ਅਮਰੀਕਾ 'ਚ ਜਹਾਜ਼ ਹਾਦਸਾ : ਫਲੋਰੀਡਾ ਜਾ ਰਿਹਾ ਸੇਸਨਾ ਜਹਾਜ਼ ਮਿਸਿਸਿਪੀ ਤੱਟ ਨੇੜੇ ਹੋਇਆ ਹਾਦਸਾਗ੍ਰਸਤ, 2 ਬੱਚਿਆਂ ਸਮੇਤ 6 ਲੋਕ ਲਾਪਤਾ
ਇਹ ਸੇਸਨਾ ਸੈਂਚੁਰੀਅਨ 210 ਜਹਾਜ਼ ਨਿਊ ਓਰਲੀਨਜ਼ ਲੇਕਫਰੰਟ ਏਅਰਪੋਰਟ ਤੋਂ ਫਲੋਰੀਡਾ ਦੇ ਫੋਰਟ ਮਾਇਰਸ ਸਥਿਤ ਪੇਜ ਫੀਲਡ ਵੱਲ ਜਾ ਰਿਹਾ ਸੀ। ਸਥਾਨਕ ਸਮੇਂ ਅਨੁਸਾਰ ਦੁਪਹਿਰ ਕਰੀਬ 3:45 ਵਜੇ ਇਹ ਜਹਾਜ਼ FAA ਦੇ ਰਡਾਰ ਤੋਂ ਗਾਇਬ ਹੋ ਗਿਆ।
Publish Date: Wed, 25 Nov 2026 10:24 AM (IST)
Updated Date: Wed, 25 Nov 2026 10:30 AM (IST)
ਡਿਜੀਟਲ ਡੈਸਕ, ਵਾਸ਼ਿੰਗਟਨ। ਅਮਰੀਕਾ ਦੇ ਮਿਸਿਸਿਪੀ ਤੱਟ ਨੇੜੇ ਹੌਰਨ ਆਈਲੈਂਡ ਕੋਲ ਇੱਕ ਸੇਸਨਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਜਹਾਜ਼ ਵਿੱਚ ਦੋ ਬੱਚਿਆਂ ਸਮੇਤ ਕੁੱਲ ਛੇ ਲੋਕ ਸਵਾਰ ਸਨ।
ਹਾਦਸੇ ਤੋਂ ਬਾਅਦ ਅਮਰੀਕੀ ਕੋਸਟ ਗਾਰਡ ਨੇ ਲਾਪਤਾ ਲੋਕਾਂ ਦੀ ਭਾਲ ਲਈ ਬਚਾਅ ਟੀਮਾਂ ਤਾਇਨਾਤ ਕੀਤੀਆਂ ਹਨ ਪਰ ਅਜੇ ਤੱਕ ਕਿਸੇ ਵੀ ਯਾਤਰੀ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।
ਬਚਾਅ ਟੀਮਾਂ ਨੇ ਸਮੁੰਦਰ 'ਚ ਸ਼ੁਰੂ ਕੀਤੀ ਭਾਲ ਕੋਸਟ ਗਾਰਡ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਹਾਦਸੇ ਦੀ ਸੂਚਨਾ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਤੋਂ ਮਿਲੀ ਸੀ। ਇਸ ਤੋਂ ਬਾਅਦ ਬਚਾਅ ਟੀਮਾਂ ਨੇ ਹੌਰਨ ਆਈਲੈਂਡ ਦੇ ਉੱਤਰ-ਪੂਰਬ ਵੱਲ ਸਮੁੰਦਰ ਵਿੱਚ ਭਾਲ ਸ਼ੁਰੂ ਕਰ ਦਿੱਤੀ।
