- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਇਆਪੁਰੀ ਸਕ੍ਰੈਪ ਮਾਰਕੀਟ ਦਾ ਇਤਿਹਾਸ ਕਰੀਬ ਪੰਜ ਦਹਾਕੇ ਪੁਰਾਣਾ ਹੈ। ਮੂਲ ਰੂਪ 'ਚ ਇਹ ਕਾਰੋਬਾਰ ਪੁਰਾਣੀ ਦਿੱਲੀ ਦੇ ਮੋਤੀਆ ਖਾਨ ਖੇਤਰ 'ਚ ਚੱਲਦਾ ਸੀ, ਪਰ 1970 ਦੇ ਦਹਾਕੇ 'ਚ ਸੁਰੱਖਿਆ ਅਤੇ ਵਿਸਤਾਰ ਦੀਆਂ ਲੋੜਾਂ ਨੂੰ ਦੇਖਦੇ ਹੋਏ ਇਸਨੂੰ ਮਾਇਆਪੁਰੀ ਟਰਾਂਸਫਰ ਕਰ ਦਿੱਤਾ ਗਿਆ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਰਾਜਧਾਨੀ ਦਿੱਲੀ ਦੇ ਪੱਛਮੀ ਹਿੱਸੇ 'ਚ ਸਥਿਤ ਮਾਇਆਪੁਰੀ ਨੂੰ ਆਮ ਲੋਕ ਕਬਾੜ ਦਾ ਬਾਜ਼ਾਰ ਮੰਨਦੇ ਹਨ, ਪਰ ਆਰਥਿਕ ਗਤੀਵਿਧੀਆਂ ਦੇ ਲਿਹਾਜ਼ ਨਾਲ ਇਹ ਕਿਸੇ ਵੱਡੇ ਉਦਯੋਗਿਕ ਹੱਬ ਤੋਂ ਘੱਟ ਨਹੀਂ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਏਸ਼ੀਆ ਦੀ ਸਭ ਤੋਂ ਵੱਡੀ ਸਕ੍ਰੈਪ ਮਾਰਕੀਟ (Largest Scrap Market in Asia) ਹੈ ਅਤੇ ਇੱਥੇ ਹਰ ਸਾਲ ਕਰੀਬ 6,000 ਕਰੋੜ ਰੁਪਏ ਦਾ ਕਾਰੋਬਾਰ ਹੁੰਦਾ ਹੈ।
ਇੱਥੇ ਪੁਰਾਣੇ ਵਾਹਨਾਂ, ਮਸ਼ੀਨਾਂ, ਰੇਲਵੇ ਉਪਕਰਨਾਂ, ਉਦਯੋਗਿਕ ਕਬਾੜ, ਬਾਲ ਬੇਅਰਿੰਗ, ਮੈਟਲਸ ਅਤੇ ਇਲੈਕਟ੍ਰਾਨਿਕ ਕੂੜੇ ਤਕ ਦਾ ਵੱਡਾ ਕਾਰੋਬਾਰ ਹੁੰਦਾ ਹੈ। ਹਜ਼ਾਰਾਂ ਕਾਰੋਬਾਰੀਆਂ ਤੇ ਮਜ਼ਦੂਰਾਂ ਦੀ ਰੋਜ਼ੀ-ਰੋਟੀ ਨਾਲ ਜੁੜੀ ਇਹ ਮੰਡੀ ਦੇਸ਼ ਦੀ ਸਰਕੂਲਰ ਇਕੋਨੋਮੀ (Circular Economy) ਤੇ ਰੀਸਾਈਕਲਿੰਗ ਉਦਯੋਗ ਦੀ ਮਹੱਤਵਪੂਰਨ ਕੜੀ ਬਣ ਚੁੱਕੀ ਹੈ।
ਮਾਇਆਪੁਰੀ ਸਕ੍ਰੈਪ ਮਾਰਕੀਟ ਦਾ ਇਤਿਹਾਸ ਕਰੀਬ ਪੰਜ ਦਹਾਕੇ ਪੁਰਾਣਾ ਹੈ। ਮੂਲ ਰੂਪ 'ਚ ਇਹ ਕਾਰੋਬਾਰ ਪੁਰਾਣੀ ਦਿੱਲੀ ਦੇ ਮੋਤੀਆ ਖਾਨ ਖੇਤਰ 'ਚ ਚੱਲਦਾ ਸੀ, ਪਰ 1970 ਦੇ ਦਹਾਕੇ 'ਚ ਸੁਰੱਖਿਆ ਅਤੇ ਵਿਸਤਾਰ ਦੀਆਂ ਲੋੜਾਂ ਨੂੰ ਦੇਖਦੇ ਹੋਏ ਇਸਨੂੰ ਮਾਇਆਪੁਰੀ ਟਰਾਂਸਫਰ ਕਰ ਦਿੱਤਾ ਗਿਆ।
ਬਾਅਦ 'ਚ ਦਿੱਲੀ ਵਿਕਾਸ ਅਥਾਰਟੀ (DDA) ਨੇ ਇੱਥੇ ਉਦਯੋਗਿਕ ਖੇਤਰ ਵਿਕਸਿਤ ਕੀਤਾ ਤੇ ਸਕ੍ਰੈਪ ਕਾਰੋਬਾਰ ਨੂੰ ਵਿਵਸਥਿਤ ਰੂਪ ਦਿੱਤਾ। ਅੱਜ ਇਹ ਬਾਜ਼ਾਰ ਲਗਪਗ ਚਾਰ ਕਿਲੋਮੀਟਰ ਦੇ ਦਾਇਰੇ 'ਚ ਫੈਲਿਆ ਹੋਇਆ ਹੈ ਅਤੇ ਇੱਥੇ 2,000 ਤੋਂ ਵੱਧ ਦੁਕਾਨਾਂ ਅਤੇ ਕਰੀਬ 3,500 ਕਾਰੋਬਾਰੀ ਯੂਨਿਟਸ ਆਪਰੇਟ ਹੁੰਦੇ ਹਨ।
ਮਾਇਆਪੁਰੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸਦੀ ਵਿਭਿੰਨਤਾ ਹੈ। ਇੱਥੇ ਸਾਈਕਲ ਦੇ ਪੁਰਜ਼ਿਆਂ ਤੋਂ ਲੈ ਕੇ ਟ੍ਰੇਨ, ਟ੍ਰੈਕਟਰ, ਕ੍ਰੇਨ, ਜੀਪ ਤੇ ਭਾਰੀ ਉਦਯੋਗਿਕ ਮਸ਼ੀਨਾਂ ਤਕ ਦਾ ਕਬਾੜ ਖਰੀਦਿਆ-ਵੇਚਿਆ ਜਾਂਦਾ ਹੈ। ਰਿਪੋਰਟਾਂ ਅਨੁਸਾਰ, ਕਰੀਬ 500 ਕਾਰੋਬਾਰੀ ਸਿਰਫ਼ ਟ੍ਰੈਕਟਰ ਸਕ੍ਰੈਪ ਦੇ ਕਾਰੋਬਾਰ ਨਾਲ ਜੁੜੇ ਹਨ ਜਦੋਂਕਿ ਲਗਪਗ 650 ਵਪਾਰੀ ਬਾਲ ਬੇਅਰਿੰਗ ਦੇ ਵਪਾਰ 'ਚ ਸਰਗਰਮ ਹਨ। ਕਈ ਕਾਰੋਬਾਰੀ ਕਬਾੜ 'ਚ ਖਰੀਦੀਆਂ ਗਈਆਂ ਮਸ਼ੀਨਾਂ ਅਤੇ ਵਾਹਨਾਂ ਦੇ ਉਪਯੋਗੀ ਪੁਰਜ਼ਿਆਂ ਨੂੰ ਕੱਢ ਕੇ ਦੇਸ਼ ਭਰ ਦੇ ਬਾਜ਼ਾਰਾਂ 'ਚ ਵੇਚਦੇ ਹਨ। ਕੁਝ ਮਾਮਲਿਆਂ 'ਚ ਇਕ ਕਬਾੜ ਟ੍ਰੈਕਟਰ ਤੋਂ ਲੱਖਾਂ ਰੁਪਏ ਤਕ ਦੀ ਕਮਾਈ ਹੋ ਜਾਂਦੀ ਹੈ।
