ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਭਾਰਤੀ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਟੀਮ ਨੇ ਅਮਰੀਕਾ ਨੂੰ 162 ਦੌੜਾਂ ਦਾ ਟੀਚਾ ਦਿੱਤਾ, ਜਿੱਥੇ ਟੀਮ ਵੱਲੋਂ ਕਪਤਾਨ ਸੂਰਿਆਕੁਮਾਰ ਯਾਦਵ ਨੇ ਨਾਬਾਦ 84 ਦੌੜਾਂ ਦੀ ਪਾਰੀ ਖੇਡੀ।

ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਟੀਮ ਦੇ ਹੈੱਡ ਕੋਚ ਗੌਤਮ ਗੰਭੀਰ (Gautam Gambhir) ਨੇ ਅਮਰੀਕਾ ਵਿਰੁੱਧ ਖੇਡੇ ਗਏ ਮੈਚ ਵਿੱਚ ਕਪਤਾਨ ਸੂਰਿਆਕੁਮਾਰ ਯਾਦਵ(Surya Kumar Yadav) ਦੀ 84 ਦੌੜਾਂ ਦੀ ਨਾਬਾਦ ਪਾਰੀ ਨੂੰ 'ਮਾਸਟਰਕਲਾਸ' ਦੱਸਿਆ ਹੈ। ਸਟਾਰ ਸੂਰਿਆ ਨੇ ਭਾਰਤੀ ਟੀਮ ਨੂੰ ਨਾ ਸਿਰਫ਼ ਇਕ ਸ਼ਰਮਨਾਕ ਹਾਰ ਤੋਂ ਬਚਾਇਆ, ਸਗੋਂ ਟੀਮ ਨੂੰ ਟੀ-20 ਵਿਸ਼ਵ ਕੱਪ (T20 World Cup) ਦੇ ਆਪਣੇ ਪਹਿਲੇ ਮੈਚ ਵਿੱਚ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ। ਇਸ ਜਿੱਤ ਤੋਂ ਬਾਅਦ ਸੂਰਿਆ ਨੇ ਕੋਚ ਗੰਭੀਰ ਦਾ ਵੀ ਦਿਲ ਜਿੱਤ ਲਿਆ। 'ਇੰਡੀਆ ਕ੍ਰਿਕਟ ਟੀਮ' ਵੱਲੋਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਵੀਡੀਓ 'ਚ ਕੋਚ ਗੰਭੀਰ ਨੇ ਕਿਹਾ ਕਿ ਇਹ ਦਬਾਅ ਵਿੱਚ ਖੇਡੀਆਂ ਗਈਆਂ ਸਭ ਤੋਂ ਬਿਹਤਰੀਨ ਪਾਰੀਆਂ 'ਚੋਂ ਇਕ ਸੀ।
ਦਰਅਸਲ, ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਭਾਰਤੀ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਟੀਮ ਨੇ ਅਮਰੀਕਾ ਨੂੰ 162 ਦੌੜਾਂ ਦਾ ਟੀਚਾ ਦਿੱਤਾ, ਜਿੱਥੇ ਟੀਮ ਵੱਲੋਂ ਕਪਤਾਨ ਸੂਰਿਆਕੁਮਾਰ ਯਾਦਵ ਨੇ ਨਾਬਾਦ 84 ਦੌੜਾਂ ਦੀ ਪਾਰੀ ਖੇਡੀ। ਕੋਚ ਗੰਭੀਰ ਨੇ ਕਿਹਾ, "ਬਹੁਤ ਵਧੀਆ ਨਤੀਜਾ ਰਿਹਾ। ਟੂਰਨਾਮੈਂਟ ਦੀ ਇਸ ਤਰ੍ਹਾਂ ਸ਼ੁਰੂਆਤ ਕਰਨਾ ਅਸਲ ਵਿੱਚ ਮਾਸਟਰਕਲਾਸ ਹੈ। ਉਹ ਸ਼ਾਨਦਾਰ ਸੀ। ਮੈਂ ਟੀ-20 ਕ੍ਰਿਕਟ 'ਚ ਦੇਖਿਆ ਹੈ, ਖ਼ਾਸ ਕਰਕੇ ਦਬਾਅ 'ਚ, ਜਿਸ ਤਰ੍ਹਾਂ ਦੀ ਸਥਿਤੀ 'ਚ ਅਸੀਂ ਸੀ, ਮੈਨੂੰ ਲੱਗਿਆ ਕਿ ਇਹ ਅਵਿਸ਼ਵਾਸਯੋਗ ਸੀ।"
