ਰੂਸੀ ਤੇਲ ਖਰੀਦਣ ’ਤੇ ਭਾਰਤ ਨੂੰ ਨਸੀਹਤ ਦੇਣ ਵਾਲੇ ਟਰੰਪ ਦੀ ਪੁਤਿਨ ਨਾਲ ਵੱਡੀ ਡੀਲ, 10 ਲੱਖ ਮੀਟ੍ਰਿਕ ਟਨ ਡੀਜ਼ਲ ਖਰੀਦਣ ਦਾ ਐਲਾਨ
ਟਰੰਪ ਨੇ ਸ਼ੁੱਕਰਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਤੋਂ ਬਾਅਦ ਕਿਹਾ ਕਿ ਮਾਸਕੋ ਤੁਰੰਤ ਅਮਰੀਕਾ ਨੂੰ ਡੀਜ਼ਲ ਦੀ ਸਪਲਾਈ ਕਰੇਗਾ।
Publish Date: Sat, 10 Oct 2026 10:34 AM (IST)
Updated Date: Sat, 10 Oct 2026 10:36 AM (IST)
ਪੀਟੀਆਈ, ਵਾਸ਼ਿੰਗਟਨ। ਰੂਸ ਤੋਂ ਤੇਲ ਖਰੀਦਣ ਵਾਲੇ ਭਾਰਤ ਸਮੇਤ ਹੋਰ ਦੇਸ਼ਾਂ ’ਤੇ ਤਰ੍ਹਾਂ-ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣ ਵਾਲੇ ਡੋਨਾਲਡ ਟਰੰਪ ਹੁਣ ਖ਼ੁਦ ਰੂਸ ਤੋਂ ਲੱਖਾਂ ਟਨ ਫਿਊਲ ਖਰੀਦਣ ਜਾ ਰਹੇ ਹਨ।
ਟਰੰਪ ਨੇ ਸ਼ੁੱਕਰਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਤੋਂ ਬਾਅਦ ਕਿਹਾ ਕਿ ਮਾਸਕੋ ਤੁਰੰਤ ਅਮਰੀਕਾ ਨੂੰ ਡੀਜ਼ਲ ਦੀ ਸਪਲਾਈ ਕਰੇਗਾ। ਇਹ ਹੈਰਾਨੀਜਨਕ ਐਲਾਨ ਅਜਿਹੇ ਸਮੇਂ ਹੋਇਆ ਹੈ, ਜਦੋਂ ਅਮਰੀਕਾ ਨੇ ਰੂਸੀ ਤੇਲ ਤੇ ਗੈਸ ਖਰੀਦਣ ਵਾਲੇ ਦੇਸ਼ਾਂ ’ਤੇ ਭਾਰੀ ਟੈਰਿਫ ਲਗਾਉਣ ਲਈ ਕਾਨੂੰਨ ਬਣਾ ਰੱਖਿਆ ਹੈ।
ਅਮਰੀਕੀ ਰਾਸ਼ਟਰਪਤੀ ਨੇ ਟਰੂਥ ਸੋਸ਼ਲ ’ਤੇ ਲਿਖਿਆ, “ਮੈਂ ਹੁਣੇ ਹੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਬਹੁਤ ਸਫ਼ਲ ਗੱਲਬਾਤ ਪੂਰੀ ਕੀਤੀ ਹੈ। ਇਸ ਦੌਰਾਨ ਸਹਿਮਤੀ ਬਣੀ ਹੈ ਕਿ ਰੂਸ ਤੁਰੰਤ ਅਮਰੀਕੀ ਤੇ ਵਿਸ਼ਵ ਬਾਜ਼ਾਰ ਨੂੰ ਤਿੰਨ ਲੱਖ ਟਨ ਤੋਂ ਵੱਧ ਡੀਜ਼ਲ ਦੀ ਸਪਲਾਈ ਕਰੇਗਾ। ਨਵੰਬਰ ’ਚ ਰੂਸ ਪੰਜ ਲੱਖ ਟਨ ਤੇ ਇਸ ਤੋਂ ਤੁਰੰਤ ਬਾਅਦ 10 ਲੱਖ ਟਨ ਡੀਜ਼ਲ ਦੀ ਸਪਲਾਈ ਕਰੇਗਾ।”
ਇਸ ਤੋਂ ਇਲਾਵਾ ਆਪਣੀਆਂ ਰਿਫਾਇਨਰੀਆਂ ਦੀ ਸਥਿਤੀ ਦੇ ਆਧਾਰ ’ਤੇ ਰੂਸ ਥੋੜ੍ਹੇ ਹੀ ਸਮੇਂ ’ਚ 30 ਲੱਖ ਟਨ ਡੀਜ਼ਲ ਦੀ ਸਪਲਾਈ ਕਰੇਗਾ। ਇਸ ਦੇ ਨਾਲ ਹੀ ਅਮਰੀਕਾ ਨੇ ਰੂਸੀ ਡੀਜ਼ਲ ਦੀ ਵਿਕਰੀ ’ਤੇ ਅਪ੍ਰੈਲ 2027 ਤੱਕ ਪਾਬੰਦੀ ਹਟਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਈਰਾਨ ਜੰਗ ਕਾਰਨ ਅਮਰੀਕਾ ਈਂਧਨ ਦੀਆਂ ਉੱਚੀਆਂ ਕੀਮਤਾਂ ਨਾਲ ਜੂਝ ਰਿਹਾ ਹੈ। ਤਿੰਨ ਨਵੰਬਰ ਨੂੰ ਹੋਣ ਵਾਲੀਆਂ ਮੱਧਕਾਲੀ ਚੋਣਾਂ ’ਚ ਇਹ ਇੱਕ ਅਹਿਮ ਮੁੱਦਾ ਬਣ ਗਿਆ ਹੈ। ਕਈ ਸਰਵੇਖਣਾਂ ’ਚ ਅੰਦਾਜ਼ਾ ਲਗਾਇਆ ਗਿਆ ਹੈ ਕਿ ਮੱਧਕਾਲੀ ਚੋਣਾਂ ’ਚ ਰਿਪਬਲਿਕਨ ਪਾਰਟੀ ਲਈ ਅਮਰੀਕੀ ਕਾਂਗਰਸ ’ਤੇ ਆਪਣਾ ਕੰਟਰੋਲ ਕਾਇਮ ਰੱਖਣਾ ਮੁਸ਼ਕਲ ਹੋ ਸਕਦਾ ਹੈ।
ਟਰੰਪ ਨੇ ਕਿਹਾ ਕਿ ਹੋਰਮੁਜ਼ ਜਲਡਮਰੂ ’ਤੇ ਅਮਰੀਕਾ ਦੇ ਕੰਟਰੋਲ ਤੇ ਰੂਸ ਤੋਂ ਪ੍ਰਸਤਾਵਿਤ ਡੀਜ਼ਲ ਸਪਲਾਈ ਕਾਰਨ ਈਂਧਨ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ ਆਵੇਗੀ। ਉਨ੍ਹਾਂ ਕਿਹਾ ਕਿ ਅਮਰੀਕੀਆਂ, ਖ਼ਾਸ ਕਰਕੇ ਕਿਸਾਨਾਂ, ਪਸ਼ੂ ਪਾਲਕਾਂ ਤੇ ਟਰੱਕ ਚਾਲਕਾਂ ਲਈ ਕੀਮਤਾਂ ਘਟਾਉਣਾ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੈ।
ਈਰਾਨ ਜੰਗ ਜਲਦ ਖ਼ਤਮ ਹੋਵੇਗੀ, ਤੇਲ ਦੀਆਂ ਕੀਮਤਾਂ ਘਟਣਗੀਆਂ: ਟਰੰਪ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਈਰਾਨ ਜੰਗ ਜਲਦ ਖ਼ਤਮ ਹੋ ਜਾਵੇਗੀ। ਉਨ੍ਹਾਂ ਨੇ ਤੇਲ ਦੀਆਂ ਕੀਮਤਾਂ ’ਚ ਤੇਜ਼ ਗਿਰਾਵਟ ਆਉਣ ਦਾ ਅੰਦਾਜ਼ਾ ਲਗਾਇਆ ਤੇ ਕਿਹਾ ਕਿ ਤਹਿਰਾਨ ਨੂੰ ਕਦੇ ਵੀ ਪਰਮਾਣੂ ਹਥਿਆਰ ਹਾਸਲ ਨਹੀਂ ਕਰਨ ਦਿੱਤੇ ਜਾਣਗੇ। ਉਨ੍ਹਾਂ ਦੇ ਬਿਆਨ ਤੋਂ ਸੰਕੇਤ ਮਿਲਿਆ ਹੈ ਕਿ ਟਕਰਾਅ ਦਾ ਹੱਲ ਨਿਕਲਣ ਤੱਕ ਵਾਸ਼ਿੰਗਟਨ ਫ਼ੌਜੀ ਤੇ ਆਰਥਿਕ ਦਬਾਅ ਬਣਾਈ ਰੱਖਣ ਦਾ ਇਰਾਦਾ ਰੱਖਦਾ ਹੈ।
ਵ੍ਹਾਈਟ ਹਾਊਸ ’ਚ ਕੋਲੰਬਸ ਦਿਵਸ ਸਮਾਰੋਹ ਦੌਰਾਨ ਟਰੰਪ ਨੇ ਕਿਹਾ ਕਿ ਅਮਰੀਕਾ ਨੇ ਜਲ ਸੈਨਾ ਦੀ ਨਾਕਾਬੰਦੀ ਲਾਗੂ ਕਰ ਦਿੱਤੀ ਹੈ ਤੇ ਈਰਾਨ ਦੀਆਂ ਫ਼ੌਜੀ ਸਮਰੱਥਾਵਾਂ ਨੂੰ ਬੁਰੀ ਤਰ੍ਹਾਂ ਕਮਜ਼ੋਰ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਅਮਰੀਕਾ ਈਰਾਨ ਨੂੰ ਪਰਮਾਣੂ ਹਥਿਆਰ ਵਿਕਸਿਤ ਕਰਨ ਤੋਂ ਰੋਕਣ ਦਾ ਆਪਣਾ ਮੁੱਖ ਟੀਚਾ ਪਹਿਲਾਂ ਹੀ ਹਾਸਲ ਕਰ ਚੁੱਕਾ ਹੈ। ਟਰੰਪ ਨੇ ਦਾਅਵਾ ਕੀਤਾ ਕਿ ਈਰਾਨ ਦੇ ਫ਼ੌਜੀ ਢਾਂਚੇ ਨੂੰ ਕਾਫ਼ੀ ਹੱਦ ਤੱਕ ਤਬਾਹ ਕਰ ਦਿੱਤਾ ਗਿਆ ਹੈ ਤੇ ਅਮਰੀਕੀ ਫ਼ੌਜ ਨਾਕਾਬੰਦੀ ਰਾਹੀਂ ਦਬਾਅ ਬਣਾਈ ਰੱਖ ਰਹੀ ਹੈ।