ਅਮਰੀਕਾ ਨੂੰ ਕੋਈ ਕਾਹਲ ਨਹੀਂ, ਡੋਨਾਲਡ ਟਰੰਪ ਦੇ ਬਿਆਨ ਦਰਮਿਆਨ ਮੋਜਤਬਾ ਖ਼ਾਮਨੇਈ ਦੀ ਸਖ਼ਤ ਚਿਤਾਵਨੀ
ਏਐੱਨਆਈ ਨੇ ਅਲ ਅਰਬੀਆ ਦੇ ਹਵਾਲੇ ਨਾਲ ਦੱਸਿਆ ਕਿ ਖ਼ਾਕੇ ’ਚ ਸਮਝੌਤੇ ਨੂੰ ਲਾਗੂ ਕਰਨ ਤੇ ਉਸ ਦੀ ਨਿਗਰਾਨੀ ਲਈ ਚੀਨ ਨੂੰ ਗਾਰੰਟਰ ਬਣਾਉਣ ਦੀ ਤਜਵੀਜ਼ ਹੈ। ਇਸ ਦੇ ਨਾਲ ਹੀ ਅਮਰੀਕਾ ਤੇ ਈਰਾਨ ਵਿਚਾਲੇ ਸਿੱਧੀ ਗੱਲਬਾਤ ਇਸਤਾਂਬੁਲ ਦੀ ਥਾਂ ਕਤਰ ਦੀ ਰਾਜਧਾਨੀ ਦੋਹਾ ’ਚ ਕਰਵਾਉਣ ਦੀ ਗੱਲ ਕਹੀ ਗਈ ਹੈ।
Publish Date: Sun, 01 Nov 2026 12:32 PM (IST)
Updated Date: Sun, 01 Nov 2026 12:37 PM (IST)
ਜੇਐੱਨਐੱਨ, ਨਵੀਂ ਦਿੱਲੀ : ਪੱਛਮੀ ਏਸ਼ੀਆ ’ਚ ਜਾਰੀ ਸੰਘਰਸ਼ ਦੌਰਾਨ ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਘਟਾਉਣ ਲਈ ਕੂਟਨੀਤਕ ਕੋਸ਼ਿਸ਼ਾਂ ਤੇਜ਼ ਹੋ ਰਹੀਆਂ ਹਨ। ਇਸੇ ਦੌਰਾਨ, ਪ੍ਰਸਤਾਵਿਤ ਸਮਝੌਤੇ ਦੇ ਇਕ ਖ਼ਾਕੇ ਵਿਚ ਈਰਾਨ ਦੇ ਬਹੁਤ ਜ਼ਿਆਦਾ ਯੂਰੇਨੀਅਮ ਦੇ ਭੰਡਾਰ ਨੂੰ ਕਿਸੇ ਤੀਜੇ ਦੇਸ਼ ਦੇ ਹਵਾਲੇ ਕਰਨ ਜਾਂ ਇਸ ਦਾ ਸਟਾਕ ਘਟਾਉਣ ਦੀ ਗੱਲ ਸਾਹਮਣੇ ਆਈ ਹੈ। ਇਸ ਦੇ ਬਦਲੇ ਅਮਰੀਕਾ ਪਾਬੰਦੀਆਂ ਅਤੇ ਆਰਥਿਕ ਰੋਕਾਂ ’ਚ ਰਾਹਤ ਦੇ ਸਕਦਾ ਹੈ। ਤਜਵੀਜ਼ ’ਚ ਇਹ ਵੀ ਪ੍ਰਬੰਧ ਹੈ ਕਿ ਮੁੱਢਲੀ ਸਹਿਮਤੀ ਬਣਨ ਤੋਂ ਸੱਤ ਦਿਨਾਂ ਦੇ ਅੰਦਰ ਹੋਰਮੁਜ਼ ਸਟ੍ਰੇਟ ਨੂੰ ਕੌਮਾਂਤਰੀ ਜਹਾਜ਼ਾਂ ਲਈ ਖੋਲ੍ਹ ਦਿੱਤਾ ਜਾਵੇ।
