- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੌਸਮ ਵਿਗਿਆਨੀਆਂ ਨੇ ਆਮ ਨਾਲੋਂ ਵੀ ਘੱਟ ਬਾਰਿਸ਼ ਦਾ ਖ਼ਦਸ਼ਾ ਜਤਾਇਆ ਹੈ, ਜਿਸ ਨਾਲ ਗੰਨੇ ਦੀ ਖੇਤੀ ਪ੍ਰਭਾਵਿਤ ਹੋ ਸਕਦੀ ਹੈ, ਇਸ ਨਾਲ ਗੰਨੇ ਦੇ ਉਤਪਾਦਨ 'ਤੇ ਵੀ ਅਸਰ ਪਵੇਗਾ। ਗੰਨਾ ਉਤਪਾਦਨ 'ਚ ਕਮੀ ਦੇ ਅਨੁਮਾਨ, ਈਥੇਨੌਲ ਦੀ ਵਧਦੀ ਮੰਗ ਕਾਰਨ ਸਪਲਾਈ 'ਚ ਕਮੀ ਅਤੇ ਖੰਡ ਦੀਆਂ ਘਰੇਲੂ ਕੀਮਤਾਂ ਨੂੰ ਕੰਟਰੋਲ 'ਚ ਰੱਖਣ ਲਈ ਖੰਡ ਦੇ ਐਕਸਪੋਰਟ 'ਤੇ ਰੋਕ ਲਗਾਈ ਗਈ ਹੈ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਦੁਨੀਆ ਦੇ ਸਭ ਤੋਂ ਵੱਡੇ ਖੰਡ ਬਰਾਮਦਕਾਰ ਦੇਸ਼ਾਂ 'ਚ ਗਿਣੇ ਜਾਣ ਵਾਲੇ ਭਾਰਤ ਨੇ ਖੰਡ ਦੇ ਐਕਸਪੋਰਟ 'ਤੇ ਰੋਕ ਲਗਾ ਦਿੱਤੀ ਹੈ। ਇਹ ਰੋਕ ਘੱਟੋ-ਘੱਟ ਅਗਲੇ ਤਿੰਨ ਸੀਜ਼ਨਾਂ ਲਈ ਹੈ। ਭਾਰਤ ਦੇ ਇਸ ਫੈਸਲੇ ਤੋਂ ਬਾਅਦ ਅੰਤਰਰਾਸ਼ਟਰੀ ਬਾਜ਼ਾਰਾਂ 'ਚੋਂ ਲੱਖਾਂ ਟਨ ਖੰਡ ਬਾਹਰ ਹੋ ਜਾਣ ਦਾ ਖ਼ਦਸ਼ਾ ਹੈ ਜਿਸ ਨਾਲ ਏਸ਼ੀਆ, ਅਫਰੀਕਾ ਤੇ ਪੱਛਮੀ ਏਸ਼ੀਆ ਦੇ ਦਰਾਮਦਕਾਰਾਂ ਲਈ ਸਪਲਾਈ ਘੱਟ ਜਾਵੇਗੀ ਤੇ ਲੰਡਨ ਤੇ ਨਿਊਯਾਰਕ 'ਚ ਬੈਂਚਮਾਰਕ ਕੀਮਤਾਂ ਨੂੰ ਸਮਰਥਨ ਮਿਲੇਗਾ।
IMD ਦੇ ਅਨੁਮਾਨ ਮੁਤਾਬਕ ਇਸ ਸਾਲ ਅਲ ਨੀਨੋ ਦੀ ਸਥਿਤੀ ਕਾਰਨ ਭਾਰਤ 'ਚ ਮੌਨਸੂਨ ਦੇ ਕਮਜ਼ੋਰ ਹੋਣ ਤੇ ਪਿਛਲੇ 11 ਸਾਲਾਂ 'ਚ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚਣ ਦਾ ਅਨੁਮਾਨ ਹੈ। ਮੌਸਮ ਵਿਗਿਆਨੀਆਂ ਨੇ ਆਮ ਨਾਲੋਂ ਵੀ ਘੱਟ ਬਾਰਿਸ਼ ਦਾ ਖ਼ਦਸ਼ਾ ਜਤਾਇਆ ਹੈ, ਜਿਸ ਨਾਲ ਗੰਨੇ ਦੀ ਖੇਤੀ ਪ੍ਰਭਾਵਿਤ ਹੋ ਸਕਦੀ ਹੈ, ਇਸ ਨਾਲ ਗੰਨੇ ਦੇ ਉਤਪਾਦਨ 'ਤੇ ਵੀ ਅਸਰ ਪਵੇਗਾ।
ਗੰਨਾ ਉਤਪਾਦਨ 'ਚ ਕਮੀ ਅਨੁਮਾਨ, ਈਥੇਨੌਲ ਦੀ ਵਧਦੀ ਮੰਗ ਕਾਰਨ ਸਪਲਾਈ 'ਚ ਕਮੀ ਅਤੇ ਖੰਡ ਦੀਆਂ ਘਰੇਲੂ ਕੀਮਤਾਂ ਨੂੰ ਕੰਟਰੋਲ 'ਚ ਰੱਖਣ ਲਈ ਖੰਡ ਦੇ ਐਕਸਪੋਰਟ 'ਤੇ ਰੋਕ ਲਗਾਈ ਗਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ 30 ਸਤੰਬਰ ਤਕ ਖੰਡ ਦੀ ਬਰਾਮਦ 'ਤੇ ਰੋਕ ਲਗਾਈ ਸੀ।
