ਅਮਰੀਕਾ: ਮਿਸੂਰੀ ’ਚ ਸੜਕ ਹਾਦਸੇ ’ਚ ਤੇਲੰਗਾਨਾ ਦੀ ਮਹਿਲਾ ਦੀ ਮੌਤ, ਸਹੇਲੀ ਗੰਭੀਰ ਜ਼ਖ਼ਮੀ
ਅਮਰੀਕਾ ਦੇ ਮਿਸੂਰੀ ਰਾਜ ਦੇ ਸੇਂਟ ਲੂਈਸ ’ਚ ਇੱਕ ਸੜਕ ਹਾਦਸੇ ’ਚ ਤੇਲੰਗਾਨਾ ਦੀ 31 ਸਾਲਾ ਮਹਿਲਾ ਦਾਰਾਮ ਸੁਪ੍ਰਿਆ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦੀ ਸਹੇਲੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ।
Publish Date: Mon, 05 Oct 2026 10:59 AM (IST)
Updated Date: Mon, 05 Oct 2026 11:01 AM (IST)
ਡਿਜੀਟਲ ਡੈਸਕ, ਵਾਸ਼ਿੰਗਟਨ : ਅਮਰੀਕਾ ਦੇ ਮਿਸੂਰੀ ਰਾਜ ਦੇ ਸੇਂਟ ਲੂਈਸ ਇਲਾਕੇ ’ਚ ਸ਼ਨੀਵਾਰ ਦੇਰ ਰਾਤ ਇੱਕ ਸੜਕ ਹਾਦਸੇ ’ਚ ਤੇਲੰਗਾਨਾ ਦੀ 31 ਸਾਲਾ ਮਹਿਲਾ ਦੀ ਜਾਨ ਚਲੀ ਗਈ। ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ।
ਮ੍ਰਿਤਕਾ ਦੀ ਪਛਾਣ ਦਾਰਾਮ ਸੁਪ੍ਰਿਆ ਵਜੋਂ ਹੋਈ ਹੈ, ਜੋ ਤੇਲੰਗਾਨਾ ਦੇ ਮਹਬੂਬਾਬਾਦ ਜ਼ਿਲ੍ਹੇ ਦੇ ਮਰੀਪੇਡਾ ਦੀ ਮੂਲ ਨਿਵਾਸੀ ਸਨ। ਪਰਿਵਾਰਕ ਮੈਂਬਰਾਂ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਸੁਪ੍ਰਿਆ ਆਪਣਾ ਰੈਸਟੋਰੈਂਟ ਬੰਦ ਕਰਕੇ ਘਰ ਵਾਪਸ ਜਾ ਰਹੀ ਸੀ।
ਹਾਦਸੇ ’ਚ ਸੁਪ੍ਰਿਆ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਨ੍ਹਾਂ ਨਾਲ ਕਾਰ ’ਚ ਸਵਾਰ ਸਹੇਲੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ। ਜ਼ਖ਼ਮੀ ਸਹੇਲੀ ਤੇਲੰਗਾਨਾ ਦੇ ਸੂਰਿਆਪੇਟ ਜ਼ਿਲ੍ਹੇ ਦੇ ਕੋਡਾਡ ਦੀ ਰਹਿਣ ਵਾਲੀ ਹੈ। ਉਸ ਨੂੰ ਤੁਰੰਤ ਨੇੜਲੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਾਈ ਹਾਦਸੇ ਤੋਂ ਬਾਅਦ ਪਰਿਵਾਰ ਡੂੰਘੇ ਸਦਮੇ ’ਚ ਹੈ। ਖੰਮਮ ਦੇ ਨਾਇਡੂ ਪੇਟਾ ਸਰਕਲ ਨੇੜੇ ਰਹਿਣ ਵਾਲੇ ਸੁਪ੍ਰਿਆ ਦੇ ਪਿਤਾ ਡੀ. ਸ੍ਰੀਨਿਵਾਸ ਨੇ ਕਿਹਾ ਕਿ ਸਾਡੇ ਕੋਲ ਕਹਿਣ ਲਈ ਸ਼ਬਦ ਨਹੀਂ ਹਨ ਤੇ ਅਸੀਂ ਪੂਰੀ ਤਰ੍ਹਾਂ ਸਦਮੇ ’ਚ ਹਾਂ।
ਉਨ੍ਹਾਂ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈੱਡੀ ਨੂੰ ਪੱਤਰ ਲਿਖ ਕੇ ਆਪਣੀ ਧੀ ਦੀ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਲਈ ਭਾਰਤ ਵਾਪਸ ਲਿਆਉਣ ’ਚ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ। ਉਨ੍ਹਾਂ ਮੁਤਾਬਕ ਇਹ ਹਾਦਸਾ ਦੇਰ ਰਾਤ ਕਰੀਬ 1:40 ਵਜੇ ਵਾਪਰਿਆ।
ਪਿੱਛੇ ਰਹਿ ਗਿਆ ਢਾਈ ਸਾਲ ਦਾ ਮਾਸੂਮ ਪੁੱਤਰ ਸੁਪ੍ਰਿਆ ਆਪਣੇ ਪਤੀ ਕੋਡੁਮੁਰੀ ਰਣਜੀਤ ਨਾਲ ਮਿਸੂਰੀ ਦੇ ਵੈਂਟਜ਼ਵਿਲੇ ’ਚ ਰਹਿੰਦੀ ਸੀ। ਸੁਪ੍ਰਿਆ ਉੱਥੇ ਇੱਕ ਰੈਸਟੋਰੈਂਟ ਚਲਾਉਂਦੀ ਸੀ, ਜਦਕਿ ਉਨ੍ਹਾਂ ਦੇ ਪਤੀ ਰਣਜੀਤ ਸਾਫਟਵੇਅਰ ਖੇਤਰ ’ਚ ਕੰਮ ਕਰਦੇ ਹਨ।
ਇਸ ਜੋੜੇ ਦਾ ਵਿਆਹ ਕਰੀਬ ਪੰਜ ਸਾਲ ਪਹਿਲਾਂ ਹੋਇਆ ਸੀ ਤੇ ਉਨ੍ਹਾਂ ਦਾ ਢਾਈ ਸਾਲ ਦਾ ਇੱਕ ਪੁੱਤਰ ਵੀ ਹੈ। ਸੁਪ੍ਰਿਆ ਦੀ ਮੌਤ ਦੀ ਖ਼ਬਰ ਰਣਜੀਤ ਨੇ ਤੇਲੰਗਾਨਾ ’ਚ ਦੋਵਾਂ ਪਰਿਵਾਰਾਂ ਨੂੰ ਦਿੱਤੀ।
ਸੁਪ੍ਰਿਆ ਦੇ ਰਿਸ਼ਤੇਦਾਰਾਂ ਤੇ ਜਾਣ-ਪਛਾਣ ਵਾਲਿਆਂ ਨੇ ਸੋਸ਼ਲ ਮੀਡੀਆ ਰਾਹੀਂ ਵੀ ਪੁਲਿਸ ਤੇ ਜਨ ਪ੍ਰਤੀਨਿਧੀਆਂ ਨਾਲ ਸੰਪਰਕ ਕੀਤਾ ਹੈ। ਖੰਮਮ ਪੁਲਿਸ ਕਮਿਸ਼ਨਰ ਤੇ ਸਥਾਨਕ ਆਗੂਆਂ ਨੂੰ ਟੈਗ ਕਰਦੇ ਹੋਏ ਪਰਿਵਾਰ ਨੇ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਤੇ ਜ਼ਰੂਰੀ ਪ੍ਰਕਿਰਿਆਵਾਂ ਪੂਰੀਆਂ ਕਰਵਾਉਣ ’ਚ ਸਹਿਯੋਗ ਦੀ ਅਪੀਲ ਕੀਤੀ ਹੈ।