ਏਐੱਨਆਈ ਨੇ ਅਲ ਅਰਬੀਆ ਦੇ ਹਵਾਲੇ ਨਾਲ ਦੱਸਿਆ ਕਿ ਖ਼ਾਕੇ ’ਚ ਸਮਝੌਤੇ ਨੂੰ ਲਾਗੂ ਕਰਨ ਤੇ ਉਸ ਦੀ ਨਿਗਰਾਨੀ ਲਈ ਚੀਨ ਨੂੰ ਗਾਰੰਟਰ ਬਣਾਉਣ ਦੀ ਤਜਵੀਜ਼ ਹੈ। ਇਸ ਦੇ ਨਾਲ ਹੀ ਅਮਰੀਕਾ ਤੇ ਈਰਾਨ ਵਿਚਾਲੇ ਸਿੱਧੀ ਗੱਲਬਾਤ ਇਸਤਾਂਬੁਲ ਦੀ ਥਾਂ ਕਤਰ ਦੀ ਰਾਜਧਾਨੀ ਦੋਹਾ ’ਚ ਕਰਵਾਉਣ ਦੀ ਗੱਲ ਕਹੀ ਗਈ ਹੈ। ਪ੍ਰਸਤਾਵਿਤ ਪ੍ਰਬੰਧ ਤਹਿਤ ਈਰਾਨ ਦੇ ਪਰਮਾਣੂ ਪ੍ਰੋਗਰਾਮ ਅਤੇ ਸਮੁੰਦਰੀ ਸੁਰੱਖਿਆ ਨਾਲ ਜੁੜੇ ਕਦਮਾਂ ਦੇ ਬਦਲੇ ਅਮਰੀਕਾ ਪਾਬੰਦੀਆਂ, ਨਾਕਾਬੰਦੀ ਅਤੇ ਆਰਥਿਕ ਰੋਕਾਂ ’ਚ ਢਿੱਲ ਦੇਵੇਗਾ। ਸਮਝੌਤੇ ਦੇ ਹਰੇਕ ਪੜਾਅ ਨੂੰ ਲਾਗੂ ਕਰਨ ਤੋਂ ਪਹਿਲਾਂ ਇਕ ਸੁਤੰਤਰ ਜਾਂਚ ਪ੍ਰਣਾਲੀ ਇਹ ਪਰਖੇਗੀ ਕਿ ਦੋਵਾਂ ਧਿਰਾਂ ਨੇ ਆਪਣੀਆਂ ਸ਼ਰਤਾਂ ਪੂਰੀਆਂ ਕੀਤੀਆਂ ਹਨ ਜਾਂ ਨਹੀਂ। ਕਿਸੇ ਵਿਵਾਦ ਜਾਂ ਉਲੰਘਣਾ ਦੀ ਸਥਿਤੀ ਵਿਚ ਵਿਚੋਲੇ ਅਤੇ ਗਾਰੰਟਰ ਦੇਸ਼ ਹੱਲ ਲੱਭਣ ’ਚ ਮਦਦ ਕਰਨਗੇ। ਜੰਗਬੰਦੀ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਕਤਰ ਦਾ ਇਕ ਵਫ਼ਦ ਸ਼ੁੱਕਰਵਾਰ ਨੂੰ ਤਹਿਰਾਨ ਪਹੁੰਚਿਆ।
ਟਰੰਪ ਬੋਲੇ, ਅਮਰੀਕਾ ਨੂੰ ਕੋਈ ਕਾਹਲ ਨਹੀਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਵਾਸ਼ਿੰਗਟਨ ਨੂੰ ਈਰਾਨ ਨਾਲ ਜੰਗ ਖ਼ਤਮ ਕਰਨ ਦੀ ਕੋਈ ਕਾਹਲ ਨਹੀਂ। ਓਵਲ ਦਫ਼ਤਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਈਰਾਨ ਗੱਲਬਾਤ ਕਰਨਾ ਚਾਹੁੰਦਾ ਹੈ, ਪਰ ਦੇਸ਼ ਦੇ ਅੰਦਰ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਗੱਲਬਾਤ ਜਾਰੀ ਹੈ ਅਤੇ ਸਮਾਂ ਅਮਰੀਕਾ ਦੇ ਪੱਖ ਵਿਚ ਹੈ।
