'ਤੁਸੀਂ ਇੱਕ ਮੌਨਸਟਰ ਹੋ...', ਟਰੰਪ ਨੇ ਸੁੰਦਰ ਪਿਚਾਈ ਨੂੰ ਦਿੱਤਾ ਅਜੀਬੋ-ਗਰੀਬ ਕੰਪਲੀਮੈਂਟ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ’ਚ ਇੱਕ ਹਾਈ-ਪ੍ਰੋਫਾਈਲ ਲੰਚ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੂੰ 'ਮੌਨਸਟਰ' ਕਹਿ ਕੇ ਸੰਬੋਧਿਤ ਕੀਤਾ।
Publish Date: Wed, 30 Sep 2026 10:55 AM (IST)
Updated Date: Wed, 30 Sep 2026 10:58 AM (IST)
ਡਿਜੀਟਲ ਡੈਸਕ, ਵਾਸ਼ਿੰਗਟਨ : ਆਪਣੇ ਬੇਬਾਕ ਤੇ ਅਨੋਖੇ ਬਿਆਨਾਂ ਲਈ ਮਸ਼ਹੂਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫਿਰ ਚਰਚਾ ’ਚ ਹਨ। ਇਸ ਵਾਰ ਉਨ੍ਹਾਂ ਨੇ ਵ੍ਹਾਈਟ ਹਾਊਸ ’ਚ ਹੋਏ ਇੱਕ ਹਾਈ-ਪ੍ਰੋਫਾਈਲ ਲੰਚ ਤੋਂ ਬਾਅਦ ਗੂਗਲ ਦੇ ਸੀਈਓ ਸੁੰਦਰ ਪਿਚਾਈ ਬਾਰੇ ਇੱਕ ਅਜੀਬ ਤੇ ਦਿਲਚਸਪ ਟਿੱਪਣੀ ਕੀਤੀ। ਟਰੰਪ ਨੇ ਪਿਚਾਈ ਨੂੰ ਸਭ ਦੇ ਸਾਹਮਣੇ 'ਮੌਨਸਟਰ' ਕਹਿ ਦਿੱਤਾ। ਇਸ ਤੋਂ ਬਾਅਦ ਇਹ ਦਿਲਚਸਪ ਵਾਕਿਆ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਿਆ। ਪੂਰੇ ਮਾਮਲੇ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਟੈਕ ਜਗਤ ਦੇ ਦਿੱਗਜਾਂ ਨਾਲ ਹੋਈ ਇਸ ਮੀਟਿੰਗ ਤੋਂ ਬਾਅਦ ਟਰੰਪ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਸਾਰੇ ਟੈਕ ਦਿੱਗਜ ਉੱਥੇ ਖੜ੍ਹੇ ਸਨ। ਟਰੰਪ ਨੇ ਸੁੰਦਰ ਪਿਚਾਈ ਨੂੰ 'ਮੌਨਸਟਰ' ਕਿਹਾ, ਪਰ ਇਸ ਦੇ ਨਾਲ ਹੀ ਉਨ੍ਹਾਂ ਦੀ ਸਾਦਗੀ ਤੇ ਘੱਟ ਲਾਈਮਲਾਈਟ ’ਚ ਰਹਿਣ ਦੀ ਆਦਤ ਦੀ ਵੀ ਜੰਮ ਕੇ ਤਾਰੀਫ਼ ਕੀਤੀ।
'ਇਹ ਆਦਮੀ ਇੱਕ ਮੌਨਸਟਰ ਹੈ...'
