ਕੋਲਕਾਤਾ ਦੀ ਸ਼ਰਮੀਲਾ ਯੂਐਸ ਹਾਲ ਆਫ਼ ਫੇਮ ’ਚ ਸ਼ਾਮਲ, ਇੰਦਿਰਾ ਨੂਈ ਤੋਂ ਬਾਅਦ ਇਹ ਸਨਮਾਨ ਹਾਸਲ ਕਰਨ ਵਾਲੀ ਦੂਜੀ ਮਹਿਲਾ ਕੋਲਕਾਤਾ ’ਚ ਜਨਮੀ ਸ਼ਰਮੀਲਾ ਮੋਨਾ ਸਿਨ੍ਹਾ ਨੂੰ ਨਿਊਯਾਰਕ ਦੇ ਨੈਸ਼ਨਲ ਵੁਮੈਨਜ਼ ਹਾਲ ਆਫ਼ ਫੇਮ ’ਚ ਸ਼ਾਮਲ ਕੀਤਾ ਗਿਆ ਹੈ। ਉਹ ਪੈਪਸੀਕੋ ਦੀ ਸਾਬਕਾ ਸੀਈਓ ਇੰਦਿਰਾ ਨੂਈ ਤੋਂ ਬਾਅਦ ਇਹ ਸਨਮਾਨ ਹਾਸਲ ਕਰਨ ਵਾਲੀ ਦੂਜੀ ਭਾਰਤੀ ਮੂਲ ਦੀ ਮਹਿਲਾ ਬਣ ਗਈ ਹੈ।
Publish Date: Mon, 05 Oct 2026 11:21 AM (IST)
Updated Date: Mon, 05 Oct 2026 11:24 AM (IST)
ਡਿਜੀਟਲ ਡੈਸਕ, ਵਾਸ਼ਿੰਗਟਨ। ਕੋਲਕਾਤਾ ’ਚ ਪਲੀ-ਵਧੀ ਸ਼ਰਮੀਲਾ ਮੋਨਾ ਸਿਨ੍ਹਾ ਨੇ ਅਮਰੀਕਾ ਦੇ ਨਿਊਯਾਰਕ ਸਥਿਤ ਪ੍ਰਸਿੱਧ ਨੈਸ਼ਨਲ ਵੁਮੈਨਜ਼ ਹਾਲ ਆਫ਼ ਫੇਮ ’ਚ ਸ਼ਾਮਲ ਹੋ ਕੇ ਇੱਕ ਨਵਾਂ ਇਤਿਹਾਸ ਰਚਿਆ ਹੈ। ਉਹ ਪੈਪਸੀਕੋ ਦੀ ਸਾਬਕਾ ਸੀਈਓ ਇੰਦਿਰਾ ਨੂਈ ਤੋਂ ਬਾਅਦ ਇਹ ਇਤਿਹਾਸਕ ਉਪਲਬਧੀ ਹਾਸਲ ਕਰਨ ਵਾਲੀ ਭਾਰਤੀ ਮੂਲ ਦੀ ਦੂਜੀ ਮਹਿਲਾ ਬਣ ਗਈ ਹੈ।
ਪਰਿਵਾਰ ’ਚ ਮਹਿਸੂਸ ਕਰਵਾਇਆ ਜਾਂਦਾ ਸੀ ਨਿਰਾਸ਼ਾ ਦਾ ਅਹਿਸਾਸ ਕੋਲਕਾਤਾ ’ਚ ਜਨਮੀ ਸ਼ਰਮੀਲਾ ਨੂੰ ਬਚਪਨ ’ਚ ਪਰਿਵਾਰ ਦੀ ਤੀਜੀ ਧੀ ਹੋਣ ਕਾਰਨ ਅਕਸਰ ਲਿੰਗ-ਭੇਦ ਤੇ ਭਾਰਤੀ ਸਮਾਜ ਦੀ ਪੁਰਾਣੀ ਸੋਚ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਆਪਣਾ ਬਚਪਨ ਯਾਦ ਕਰਦੇ ਹੋਏ ਦੱਸਿਆ ਕਿ ਸਮਾਜ ’ਚ ਪੁੱਤਰਾਂ ਨੂੰ ਫਾਇਦੇ ਦਾ ਸੌਦਾ ਤੇ ਧੀਆਂ ਨੂੰ ਨੁਕਸਾਨ ਸਮਝਿਆ ਜਾਂਦਾ ਸੀ। ਇਸ ਭੇਦਭਾਵ ਨੂੰ ਦੇਖਦੇ ਹੋਏ ਉਨ੍ਹਾਂ ਨੇ ਠਾਨ ਲਿਆ ਸੀ ਕਿ ਉਹ ਉਨ੍ਹਾਂ ਸਾਰੀਆਂ ਪਾਬੰਦੀਆਂ ਨੂੰ ਤੋੜਨਗੀਆਂ, ਜੋ ਆਮ ਤੌਰ ’ਤੇ ਸਿਰਫ਼ ਮੁੰਡਿਆਂ ਲਈ ਰੱਖੀਆਂ ਜਾਂਦੀਆਂ ਹਨ।
ਦੋ ਵੱਡੀਆਂ ਗੱਲਾਂ ਨੇ ਪਾਇਆ ਡੂੰਘਾ ਪ੍ਰਭਾਵ ਸਿਨ੍ਹਾ ਦਾ ਸਫ਼ਰ ਦੁਨੀਆ ਬਦਲਣ ਦੇ ਕਿਸੇ ਵੱਡੇ ਇਰਾਦੇ ਨਾਲ ਸ਼ੁਰੂ ਨਹੀਂ ਹੋਇਆ ਸੀ। ਇਸ ਦੀ ਸ਼ੁਰੂਆਤ ਪਰਿਵਾਰ, ਉਮੀਦਾਂ ਤੇ ਗਰੀਬੀ ਨਾਲ ਜੁੜੇ ਉਨ੍ਹਾਂ ਤਜਰਬਿਆਂ ਤੋਂ ਹੋਈ, ਜਿਨ੍ਹਾਂ ਨੇ ਉਨ੍ਹਾਂ ’ਤੇ ਡੂੰਘਾ ਪ੍ਰਭਾਵ ਛੱਡਿਆ। ਕੋਲਕਾਤਾ ’ਚ ਮਦਰ ਟੇਰੇਸਾ ਦੇ ਅਨਾਥ ਆਸ਼ਰਮ ’ਚ ਵਲੰਟੀਅਰ ਵਜੋਂ ਕੰਮ ਕਰਦੇ ਹੋਏ ਉਨ੍ਹਾਂ ਨੇ ਸਿਰਫ਼ ਆਪਣੇ ਆਲੇ-ਦੁਆਲੇ ਦੀ ਕਮੀ ਜਾਂ ਅਭਾਵ ਹੀ ਨਹੀਂ ਦੇਖਿਆ, ਸਗੋਂ ਇੱਕ ਹੋਰ ਪਰੇਸ਼ਾਨ ਕਰਨ ਵਾਲੀ ਗੱਲ ਵੀ ਮਹਿਸੂਸ ਕੀਤੀ। ਅਨਾਥ ਆਸ਼ਰਮ ’ਚ ਮੁੰਡੇ ਘੱਟ ਸਨ। ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਛੱਡੇ ਗਏ ਮੁੰਡਿਆਂ ਨੂੰ ਆਸਾਨੀ ਨਾਲ ਗੋਦ ਲੈ ਲਿਆ ਜਾਂਦਾ ਸੀ। ਯਾਨੀ ਅਨਾਥ ਬੱਚਿਆਂ ਦੇ ਮਾਮਲੇ ’ਚ ਵੀ ਲਿੰਗ ਹੀ ਉਨ੍ਹਾਂ ਦਾ ਭਵਿੱਖ ਤੈਅ ਕਰ ਰਿਹਾ ਸੀ।
