- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਿਪੋਰਟ ਮੁਤਾਬਕ ਆਂਡਾ ਹੁਣ ਤਕ ਦੇ ਆਪਣੇ ਸਭ ਤੋਂ ਮਹਿੰਗੇ ਪੱਧਰ 'ਤੇ ਪਹੁੰਚ ਗਿਆ ਹੈ। ਨਵੀਂ ਕੀਮਤ ਅਨੁਸਾਰ 6.45 ਰੁਪਏ ਪ੍ਰਤੀ ਆਂਡੇ ਦਾ ਭਾਅ ਹੋ ਗਿਆ ਹੈ। ਇਸ ਤੋਂ ਪਹਿਲਾਂ ਆਂਡੇ ਦਾ ਸਭ ਤੋਂ ਵੱਧ ਭਾਅ ਦਸੰਬਰ 2025 'ਚ ਰਿਹਾ ਜੋ 6.35 ਰੁਪਏ ਪ੍ਰਤੀ ਆਂਡਾ ਦਰਜ ਕੀਤਾ ਗਿਆ ਸੀ, ਹੁਣ ਇਹ ਰਿਕਾਰਡ ਟੁੱਟ ਚੁੱਕਾ ਹੈ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਦੇਸ਼ ਵਿਚ ਪੈਟਰੋਲ-ਡੀਜ਼ਲ, ਗੈਸ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਦੀਆਂ ਕੀਮਤਾਂ 'ਚ ਕਾਫ਼ੀ ਉਛਾਲ ਆਇਆ ਹੈ। ਹੁਣ ਖਾਣ-ਪੀਣ ਵਾਲੀਆਂ ਚੀਜ਼ਾਂ ਵੀ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਹਨ। ਹੁਣ ਦੇਸ਼ ਭਰ 'ਚ ਆਂਡਿਆਂ ਦੀ ਕੀਮਤ ਵਧਣ (Egg Price Hike) ਦੀ ਵੀ ਖ਼ਬਰ ਆ ਗਈ ਹੈ। ਅਸਲ ਵਿਚ ਨਾਮੱਕਲ ਨੈਸ਼ਨਲ ਐੱਗ ਕੋਆਰਡੀਨੇਸ਼ਨ ਕਮੇਟੀ (NECC) ਵੱਲੋਂ ਕੀਮਤ ਵਧਾਏ ਜਾਣ ਤੋਂ ਬਾਅਦ ਆਂਡਾ ਹੁਣ ਆਪਣੇ ਹੁਣ ਤਕ ਦੇ ਸਭ ਤੋਂ ਉੱਚ ਪੱਧਰ 'ਤੇ ਪਹੁੰਚ ਗਿਆ ਹੈ। ਵਧੀ ਹੋਈ ਕੀਮਤ ਦਾ ਸਿੱਧਾ ਅਸਰ ਹੁਣ ਆਮ ਆਦਮੀ ਦੀ ਜੇਬ 'ਤੇ ਪੈ ਰਿਹਾ ਹੈ।
ਰਿਪੋਰਟ ਮੁਤਾਬਕ ਆਂਡਾ ਹੁਣ ਤਕ ਦੇ ਆਪਣੇ ਸਭ ਤੋਂ ਮਹਿੰਗੇ ਪੱਧਰ 'ਤੇ ਪਹੁੰਚ ਗਿਆ ਹੈ। ਨਵੀਂ ਕੀਮਤ ਅਨੁਸਾਰ 6.45 ਰੁਪਏ ਪ੍ਰਤੀ ਆਂਡੇ ਦਾ ਭਾਅ ਹੋ ਗਿਆ ਹੈ। ਇਸ ਤੋਂ ਪਹਿਲਾਂ ਆਂਡੇ ਦਾ ਸਭ ਤੋਂ ਵੱਧ ਭਾਅ ਦਸੰਬਰ 2025 'ਚ ਰਿਹਾ ਜੋ 6.35 ਰੁਪਏ ਪ੍ਰਤੀ ਆਂਡਾ ਦਰਜ ਕੀਤਾ ਗਿਆ ਸੀ, ਹੁਣ ਇਹ ਰਿਕਾਰਡ ਟੁੱਟ ਚੁੱਕਾ ਹੈ। ਪਰਚੂਨ ਬਾਜ਼ਾਰਾਂ 'ਚ ਪ੍ਰਤੀ ਆਂਡੇ ਦੀ ਕੀਮਤ 10 ਰੁਪਏ ਨੂੰ ਵੀ ਪਾਰ ਕਰ ਸਕਦੀ ਹੈ। ਮੰਗਲਵਾਰ ਤਕ ਪ੍ਰਤੀ ਆਂਡੇ ਦੀ ਕੀਮਤ 6.40 ਰੁਪਏ ਸੀ, ਬਾਅਦ 'ਚ NECC ਦੇ ਜ਼ੋਨਲ ਪ੍ਰਧਾਨ ਨੇ ਕੀਮਤਾਂ 'ਚ 5 ਪੈਸੇ ਹੋਰ ਵਾਧੇ ਦਾ ਐਲਾਨ ਕੀਤਾ ਜਿਸ ਤੋਂ ਬਾਅਦ ਕੀਮਤ ਵੱਧ ਕੇ 6.45 ਰੁਪਏ ਪ੍ਰਤੀ ਆਂਡਾ ਹੋ ਗਈ।
1 ਮਈ ਨੂੰ ਇਕ ਆਂਡੇ ਦੀ ਕੀਮਤ 5.70 ਰੁਪਏ ਸੀ, ਜਿਸ ਤੋਂ ਬਾਅਦ ਲਗਾਤਾਰ ਕੀਮਤਾਂ ਵਧੀਆਂ ਹਨ। ਨਾਮੱਕਲ ਨੈਸ਼ਨਲ ਐੱਗ ਕੋਆਰਡੀਨੇਸ਼ਨ ਕਮੇਟੀ (NECC) ਦੇ ਅਧਿਕਾਰੀਆਂ ਅਨੁਸਾਰ, ਤੇਜ਼ ਗਰਮੀ ਕਾਰਨ ਆਂਡਿਆਂ ਦੇ ਉਤਪਾਦਨ 'ਚ ਕਰੀਬ 15% ਦੀ ਕਮੀ ਆਈ ਹੈ ਤੇ ਮੰਗ ਵਧੀ ਹੈ। ਮੰਗ ਵਧਣ ਤੇ ਉਤਪਾਦਨ 'ਚ ਕਮੀ ਕਾਰਨ ਕੀਮਤਾਂ 'ਚ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਡੀਜ਼ਲ-ਪੈਟਰੋਲ ਦੀ ਸਪਲਾਈ 'ਚ ਸਮੱਸਿਆ ਅਤੇ ਵਧਦੀ ਕੀਮਤ ਦੇ ਕਾਰਨ ਮਾਲ ਢੋਆ-ਢੁਆਈ ਦੇ ਖਰਚੇ ਵਿਚ ਵੀ ਵਾਧਾ ਹੋਇਆ ਹੈ। ਇਸੇ ਨੂੰ ਦੇਖਦੇ ਹੋਏ ਆਂਡੇ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ ਹੈ।
ਤਾਮਿਲਨਾਡੂ ਦੇ ਨਾਮੱਕਲ ਸ਼ਹਿਰ ਨੂੰ ਕਈ ਲੋਕ ਦੇਸ਼ ਦੇ ਆਂਡਿਆਂ ਦਾ ਸ਼ਹਿਰ (Egg City) ਵੀ ਕਹਿੰਦੇ ਹਨ। ਮੀਡੀਆ ਰਿਪੋਰਟਾਂ ਦੇ ਮੁਤਾਬਕ ਇੱਥੇ 1100-1600 ਛੋਟੇ-ਵੱਡੇ ਮੁਰਗੀ ਫਾਰਮ (Poultry Farms) ਹਨ। ਇੱਥੇ ਹਰ ਰੋਜ਼ 6-7 ਕਰੋੜ ਆਂਡਿਆਂ ਦਾ ਉਤਪਾਦਨ ਹੁੰਦਾ ਹੈ। ਦੱਸ ਦੇਈਏ ਕਿ ਭਾਰਤ ਦੇ ਆਂਡਾ ਐਕਸਪੋਰਟ (ਬਰਾਮਦ) 'ਚ ਨਾਮੱਕਲ ਸ਼ਹਿਰ ਦੀ ਸਭ ਤੋਂ ਵੱਡੀ ਹਿੱਸੇਦਾਰੀ ਹੈ। ਖਾਸ ਤੌਰ 'ਤੇ ਖਾੜੀ ਦੇਸ਼ਾਂ (Gulf Countries) 'ਚ ਇੱਥੋਂ ਦਾ ਆਂਡਾ ਖ਼ੂਬ ਭੇਜਿਆ ਤੇ ਪਸੰਦ ਕੀਤਾ ਜਾਂਦਾ ਹੈ। ਹੁਣ ਆਂਡੇ ਦੀ ਕੀਮਤ ਆਮ ਲੋਕਾਂ ਦੀ ਜੇਬ 'ਤੇ ਦਬਾਅ ਬਣਾ ਸਕਦੀ ਹੈ।