ਅਮਰੀਕਾ ਵਿਰੁੱਧ ਮੈਚ ਵਿਚ ਟੀਮ ਇੰਡੀਆ ਦੇ ਟਾਪ-ਆਰਡਰ ਦੇ ਜਲਦੀ ਬਿਖਰਨ ਤੋਂ ਬਾਅਦ ਭਾਰਤ ਦੀ ਵਾਪਸੀ ਨੂੰ ਲੈ ਕੇ ਭਾਰਤੀ ਕਪਤਾਨ ਨੇ ਕਿਹਾ, 'ਇਹ ਜਿੱਤ ਖਿਡਾਰੀਆਂ ਅਤੇ ਸਪੋਰਟ ਸਟਾਫ ਲਈ ਇੱਕ ਖ਼ਾਸ ਪਲ ਅਤੇ ਇੱਕ ਕੀਮਤੀ ਸਿੱਖਣ ਦਾ ਅਨੁਭਵ ਸੀ। ਸੂਰਿਆ ਨੇ ਅੱਗੇ ਕਿਹਾ ਕਿ ਚੀਜ਼ਾਂ ਜਿਸ ਤਰ੍ਹਾਂ ਗਈਆਂ, ਉਸ ਤੋਂ ਬਹੁਤ ਖੁਸ਼ ਹਾਂ। ਪਹਿਲੇ ਮੈਚ ਵਿਚ ਥੋੜ੍ਹੀ ਡਰਾਉਣੀ ਸਥਿਤੀ ਤੇ ਹਲਚਲ ਤਾਂ ਹੋਈ ਸੀ ਪਰ ਇਹ ਮੇਰੇ ਲਈ ਅਤੇ ਸਾਰੇ ਮੁੰਡਿਆਂ ਸਮੇਤ ਸਪੋਰਟ ਸਟਾਫ ਲਈ ਇਕ ਚੰਗਾ ਸਬਕ ਬਣ ਗਿਆ। ਇਹ ਖੇਡ ਦਾ ਹਿੱਸਾ ਹੈ, ਪਰ ਸਾਨੂੰ ਮੈਦਾਨ 'ਤੇ ਕਿਰਦਾਰ (Character) ਦਿਖਾਉਣਾ ਪਿਆ। ਮੈਂ ਅਜਿਹੀਆਂ ਸਥਿਤੀਆਂ 'ਚ ਪਹਿਲਾਂ ਵੀ ਖੇਡ ਚੁੱਕਾ ਹਾਂ, ਇਸ ਲਈ ਮੈਨੂੰ ਪਤਾ ਸੀ ਕਿ ਉੱਥੇ ਟਿਕੇ ਰਹਿਣਾ ਟੀਮ ਲਈ ਬਹੁਤ ਮਹੱਤਵਪੂਰਨ ਸੀ। ਮੈਂ ਸਮਝਦਾ ਹਾਂ ਕਿ ਬੈਟਿੰਗ ਲਈ ਵਿਕਟ ਥੋੜ੍ਹੀ ਮੁਸ਼ਕਲ ਸੀ।"
ਆਪਣੇ ਹੋਮ ਗਰਾਊਂਡ 'ਤੇ ਟੀਮ ਦੀ ਕਪਤਾਨੀ ਕਰਨ ਬਾਰੇ ਗੱਲ ਕਰਦਿਆਂ ਸੂਰਿਆ ਨੇ ਵਾਨਖੇੜੇ ਸਟੇਡੀਅਮ ਦੇ ਅਨੁਭਵ ਨੂੰ ਖ਼ਾਸ ਦੱਸਿਆ ਅਤੇ ਸ਼ਾਨਦਾਰ ਮਾਹੌਲ ਬਣਾਉਣ ਲਈ ਦਰਸ਼ਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, 'ਵਾਨਖੇੜੇ 'ਚ ਖੇਡਣਾ ਹਮੇਸ਼ਾ ਖ਼ਾਸ ਹੁੰਦਾ ਹੈ ਅਤੇ ਮੈਨੂੰ ਪਤਾ ਸੀ ਕਿ ਜਦੋਂ ਮੈਂ ਇਸ ਟੀਮ ਦੇ ਕਪਤਾਨ ਵਜੋਂ ਮੈਦਾਨ 'ਤੇ ਉਤਰਾਂਗਾ ਤਾਂ ਮਾਹੌਲ ਜ਼ਬਰਦਸਤ ਹੋਵੇਗਾ ਅਤੇ ਭੀੜ ਨੇ ਨਿਰਾਸ਼ ਨਹੀਂ ਕੀਤਾ।' ਦੱਸ ਦੇਈਏ ਕਿ ਹੁਣ ਟੀਮ ਇੰਡੀਆ ਨੂੰ ਆਪਣਾ ਅਗਲਾ ਗਰੁੱਪ-ਸਟੇਜ ਮੈਚ 12 ਫਰਵਰੀ ਨੂੰ ਨਾਮੀਬੀਆ ਨਾਲ ਖੇਡਣਾ ਹੈ।