ਕਿਸ਼ੋਰ ਅਵਸਥਾ ’ਚ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਦਾਦੀ ਨੇ ਆਜ਼ਾਦੀ ਅੰਦੋਲਨ ਦੌਰਾਨ ਮਹਿਲਾਵਾਂ ਨੂੰ ਸੰਗਠਿਤ ਕਰਨ ’ਚ ਅਹਿਮ ਭੂਮਿਕਾ ਨਿਭਾਈ ਸੀ। ਇਸ ਗੱਲ ਨੇ ਉਨ੍ਹਾਂ ਨੂੰ ਪ੍ਰਚਲਿਤ ਵਿਵਸਥਾ ਨੂੰ ਚੁਣੌਤੀ ਦੇਣ ਦੀ ਪ੍ਰੇਰਣਾ ਦਿੱਤੀ।
ਵਾਲ ਸਟ੍ਰੀਟ ਤੋਂ ‘ਇਕੁਐਲਿਟੀ ਨਾਊ’ ਦੀ ਸੀਈਓ ਬਣਨ ਤੱਕ ਦਾ ਸਫ਼ਰ
18 ਸਾਲ ਦੀ ਉਮਰ ’ਚ ਉਹ ਉੱਚ ਸਿੱਖਿਆ ਲਈ ਅਮਰੀਕਾ ਚਲੀ ਗਈਆਂ। ਉਨ੍ਹਾਂ ਨੇ ਮੈਸਾਚੂਸੇਟਸ ਦੇ ਪ੍ਰਸਿੱਧ ਸਮਿਥ ਕਾਲਜ ਤੋਂ ਇਕਨਾਮਿਕਸ ਤੇ ਆਰਟ ਹਿਸਟਰੀ ’ਚ ਗ੍ਰੈਜੂਏਸ਼ਨ ਕੀਤੀ ਤੇ ਕੋਲੰਬੀਆ ਬਿਜ਼ਨਸ ਸਕੂਲ ਤੋਂ ਐਮਬੀਏ ਕੀਤਾ।
ਉਨ੍ਹਾਂ ਨੇ ਮੌਰਗਨ ਸਟੈਨਲੀ ’ਚ ਇਨਵੈਸਟਮੈਂਟ ਬੈਂਕਰ ਵਜੋਂ ਕਰੀਅਰ ਦੀ ਸ਼ੁਰੂਆਤ ਕੀਤੀ ਤੇ ਬਾਅਦ ’ਚ ਪ੍ਰਾਕਟਰ ਐਂਡ ਗੈਂਬਲ, ਯੂਨੀਲੀਵਰ ਤੇ ਐਲਿਜ਼ਾਬੈਥ ਆਰਡਨ ਵਰਗੀਆਂ ਬਹੁ-ਰਾਸ਼ਟਰੀ ਕੰਪਨੀਆਂ ’ਚ ਕੰਮ ਕੀਤਾ।
ਸਿਨ੍ਹਾ ਨੇ ਆਪਣੀਆਂ ਕਾਰਪੋਰੇਟ ਤੇ ਮੈਨੇਜਮੈਂਟ ਸਕਿਲਜ਼ ਦਾ ਇਸਤੇਮਾਲ ਸਮਾਜਿਕ ਭਲਾਈ ਲਈ ਕੀਤਾ। ਉਨ੍ਹਾਂ ਨੇ ਵਿਮੈਨ ਮੂਵਿੰਗ ਮਿਲੀਅਨਜ਼ ਨੈੱਟਵਰਕ ਦੀ ਅਗਵਾਈ ਕੀਤੀ, ਜਿਸ ਦੇ ਮੈਂਬਰਾਂ ਨੇ ਮਹਿਲਾਵਾਂ ਦੀ ਭਲਾਈ ਲਈ ਕਰੀਬ 1 ਬਿਲੀਅਨ ਡਾਲਰ ਦੇ ਫੰਡ ਦੀ ਵਚਨਬੱਧਤਾ ਕੀਤੀ।
ਉਹ ‘ਟੂ ਕਿਲ ਅ ਟਾਈਗਰ’ ਵਰਗੀ ਆਸਕਰ-ਨਾਮਜ਼ਦ ਡਾਕੂਮੈਂਟਰੀ ਦੀ ਐਗਜ਼ਿਕਿਊਟਿਵ ਪ੍ਰੋਡਿਊਸਰ ਵੀ ਰਹੀ ਹਨ। ਸਾਲ 2022 ਤੋਂ ਸ਼ਰਮੀਲਾ ਮੋਨਾ ਸਿਨ੍ਹਾ ਅੰਤਰਰਾਸ਼ਟਰੀ ਸੰਸਥਾ ਇਕੁਐਲਿਟੀ ਨਾਊ ਦੀ ਸੀਈਓ ਵਜੋਂ ਕੰਮ ਕਰ ਰਹੀ ਹੈ। ਇਹ ਸੰਸਥਾ ਬਾਲ ਵਿਆਹ, ਜਿਨਸੀ ਹਿੰਸਾ ਤੇ ਮਹਿਲਾਵਾਂ ਦੇ ਕਾਨੂੰਨੀ ਅਧਿਕਾਰਾਂ ਲਈ ਵਿਸ਼ਵ ਪੱਧਰ ’ਤੇ ਕੰਮ ਕਰਦੀ ਹੈ।