ਅਮਰੀਕੀ ਕੋਸਟ ਗਾਰਡ ਹਾਰਟਲੈਂਡ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਪੋਸਟ ਵਿੱਚ ਕਿਹਾ, "ਮੰਗਲਵਾਰ ਨੂੰ ਤਾਇਨਾਤ ਕੋਸਟ ਗਾਰਡ ਨੂੰ ਮੋਬਾਈਲ 'ਤੇ FAA ਵੱਲੋਂ ਇੱਕ ਰਿਪੋਰਟ ਮਿਲੀ, ਜਿਸ ਤੋਂ ਬਾਅਦ ਬਚਾਅ ਟੀਮਾਂ ਹੌਰਨ ਆਈਲੈਂਡ, ਮਿਸਿਸਿਪੀ ਤੋਂ 2 ਮੀਲ ਉੱਤਰ-ਪੂਰਬ ਵਿੱਚ ਹਾਦਸਾਗ੍ਰਸਤ ਹੋਏ ਸੇਸਨਾ ਸੈਂਚੁਰੀਅਨ 210 ਜਹਾਜ਼ ਦੀ ਭਾਲ ਕਰ ਰਹੀਆਂ ਹਨ। ਇਸ ਜਹਾਜ਼ ਵਿੱਚ 6 ਲੋਕ ਸਵਾਰ ਸਨ।"
FAA ਦੇ ਇੱਕ ਬੁਲਾਰੇ ਨੇ ਇੱਕ ਮੀਡੀਆ ਚੈਨਲ ਨੂੰ ਦੱਸਿਆ ਕਿ ਇਹ ਜਹਾਜ਼ ਸਥਾਨਕ ਸਮੇਂ ਅਨੁਸਾਰ ਦੁਪਹਿਰ ਕਰੀਬ 3:30 ਵਜੇ ਪਾਸਕਾਗੌਲਾ ਦੇ ਦੱਖਣ-ਪੱਛਮ ਵਿੱਚ ਹਾਦਸਾਗ੍ਰਸਤ ਹੋਇਆ। ਹਾਲਾਂਕਿ, ਬੁਲਾਰੇ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਜਹਾਜ਼ ਵਿੱਚ ਅਸਲ ਵਿੱਚ ਕਿੰਨੇ ਲੋਕ ਸਵਾਰ ਸਨ।
ਉਨ੍ਹਾਂ ਕਿਹਾ, "ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਜਹਾਜ਼ ਵਿੱਚ ਕਿੰਨੇ ਲੋਕ ਸਵਾਰ ਸਨ।" ਉਨ੍ਹਾਂ ਦੱਸਿਆ ਕਿ FAA ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਇਸ ਹਾਦਸੇ ਦੀ ਜਾਂਚ ਕਰਨਗੇ।
ਇੱਕ ਸਥਾਨਕ ਮੀਡੀਆ ਰਿਪੋਰਟ ਮੁਤਾਬਕ ਜਹਾਜ਼ ਵਿੱਚ ਚਾਰ ਬਾਲਗ ਅਤੇ 8 ਤੋਂ 12 ਸਾਲ ਦੀ ਉਮਰ ਦੇ ਦੋ ਬੱਚੇ ਸਵਾਰ ਸਨ।
ਰਡਾਰ ਤੋਂ ਗਾਇਬ ਹੋਣ ਤੋਂ ਪਹਿਲਾਂ ਤੇਜ਼ੀ ਨਾਲ ਹੇਠਾਂ ਆ ਰਿਹਾ ਸੀ ਜਹਾਜ਼
ਜਾਣਕਾਰੀ ਮੁਤਾਬਕ ਹਾਦਸਾਗ੍ਰਸਤ ਹੋਣ ਤੋਂ ਪਹਿਲਾਂ ਜਹਾਜ਼ ਲਗਭਗ 10,000 ਫੁੱਟ ਪ੍ਰਤੀ ਮਿੰਟ ਦੀ ਰਫ਼ਤਾਰ ਨਾਲ ਹੇਠਾਂ ਆ ਰਿਹਾ ਸੀ।