ਵ੍ਹਾਈਟ ਹਾਊਸ ’ਚ ਟੈਕਨਾਲੋਜੀ ਕੰਪਨੀਆਂ ਦੇ ਚੋਟੀ ਦੇ ਅਧਿਕਾਰੀਆਂ ਨਾਲ ਲੰਚ ਤੋਂ ਬਾਅਦ ਜਦੋਂ ਟਰੰਪ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ ਤਾਂ ਉਨ੍ਹਾਂ ਨੇ ਸੁੰਦਰ ਪਿਚਾਈ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਆਦਮੀ ਇੱਕ 'ਮੌਨਸਟਰ' ਹੈ ਤੇ ਕੋਈ ਇਸ ਨੂੰ ਜਾਣਦਾ ਤੱਕ ਨਹੀਂ। ਉਨ੍ਹਾਂ ਕਿਹਾ ਕਿ ਕੀ ਸ਼ਾਨਦਾਰ ਜ਼ਿੰਦਗੀ ਹੈ... ਇੱਕ 'ਮੌਨਸਟਰ' ਹੋਣਾ ਤੇ ਇਸ ਤਰ੍ਹਾਂ ਮੀਡੀਆ ਤੇ ਜਨਤਾ ਦੇ ਸਾਹਮਣੇ ਨਾ ਆਉਣਾ ਪਵੇ। ਦੱਸ ਦੇਈਏ ਕਿ ਇਸ ਪੂਰੀ ਗੱਲਬਾਤ ਦੀ ਸ਼ੁਰੂਆਤ ਉਸ ਸਮੇਂ ਹੋਈ ਜਦੋਂ ਟਰੰਪ ਨੇ ਸੁੰਦਰ ਪਿਚਾਈ ਨੂੰ ਮੀਡੀਆ ਨਾਲ ਕੁਝ ਗੱਲ ਕਰਨ ਲਈ ਕਿਹਾ। ਜਿਵੇਂ ਹੀ ਗੂਗਲ ਦੇ ਸੀਈਓ ਨੇ ਜਵਾਬ ਦੇਣਾ ਸ਼ੁਰੂ ਕੀਤਾ, ਟਰੰਪ ਨੇ ਉਨ੍ਹਾਂ ਨੂੰ ਵਿਚਕਾਰ ਰੋਕਦਿਆਂ ਉੱਥੇ ਮੌਜੂਦ ਹੋਰ ਟੈਕ ਦਿੱਗਜਾਂ ਦੇ ਰੁਤਬੇ ਦਾ ਜ਼ਿਕਰ ਕੀਤਾ।
'ਸੁੰਦਰ... ਸੁੰਦਰ ਨਾਮ ਹੈ ਇਨ੍ਹਾਂ ਦਾ...' ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇੱਕ ਹੋਰ ਦਿਲਚਸਪ ਵਾਕਿਆ ਉਸ ਵੇਲੇ ਸਾਹਮਣੇ ਆਇਆ, ਜਦੋਂ ਟਰੰਪ ਨੇ ਕਿਹਾ ਕਿ ਤੁਹਾਨੂੰ ਲੋਕਾਂ ਨੂੰ ਅੰਦਾਜ਼ਾ ਵੀ ਨਹੀਂ ਹੈ ਕਿ ਇਹ ਲੋਕ ਕੌਣ ਹਨ। ਇਹ ਦੁਨੀਆ ਦੇ ਸਭ ਤੋਂ ਵੱਡੇ ਲੋਕ ਹਨ। ਇਸ ਤੋਂ ਬਾਅਦ ਪਿਚਾਈ ਦਾ ਨਾਮ ਲੈਂਦਿਆਂ ਉਨ੍ਹਾਂ ਕਿਹਾ ਕਿ ਤੁਹਾਨੂੰ ਸਿਰਫ਼ ਇੰਨਾ ਜਾਣਨ ਦੀ ਲੋੜ ਹੈ... ਸੁੰਦਰ, ਸੁੰਦਰ ਇਨ੍ਹਾਂ ਦਾ ਨਾਮ ਹੈ।