ਸਿਨ੍ਹਾ ਨੇ ਯਾਦ ਕੀਤੀ ਮਾਂ ਦੀ ਸਿੱਖ ਸਨਮਾਨ ਸਮਾਰੋਹ ਦੌਰਾਨ ਦਿੱਤੇ ਭਾਵੁਕ ਭਾਸ਼ਣ ’ਚ ਸ਼ਰਮੀਲਾ ਨੇ ਇਸ ਉਪਲਬਧੀ ਦਾ ਸਿਹਰਾ ਆਪਣੀ ਮਾਂ ਦੀ ਸਿੱਖ ਨੂੰ ਦਿੱਤਾ। ਉਨ੍ਹਾਂ ਨੇ ਯਾਦ ਕੀਤਾ ਕਿ ਕਿਵੇਂ ਕੋਲਕਾਤਾ ’ਚ ਉਨ੍ਹਾਂ ਦੀ ਮਾਂ ਹਰ ਸਵੇਰ ਕਿਸੇ ਲੋੜਵੰਦ ਲਈ ਇੱਕ ਮੁੱਠੀ ਚੌਲ ਵੱਖ ਕਰਕੇ ਰੱਖ ਦਿੰਦੀ ਸੀ।
ਸ਼ਰਮੀਲਾ ਨੇ ਕਿਹਾ, “ਮੈਂ ਇਸ ਅਸਾਧਾਰਣ ਸਨਮਾਨ ਨੂੰ ਸਿਰਫ਼ ਆਪਣਾ ਨਹੀਂ ਮੰਨਦੀ। ਮੈਂ ਇਸ ਨੂੰ ਮੁੱਠੀ ਭਰ ਚੌਲਾਂ ਵਾਂਗ ਸਵੀਕਾਰ ਕਰਦੀ ਹਾਂ, ਜੋ ਮੈਨੂੰ ਇਸ ਜ਼ਿੰਮੇਵਾਰੀ ਨਾਲ ਸੌਂਪੇ ਗਏ ਹਨ ਕਿ ਮੈਂ ਇਸ ਨੂੰ ਅੱਗੇ ਵਧਾਵਾਂ।”
ਸ਼ਰਮੀਲਾ ਮੋਨਾ ਸਿਨ੍ਹਾ ਦਾ ਨੈਸ਼ਨਲ ਵੁਮੈਨਜ਼ ਹਾਲ ਆਫ਼ ਫੇਮ ’ਚ ਸ਼ਾਮਲ ਹੋਣਾ ਇਹ ਦਰਸਾਉਂਦਾ ਹੈ ਕਿ ਜੇ ਕਿਸੇ ਧੀ ਨੂੰ ਸਹੀ ਮੌਕਾ ਦਿੱਤਾ ਜਾਵੇ ਤੇ ਉਸ ’ਤੇ ਪਾਬੰਦੀਆਂ ਨਾ ਲਗਾਈਆਂ ਜਾਣ, ਤਾਂ ਉਹ ਦੁਨੀਆ ਦੇ ਸਭ ਤੋਂ ਵੱਡੇ ਮੰਚ ’ਤੇ ਵੀ ਆਪਣੀ ਪਛਾਣ ਬਣਾ ਸਕਦੀ ਹੈ।
ਸ਼ਰਮੀਲਾ ਦੀ ਕਹਾਣੀ ਹੁਣ ਇੱਕ ਹੋਰ ਪ੍ਰੇਰਣਾਦਾਇਕ ਭਾਰਤੀ-ਅਮਰੀਕੀ ਕਹਾਣੀ ਨਾਲ ਜੁੜ ਗਈ ਹੈ। ਇੰਦਿਰਾ ਨੂਈ ਤੋਂ ਬਾਅਦ ਭਾਰਤ ਦੀ ਇੱਕ ਹੋਰ ਧੀ ਅਮਰੀਕਾ ਦੀਆਂ ਪ੍ਰਸਿੱਧ ਮਹਿਲਾ ਆਗੂਆਂ ਦੀ ਸੂਚੀ ’ਚ ਸ਼ਾਮਲ ਹੋ ਗਈ ਹੈ।