ਇਹ ਸੇਸਨਾ ਸੈਂਚੁਰੀਅਨ 210 ਜਹਾਜ਼ ਨਿਊ ਓਰਲੀਨਜ਼ ਲੇਕਫਰੰਟ ਏਅਰਪੋਰਟ ਤੋਂ ਫਲੋਰੀਡਾ ਦੇ ਫੋਰਟ ਮਾਇਰਸ ਸਥਿਤ ਪੇਜ ਫੀਲਡ ਵੱਲ ਜਾ ਰਿਹਾ ਸੀ। ਸਥਾਨਕ ਸਮੇਂ ਅਨੁਸਾਰ ਦੁਪਹਿਰ ਕਰੀਬ 3:45 ਵਜੇ ਇਹ ਜਹਾਜ਼ FAA ਦੇ ਰਡਾਰ ਤੋਂ ਗਾਇਬ ਹੋ ਗਿਆ।
ਤਲਾਸ਼ੀ ਮੁਹਿੰਮ ਦੌਰਾਨ ਜਹਾਜ਼ ਦਾ ਕੈਬਿਨ ਤੇ ਲਾਈਫ ਜੈਕਟਾਂ ਮਿਲੀਆਂ ਸਮੁੰਦਰ ਵਿੱਚ ਚਲਾਈ ਜਾ ਰਹੀ ਤਲਾਸ਼ੀ ਮੁਹਿੰਮ ਦੌਰਾਨ ਕੋਸਟ ਗਾਰਡ ਦੇ ਕਰਮਚਾਰੀਆਂ ਨੂੰ ਜਹਾਜ਼ ਦੇ ਕੁਝ ਹਿੱਸੇ, ਇੱਕ ਲਾਈਫ ਰਾਫਟ ਅਤੇ ਤਿੰਨ ਲਾਈਫ ਜੈਕਟਾਂ ਮਿਲੀਆਂ ਹਨ।
ਇੱਕ ਮੀਡੀਆ ਰਿਪੋਰਟ ਮੁਤਾਬਕ ਸ਼ਾਮ 5:40 ਵਜੇ ਤੱਕ ਜਹਾਜ਼ ਵਿੱਚ ਸਵਾਰ ਕਿਸੇ ਵੀ ਵਿਅਕਤੀ ਦਾ ਪਤਾ ਨਹੀਂ ਲੱਗ ਸਕਿਆ ਸੀ।
ਦੁਰਗਮ ਇਲਾਕਾ ਬਣ ਰਿਹੈ ਚੁਣੌਤੀ ਬਚਾਅ ਟੀਮਾਂ ਹੌਰਨ ਆਈਲੈਂਡ ਦੇ ਉੱਤਰ-ਪੂਰਬ ਵਿੱਚ ਲਗਪਗ ਦੋ ਨੌਟੀਕਲ ਮੀਲ ਦੂਰ ਸਮੁੰਦਰੀ ਇਲਾਕੇ ਵਿੱਚ ਭਾਲ ਕਰ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਗਲਫ ਕੋਸਟ ਖੇਤਰ ਵਿੱਚ ਸਥਿਤ ਹੌਰਨ ਆਈਲੈਂਡ ਇੱਕ ਸੁਰੱਖਿਅਤ ਕੁਦਰਤੀ ਖੇਤਰ (Wilderness Area) ਹੈ, ਜਿੱਥੇ ਸਿਰਫ਼ ਨਿੱਜੀ ਕਿਸ਼ਤੀਆਂ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। ਇਸ ਕਾਰਨ ਬਚਾਅ ਮੁਹਿੰਮ ਦੌਰਾਨ ਕਾਫ਼ੀ ਸਾਵਧਾਨੀ ਵਰਤੀ ਜਾ ਰਹੀ ਹੈ।
NTSB ਤੇ FAA ਮਿਲ ਕੇ ਕਰਨਗੇ ਹਾਦਸੇ ਦੀ ਜਾਂਚ
ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਹਾਦਸੇ ਬਾਰੇ ਜਾਣਕਾਰੀ ਮਿਲ ਗਈ ਹੈ ਅਤੇ ਉਹ ਮਾਮਲੇ ਨਾਲ ਜੁੜੇ ਤੱਥ ਇਕੱਠੇ ਕਰ ਰਹੇ ਹਨ।
ਜਹਾਜ਼ ਕਿਹੜੇ ਹਾਲਾਤਾਂ ਵਿੱਚ ਹਾਦਸਾਗ੍ਰਸਤ ਹੋਇਆ, ਇਸ ਦਾ ਪਤਾ ਲਗਾਉਣ ਲਈ NTSB ਅਤੇ FAA ਸਾਂਝੇ ਤੌਰ 'ਤੇ ਪੂਰੇ ਮਾਮਲੇ ਦੀ ਜਾਂਚ ਕਰਨਗੇ।