ਟਰੰਪ ਦੇ ਬਿਆਨ ’ਤੇ ਪਿਚਾਈ ਨੇ ਵੀ ਲਈ ਚੁਟਕੀ ਦੂਜੇ ਪਾਸੇ ਟਰੰਪ ਦੀ ਇਸ ਅਜੀਬੋ-ਗਰੀਬ ਤਾਰੀਫ਼ ’ਤੇ ਸੁੰਦਰ ਪਿਚਾਈ ਨੇ ਵੀ ਹਲਕੇ-ਫੁਲਕੇ ਅੰਦਾਜ਼ ’ਚ ਚੁਟਕੀ ਲਈ। ਪਿਚਾਈ ਨੇ ਕਿਹਾ ਕਿ ਉਮੀਦ ਹੈ ਕਿ ਇਹ ਟੈਗਲਾਈਨ 'ਮੈਂ ਇੱਕ ਮੌਨਸਟਰ ਹਾਂ' ਤੋਂ ਬਿਹਤਰ ਹੋਵੇਗੀ। ਦੱਸ ਦੇਈਏ ਕਿ ਕਾਰਪੋਰੇਟ ਤੇ ਟੈਕ ਜਗਤ ’ਚ ਕਈ ਵਾਰ 'ਮੌਨਸਟਰ' ਸ਼ਬਦ ਦੀ ਵਰਤੋਂ ਗੂਗਲ ਦੀ ਮੂਲ ਕੰਪਨੀ ਅਲਫਾਬੇਟ ਦੇ ਵਿਸ਼ਾਲ ਪੈਮਾਨੇ ਤੇ ਉਸ ਦੇ ਵੱਡੇ ਪ੍ਰਭਾਵ ਨੂੰ ਦਰਸਾਉਣ ਲਈ ਵੀ ਕੀਤੀ ਜਾਂਦੀ ਹੈ।
ਵ੍ਹਾਈਟ ਹਾਊਸ ’ਚ ਇਕੱਠੇ ਹੋਏ ਦੁਨੀਆ ਦੇ ਵੱਡੇ ਟੈਕ ਦਿੱਗਜ ਜ਼ਿਕਰਯੋਗ ਹੈ ਕਿ ਇਹ ਪੂਰਾ ਵਾਕਿਆ ਵ੍ਹਾਈਟ ਹਾਊਸ ’ਚ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਤੇ ਇਸ ਨਾਲ ਜੁੜੇ ਅਹਿਮ ਮੁੱਦਿਆਂ ’ਤੇ ਚਰਚਾ ਲਈ ਬੁਲਾਈ ਗਈ ਇੱਕ ਵੱਡੀ ਮੀਟਿੰਗ ਦੌਰਾਨ ਹੋਇਆ। ਇਸ ਹਾਈ-ਪ੍ਰੋਫਾਈਲ ਲੰਚ ’ਚ ਦੁਨੀਆ ਦੀਆਂ ਕਈ ਵੱਡੀਆਂ ਟੈਕ ਕੰਪਨੀਆਂ ਦੇ ਮਾਲਕ ਤੇ ਸੀਈਓ ਸ਼ਾਮਲ ਹੋਏ। ਇਨ੍ਹਾਂ ’ਚ—
ਐਲਨ ਮਸਕ (ਟੈਸਲਾ ਤੇ ਐਕਸ ਦੇ ਮਾਲਕ) ਜੈਫ ਬੇਜ਼ੋਸ (ਐਮਾਜ਼ੋਨ ਦੇ ਸੰਸਥਾਪਕ) ਸੁੰਦਰ ਪਿਚਾਈ (ਗੂਗਲ ਦੇ ਸੀਈਓ) ਮਾਰਕ ਜ਼ੁਕਰਬਰਗ (ਮੈਟਾ ਦੇ ਸੀਈਓ) ਸਤਿਆ ਨਡੇਲਾ (ਮਾਈਕ੍ਰੋਸਾਫਟ ਦੇ ਸੀਈਓ)
ਜੇਨਸਨ ਹੁਆਂਗ (ਐਨਵੀਡੀਆ ਦੇ ਸੀਈਓ) ਡਾਰਿਓ ਅਮੋਦੇਈ (ਐਂਥਰੋਪਿਕ ਦੇ ਸੀਈਓ) ਗ੍ਰੇਗ ਬ੍ਰੌਕਮੈਨ (ਓਪਨਏਆਈ ਦੇ ਪ੍ਰਧਾਨ) ਟਰੰਪ ਵੱਲੋਂ ਸਾਂਝੇ ਕੀਤੇ ਗਏ ਸੀਟਿੰਗ ਚਾਰਟ ਮੁਤਾਬਕ, ਲੰਚ ਦੌਰਾਨ ਜੇਨਸਨ ਹੁਆਂਗ ਉਨ੍ਹਾਂ ਦੇ ਸੱਜੇ ਪਾਸੇ ਤੇ ਐਲਨ ਮਸਕ ਖੱਬੇ ਪਾਸੇ ਬੈਠੇ ਸਨ। ਇਸ ਮੀਟਿੰਗ ’ਚ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ, ਟ੍ਰੇਜ਼ਰੀ ਸਕੱਤਰ ਸਕਾਟ ਬੇਸੈਂਟ ਤੇ ਹਾਊਸ ਸਪੀਕਰ ਮਾਈਕ ਜਾਨਸਨ ਵੀ ਮੌਜੂਦ ਰਹੇ।