ਬਲਕਾਰ ਸਿੰਘ ਨੇ ਸਟ੍ਰਾਬੇਰੀ ਦੀਆਂ ਵੱਖ-ਵੱਖ ਕਿਸਮਾਂ, ਜਿਵੇਂ ਸਵੀਟ ਚਾਰਲੀ, ਚੈਂਡਲਰ, ਕੈਮਰੋਜਾ, ਕੈਪਰੀ ਅਤੇ ਰਾਨੀਆ ਦੀ ਖੇਤੀ ਕਰਨੀ ਸ਼ੁਰੂ ਕੀਤੀ। ਉਸ ਨੇ ਪ੍ਰਤੀ ਏਕੜ ਲਗਭਗ 3.40 ਲੱਖ ਰੁਪਏ ਤਕ ਦੀ ਆਮਦਨ ਪ੍ਰਾਪਤ ਕੀਤੀ, ਜੋ ਵੱਡੀ ਉਪਲੱਬਧੀ ਹੈ। ਅੱਜ ਬਲਕਾਰ ਸਿੰਘ ਸਿਰਫ਼ ਸਟ੍ਰਾਬੇਰੀ ਤੱਕ ਸੀਮਤ ਨਹੀਂ ਰਿਹਾ, ਹੁਣ ਉਹ ਖੇਤੀ ਵਿਭਿੰਨਤਾ ਨੂੰ ਅਪਣਾ ਚੁੱਕਿਆ ਹੈ।

ਪੰਜਾਬ ਦੀ ਧਰਤੀ ਹਮੇਸ਼ਾ ਹੀ ਮਿਹਨਤਕਸ਼ ਤੇ ਨਵੀਂ ਸੋਚ ਵਾਲੇ ਕਿਸਾਨਾਂ ਕਰਕੇ ਜਾਣੀ ਜਾਂਦੀ ਹੈ। ਅਜਿਹੇ ਹੀ ਪ੍ਰਗਤੀਸ਼ੀਲ ਕਿਸਾਨ ਬਲਕਾਰ ਸਿੰਘ ਨੇ ਸਿਰਫ਼ ਤਿੰਨ ਏਕੜ ਜ਼ਮੀਨ ਦੇ ਮਾਲਕ ਹੋਣ ਦੇ ਬਾਵਜੂਦ ਆਪਣੀ ਸੋਚ, ਹਿੰਮਤ ਤੇ ਨਵੀਂ ਤਕਨੀਕ ਨਾਲ ਖੇਤੀ ’ਚ ਨਵਾਂ ਮਾਡਲ ਖੜ੍ਹਾ ਕੀਤਾ ਹੈ। ਸਾਲ 2012 ਵਿਚ ਸੋਸ਼ਲ ਮੀਡੀਆ ’ਤੇ ਸਟ੍ਰਾਬੇਰੀ ਦੀ ਖੇਤੀ ਬਾਰੇ ਜਾਣਕਾਰੀ ਵੇਖਣ ਤੋਂ ਬਾਅਦ ਬਲਕਾਰ ਸਿੰਘ ਨੇ ਇਸ ਨੂੰ ਅਪਣਾਉਣ ਦਾ ਫ਼ੈਸਲਾ ਕੀਤਾ, ਜਿਸ ਨੇ ਨਾ ਸਿਰਫ਼ ਕਿਸਾਨੀ ਦੀ ਤਸਵੀਰ ਬਦਲੀ ਸਗੋਂ ਉਸ ਦਾ ਪਰਿਵਾਰ ਵੀ ਮਾਲਾਮਾਲ ਹੋ ਗਿਆ।
ਪਹਿਲੇ ਸਾਲ ਹੀ ਹਾਸਿਲ ਕੀਤੀ ਚੰਗੀ ਆਮਦਨ
ਕਪੂਰਥਲਾ ਜ਼ਿਲ੍ਹੇ ਦੀ ਸੁਲਤਾਨਪੁਰ ਲੋਧੀ ਤਹਿਸੀਲ ਦੇ ਪਿੰਡ ਸਵਾਲ ਵਾਸੀ ਬਲਕਾਰ ਸਿੰਘ ਨੇ ਬਾਗ਼ਬਾਨੀ ਵਿਭਾਗ ਕਪੂਰਥਲਾ ਨਾਲ ਸੰਪਰਕ ਕੀਤਾ, ਜਿਸ ਦੇ ਸਹਿਯੋਗ ਨਾਲ ਹਿਮਾਚਲ ਪ੍ਰਦੇਸ਼ ਦੀ ਯੂਨੀਵਰਸਿਟੀ ਤੋਂ ਉੱਚ ਗੁਣਵੱਤਾ ਵਾਲੇ ਸਟ੍ਰਾਬੇਰੀ ਦੇ ਪੌਦੇ ਪ੍ਰਾਪਤ ਕੀਤੇ। ਸ਼ੁਰੂ ’ਚ ਉਸ ਨੇ ਸਿਰਫ਼ ਦੋ ਕਨਾਲ ਵਿਚ ਪਲਾਸਟਿਕ ਮਲਚਿੰਗ ਤਕਨੀਕ ਨਾਲ ਸਟ੍ਰਾਬੇਰੀ ਦੀ ਖੇਤੀ ਕੀਤੀ ਅਤੇ ਪਹਿਲੇ ਹੀ ਸਾਲ ਚੰਗੀ ਆਮਦਨ ਹਾਸਿਲ ਕੀਤੀ। ਉਨ੍ਹਾਂ ਦੀ ਕਾਮਯਾਬੀ ਨੂੰ ਦੇਖਦਿਆਂ ਬਾਗ਼ਬਾਨੀ ਵਿਭਾਗ ਨੇ ਉਸ ਨੂੰ ਖੇਤੀ ਦਾ ਖੇਤਰ ਵਧਾਉਣ ਲਈ ਪ੍ਰੇਰਿਤ ਕੀਤਾ।
ਵੱਖ-ਵੱਖ ਕਿਸਮਾਂ ਦੀ ਖੇਤੀ ਕੀਤੀ ਸ਼ੁਰੂ
ਬਲਕਾਰ ਸਿੰਘ ਨੇ ਸਟ੍ਰਾਬੇਰੀ ਦੀਆਂ ਵੱਖ-ਵੱਖ ਕਿਸਮਾਂ, ਜਿਵੇਂ ਸਵੀਟ ਚਾਰਲੀ, ਚੈਂਡਲਰ, ਕੈਮਰੋਜਾ, ਕੈਪਰੀ ਅਤੇ ਰਾਨੀਆ ਦੀ ਖੇਤੀ ਕਰਨੀ ਸ਼ੁਰੂ ਕੀਤੀ। ਉਸ ਨੇ ਪ੍ਰਤੀ ਏਕੜ ਲਗਭਗ 3.40 ਲੱਖ ਰੁਪਏ ਤਕ ਦੀ ਆਮਦਨ ਪ੍ਰਾਪਤ ਕੀਤੀ, ਜੋ ਵੱਡੀ ਉਪਲੱਬਧੀ ਹੈ। ਅੱਜ ਬਲਕਾਰ ਸਿੰਘ ਸਿਰਫ਼ ਸਟ੍ਰਾਬੇਰੀ ਤੱਕ ਸੀਮਤ ਨਹੀਂ ਰਿਹਾ, ਹੁਣ ਉਹ ਖੇਤੀ ਵਿਭਿੰਨਤਾ ਨੂੰ ਅਪਣਾ ਚੁੱਕਿਆ ਹੈ। ਉਹ 6 ਏਕੜ ਵਿੱਚ ਗਾਜਰ (ਲਾਲ ਅਤੇ ਸਤਰੰਗੀ), ਇਕ ਏਕੜ ਵਿਚ ਪਲਾਸਟਿਕ ਮਲਚਿੰਗ ’ਤੇ ਖਰਬੂਜ਼ਾ, ਇਕ-ਇਕ ਏਕੜ ’ਚ ਪਿਆਜ਼ ਅਤੇ ਕੱਦੂ, ਤਿੰਨ ਏਕੜ ਵਿਚ ਟਮਾਟਰ ਅਤੇ ਇਕ ਏਕੜ ਵਿੱਚ ਸ਼ਿਮਲਾ ਮਿਰਚ ਨਾਲ ਕੱਕੜੀ ਦੀ ਖੇਤੀ ਕਰ ਰਹੇ ਹਨ। ਇਸ ਦੇ ਨਾਲ-ਨਾਲ ਹੀ ਉਸ ਕੋਲ ਅਮਰੂਦ ਦਾ ਬਾਗ਼ ਵੀ ਹੈ। ਇਨ੍ਹਾਂ ਸਾਰੀਆਂ ਫ਼ਸਲਾਂ ਤੋਂ ਉਹ ਹਰ ਸਾਲ ਲਗਭਗ 5 ਲੱਖ ਰੁਪਏ ਦੀ ਆਮਦਨ ਕਮਾ ਰਹੇ ਹਨ।
ਖ਼ੁਦ ਤਿਆਰ ਕਰਦਾ ਨਰਸਰੀ
