ਟਰੰਪ ਨੇ ਸ਼ੀ ਜਿਨਪਿੰਗ ਨੂੰ ਕਰਵਾਈ ‘ਮਰੀਨ ਵਨ’ ਦੀ ਸੈਰ, ਵ੍ਹਾਈਟ ਹਾਊਸ ’ਚ ਦਿਖਾਈ ਦੋਸਤੀ; ਵਪਾਰ ਤੋਂ AI ਤੱਕ ਹੋਵੇਗੀ ਵੱਡੀ ਡੀਲ ’ਤੇ ਗੱਲਬਾਤ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਵ੍ਹਾਈਟ ਹਾਊਸ ਦਾ ਸਾਊਥ ਲਾਅਨ ਤੇ ਆਪਣਾ ਹੈਲੀਕਾਪਟਰ ‘ਮਰੀਨ ਵਨ’ ਦਿਖਾਇਆ।
Publish Date: Fri, 25 Sep 2026 11:01 AM (IST)
Updated Date: Fri, 25 Sep 2026 11:03 AM (IST)
ਡਿਜੀਟਲ ਡੈਸਕ, ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੀਰਵਾਰ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਵ੍ਹਾਈਟ ਹਾਊਸ ਦਾ ਸਾਊਥ ਲਾਅਨ ਦਿਖਾਉਣ ਲਈ ਲੈ ਕੇ ਗਏ। ਇਸ ਦੌਰੇ ’ਚ ਅਮਰੀਕੀ ਰਾਸ਼ਟਰਪਤੀ ਨੂੰ ਲੈ ਕੇ ਜਾਣ ਵਾਲੇ ਹੈਲੀਕਾਪਟਰ ‘ਮਰੀਨ ਵਨ’ ਨੂੰ ਅੰਦਰੋਂ ਦੇਖਣਾ ਤੇ ਨਵੇਂ ਬਣੇ ਹੈਲੀਪੈਡ ਦਾ ਦੌਰਾ ਵੀ ਸ਼ਾਮਲ ਸੀ। ਰਾਸ਼ਟਰਪਤੀ ਸ਼ੀ ਅਮਰੀਕਾ ਦੇ ਤਿੰਨ ਦਿਨਾਂ ਦੇ ਦੌਰੇ ’ਤੇ ਹਨ। ਛੇ ਮਹੀਨਿਆਂ ਤੋਂ ਵੀ ਘੱਟ ਸਮੇਂ ’ਚ ਟਰੰਪ ਨਾਲ ਇਹ ਉਨ੍ਹਾਂ ਦੀ ਦੂਜੀ ਮੁਲਾਕਾਤ ਹੈ। ਇਸ ਦੌਰਾਨ ਦੋਵਾਂ ਨੇਤਾਵਾਂ ਵਿਚਕਾਰ ਚਰਚਾ ਵਾਸ਼ਿੰਗਟਨ ਤੇ ਬੀਜਿੰਗ ਦੇ ਦੁਵੱਲੇ ਸਬੰਧਾਂ ਤੇ ਸਹਿਯੋਗ ਦੇ ਮੁੱਖ ਖੇਤਰਾਂ ’ਤੇ ਕੇਂਦਰਿਤ ਰਹਿਣ ਦੀ ਉਮੀਦ ਹੈ।
ਟਰੰਪ ਨੇ ਕਰਵਾਇਆ ਸਾਊਥ ਲਾਅਨ ਤੇ ਮਰੀਨ ਵਨ ਦਾ ਦੌਰਾ ਵ੍ਹਾਈਟ ਹਾਊਸ ਪਹੁੰਚਣ ’ਤੇ ਦੋਵਾਂ ਨੇਤਾਵਾਂ ਵਿਚਕਾਰ ਗੈਰ-ਰਸਮੀ ਗੱਲਬਾਤ ਵੀ ਹੋਈ। ਇਸ ਦੌਰਾਨ ਟਰੰਪ ਨੇ ਖੁਦ ਸ਼ੀ ਜਿਨਪਿੰਗ ਨੂੰ ਸਾਊਥ ਲਾਅਨ ਤੇ ਅਮਰੀਕੀ ਰਾਸ਼ਟਰਪਤੀ ਦੇ ਵਿਸ਼ੇਸ਼ ਹੈਲੀਕਾਪਟਰ ‘ਮਰੀਨ ਵਨ’ ਦਾ ਅੰਦਰੂਨੀ ਹਿੱਸਾ ਦਿਖਾਇਆ। ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਦੇ ਉੱਚ ਪੱਧਰੀ ਵਫ਼ਦਾਂ ਨੇ ਵ੍ਹਾਈਟ ਹਾਊਸ ਦੇ ਓਵਲ ਆਫਿਸ ’ਚ ਰਸਮੀ ਮੁਲਾਕਾਤ ਕੀਤੀ। ਚੀਨੀ ਵਫ਼ਦ ’ਚ ਉਪ-ਪ੍ਰਧਾਨ ਮੰਤਰੀ ਹੇ ਲੀਫੇਂਗ, ਵਿਦੇਸ਼ ਮੰਤਰੀ ਵਾਂਗ ਯੀ, ਪੋਲਿਟ ਬਿਊਰੋ ਸਥਾਈ ਕਮੇਟੀ ਦੇ ਮੈਂਬਰ ਕਾਈ ਕਿਊ, ਵਣਜ ਮੰਤਰੀ ਵਾਂਗ ਵੇਨਤਾਓ, ਉਪ-ਵਿਦੇਸ਼ ਮੰਤਰੀ ਮਾ ਝਾਓਸ਼ੂ ਤੇ ਅਮਰੀਕਾ ’ਚ ਚੀਨ ਦੇ ਰਾਜਦੂਤ ਸ਼ੀ ਫੇਂਗ ਸ਼ਾਮਲ ਰਹੇ।
‘ਸਬੰਧਾਂ ਦੇ ਵਿਸ਼ਾਲ ਜਹਾਜ਼ ਨੂੰ ਸਹੀ ਦਿਸ਼ਾ ’ਚ ਲੈ ਕੇ ਜਾਈਏ’: ਸ਼ੀ ਜਿਨਪਿੰਗ ਵ੍ਹਾਈਟ ਹਾਊਸ ’ਚ ਆਪਣੇ ਸੰਬੋਧਨ ਦੌਰਾਨ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੋਵਾਂ ਦੇਸ਼ਾਂ ਨੂੰ ਚੀਨ-ਅਮਰੀਕਾ ਸਬੰਧਾਂ ਦੇ ‘ਵਿਸ਼ਾਲ ਜਹਾਜ਼’ ਨੂੰ ਸਥਿਰ ਦਿਸ਼ਾ ’ਚ ਅੱਗੇ ਵਧਾਉਣ ਦੀ ਅਪੀਲ ਕੀਤੀ। ਤਕਨੀਕੀ ਨਿਯੰਤਰਣ, ਟੈਰਿਫ ਤੇ ਖੇਤਰੀ ਸੁਰੱਖਿਆ ਵਰਗੇ ਭੂ-ਰਾਜਨੀਤਿਕ ਤਣਾਅ ਦੇ ਪਿਛੋਕੜ ’ਚ ਸ਼ੀ ਨੇ ਸਿਹਤਮੰਦ ਮੁਕਾਬਲੇਬਾਜ਼ੀ, ਆਪਸੀ ਭਰੋਸੇ ਤੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਸਾਂਝੇ ਪ੍ਰਬੰਧਨ ’ਤੇ ਜ਼ੋਰ ਦਿੱਤਾ। ਸ਼ੀ ਜਿਨਪਿੰਗ ਨੇ ਸਪੱਸ਼ਟ ਕੀਤਾ ਕਿ ਦੋਵਾਂ ਮਹਾਸ਼ਕਤੀਆਂ ਦੀ ਦੁਵੱਲੀ ਭਾਈਵਾਲੀ ਸਿਰਫ਼ ਰਾਸ਼ਟਰੀ ਹਿੱਤਾਂ ਤੱਕ ਸੀਮਿਤ ਨਹੀਂ ਹੈ, ਸਗੋਂ ਇਹ ਵਿਸ਼ਵ ਪੱਧਰੀ ਸਥਿਰਤਾ ਦਾ ਇੱਕ ਮਹੱਤਵਪੂਰਨ ਸਤੰਭ ਵੀ ਹੈ। ਇਸ ਸ਼ਿਖਰ ਵਾਰਤਾ ਦੌਰਾਨ ਵਾਸ਼ਿੰਗਟਨ ਤੇ ਬੀਜਿੰਗ ਨੇ ਆਪਣੇ ਦੁਵੱਲੇ ਵਪਾਰਕ ਸੰਘਰਸ਼ ਵਿਰਾਮ ਨੂੰ ਦੋ ਮਹੀਨਿਆਂ ਲਈ ਹੋਰ ਵਧਾਉਣ ’ਤੇ ਸਹਿਮਤੀ ਜਤਾਈ ਹੈ। ਇਸ ਤਹਿਤ ਹੁਣ ਸਮਝੌਤੇ ਦੀ ਅੰਤਿਮ ਸਮਾਂ-ਸੀਮਾ 10 ਨਵੰਬਰ 2026 ਤੋਂ ਵਧਾ ਕੇ 10 ਜਨਵਰੀ 2027 ਕਰ ਦਿੱਤੀ ਗਈ ਹੈ, ਜਿਸ ਨਾਲ ਦੋਵਾਂ ਧਿਰਾਂ ਨੂੰ ਵਿਆਪਕ ਆਰਥਿਕ ਮੁੱਦਿਆਂ ਨੂੰ ਹੱਲ ਕਰਨ ਲਈ ਵਾਧੂ ਸਮਾਂ ਮਿਲ ਸਕੇਗਾ।
