'ਮੈਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ ਹੈ, ਪਰ ਉਮੀਦ ਬਹੁਤ ਘੱਟ ਹੈ...'; ਟਰੰਪ ਦਾ ਦਾਅਵਾ ਟਰੰਪ ਨੇ ਇੱਕ ਵਾਰ ਫਿਰ ਨੋਬਲ ਸ਼ਾਂਤੀ ਪੁਰਸਕਾਰ ਲਈ ਆਪਣੀ ਦਾਅਵੇਦਾਰੀ ਦੁਹਰਾਈ ਹੈ। ਹਾਲਾਂਕਿ, ਇਸ ਵਾਰ ਉਨ੍ਹਾਂ ਨੇ ਇਹ ਪੁਰਸਕਾਰ ਮਿਲਣ ’ਤੇ ਸ਼ੱਕ ਵੀ ਜ਼ਾਹਰ ਕੀਤਾ ਹੈ।
Publish Date: Thu, 08 Oct 2026 10:55 AM (IST)
Updated Date: Thu, 08 Oct 2026 10:57 AM (IST)
ਡਿਜੀਟਲ ਡੈਸਕ, ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਕਹਿੰਦੇ ਰਹੇ ਹਨ ਕਿ ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ ਹੈ। ਹੁਣ ਟਰੰਪ ਨੇ ਇੱਕ ਵਾਰ ਫਿਰ ਇਹ ਗੱਲ ਕਹੀ ਹੈ, ਪਰ ਇਸ ਵਾਰ ਉਨ੍ਹਾਂ ਨੇ ਇਹ ਪੁਰਸਕਾਰ ਮਿਲਣ ਦੀ ਸੰਭਾਵਨਾ 'ਤੇ ਸ਼ੱਕ ਵੀ ਜ਼ਾਹਰ ਕੀਤਾ ਹੈ।
ਟਰੰਪ ਨੇ 2026 ਦੇ ਨੋਬਲ ਪੁਰਸਕਾਰ ਬਾਰੇ ਕੀ ਕਿਹਾ? ਟਰੰਪ ਨੇ 2026 ’ਚ ਦਿੱਤੇ ਜਾਣ ਵਾਲੇ ਨੋਬਲ ਪੁਰਸਕਾਰ ਬਾਰੇ ਕਿਹਾ, "ਮੈਨੂੰ ਨਹੀਂ ਪਤਾ ਕਿ ਉਨ੍ਹਾਂ ਦਾ ਫੈਸਲਾ ਕੀ ਹੋਵੇਗਾ। ਨਾਰਵੇਜੀਅਨ ਨੋਬਲ ਕਮੇਟੀ ਸ਼ੁੱਕਰਵਾਰ ਨੂੰ ਇਸ ਪੁਰਸਕਾਰ ਦਾ ਐਲਾਨ ਕਰੇਗੀ। ਉਨ੍ਹਾਂ ਦੀ ਅਜਿਹੀ ਛਵੀ ਹੈ ਕਿ ਸ਼ਾਇਦ ਉਹ ਮੇਰੇ ਵਰਗੇ ਲੋਕਾਂ ਨੂੰ ਇਹ ਪੁਰਸਕਾਰ ਨਹੀਂ ਦਿੰਦੇ।"
ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲਣ ਦੀ ਉਮੀਦ ਵ੍ਹਾਈਟ ਹਾਊਸ ’ਚ ਵਾਪਸੀ ਤੋਂ ਬਾਅਦ ਟਰੰਪ ਕਈ ਵਾਰ ਕਹਿ ਚੁੱਕੇ ਹਨ ਕਿ ਉਹ ਦੁਨੀਆ ਦੇ ਸਭ ਤੋਂ ਪ੍ਰਤਿਸ਼ਠਿਤ ਮੰਨੇ ਜਾਣ ਵਾਲੇ ਇਸ ਪੁਰਸਕਾਰ ਦੇ ਹੱਕਦਾਰ ਹਨ। ਟਰੰਪ ਨੇ ਓਵਲ ਆਫਿਸ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, "ਹੁਣ ਉਹ ਸਮਾਂ ਆ ਗਿਆ ਹੈ। ਪਰ ਪਿਛਲੀ ਵਾਰ ਇਹ ਪੁਰਸਕਾਰ ਜਿੱਤਣ ਵਾਲੇ ਵਿਅਕਤੀ ਤੋਂ ਇਹ ਸਨਮਾਨ ਮਿਲਣ 'ਤੇ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਤਿਹਾਸ ’ਚ ਰਾਸ਼ਟਰਪਤੀ ਟਰੰਪ ਤੋਂ ਵੱਧ ਕੋਈ ਵੀ ਇਸ ਦਾ ਹੱਕਦਾਰ ਨਹੀਂ ਹੈ।"
ਵੈਨੇਜ਼ੁਏਲਾ ਦੀ ਵਿਰੋਧੀ ਆਗੂ ਮਾਰੀਆ ਕੋਰੀਨਾ ਮਚਾਡੋ ਨੂੰ 2025 ’ਚ ਨੋਬਲ ਸ਼ਾਂਤੀ ਪੁਰਸਕਾਰ ਮਿਲਿਆ ਸੀ। ਉਨ੍ਹਾਂ ਨੇ ਨੋਬਲ ਪੁਰਸਕਾਰ ਦਾ ਮੈਡਲ ਟਰੰਪ ਨੂੰ ਦੇ ਦਿੱਤਾ ਸੀ, ਕਿਉਂਕਿ ਉਹ ਵੈਨੇਜ਼ੁਏਲਾ ’ਚ ਆਪਣੀਆਂ ਕੋਸ਼ਿਸ਼ਾਂ ਲਈ ਅਮਰੀਕਾ ਦਾ ਸਮਰਥਨ ਚਾਹੁੰਦੀ ਸੀ।
ਟਰੰਪ ਨੇ ਦੱਸਿਆ—ਉਨ੍ਹਾਂ ਨੂੰ ਨੋਬਲ ਕਿਉਂ ਮਿਲਣਾ ਚਾਹੀਦਾ ਹੈ?
ਡੋਨਾਲਡ ਟਰੰਪ ਕਈ ਸੰਘਰਸ਼ਾਂ ਨੂੰ ਸੁਲਝਾਉਣ ਦਾ ਦਾਅਵਾ ਕਰਦੇ ਹਨ। ਅਮਰੀਕੀ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੁਨੀਆ ’ਚ ਕਈ ਜੰਗਾਂ ਰੁਕਵਾਈਆਂ ਹਨ। ਕੰਬੋਡੀਆ, ਇਜ਼ਰਾਈਲ ਅਤੇ ਪਾਕਿਸਤਾਨ ਦੇ ਆਗੂਆਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ। ਹਾਲਾਂਕਿ, ਇਸ ਦੀ ਪੁਸ਼ਟੀ ਕਰਨ ਦਾ ਕੋਈ ਅਧਿਕਾਰਤ ਤਰੀਕਾ ਨਹੀਂ ਹੈ।
ਦੂਜੇ ਪਾਸੇ, ਟਰੰਪ ਰੂਸ-ਯੂਕਰੇਨ ਜੰਗ ਦਾ ਹੱਲ ਨਹੀਂ ਕੱਢ ਸਕੇ ਹਨ, ਜਦਕਿ ਉਨ੍ਹਾਂ ਨੇ ਵ੍ਹਾਈਟ ਹਾਊਸ ’ਚ ਆਪਣੇ ਦੂਜੇ ਕਾਰਜਕਾਲ ਦੇ ਪਹਿਲੇ ਹੀ ਦਿਨ ਇਸ ਜੰਗ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਸੀ।ਅਮਰੀਕਾ ਨੇ ਟਰੰਪ ਦੇ ਨਿਰਦੇਸ਼ 'ਤੇ ਇਸੇ ਸਾਲ ਇਜ਼ਰਾਈਲ ਨਾਲ ਮਿਲ ਕੇ ਈਰਾਨ 'ਤੇ ਹਮਲਾ ਕੀਤਾ, ਜਿਸ ਤੋਂ ਬਾਅਦ ਮੱਧ ਪੂਰਬ ’ਚ ਹਾਲਾਤ ਹੋਰ ਵਿਗੜ ਗਏ ਹਨ। ਦੁਨੀਆ ਭਰ ’ਚ ਤੇਲ ਅਤੇ ਗੈਸ ਦੀ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਕੀਮਤਾਂ ’ਚ ਕਾਫ਼ੀ ਵਾਧਾ ਹੋਇਆ ਹੈ।
ਇਸ ਸਾਲ ਨੋਬਲ ਸ਼ਾਂਤੀ ਪੁਰਸਕਾਰ ਜਿੱਤਣ ਦੀ ਦੌੜ ’ਚ ਪੋਪ ਲਿਓ, ਇੰਟਰਨੈਸ਼ਨਲ ਕ੍ਰਿਮਿਨਲ ਕੋਰਟ ਅਤੇ ਫਲਸਤੀਨੀ ਖੇਤਰਾਂ ਲਈ ਵਿਸ਼ੇਸ਼ ਰੈਪੋਰਟਰ (ਵਿਸ਼ੇਸ਼ ਪ੍ਰਤੀਨਿਧੀ) ਵਰਗੇ ਨਾਮ ਪ੍ਰਮੁੱਖਤਾ ਨਾਲ ਸ਼ਾਮਲ ਹਨ।