ਇਹ ਮਾਰਕੀਟ ਸਿਰਫ਼ ਘਰੇਲੂ ਵਪਾਰ ਤਕ ਸੀਮਤ ਨਹੀਂ ਹੈ। ਮਾਇਆਪੁਰੀ ਦੇ ਕਈ ਕਾਰੋਬਾਰੀ ਚੀਨ, ਅਮਰੀਕਾ ਅਤੇ ਯੂਰਪੀਅਨ ਦੇਸ਼ਾਂ ਤੋਂ ਸਕ੍ਰੈਪ ਦਰਾਮਦ ਕਰਦੇ ਹਨ ਤੇ ਉਸਦੀ ਪ੍ਰੋਸੈਸਿੰਗ ਕਰਕੇ ਭਾਰਤੀ ਬਾਜ਼ਾਰਾਂ 'ਚ ਵੇਚਦੇ ਹਨ। ਉੱਥੇ ਹੀ, ਕੁਝ ਵਿਸ਼ੇਸ਼ ਸ਼੍ਰੇਣੀ ਦੇ ਪੁਰਜ਼ੇ ਅਤੇ ਬਾਲ ਬੇਅਰਿੰਗ ਯੂਰਪੀਅਨ ਦੇਸ਼ਾਂ ਨੂੰ ਬਰਾਮਦ ਵੀ ਕੀਤੇ ਜਾਂਦੇ ਹਨ।
ਇਹੀ ਕਾਰਨ ਹੈ ਕਿ ਮਾਇਆਪੁਰੀ ਨੂੰ ਭਾਰਤ ਦੇ ਸਭ ਤੋਂ ਵੱਡੇ ਗ਼ੈਰ-ਰਸਮੀ ਰੀਸਾਈਕਲਿੰਗ ਤੇ ਪੁਨਰ-ਚੱਕਰਣ ਕੇਂਦਰਾਂ 'ਚ ਗਿਣਿਆ ਜਾਂਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਸਟੀਲ, ਆਟੋਮੋਬਾਈਲ ਤੇ ਨਿਰਮਾਣ ਉਦਯੋਗ 'ਚ ਸਕ੍ਰੈਪ ਦੀ ਵਧਦੀ ਮੰਗ ਦੇ ਕਾਰਨ ਇਸ ਖੇਤਰ ਦੀ ਮਹੱਤਤਾ ਲਗਾਤਾਰ ਵਧ ਰਹੀ ਹੈ।
ਇੰਨੀ ਵੱਡੀ ਆਰਥਿਕ ਗਤੀਵਿਧੀ ਦੇ ਨਾਲ ਚੁਣੌਤੀਆਂ ਵੀ ਜੁੜੀਆਂ ਹੋਈਆਂ ਹਨ। ਵਾਤਾਵਰਣ ਪ੍ਰਦੂਸ਼ਣ, ਗੈਰ-ਕਾਨੂੰਨੀ ਯੂਨਿਟਾਂ ਦਾ ਸੰਚਾਲਨ, ਸੜਕ ਕਬਜ਼ੇ ਤੇ ਈ-ਵੇਸਟ (E-waste) ਪ੍ਰਬੰਧਨ ਨੂੰ ਲੈ ਕੇ ਮਾਇਆਪੁਰੀ ਕਈ ਵਾਰ ਚਰਚਾ ਵਿਚ ਰਹੀ ਹੈ। ਹਾਲ ਹੀ ਦੇ ਸਾਲਾਂ 'ਚ ਵੱਖ-ਵੱਖ ਏਜੰਸੀਆਂ ਨੇ ਇੱਥੇ ਨਿਯਮਾਂ ਦੀ ਉਲੰਘਣਾ ਅਤੇ ਪ੍ਰਦੂਸ਼ਣ ਸੰਬੰਧੀ ਸ਼ਿਕਾਇਤਾਂ 'ਤੇ ਕਾਰਵਾਈ ਵੀ ਕੀਤੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਇਸ ਬਾਜ਼ਾਰ ਨੂੰ ਆਧੁਨਿਕ ਤਕਨੀਕ, ਵਿਗਿਆਨਕ ਰੀਸਾਈਕਲਿੰਗ ਤੇ ਬਿਹਤਰ ਨਿਯਮਾਂ ਨਾਲ ਜੋੜਿਆ ਜਾਵੇ ਤਾਂ ਇਹ ਨਾ ਸਿਰਫ਼ ਰੁਜ਼ਗਾਰ ਤੇ ਮਾਲੀਏ (Revenue) ਦਾ ਵੱਡਾ ਸਰੋਤ ਬਣਿਆ ਰਹੇਗਾ, ਬਲਕਿ ਭਾਰਤ ਦੀ ਹਰਿਤ ਅਰਥਵਿਵਸਥਾ (Green Economy) ਤੇ ਸਰੋਤ ਸੁਰੱਖਿਆ ਦੇ ਟੀਚੇ ਨੂੰ ਵੀ ਮਜ਼ਬੂਤੀ ਦੇਵੇਗਾ।