ਬਲਕਾਰ ਸਿੰਘ ਨੇ ਆਧੁਨਿਕ ਤਕਨੀਕਾਂ ਨੂੰ ਵੀ ਅਪਣਾਇਆ ਹੈ, ਜਿਵੇਂ ਪਲਾਸਟਿਕ ਮਲਚਿੰਗ, ਪੋਲੀ ਹਾਊਸ ਅਤੇ ਮਧੂਮੱਖੀ ਪਾਲਣ। ਉਸ ਨੇ 50 ਫ਼ੀਸਦੀ ਸਬਸਿਡੀ ਨਾਲ ਪੋਲੀ ਹਾਊਸ ਲਗਾਇਆ, ਜਿਸ ਵਿਚ ਉਹ ਰੰਗੀਨ ਸ਼ਿਮਲਾ ਮਿਰਚ ਅਤੇ ਖੀਰੇ ਦੀ ਖੇਤੀ ਕਰਦਾ ਹੈ। ਖ਼ਾਸ ਗੱਲ ਇਹ ਹੈ ਕਿ ਉਹ ਆਪਣੀ ਨਰਸਰੀ ਵੀ ਖ਼ੁਦ ਤਿਆਰ ਕਰਦਾ ਹੈ, ਜਿਸ ਨਾਲ ਖ਼ਰਚੇ ਘੱਟ ਹੁੰਦੇ ਹਨ ਅਤੇ ਗੁਣਵੱਤਾ ਉੱਚੀ ਰਹਿੰਦੀ ਹੈ। ਉਹ ਆਪਣੀ ਉਪਜ ਨੂੰ ਖ਼ੁਦ ਗ੍ਰੇਡ ਕਰਦਾ ਹੈ, ਪੈਕ ਕਰਦਾ ਹੈ ਤੇ ਸਿੱਧਾ ਮਾਰਕੀਟ ’ਚ ਵੇਚਦਾ ਹੈ। ਉਹ ਕਪੂਰਥਲਾ, ਜਲੰਧਰ ਅਤੇ ਤਰਨਤਾਰਨ ਦੇ ਸਥਾਨਕ ਬਾਜ਼ਾਰਾਂ ਵਿਚ ਆਪਣੀ ਉਪਜ ਦੀ ਸਪਲਾਈ ਕਰਦਾ ਹੈ।
ਨੌਜਵਾਨਾਂ ਨੂੰ ਦੇ ਰਿਹਾ ਰੁਜ਼ਗਾਰ
ਇਸ ਦੇ ਨਾਲ ਹੀ ਉਹ ਪਿੰਡ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਰਿਹਾ ਹੈ। ਇਹ ਨੌਜਵਾਨ ਉਸ ਦੀ ਉਪਜ ਨੂੰ ਘਰ-ਘਰ ਜਾ ਕੇ ਵੇਚਦੇ ਹਨ, ਜਿਸ ਨਾਲ ਉਸ ਨੂੰ ਵੀ ਆਮਦਨ ਦਾ ਸਰੋਤ ਮਿਲਦਾ ਹੈ। ਇਸ ਤਰ੍ਹਾਂ ਬਲਕਾਰ ਸਿੰਘ ਨਾ ਸਿਰਫ਼ ਆਪਣੇ ਲਈ ਸਗੋਂ ਹੋਰਾਂ ਲਈ ਵੀ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਿਹਾ ਹੈ। ਪਿੰਡ ਸਵਾਲ ਦੇ ਕਿਸਾਨ ਬਲਕਾਰ ਸਿੰਘ ਦੀ ਸਖ਼ਤ ਮਿਹਨਤ ਦੀ ਕਹਾਣੀ ਇਹ ਸਾਬਿਤ ਕਰਦੀ ਹੈ ਕਿ ਜੇ ਕਿਸਾਨ ਨਵੀਆਂ ਤਕਨੀਕਾਂ ਅਤੇ ਫ਼ਸਲੀ ਵਿਭਿੰਨਤਾ ਨੂੰ ਅਪਣਾਉਣ, ਤਾਂ ਘੱਟ ਜ਼ਮੀਨ ਤੋਂ ਵੀ ਵੱਡੀ ਕਾਮਯਾਬੀ ਹਾਸਿਲ ਕੀਤੀ ਜਾ ਸਕਦੀ ਹੈ। ਉਹ ਪੰਜਾਬ ਦੇ ਹੋਰ ਕਿਸਾਨਾਂ ਲਈ ਪ੍ਰੇਰਨਾਸਰੋਤ ਹਨ, ਜੋ ਰਵਾਇਤੀ ਖੇਤੀ ਤੋਂ ਅੱਗੇ ਵੱਧ ਕੇ ਨਵੀਂ ਸੋਚ ਨਾਲ ਖੇਤੀ ਨੂੰ ਲਾਭਕਾਰੀ ਬਣਾ ਸਕਦੇ ਹਨ।
- ਹਰਨੇਕ ਸਿੰਘ ਜੈਨਪੁਰੀ