- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
NPS ਨੂੰ ਹਾਲੀਆ ਸਾਲਾਂ ਵਿਚ ਜ਼ਿਆਦਾ ਆਕਰਸ਼ਕ ਬਣਾਉਣ ਲਈ ਕਈ ਵੱਡੇ ਸੁਧਾਰ ਕੀਤੇ ਗਏ ਹਨ। ਹੁਣ ਇਸ ਵਿਚ 100% ਤਕ ਇਕਵਿਟੀ ਨਿਵੇਸ਼ ਦੀ ਇਜਾਜ਼ਤ ਦਿੱਤੀ ਗਈ ਹੈ, ਜਿਸ ਨਾਲ ਲੰਬੀ ਮਿਆਦ 'ਚ ਬਿਹਤਰ ਰਿਟਰਨ ਦੀ ਸੰਭਾਵਨਾ ਵੱਧ ਜਾਂਦੀ ਹੈ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਦੇਸ਼ ਵਿਚ ਪੈਨਸ਼ਨ ਸਿਸਟਮ ਨੂੰ ਜ਼ਿਆਦਾ ਆਸਾਨ, ਡਿਜੀਟਲ ਤੇ ਲਚਕੀਲਾ ਬਣਾਉਣ ਦੀ ਦਿਸ਼ਾ 'ਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਜਲਦ ਹੀ ਆਮ ਲੋਕ ਆਪਣੇ ਮੋਬਾਈਲ ਦੇ ਜ਼ਰੀਏ ਹੀ BHIM ਐਪ 'ਤੇ ਨੈਸ਼ਨਲ ਪੈਨਸ਼ਨ ਸਿਸਟਮ (NPS) ਦਾ ਖਾਤਾ ਖੋਲ੍ਹ ਸਕਣਗੇ। ਇਸਦੇ ਨਾਲ ਹੀ ਕਰਮਚਾਰੀ ਭਵਿੱਖ ਨਿਧੀ (EPF) ਦੇ ਪੈਸੇ ਨੂੰ NPS 'ਚ ਟਰਾਂਸਫਰ ਕਰਨ ਦੀ ਸੁਵਿਧਾ 'ਤੇ ਵੀ ਕੰਮ ਚੱਲ ਰਿਹਾ ਹੈ। ਜੇਕਰ ਇਹ ਦੋਵੇਂ ਕਦਮ ਲਾਗੂ ਹੁੰਦੇ ਹਨ ਤਾਂ ਕਰੋੜਾਂ ਨੌਕਰੀਪੇਸ਼ਾ ਲੋਕਾਂ ਤੇ ਗਿਗ ਵਰਕਰਾਂ ਲਈ ਰਿਟਾਇਰਮੈਂਟ ਪਲਾਨਿੰਗ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਸਾਨ ਅਤੇ ਵਿਕਲਪਾਂ ਨਾਲ ਭਰਪੂਰ ਹੋ ਜਾਵੇਗੀ।
ਇਸ ਨਵੀਂ ਪਹਿਲ ਤਹਿਤ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI) ਅਤੇ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ (PFRDA) ਮਿਲ ਕੇ BHIM ਐਪ ਜ਼ਰੀਏ NPS ਅਕਾਊਂਟ ਖੋਲ੍ਹਣ ਦੀ ਸੁਵਿਧਾ ਤਿਆਰ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਇਸ ਵਿਚ ਯੂਜ਼ਰਜ਼ ਨੂੰ ਵੱਖਰੇ ਤੌਰ 'ਤੇ KYC ਕਰਾਉਣ ਦੀ ਲੋੜ ਨਹੀਂ ਹੋਵੇਗੀ, ਬਲਕਿ ਉਨ੍ਹਾਂ ਦੇ ਬੈਂਕ ਅਕਾਊਂਟ ਨਾਲ ਜੁੜੀ ਪਹਿਲਾਂ ਤੋਂ ਮੌਜੂਦ KYC ਜਾਣਕਾਰੀ ਹੀ ਇਸਤੇਮਾਲ ਕੀਤੀ ਜਾਵੇਗੀ। ਇਸ ਨਾਲ ਪੂਰੀ ਪ੍ਰਕਿਰਿਆ ਬੇਹੱਦ ਤੇਜ਼ ਅਤੇ ਪੇਪਰਲੈੱਸ ਹੋ ਜਾਵੇਗੀ ਅਤੇ ਪੈਨਸ਼ਨ ਖਾਤਾ ਖੋਲ੍ਹਣਾ ਉਨਾ ਹੀ ਆਸਾਨ ਹੋ ਸਕਦਾ ਹੈ ਜਿੰਨਾ ਅੱਜ UPI ਰਾਹੀਂ ਪੈਸੇ ਭੇਜਣਾ ਹੈ।
ਉੱਥੇ ਹੀ, EPS ਅਤੇ NPS ਵਿਚਾਲੇ ਪੋਰਟੇਬਿਲਟੀ ਯਾਨੀ ਪੈਸੇ ਟਰਾਂਸਫਰ ਕਰਨ ਦਾ ਪ੍ਰਸਤਾਵ ਵੀ ਚਰਚਾ ਵਿਚ ਹੈ। ਫਿਲਹਾਲ EPS ਅਤੇ NPS ਦੋ ਵੱਖ-ਵੱਖ ਸਿਸਟਮ ਹਨ ਅਤੇ ਇਨ੍ਹਾਂ 'ਚ ਸਿੱਧੇ ਪੈਸੇ ਟਰਾਂਸਫਰ ਕਰਨ ਦੀ ਸੁਵਿਧਾ ਨਹੀਂ ਹੈ। ਪਰ ਜੇਕਰ ਸਰਕਾਰ ਇਸ ਦਿਸ਼ਾ ਵਿਚ ਕਾਨੂੰਨ 'ਚ ਬਦਲਾਅ ਕਰਦੀ ਹੈ, ਤਾਂ ਕਰਮਚਾਰੀ ਆਪਣੇ EPS ਦਾ ਜਮ੍ਹਾਂ ਪੈਸਾ NPS 'ਚ ਸ਼ਿਫਟ ਕਰ ਸਕਣਗੇ। ਇਸ ਨਾਲ ਨਿਵੇਸ਼ਕਾਂ ਨੂੰ ਇਹ ਚੁਣਨ ਦੀ ਆਜ਼ਾਦੀ ਮਿਲੇਗੀ ਕਿ ਉਹ ਤੈਅ ਵਿਆਜ ਵਾਲੇ EPS 'ਚ ਬਣੇ ਰਹਿਣ ਜਾਂ ਮਾਰਕੀਟ-ਲਿੰਕਡ ਰਿਟਰਨ ਦੇਣ ਵਾਲੇ NPS ਦਾ ਵਿਕਲਪ ਚੁਣਨ।
ਦਰਅਸਲ, NPS ਨੂੰ ਹਾਲੀਆ ਸਾਲਾਂ ਵਿਚ ਜ਼ਿਆਦਾ ਆਕਰਸ਼ਕ ਬਣਾਉਣ ਲਈ ਕਈ ਵੱਡੇ ਸੁਧਾਰ ਕੀਤੇ ਗਏ ਹਨ। ਹੁਣ ਇਸ ਵਿਚ 100% ਤਕ ਇਕਵਿਟੀ ਨਿਵੇਸ਼ ਦੀ ਇਜਾਜ਼ਤ ਦਿੱਤੀ ਗਈ ਹੈ, ਜਿਸ ਨਾਲ ਲੰਬੀ ਮਿਆਦ 'ਚ ਬਿਹਤਰ ਰਿਟਰਨ ਦੀ ਸੰਭਾਵਨਾ ਵੱਧ ਜਾਂਦੀ ਹੈ। ਨਾਲ ਹੀ, NPS ਖਾਤੇ ਨੂੰ 60 ਸਾਲ ਦੀ ਉਮਰ ਤੋਂ ਬਾਅਦ ਵੀ 85 ਸਾਲ ਤਕ ਜਾਰੀ ਰੱਖਣ ਦੀ ਸੁਵਿਧਾ ਮਿਲਦੀ ਹੈ, ਜਿਸ ਨਾਲ ਰਿਟਾਇਰਮੈਂਟ ਤੋਂ ਬਾਅਦ ਵੀ ਨਿਵੇਸ਼ ਜਾਰੀ ਰੱਖਿਆ ਜਾ ਸਕਦਾ ਹੈ।
ਇਸ ਪੂਰੇ ਬਦਲਾਅ ਦਾ ਸਭ ਤੋਂ ਜ਼ਿਆਦਾ ਫਾਇਦਾ ਗਿਗ ਵਰਕਰਾਂ, ਛੋਟੇ ਕਾਰੋਬਾਰੀਆਂ ਅਤੇ ਅਸੰਗਠਿਤ ਖੇਤਰ 'ਚ ਕੰਮ ਕਰਨ ਵਾਲੇ ਲੋਕਾਂ ਨੂੰ ਹੋਵੇਗਾ, ਜੋ ਹੁਣ ਤਕ ਪੈਨਸ਼ਨ ਵਰਗੀਆਂ ਸੁਵਿਧਾਵਾ ਤੋਂ ਦੂਰ ਰਹਿੰਦੇ ਸਨ। BHIM ਵਰਗੇ ਵੱਡੇ ਡਿਜਿਟਲ ਪਲੇਟਫਾਰਮ ਜ਼ਰੀਏ ਪੈਨਸ਼ਨ ਸੇਵਾਵਾਂ ਨੂੰ ਜੋੜਨ ਨਾਲ ਇਸਦੀ ਪਹੁੰਚ ਤੇਜ਼ੀ ਨਾਲ ਵੱਧ ਸਕਦੀ ਹੈ ਅਤੇ ਜ਼ਿਆਦਾ ਲੋਕ ਆਪਣੇ ਭਵਿੱਖ ਲਈ ਬਚਤ ਕਰ ਪਾਉਣਗੇ।