ਸੁਰੱਖਿਆ, ਤਕਨਾਲੋਜੀ ਤੇ ਸੁਪਰ ਇੰਟੈਲੀਜੈਂਸ ’ਤੇ ਟਰੰਪ ਦਾ ਜ਼ੋਰ ਚੀਨੀ ਵਫ਼ਦ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਟਰੰਪ ਨੇ ਦੋਵਾਂ ਨੇਤਾਵਾਂ ਵਿਚਕਾਰ ਬਣੀ ਕਥਿਤ ਸੱਚੀ ਤੇ ਡੂੰਘੀ ਦੋਸਤੀ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵਪਾਰ, ਤਕਨਾਲੋਜੀ ਤੇ ਉੱਨਤ ਕੰਪਿਊਟਿੰਗ ’ਤੇ ਖਾਸ ਧਿਆਨ ਦੇਣ ਦਾ ਸੰਕੇਤ ਦਿੱਤਾ। ਸ਼ਿਖਰ ਵਾਰਤਾ ਦੇ ਵਿਆਪਕ ਏਜੰਡੇ ਨੂੰ ਲੰਬੇ ਸਮੇਂ ਦੀ ਵਿਸ਼ਵ ਸਥਿਰਤਾ ਤੇ ਤਕਨੀਕੀ ਪ੍ਰਸ਼ਾਸਨ ਦੇ ਆਲੇ-ਦੁਆਲੇ ਰੱਖਦੇ ਹੋਏ ਟਰੰਪ ਨੇ ਕਿਹਾ ਕਿ ਇਸ ਦੌਰੇ ਦੌਰਾਨ ਸੁਰੱਖਿਆ, ਤਕਨਾਲੋਜੀ ਤੇ ਸੁਪਰ ਇੰਟੈਲੀਜੈਂਸ ਨਾਲ ਜੁੜੇ ਬੇਹੱਦ ਮਹੱਤਵਪੂਰਨ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤਰਾਂ ’ਚ ਅੱਜ ਲਏ ਗਏ ਸਾਡੇ ਫ਼ੈਸਲੇ ਆਉਣ ਵਾਲੀਆਂ ਦਹਾਕਿਆਂ ਤੱਕ ਸ਼ਾਂਤੀ ਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰ ਸਕਦੇ ਹਨ। ਜੇਕਰ ਅਸੀਂ ਆਪਣੇ ਸਾਂਝੇ ਹਿੱਤਾਂ ’ਤੇ ਧਿਆਨ ਕੇਂਦਰਿਤ ਕਰੀਏ ਤਾਂ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਬਹੁਤ ਕੁਝ ਹਾਸਲ ਕਰ ਸਕਦੇ ਹਾਂ। ਵ੍ਹਾਈਟ ਹਾਊਸ ਦੇ ਅਧਿਕਾਰਤ ਪ੍ਰੋਗਰਾਮ ਮੁਤਾਬਕ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਇਸ ਸਰਕਾਰੀ ਦੌਰੇ ਦੌਰਾਨ ਰਾਸ਼ਟਰਪਤੀ ਟਰੰਪ ਨਾਲ ਕਈ ਦੌਰ ਦੀਆਂ ਮੀਟਿੰਗਾਂ ਹੋਣਗੀਆਂ। ਇਨ੍ਹਾਂ ’ਚ ਸੀਮਤ ਦੁਵੱਲੀ ਗੱਲਬਾਤ ਦੇ ਨਾਲ-ਨਾਲ ਵਿਸਤ੍ਰਿਤ ਵਫ਼ਦ ਪੱਧਰੀ ਵਾਰਤਾ, ਸਾਂਝਾ ਬਿਆਨ ਤੇ ਇੱਕ ਸ਼ਾਨਦਾਰ ਸਟੇਟ ਡਿਨਰ ਵੀ ਆਯੋਜਿਤ ਕੀਤਾ ਜਾਵੇਗਾ। ਇਸ ਦੌਰਾਨ ਵਪਾਰ, ਅਤਿ-ਆਧੁਨਿਕ ਤਕਨਾਲੋਜੀ, ਮਹੱਤਵਪੂਰਨ ਖਣਿਜ ਤੇ ਸਮੁੱਚੇ ਅਮਰੀਕਾ-ਚੀਨ ਸਬੰਧਾਂ ਦੀ ਭਵਿੱਖੀ ਦਿਸ਼ਾ ’ਤੇ ਗੰਭੀਰ ਵਿਚਾਰ-ਵਟਾਂਦਰਾ ਹੋਵੇਗਾ।