੇਂਕਰਨ ਦੇ ਸਵਾਲ ਉੱਠੇ, ਨਾ ਅੰਗਰੇਜ਼ਾਂ ਨੇ ਉੱਠਣ ਦਿੱਤੇ, ਫੇਰ ਵੀ ਉਸ ਦੌਰ ’ਚ ਦੇਸ਼ ਨੇ ਸੈਂਕੜੇ ਨਾਇਕ, ਮਹਾਂਨਾਇਕ ਪੈਦਾ ਕੀਤੇ ਪਰ ਆਪਣੇ ਸਵਦੇਸ਼ੀ ਰਾਜ ਦੌਰਾਨ ਆਪਾਂ ਕੋਈ ਅਜਿਹੇ ਮਹਾਂਪੁਰਸ਼ ਨਹੀਂ ਰਚ ਸਕੇ। ਮਤਲਬ ਸਾਫ਼ ਹੈ ਕਿ ਆਪਾਂ ਸਿੱਖਿਆ ਰਾਹੀਂ ਭਾਰਤੀ ਸੰਸਕਾਰ, ਅਨੁਸਾਸ਼ਨ, ਉਦਾਰਤਾ ਅਤੇ ਵਡੱਪਣ ਦੇਣ ਦੀ ਬਜਾਏ ਸਿੱਖਿਆ ਦੀ ਰਾਜਨੀਤੀ ਸ਼ੁਰੂ ਕਰ ਦਿੱਤੀ। ਪੱਛੜੀਆਂ, ਘਟ-ਗਿਣਤੀਆਂ, ਅਨੁਸੂਚਿਤ ਜਾਤੀਆਂ, ਜਨਜਾਤੀਆਂ, ਪੇਂਡੂ ਅਤੇ ਗ਼ਰੀਬੀ ਨੂੰ ਅਗਾਂਹ ਹੋਰ ਜਾਤਾਂ, ਸਮੂਹਾਂ ’ਚ ਵੰਡ ਕੇ ਉਹਨਾਂ ਕੋਲੋਂ ਭਾਰਤੀਪੁਣਾ ਖੋਹ ਲਿਆ| ਜੇਕਰ ਇਹ ਸਭ ਨਾ ਹੋਇਆ ਹੁੰਦਾ, ਇਹਨਾਂ ਸਭਨਾਂ ਨੂੰ ਆਪਾਂ ਸਿੱਖਿਆ, ਰੁਜ਼ਗਾਰ ਵੱਲ ਮੋੜਿਆ ਹੁੰਦਾ ਤਾਂ ਅੱਜ ਆਪਣਾ ਸਮਾਜ ਵੋਟਰਾਂ ਦੀਆਂ ਬਸਤੀਆਂ ’ਚ ਵੰਡਿਆ ਨਾ ਹੁੰਦਾ ਅਤੇ ਆਪਾਂ ਇਕ ਦੂਜੇ ਨੂੰ ਘੂਰੂਵੱਟਿਆਂ ਵਾਂਗ ਘੂਰਦੇ ਨਾ ਹੁੰਦੇੇ। ਅੰਗਰੇਜ਼ਾਂ ਦਾ ਹਰਬਾ ਸੀ, ‘ਫੁੱਟ ਪਾਓ ਤੇ ਰਾਜ ਕਰੋ’| ਆਪਣੀ ਸਿਆਸਤ ਨੇ ਉਸ ਨੂੰ ਥੋੜ੍ਹਾ ਸੋਧ ਕੇ ‘ਰਾਜ ਕਰੋ ਤੇ ਫੁੱਟ ਪਾਈ ਰੱਖੋ’ ਦਾ ਸਿਧਾਂਤ ਬਣਾ ਕੇ ਜਾਰੀ ਰੱਖਿਆ | ਆਪਣੀ ਸਿੱਖਿਆ ਦਾ ਸਭ ਤੋਂ ਵੱਡਾ ਦੁਖਾਂਤ ਇਹ ਰਿਹਾ ਕਿ ਆਜ਼ਾਦੀ ਤੋਂ ਪਹਿਲਾਂ ਆਪਾਂ ਮੁੱਢਲੀ, ਮਿਡਲ, ਜ਼ਰੂਰੀ ਅਤੇ ਮੁਫ਼ਤ ਸਿੱਖਿਆ ਲਈ ਕੋਈ ਕਮਿਸ਼ਨ ਨਹੀਂ ਬਣਾਇਆ|
