ਵ੍ਹਾਈਟ ਹਾਊਸ 'ਚ ਟਰੰਪ ਨੇ ਭਾਰਤੀ ਪ੍ਰਵਾਸੀਆਂ ਨਾਲ ਮਨਾਈ ਦੀਵਾਲੀ, ਤੋਹਫ਼ੇ 'ਚ ਮਿਲੀ ਹੁਨੁਮਾਨ ਚਾਲੀਸਾ
ਸਮਾਰੋਹ ਦੌਰਾਨ ਹੈਲਥ-ਟੈਕ ਕੰਪਨੀ 'GOQii' ਦੇ ਸੰਸਥਾਪਕ ਵਿਸ਼ਾਲ ਗੋਂਡਲ ਨੇ ਓਵਲ ਆਫਿਸ ਵਿੱਚ ਟਰੰਪ ਨਾਲ ਮੁਲਾਕਾਤ ਕੀਤੀ। ਇਸ ਮੌਕੇ ਲੋਕਾਂ ਨੇ ਰਵਾਇਤੀ ਢੰਗ ਨਾਲ ਦੀਵੇ ਜਗਾਏ। ਇਸ ਦੇ ਨਾਲ ਹੀ ਭਾਰਤੀ ਭਾਈਚਾਰੇ ਵੱਲੋਂ ਅਮਰੀਕੀ ਰਾਸ਼ਟਰਪਤੀ ਨੂੰ ਹਨੂੰਮਾਨ ਚਾਲੀਸਾ ਦੀ ਇੱਕ ਕਾਪੀ ਭੇਟ ਕੀਤੀ ਗਈ
Publish Date: Sat, 07 Nov 2026 10:49 AM (IST)
Updated Date: Sat, 07 Nov 2026 10:54 AM (IST)
ਡਿਜੀਟਲ ਡੈਸਕ, ਵਾਸ਼ਿੰਗਟਨ : ਵ੍ਹਾਈਟ ਹਾਊਸ ਵਿੱਚ ਸ਼ੁੱਕਰਵਾਰ ਨੂੰ ਦੀਵਾਲੀ ਦਾ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਮਿਲ ਕੇ ਦੀਵਾਲੀ ਮਨਾਈ।
ਇਸ ਦੀਵਾਲੀ ਸਮਾਰੋਹ ਦੌਰਾਨ ਭਾਰਤੀ ਮੂਲ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ। ਇਨ੍ਹਾਂ ਵਿੱਚ ਭਾਰਤੀ ਉੱਦਮੀ ਵਿਸ਼ਾਲ ਗੋਂਡਲ, ਮਿਸ਼ੇਲਿਨ ਸਟਾਰ ਸ਼ੈੱਫ ਵਿਕਾਸ ਖੰਨਾ ਅਤੇ ਕੈਨੇਡਾ ਦੀ ਸਾਬਕਾ ਸੰਸਦ ਮੈਂਬਰ ਰੂਬੀ ਢੱਲਾ ਸ਼ਾਮਲ ਸਨ।
ਰਾਸ਼ਟਰਪਤੀ ਨੂੰ ਭੇਟ ਕੀਤੀ ਹਨੂੰਮਾਨ ਚਾਲੀਸਾ ਸਮਾਰੋਹ ਦੌਰਾਨ ਹੈਲਥ-ਟੈਕ ਕੰਪਨੀ 'GOQii' ਦੇ ਸੰਸਥਾਪਕ ਵਿਸ਼ਾਲ ਗੋਂਡਲ ਨੇ ਓਵਲ ਆਫਿਸ ਵਿੱਚ ਟਰੰਪ ਨਾਲ ਮੁਲਾਕਾਤ ਕੀਤੀ। ਇਸ ਮੌਕੇ ਲੋਕਾਂ ਨੇ ਰਵਾਇਤੀ ਢੰਗ ਨਾਲ ਦੀਵੇ ਜਗਾਏ। ਇਸ ਦੇ ਨਾਲ ਹੀ ਭਾਰਤੀ ਭਾਈਚਾਰੇ ਵੱਲੋਂ ਅਮਰੀਕੀ ਰਾਸ਼ਟਰਪਤੀ ਨੂੰ ਹਨੂੰਮਾਨ ਚਾਲੀਸਾ ਦੀ ਇੱਕ ਕਾਪੀ ਭੇਟ ਕੀਤੀ ਗਈ, ਜਿਸ ਨਾਲ ਦੀਵਾਲੀ ਦਾ ਇਹ ਸਮਾਗਮ ਯਾਦਗਾਰ ਬਣ ਗਿਆ।
ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ ਗੋਂਡਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (X) 'ਤੇ ਇਸ ਮੁਲਾਕਾਤ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਇਸ ਮੁਲਾਕਾਤ ਨੂੰ ਸਾਂਝੇ ਜਸ਼ਨ ਦਾ ਇੱਕ ਖ਼ਾਸ ਪਲ ਦੱਸਿਆ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਟਰੰਪ ਨੂੰ ਹਿੰਦੂ ਧਾਰਮਿਕ ਸਤੋਤਰ (ਹਨੂੰਮਾਨ ਚਾਲੀਸਾ) ਦੀ ਇੱਕ ਕਾਪੀ ਭੇਟ ਕਰਨ 'ਤੇ ਮਾਣ ਹੈ।
ਗੋਂਡਲ ਨੇ ਪੋਸਟ ਵਿੱਚ ਲਿਖਿਆ, "ਓਵਲ ਆਫਿਸ ਵਿੱਚ ਸਾਂਝੀ ਖੁਸ਼ੀ ਦਾ ਇੱਕ ਪਲ। ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਦੀਵਾਲੀ ਮਨਾਉਣਾ ਮੇਰੇ ਲਈ ਸਨਮਾਨ ਦੀ ਗੱਲ ਹੈ।"
ਹਨੂੰਮਾਨ ਚਾਲੀਸਾ ਭੇਟ ਕਰਨ 'ਤੇ ਮਾਣ ਉਨ੍ਹਾਂ ਕਿਹਾ, "ਮੈਨੂੰ ਉਨ੍ਹਾਂ ਨੂੰ ਹਨੂੰਮਾਨ ਚਾਲੀਸਾ ਦੀ ਇੱਕ ਕਾਪੀ ਭੇਟ ਕਰਨ 'ਤੇ ਮਾਣ ਹੈ। ਭਗਵਾਨ ਹਨੂੰਮਾਨ ਨੂੰ ਸਮਰਪਿਤ ਤੁਲਸੀਦਾਸ ਜੀ ਦੀ ਇਹ ਸਤੁਤੀ ਸਾਡੇ ਵਿੱਚੋਂ ਲੱਖਾਂ ਲੋਕ ਹਿੰਮਤ, ਸ਼ਰਧਾ ਅਤੇ ਸ਼ਕਤੀ ਪ੍ਰਾਪਤ ਕਰਨ ਲਈ ਅਕਸਰ ਪੜ੍ਹਦੇ ਹਨ।"
ਭਾਰਤ-ਅਮਰੀਕਾ ਦੇ ਰਿਸ਼ਤਿਆਂ ਲਈ ਕੀਤੀ ਪ੍ਰਾਰਥਨਾ ਗੋਂਡਲ ਨੇ ਦੱਸਿਆ ਕਿ ਦੀਵਾ ਜਗਾਉਣ ਸਮੇਂ ਉਨ੍ਹਾਂ ਨੇ ਭਾਰਤ ਅਤੇ ਅਮਰੀਕਾ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰਾਰਥਨਾ ਕੀਤੀ।
ਉਨ੍ਹਾਂ ਲਿਖਿਆ, "ਜਦੋਂ ਦੀਵੇ ਜਗਾਏ ਗਏ, ਉਸ ਸਮੇਂ ਮੈਂ ਭਾਰਤ ਅਤੇ ਅਮਰੀਕਾ ਵਿਚਾਲੇ ਦੋਸਤੀ ਨੂੰ ਹੋਰ ਬਿਹਤਰ ਬਣਾਉਣ ਲਈ ਪ੍ਰਾਰਥਨਾ ਕੀਤੀ। ਮੈਂ ਹਨੇਰੇ 'ਤੇ ਰੌਸ਼ਨੀ ਦੀ ਜਿੱਤ ਦੀ ਕਾਮਨਾ ਵੀ ਕੀਤੀ।"
'ਜੁਗ-ਜੁਗ ਜੀਓ' ਦਾ ਵੀ ਕੀਤਾ ਜ਼ਿਕਰ ਗੋਂਡਲ ਨੇ ਰਵਾਇਤੀ ਭਾਰਤੀ ਅਸ਼ੀਰਵਾਦ 'ਜੁਗ-ਜੁਗ ਜੀਓ' ਦਾ ਵੀ ਜ਼ਿਕਰ ਕੀਤਾ। ਇਸ ਦਾ ਅਰਥ ਸਮਝਾਉਂਦਿਆਂ ਉਨ੍ਹਾਂ ਕਿਹਾ ਕਿ ਇਹ ਸ਼ਾਂਤੀ, ਖੁਸ਼ਹਾਲੀ ਅਤੇ ਚੰਗੀ ਸਿਹਤ ਦੀ ਕਾਮਨਾ ਕਰਨ ਲਈ ਦਿੱਤਾ ਜਾਣ ਵਾਲਾ ਅਸ਼ੀਰਵਾਦ ਹੈ।