ਰਿਪੋਰਟਾਂ ਦੀ ਮੰਨੀਏ ਤਾਂ ਭਾਰਤ ਬ੍ਰਾਜ਼ੀਲ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਖੰਡ ਬਰਾਮਦਕਾਰ ਦੇਸ਼ ਹੈ। ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਨੇ ਸਾਲ 2022-23 ਤਕ ਪੰਜ ਸੀਜ਼ਨਾਂ 'ਚ ਔਸਤਨ 6.8 ਮਿਲੀਅਨ ਮੀਟ੍ਰਿਕ ਟਨ ਖੰਡ ਦੀ ਬਰਾਮਦ ਕੀਤੀ ਜੋ ਗਲੋਬਲ ਬਰਾਮਦ ਦਾ ਲਗਪਗ 10% ਸੀ। ਇਸ ਸਾਲ, ਲਗਪਗ 800,000 ਟਨ ਬਰਾਮਦ ਕਰਨ ਤੋਂ ਬਾਅਦ ਸਰਕਾਰ ਨੇ ਰੋਕ ਲਗਾ ਦਿੱਤੀ। ਇੰਡੋਨੇਸ਼ੀਆ, ਬੰਗਲਾਦੇਸ਼, ਸ਼੍ਰੀਲੰਕਾ, ਸੰਯੁਕਤ ਅਰਬ ਅਮੀਰਾ (UAE), ਇਰਾਕ, ਸਾਊਦੀ ਅਰਬ ਅਤੇ ਸੋਮਾਲੀਆ ਵਰਗੇ ਦੇਸ਼ਾਂ ਵਿਚ ਭਾਰਤ ਵੱਲੋਂ ਖੰਡ ਦਾ ਐਕਸਪੋਰਟ ਵੱਡੇ ਪੱਧਰ 'ਤੇ ਕੀਤਾ ਜਾਂਦਾ ਹੈ। ਭਾਰਤ ਦੇ ਇਸ ਫੈਸਲੇ ਨਾਲ ਇੰਟਰਨੈਸ਼ਨਲ ਮਾਰਕੀਟ 'ਤੇ ਬੁਰਾ ਅਸਰ ਪੈ ਸਕਦਾ ਹੈ।
ਉਦਯੋਗ ਜਗਤ ਦੇ ਅਨੁਮਾਨਾਂ ਅਨੁਸਾਰ, ਭਾਰਤ 'ਚ ਇਸ ਸੀਜ਼ਨ ਵਿਚ 30.95 ਮਿਲੀਅਨ ਟਨ ਖੰਡ ਦਾ ਉਤਪਾਦਨ ਹੋਣ ਦੀ ਉਮੀਦ ਸੀ, ਪਰ ਹੁਣ ਉਤਪਾਦਨ 27.9 ਮਿਲੀਅਨ ਟਨ ਰਹਿਣ ਦਾ ਅਨੁਮਾਨ ਹੈ, ਜੋ ਲਗਪਗ 28.5 ਮਿਲੀਅਨ ਟਨ ਦੀ ਸਾਲਾਨਾ ਖਪਤ ਨਾਲੋਂ ਘੱਟ ਹੈ। MEIR Commodities ਮੁਤਾਬਕ 1 ਅਕਤੂਬਰ ਨੂੰ ਸੀਜ਼ਨ ਦੀ ਸ਼ੁਰੂਆਤ 'ਚ ਮਿੱਲਾਂ ਕੋਲ ਮੌਜੂਦ ਸਟਾਕ ਘਟ ਕੇ ਲਗਪਗ 35 ਲੱਖ ਟਨ ਹੋਣ ਦੀ ਸੰਭਾਵਨਾ ਹੈ, ਜੋ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਵਿੱਚ ਸਭ ਤੋਂ ਘੱਟ ਹੈ।
ਦੱਸ ਦੇਈਏ ਕਿ ਸਾਲ 2015 'ਚ ਅਲ ਨੀਨੋ ਕਾਰਨ ਪਏ ਸੋਕੇ ਨਾਲ ਗੰਨੇ ਦੀ ਖੇਤੀ ਘੱਟ ਹੋਈ ਸੀ। ਇਸ ਤੋਂ ਬਾਅਦ ਦੇਸ਼ ਨੇ ਆਖਰੀ ਵਾਰ 2016-17 ਅਤੇ 2017-18 ਵਿੱਚ ਖੰਡ ਦੀ ਦਰਾਮਦ ਕੀਤੀ ਸੀ। ਇਸ ਤੋਂ ਪਹਿਲਾਂ, 2009 ਅਤੇ 2010 'ਚ ਭਾਰਤ ਦੇ ਵੱਡੇ ਪੱਧਰ 'ਤੇ ਖੰਡ ਦਰਾਮਦ ਨੇ ਗਲੋਬਲ ਕੀਮਤਾਂ ਨੂੰ ਪਿਛਲੇ ਪੱਧਰ ਤੋਂ ਲਗਪਗ ਤਿੰਨ ਗੁਣਾ ਤੱਕ ਵਧਾਉਣ 'ਚ ਮਦਦ ਕੀਤੀ ਸੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹੁਣ ਭਾਰਤ ਵਿੱਚ ਈਥੇਨੌਲ ਦੀ ਸਪਲਾਈ ਦੇ ਚਲਦਿਆਂ ਦਰਾਮਦ ਕਰਨਾ ਪੈ ਰਿਹਾ ਹੈ।