ਮੋਜਤਬਾ ਦੀ ਚਿਤਾਵਨੀ : ਭੂਗੋਲਿਕ ਹੱਦਾਂ ਤੋਂ ਪਾਰ ਜਾ ਕੇ ਦੇਵਾਂਗੇ ਜਵਾਬ ਰਾਇਟਰਜ਼ ਮੁਤਾਬਕ, ਈਰਾਨ ਦੇ ਸਰਬਉੱਚ ਆਗੂ ਮੋਜਤਬਾ ਖ਼ਾਮਨੇਈ ਨੇ ਹਥਿਆਰਬੰਦ ਬਲਾਂ ਦੇ ਸੀਨੀਅਰ ਕਮਾਂਡਰਾਂ ਨੂੰ ਕਿਸੇ ਵੀ ਹਮਲੇ ਦਾ ਤੁਰੰਤ ਅਤੇ ਅਸਰਦਾਰ ਜਵਾਬ ਦੇਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਦੇ ਅਧਿਕਾਰਤ ਐਕਸ ਅਤੇ ਟੈਲੀਗ੍ਰਾਮ ਖਾਤਿਆਂ ’ਤੇ ਜਾਰੀ ਸੁਨੇਹਿਆਂ ਵਿਚ ਕਿਹਾ ਹੈ ਕਿ ਹਰ ਤਰ੍ਹਾਂ ਦੇ ਖ਼ਤਰੇ ਦਾ ਜਵਾਬ ਭੂਗੋਲਿਕ ਹੱਦਾਂ ਤੋਂ ਪਾਰ ਜਾ ਕੇ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮੁੜ ਕੋਈ ਫ਼ੌਜੀ ਜਾਂ ਅੱਤਵਾਦੀ ਹਮਲਾ ਹੋਇਆ ਤਾਂ ਜਵਾਬੀ ਕਾਰਵਾਈ ਕਦੋਂ ਅਤੇ ਕਿਹੜੀਆਂ ਸ਼ਰਤਾਂ ’ਤੇ ਖ਼ਤਮ ਹੋਵੇਗੀ, ਇਹ ਈਰਾਨ ਦੀ ਫ਼ੌਜ ਅਤੇ ਲੋਕ ਤੈਅ ਕਰਨਗੇ। ਉਨ੍ਹਾਂ ਫ਼ੌਜੀ ਤਿਆਰੀਆਂ ਅਤੇ ਰੱਖਿਆ ਤਕਨਾਲੋਜੀ ਨੂੰ ਮਜ਼ਬੂਤ ਕਰਨ ’ਤੇ ਵੀ ਜ਼ੋਰ ਦਿੱਤਾ।
ਅਮਰੀਕੀ ਹਮਲੇ ’ਚ ਦੋ ਮਛੇਰੇ ਲਾਪਤਾ ਹੋਣ ਦਾ ਦਾਅਵਾ ਈਰਾਨੀ ਮੀਡੀਆ ਆਈਆਰਆਈਬੀ ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਫ਼ੌਜ ਨੇ ਹੋਰਮੁਜ਼ਗਾਨ ਸੂਬੇ ’ਚ ਕੇਸ਼ਮ ਟਾਪੂ ਨੇੜੇ ਮੱਛੀਆਂ ਫੜਨ ਵਾਲੀਆਂ ਦੋ ਕਿਸ਼ਤੀਆਂ ’ਤੇ ਹਮਲਾ ਕੀਤਾ। ਇਸ ਘਟਨਾ ਵਿਚ ਦੋ ਮਛੇਰੇ ਲਾਪਤਾ ਦੱਸੇ ਗਏ ਹਨ, ਜਦਕਿ ਇਕ ਹੋਰ ਜ਼ਖ਼ਮੀ ਹੋਇਆ ਹੈ। ਹਾਲਾਂਕਿ, ਇਸ ਦਾਅਵੇ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ।