- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਰੁਜ਼ਗਾਰ ਅਧਿਕਾਰ ਦਸਤਾਵੇਜ਼ਾਂ (EAD) ਦੇ ਆਟੋਮੈਟਿਕ ਐਕਸਟੈਂਸ਼ਨ ਨੂੰ ਖ਼ਤਮ ਕਰਨ ਵਾਲੇ ਨਿਯਮ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਹੁਣ ਯੋਗ ਵਿਦੇਸ਼ੀ ਨਾਗਰਿਕ ਆਪਣੇ ਵਰਕ ਪਰਮਿਟ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਨਵੀਨੀਕਰਨ ਦੀ ਉਡੀਕ ਦੌਰਾਨ ਕੰਮ ਨਹੀਂ ਕਰ ਸਕਣਗੇ।

ਡਿਜੀਟਲ ਡੈਸਕ, ਵਾਸ਼ਿੰਗਟਨ। ਇਹ ਫ਼ੈਸਲਾ ਭਾਰਤੀ ਪ੍ਰਵਾਸੀਆਂ ਨੂੰ ਪ੍ਰਭਾਵਿਤ ਕਰੇਗਾ। ਐੱਚ-1ਬੀ ਵੀਜ਼ਾ ਧਾਰਕਾਂ ਦੀਆਂ ਇੱਕ ਲੱਖ ਤੋਂ ਵੱਧ ਭਾਰਤੀ ਜੀਵਨ ਸਾਥਣਾਂ (ਜਿਨ੍ਹਾਂ ’ਚੋਂ ਜ਼ਿਆਦਾਤਰ ਔਰਤਾਂ ਹਨ), ਜੋ ਗ੍ਰੀਨ ਕਾਰਡ ਦੀ ਲੰਬੀ ਉਡੀਕ ਵਾਲੀ ਪ੍ਰਕਿਰਿਆ ’ਚ ਫਸੀਆਂ ਹੋਈਆਂ ਹਨ, ਇਸ ਨਾਲ ਪ੍ਰਭਾਵਿਤ ਹੋ ਸਕਦੀਆਂ ਹਨ।
ਪ੍ਰਸ਼ਾਸਨ ਨੇ ਪਹਿਲਾਂ ਐੱਚ-4 ਵੀਜ਼ਾ ਧਾਰਕ ਜੀਵਨ ਸਾਥੀਆਂ ਨੂੰ ਰੁਜ਼ਗਾਰ ਅਧਿਕਾਰ ਦੇਣ ਦੀ ਸਹੂਲਤ ਤੋਂ ਪੂਰੀ ਤਰ੍ਹਾਂ ਬਾਹਰ ਕਰਨ ਦੇ ਸੰਕੇਤ ਵੀ ਦਿੱਤੇ ਸਨ। ਨਵੇਂ ਨਿਯਮ ਅਨੁਸਾਰ, ਸਮੇਂ ਸਿਰ ਨਵੀਨੀਕਰਨ ਲਈ ਅਰਜ਼ੀ ਦਾਖ਼ਲ ਕਰਨ ਦੇ ਬਾਵਜੂਦ ਕੰਮ ਜਾਰੀ ਰੱਖਣ ਦੀ ਇਜਾਜ਼ਤ ਨਹੀਂ ਮਿਲੇਗੀ। ਪ੍ਰਸ਼ਾਸਨ ਦਾ ਉਦੇਸ਼ ਨਵੀਨੀਕਰਨ ਤੋਂ ਪਹਿਲਾਂ ਜਾਂਚ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਕਰਨਾ ਹੈ।
ਪਹਿਲਾਂ ਵਰਕ ਪਰਮਿਟ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ 180 ਦਿਨਾਂ ਤੱਕ ਆਟੋਮੈਟਿਕ ਐਕਸਟੈਂਸ਼ਨ ਮਿਲਦੀ ਸੀ, ਜਿਸ ਨੂੰ ਬਾਅਦ ’ਚ ਵਧਾ ਕੇ 540 ਦਿਨ ਕਰ ਦਿੱਤਾ ਗਿਆ ਸੀ। ਪਰ ਅਕਤੂਬਰ 2025 ’ਚ ਇਹ ਸਹੂਲਤ ਵਾਪਸ ਲੈ ਲਈ ਗਈ ਸੀ। ਐੱਚ-4 ਈਏਡੀ (H-4 EAD) ਦੀ ਸ਼ੁਰੂਆਤ 2015 ’ਚ ਹੋਈ ਸੀ।
ਹੁਣ ਆਟੋਮੈਟਿਕ ਐਕਸਟੈਂਸ਼ਨ ਦੀ ਸਹੂਲਤ ਨਾ ਮਿਲਣ ਕਾਰਨ ਕਈ ਬਿਨੈਕਾਰਾਂ ਨੂੰ ਡਰ ਹੈ ਕਿ ਨਵੀਨੀਕਰਨ ਦੀ ਉਡੀਕ ਦੌਰਾਨ ਉਨ੍ਹਾਂ ਨੂੰ ਕੰਮ ਬੰਦ ਕਰਨਾ ਪੈ ਸਕਦਾ ਹੈ। ਜੂਨ 2026 ਤੱਕ, ਈਏਡੀ ਦੇ ਨਵੀਨੀਕਰਨ ਲਈ 4.32 ਲੱਖ ਤੋਂ ਵੱਧ ਅਰਜ਼ੀਆਂ ਲੰਬਿਤ ਸਨ।