ਬੀਤੇ ਵੀਹਾਂ ਸਾਲਾਂ ਚ ਆਏ ਅਖਾਉਤੀ ਪੜ੍ਹੇ - ਲਿਖੇ 'ਯੁਵਾ ਨੇਤਾ' ਵੀ ਢੱਗੇ ਅਤੇ ਧੂਤੇ ਹੀ ਨਿੱਕਲੇ। ਉਹਨ੍ਹਾਂ ਦੇ ਨਿੱਜੀ ਹਿੱਤ ਅਤੇ ਸੁਆਰਥ ਲੋਕਹਿੱਤ ਨਾਲੋਂ ਕਿਤੇ ਵੱਡੇ ਹੋ ਗਏ| ਪੜ੍ਹੇ ਲਿਖੇ ਦੇਸ਼ ਦੀ ਕਲਪਨਾ ਤੋਂ ਹੀ ਨੇਤਾ ਡਰਨ ਲੱਗਦੇ ਹਨ, ਕਿਉਂਕਿ ਘੁੱਗੂਬਾਟੇ ਵੋਟਰ ਉਹਨ੍ਹਾਂ ਨੂੰ ਬਹੁਤ ਠੀਕ ਜਾਪਦੇ ਹਨ| ਇਸ ਸਾਰੇ ਘਾਚਮਚੋਲੇ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਜਦੋਂ ਤੱਕ ਸਾਡੀ ਰਾਜਨੀਤੀ ਸਕਾਰਾਤਮਕ, ਸਰਬੱਤ ਹਿੱਤਕਾਰੀ, ਕੁਦਰਤੀ ਵਸੀਲਿਆਂ ਨਾਲ ਤਾਲਮੇਲ ਬਿਠਾ ਕੇ ਪਵਿੱਤਰ ਨਹੀਂ ਹੁੰਦੀ, ਸਿੱਖਿਆ ਸਰਕਾਰੀ ਅਤੇ ਗ਼ੈਰ ਸਰਕਾਰੀ ਹੱਥਾਂ ’ਚ ਬਿਨਾਂ ਨੋਟੀਫ਼ਿਕੇਸ਼ਨ ਵਾਲੀ ਫ਼ਾਈਲ ਦੀ ਤਰ੍ਹਾਂ ਹਾਫ਼ੜਦੀ ਰਹੇਗੀ| ਜੇਕਰ ਸਿੱਖਿਆ ਨਾ ਸੁਧਰੀ, ਫੇਰ ਨਾ ਆਪਾਂ ਸੁਧਰਾਂਗੇ, ਨਾ ਦੇਸ਼ ਦਾ ਚਰਿੱਤਰ ਸੁਧਰੇਗਾ| ਇਸ ਲਈ ਪਹਿਲਾਂ ‘ਅਸੀਂ’ ‘ਆਪਾਂ’ ਬਣਨ ਲਾਇਕ ਹੋਈਏ, ਜਦੋਂ ਆਪਾਂ ਸੱਚਮੁੱਚ ‘ਆਪਾਂ’ ਹੋ ਜਾਵਾਂਗੇ ਫੇਰ ਉਸ ਅਪਣੱਤ ’ਚੋਂ ਜਿਹੜੀ ਸਿੱਖਿਆ ਪੈਦਾ ਹੋਵੇਗੀ ਉਸ ਚੋਂ ਹੀ ਸੱਚੀ ਸਿੱਖਿਆ ਦੀ ਰੋਸ਼ਨੀ ਨਿਕਲੇਗੀ| ਹੁਣ ਤਾਂ ਸਿਰਫ਼ ਅਤੇ ਸਿਰਫ਼ ਵੋਟ ਚੌਣੇ ਦੀ ਖ਼ਾਤਰ, ਸਿਆਸੀ ਬਲੈਕਮੇਲਰਾਂ ਦੀ ਖ਼ਾਤਰ, ਮਹਿਜ਼ ਵੋਟਖ਼ੋਰੀ ਲਈ ਆਪਾਂ ਆਪਣਾ ਸਦੀਆਂ ਪੁਰਾਣਾ ਵਿਰਸਾ, ਦਰਸ਼ਨ, ਚਿੰਤਨ, ਇਤਿਹਾਸ, ਪ੍ਰੰਪਰਾਵਾਂ, ਰੀਤਾਂ, ਗਿਆਨ ਸਭ ਲੁਟਾਉਣ ਨੂੰ ਤਿਆਰ-ਬਰ-ਤਿਆਰ ਹਾਂ।