ਲੰਡਨ ਦੀ ਜੇਲ੍ਹ ’ਚ ਬੰਦ ਭਾਰਤੀ ਵਕੀਲ ’ਤੇ ਜਬਰ-ਜਨਾਹ ਦਾ ਦੋਸ਼, ਅਗਲੇ ਸਾਲ ਸ਼ੁਰੂ ਹੋਵੇਗਾ ਮੁਕੱਦਮਾ
ਲੰਡਨ ਦੀ ਜੇਲ੍ਹ ’ਚ ਬੰਦ ਭਾਰਤੀ ਵਕੀਲ ਵਿਜੇ ਅਗਰਵਾਲ ’ਤੇ ਜਿਨਸੀ ਸ਼ੋਸ਼ਣ ਦੇ ਨਾਲ ਹੁਣ ਜਬਰ-ਜਨਾਹ ਅਤੇ ਸ਼ੋਸ਼ਣ ਦੇ ਇਰਾਦੇ ਨਾਲ ਕਿਸੇ ਵਿਅਕਤੀ ਨੂੰ ਯਾਤਰਾ ਕਰਵਾਉਣ ਦੇ ਵੀ ਦੋਸ਼ ਲੱਗੇ ਹਨ।
Publish Date: Sat, 10 Oct 2026 11:18 AM (IST)
Updated Date: Sat, 10 Oct 2026 11:21 AM (IST)
ਡਿਜੀਟਲ ਡੈਸਕ, ਲੰਡਨ। ਜਿਨਸੀ ਸ਼ੋਸ਼ਣ ਦੇ ਦੋਸ਼ ’ਚ ਲੰਡਨ ਦੀ ਜੇਲ੍ਹ ’ਚ ਬੰਦ ਭਾਰਤੀ ਵਕੀਲ ਵਿਜੇ ਅਗਰਵਾਲ ’ਤੇ ਜਬਰ-ਜਨਾਹ ਦਾ ਦੋਸ਼ ਵੀ ਲਗਾਇਆ ਗਿਆ ਹੈ। ਸ਼ੁੱਕਰਵਾਰ ਨੂੰ ਬ੍ਰਿਟੇਨ ਦੀ ਇੱਕ ਅਦਾਲਤ ’ਚ ਸੁਣਵਾਈ ਤੋਂ ਬਾਅਦ ਇਹ ਗੱਲ ਸਾਹਮਣੇ ਆਈ।
ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ ਨੇ 57 ਸਾਲਾ ਅਗਰਵਾਲ ਵਿਰੁੱਧ ਨਵੇਂ ਦੋਸ਼ ਲਗਾਉਣ ਦੇ ਨਾਲ-ਨਾਲ ਕਿਸੇ ਹੋਰ ਵਿਅਕਤੀ ਦਾ ਸ਼ੋਸ਼ਣ ਕਰਨ ਦੇ ਇਰਾਦੇ ਨਾਲ ਉਸ ਨੂੰ ਯਾਤਰਾ ਕਰਵਾਉਣ ਜਾਂ ਇਸ ’ਚ ਸਹਾਇਤਾ ਦੇਣ ਦਾ ਦੋਸ਼ ਵੀ ਦਰਜ ਕੀਤਾ ਹੈ। ਲੰਡਨ ਦੀ ਜੇਲ੍ਹ ’ਚ ਬੰਦ ਉਨ੍ਹਾਂ ਦੀ 41 ਸਾਲਾ ਸਹਾਇਕ ਮਨਪ੍ਰੀਤ ਕੌਰ ’ਤੇ ਵੀ ਦੋਸ਼ ਲੱਗੇ ਹਨ।
ਮਾਮਲੇ ’ਚ ਤੀਜੇ ਮੁਲਜ਼ਮ ਹਾਰਾ ਤਿਬਰੇਵਾਲਾ ਨੂੰ ਸ਼ੁੱਕਰਵਾਰ ਨੂੰ ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ ’ਚ ਇਸੇ ਤਰ੍ਹਾਂ ਦੇ ਅਪਰਾਧ ਦੇ ਦੋਸ਼ ’ਚ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਦੋਸ਼ਾਂ ਤੋਂ ਇਨਕਾਰ ਕੀਤਾ। ਤਿੰਨ ਜੱਜਾਂ ਦੇ ਬੈਂਚ ਨੇ ਤਿਬਰੇਵਾਲਾ ਨੂੰ ਸਖ਼ਤ ਸ਼ਰਤਾਂ ਦੇ ਨਾਲ ਜ਼ਮਾਨਤ ਦੇ ਦਿੱਤੀ।
ਅਗਰਵਾਲ, ਕੌਰ ਅਤੇ ਤਿਬਰੇਵਾਲਾ ਹੁਣ ਮੁਕੱਦਮੇ ਤੋਂ ਪਹਿਲਾਂ ਦੀ ਸੁਣਵਾਈ ਲਈ 6 ਨਵੰਬਰ ਨੂੰ ਸਾਊਥਵਰਕ ਕ੍ਰਾਊਨ ਕੋਰਟ ’ਚ ਪੇਸ਼ ਹੋਣਗੇ। ਪਿਛਲੇ ਮਹੀਨੇ ਸਾਊਥਵਰਕ ’ਚ ਹੋਈ ਜ਼ਮਾਨਤ ਸਬੰਧੀ ਸੁਣਵਾਈ ਦੌਰਾਨ ਜੱਜ ਜੌਨ ਮਿਲਨੇ ਨੇ ਅਗਰਵਾਲ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਉਹ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਨਹੀਂ ਕਰ ਸਕਦੇ, ਕਿਉਂਕਿ ਖ਼ਦਸ਼ਾ ਹੈ ਕਿ ਅਗਰਵਾਲ ਮੁਕੱਦਮੇ ਤੋਂ ਬਚਣ ਲਈ ਦੇਸ਼ ਛੱਡ ਕੇ ਜਾ ਸਕਦੇ ਹਨ।
ਮੁਕੱਦਮਾ 15 ਮਾਰਚ, 2027 ਨੂੰ ਸ਼ੁਰੂ ਹੋਣਾ ਹੈ। ਅਦਾਲਤ ’ਚ ਮੁੱਖ ਗਵਾਹਾਂ ਵਜੋਂ ਜਿਨ੍ਹਾਂ ਔਰਤਾਂ ਦਾ ਜ਼ਿਕਰ ਕੀਤਾ ਗਿਆ, ਬ੍ਰਿਟੇਨ ਦੇ ਕਾਨੂੰਨ ਤਹਿਤ ਉਨ੍ਹਾਂ ਦੀ ਪਛਾਣ ਗੁਪਤ ਰੱਖੀ ਗਈ ਹੈ।
(ਨਿਊਜ਼ ਏਜੰਸੀ ਪੀਟੀਆਈ ਦੇ ਇਨਪੁਟ ਨਾਲ)