ਉਨ੍ਹਾਂ ਲਿਖਿਆ, "'ਜੁਗ-ਜੁਗ ਜੀਓ' ਇੱਕ ਅਜਿਹਾ ਅਸ਼ੀਰਵਾਦ ਹੈ, ਜਿਸ ਨੂੰ ਸੁਣਦਿਆਂ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਵੱਡੇ ਹੋਏ ਹਨ। ਇਸ ਦਾ ਅਰਥ ਹੈ ਕਿ ਤੁਸੀਂ ਯੁੱਗਾਂ-ਯੁੱਗਾਂ ਤੱਕ ਜੀਵੋ।"
ਉਨ੍ਹਾਂ ਅੱਗੇ ਕਿਹਾ, "ਮੈਂ ਜੋ ਵੀ ਕੰਮ ਕਰਦਾ ਹਾਂ, ਉਸ ਦੇ ਪਿੱਛੇ ਇਹੀ ਕਾਮਨਾ ਹੁੰਦੀ ਹੈ। ਅੱਜ ਮੈਂ ਦੁਨੀਆ ਭਰ ਦੇ ਸਾਰੇ ਲੋਕਾਂ ਲਈ ਇਹੀ ਕਾਮਨਾ ਕੀਤੀ ਹੈ—ਸ਼ਾਂਤੀ, ਖੁਸ਼ਹਾਲੀ, ਚੰਗੀ ਸਿਹਤ ਅਤੇ ਲੰਬੀ ਉਮਰ। ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਜੁਗ-ਜੁਗ ਜੀਓ।"
2003 'ਚ ਸ਼ੁਰੂ ਹੋਈ ਸੀ ਇਹ ਪਰੰਪਰਾ
ਵ੍ਹਾਈਟ ਹਾਊਸ ਵਿੱਚ ਦੀਵਾਲੀ ਮਨਾਉਣ ਦੀ ਪਰੰਪਰਾ ਰਾਸ਼ਟਰਪਤੀ ਜਾਰਜ ਡਬਲਯੂ. ਬੁਸ਼ ਦੇ ਕਾਰਜਕਾਲ ਦੌਰਾਨ ਸ਼ੁਰੂ ਹੋਈ ਸੀ। ਸਾਲ 2003 ਤੋਂ ਸ਼ੁਰੂ ਹੋਏ ਇਹ ਸਮਾਗਮ ਮੁੱਖ ਤੌਰ 'ਤੇ ਆਈਜ਼ਨਹਾਵਰ ਐਗਜ਼ੀਕਿਊਟਿਵ ਆਫਿਸ ਬਿਲਡਿੰਗ ਵਿੱਚ ਕਰਵਾਏ ਜਾਂਦੇ ਸਨ। ਇਨ੍ਹਾਂ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਦੇ ਲੋਕ ਅਤੇ ਭਾਰਤੀ ਡਿਪਲੋਮੈਟ ਆਮ ਤੌਰ 'ਤੇ ਸ਼ਾਮਲ ਹੁੰਦੇ ਸਨ।
ਸਾਲ 2009 ਵਿੱਚ ਰਾਸ਼ਟਰਪਤੀ ਬਰਾਕ ਓਬਾਮਾ ਵ੍ਹਾਈਟ ਹਾਊਸ ਦੇ 'ਈਸਟ ਰੂਮ' ਵਿੱਚ ਕਰਵਾਏ ਗਏ ਇੱਕ ਸਮਾਗਮ ਦੌਰਾਨ ਦੀਵਾ ਜਗਾਉਣ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਬਣੇ ਸਨ।
ਇਸ ਤੋਂ ਬਾਅਦ ਵ੍ਹਾਈਟ ਹਾਊਸ ਵਿੱਚ ਓਵਲ ਆਫਿਸ ਅਤੇ ਰੂਜ਼ਵੈਲਟ ਰੂਮ ਸਮੇਤ ਕਈ ਥਾਵਾਂ 'ਤੇ ਦੀਵਾਲੀ ਦੇ ਮੌਕੇ ਦੀਵੇ ਜਗਾਉਣ ਦੇ ਸਮਾਗਮ ਕਰਵਾਏ ਜਾਂਦੇ ਰਹੇ ਹਨ।